ਜਿਉ ਸਾਗਰਿ ਵਿਚ ਗੰਗ ਸਮਾਈ

ਡਾæ ਗੁਰਨਾਮ ਕੌਰ ਕੈਨੇਡਾ
ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੀ ਮੁਲਤਾਨ ਫੇਰੀ ਦਾ ਜ਼ਿਕਰ ਕੀਤਾ ਹੈ। ਅਚਲ ਵਟਾਲੇ ਸ਼ਿਵਰਾਤਰੀ ਦੇ ਮੇਲੇ ‘ਤੇ ਜਦੋਂ ਸਿੱਧਾਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਬਾਣੀ ਅਤੇ ਨਾਮ ਸਿਮਰਨ ਬਾਰੇ ਸਮਝਾਇਆ ਤਾਂ ਸਿੱਧ ਸ਼ਬਦ ਦੀ ਵਿਚਾਰ ਰਾਹੀਂ ਸ਼ਾਂਤ ਹੋ ਗਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸ਼ਿਵਰਾਤਰੀ ਦਾ ਮੇਲਾ ਜਿੱਤ ਲਿਆ ਅਤੇ ਛੇ ਦਰਸ਼ਨ ਸ਼ਾਸਤਰਾਂ ਨੂੰ ਮੰਨਣ ਵਾਲੇ, ਬਾਬੇ ਅੱਗੇ ਨਤਮਸਤਕ ਹੋ ਗਏ। ਸਾਰੇ ਸਿੱਧਾਂ ਨੇ ਇਕਸੁਰ ਹੋ ਕੇ ਗੁਰੂ ਸਾਹਿਬ ਦੀ ਧੰਨਤਾ ਨੂੰ ਮੰਨਿਆ ਅਤੇ ਸਵੀਕਾਰ ਕੀਤਾ ਕਿ ਬਾਬੇ ਦੀ ਕਮਾਈ ਬਹੁਤ ਵੱਡੀ ਹੈ।

ਉਨ੍ਹਾਂ ਆਪਣੇ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਮਹਾਂ ਪੁਰਖ ਹਨ ਜੋ ਕਲਿਜੁਗ ਦੇ ਸਮੇਂ ਵਿਚ ਪਰਗਟ ਹੋਏ ਹਨ ਅਤੇ ਸਤਿਨਾਮ ਦੀ ਜੋਤਿ ਜਗਾਈ ਹੈ।
ਅਚਲ ਵਟਾਲੇ ਦੇ ਸਾਰੇ ਮੇਲੇ ਨੂੰ ਆਪਣੇ ਸ਼ਬਦ ਰਾਹੀਂ ਨਿਹਾਲ ਕਰਦਿਆਂ ਗੁਰੂ ਨਾਨਕ ਮੁਲਤਾਨ ਦੀ ਯਾਤਰਾ ‘ਤੇ ਚੱਲ ਪਏ। ਮੁਲਤਾਨ ਵਿਚ ਪੀਰਾਂ ਦਾ ਬੋਲਬਾਲਾ ਸੀ, ਉਹ ਸੂਫੀ ਪੀਰਾਂ ਦੀ ਧਰਤੀ ਸੀ (ਬਾਬਾ ਫਰੀਦ ਦਾ ਸਬੰਧ ਮੁਲਤਾਨ ਨਾਲ ਹੀ ਦੱਸਿਆ ਜਾਂਦਾ ਹੈ ਜੋ ਚਿਸ਼ਤੀ ਸਿਲਸਿਲੇ ਨਾਲ ਸਬੰਧਤ ਸਨ)। ਪੀਰ ਪਹਿਲਾਂ ਹੀ ਦੁੱਧ ਦਾ ਛੰਨਾ ਭਰ ਕੇ ਲੈ ਆਏ, ਗੁਰੂ ਬਾਬਾ ਨੂੰ ਇਹ ਦੱਸਣ ਲਈ ਕਿ ਮੁਲਤਾਨ ਤਾਂ ਪਹਿਲਾਂ ਹੀ ਪੀਰਾਂ ਨਾਲ ਇਸ ਛੰਨੇ ਦੀ ਤਰ੍ਹਾਂ ਭਰਿਆ ਪਿਆ ਹੈ, ਤੁਸੀਂ ਇੱਥੇ ਕੀ ਕਰੋਗੇ? ਗੁਰੂ ਨਾਨਕ ਨੇ ਆਪਣੀ ਬਗਲ ਵਿਚੋਂ ਚਮੇਲੀ ਦਾ ਫੁੱਲ ਕੱਢ ਕੇ ਦੁੱਧ ਦੇ ਛੰਨੇ ਵਿਚ ਛੱਡ ਦਿੱਤਾ ਅਤੇ ਚਮੇਲੀ ਦਾ ਫੁੱਲ ਦੁੱਧ ‘ਤੇ ਤੈਰਨ ਲੱਗਾ। ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਉਹ ਕਿਸੇ ਨੂੰ ਤੰਗ ਕਰਨ ਜਾਂ ਉਥੇ ਰਹਿਣ ਲਈ ਨਹੀਂ ਆਏ। ਉਹ ਤਾਂ ਉਥੇ ਨਾਮ ਦੀ ਖੁਸ਼ਬੋ ਲਾਉਣ ਆਏ ਹਨ, ਚੰਮੇਲੀ ਦੇ ਫੁੱਲ ਦੀ ਤਰ੍ਹਾਂ ਜਾਂ ਜਿਸ ਤਰ੍ਹਾਂ ਗੰਗਾ ਵਿਰੋਧ ਕੀਤੇ ਬਿਨਾ ਸਮੁੰਦਰ ਦੇ ਪਾਣੀ ਵਿਚ ਮਿਲ ਜਾਂਦੀ ਹੈ:
ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਂਤਿ ਸਿਧਾਂ ਵਿਚਿ ਆਈ।
ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨਿ ਆਦੇਸਿ ਕਰਾਈ।
ਸਿਧਿ ਬੋਲਨਿ ਸੁਭਿ ਬਚਨਿ ਧਨੁ ਨਾਨਾਕ ਤੇਰੀ ਵਡੀ ਕਮਾਈ।
ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ।
ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ।
ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ।
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧਿ ਵਿਚਿ ਮਿਲਾਈ।
ਜਿਉ ਸਾਗਰਿ ਵਿਚਿ ਗੰਗ ਸਮਾਈ॥੪੪॥
ਜਿਵੇਂ ਉਪਰ ਦੱਸਿਆ ਹੈ ਕਿ ਸ਼ਬਦ ਦੀ ਵਿਚਾਰ-ਚਰਚਾ ਨਾਲ ਜੋਗੀਆਂ ਦੇ ਮਨ ਸ਼ਾਂਤ ਹੋ ਗਏ; ਸ਼ਬਦ ਦੀ ਇਹੀ ਚਰਚਾ ਸਾਨੂੰ ਸਿਧ ਗੋਸਟਿ ਵਿਚ ਮਿਲਦੀ ਹੈ। ਗੁਰੂ ਨਾਨਕ ਸਿੱਧਾਂ ਨੂੰ ਸ਼ਬਦ ਦੀ ਚਰਚਾ ਰਾਹੀਂ ਸਮਝਾਉਂਦੇ ਹਨ ਕਿ ਜਦੋਂ ਅਕਾਲ ਪੁਰਖ ਜੋ ਕਿ ਇੱਕ ਅਦ੍ਰਿਸ਼ਟਿ ਹਸਤੀ ਹੈ, ਸਰਗੁਣ ਸਰੂਪ ਵਿਚ ਆਉਂਦੀ ਹੈ, ਨਿਰਗੁਣ ਤੋਂ ਸਰਗੁਣ ਹੁੰਦੀ ਹੈ ਅਰਥਾਤ ਦਿਸਦੇ ਸੰਸਾਰ ਦੀ ਰਚਨਾ ਦਾ ਰੂਪ ਧਾਰਦੀ ਹੈ, ਸੂਖਮ ਤੋਂ ਸਥੂਲ ਰੂਪ ਵਿਚ ਆਉਂਦੀ ਹੈ ਤਾਂ ਫਿਰ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੁ ਦੇ ਸ਼ਬਦ ਨਾਲ ਉਸ ਹਸਤੀ ਵਿਚ ਜੁੜ ਜਾਂਦਾ ਹੈ, ਉਸ ਜੀਵ ਨੂੰ ਉਚੀ ਅਧਿਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤਾਂ ਇਸ ਦਾ ਅਰਥ ਇਹ ਹੁੰਦਾ ਹੈ ਕਿ ਗੁਰੂ ਦੇ ਸ਼ਬਦ ਰਾਹੀਂ ਉਸ ਜੀਵ ਨੂੰ ਅਕਾਲ ਪੁਰਖ ਨੇ ਆਪਣੇ ਵਿਚ ਲੀਨ ਕਰ ਲਿਆ ਹੈ। ਅਜਿਹੇ ਮਨੁੱਖ ਨੂੰ ਫਿਰ ਉਸ ਇੱਕ ਅਕਾਲ ਪੁਰਖ ਦੀ ਹਸਤੀ ਹੀ ਨਜ਼ਰ ਆਉਂਦੀ ਹੈ। ਭਾਵ ਉਹ ਫਿਰ ਕਿਸੇ ਹੋਰ ਹਸਤੀ ਨੂੰ ਨਹੀਂ ਮੰਨਦਾ। ਉਸ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਅਤੇ ਦਵੈਤ ਨੂੰ ਦੂਰ ਕਰ ਲਿਆ ਹੁੰਦਾ ਹੈ। ਅਜਿਹਾ ਮਨੁੱਖ ਹੀ ਅਸਲੀ ਜੋਗੀ ਹੈ। ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਅਤੇ ਉਸ ਦਾ ਮਨ ਇਸ ਜੋਗ ਨਾਲ ਅਨੰਦਤ ਹੋ ਜਾਂਦਾ ਹੈ, ਖਿੜ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦਾ ਹੈ, (ਜਿਸ ਨੂੰ ਗੁਰਬਾਣੀ ਵਿਚ Ḕਜੀਵਤਿਆ ਮਰਿ ਰਹੀਐ’ ਕਿਹਾ ਹੈ) ਉਸ ਨੂੰ ਜ਼ਿੰਦਗੀ ਦੀ ਸਮਝ ਆ ਜਾਂਦੀ ਹੈ ਅਤੇ ਉਸ ਦੇ ਅੰਦਰ ਹਰ ਇੱਕ ਲਈ ਦਇਆ ਦੀ ਭਾਵਨਾ ਪੱਕੀ ਹੋ ਜਾਂਦੀ ਹੈ।
ਗੁਰੂ ਨਾਨਕ ਅਨੁਸਾਰ ਅਜਿਹੇ ਮਨੁੱਖ ਨੂੰ ਇਜ਼ਤ ਮਿਲਦੀ ਹੈ ਅਤੇ ਰੱਬ ਦੀ ਇਸ ਰਚਨਾ ਵਿਚ ਉਹ ਸਾਰੇ ਜੀਵਾਂ ਅੰਦਰ ਆਪਣੇ ਆਪ ਨੂੰ ਹੀ ਦੇਖਦਾ ਹੈ; ਉਹ ਹਰ ਇੱਕ ਅੰਦਰ ਉਸੇ ਇੱਕ ਜੋਤਿ ਦਾ ਅਨੁਭਵ ਕਰਦਾ ਹੈ ਜੋ ਉਸ ਦੇ ਅੰਦਰ ਵੀ ਵੱਸ ਰਹੀ ਹੈ:
ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣ ਥੀਆ॥
ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ॥
ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ॥
ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ॥
ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ॥
ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ॥੨੪॥ (ਪੰਨਾ ੯੪੦)
ਗੁਰੂ ਨਾਨਕ ਸਿਧ ਗੋਸਟਿ ਦੀਆਂ ਅਖੀਰਲੀਆਂ ਪਉੜੀਆਂ ਵਿਚ ਆਪਣਾ ਮੱਤ ਸਮਝਾਉਂਦਿਆਂ ਸਾਰੀ ਵਿਚਾਰ-ਚਰਚਾ ਦਾ ਸਿੱਟਾ ਕੱਢਦੇ ਹਨ, ਹੇ ਜੋਗੀ ਸੁਣ! ਅਕਾਲ ਪੁਰਖ ਦੇ ਨਾਮ ਤੋਂ ਬਿਨਾ ਉਸ ਨਾਲ ਮਿਲਾਪ ਅਰਥਾਤ ਜੋਗ ਨਹੀਂ ਹੈ। ਜਿਹੜੇ ਉਸ ਦੇ ਨਾਮ ਵਿਚ ਰੱਤੇ ਹੋਏ ਹਨ, ਉਹੀ ਮਿਲਾਪ ਵਿਚ ਮਤਵਾਲੇ ਹਨ। ਅਕਾਲ ਪੁਰਖ ਦੇ ਨਾਮ ਤੋਂ ਹੀ ਸੁੱਖ ਮਿਲਦਾ ਹੈ, ਨਾਮ ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, ਨਾਮ ਤੋਂ ਹੀ ਸਾਰੀ ਸੂਝ ਅਤੇ ਸੋਝੀ ਮਿਲਦੀ ਹੈ। ਉਸ ਅਕਾਲ ਪੁਰਖ ਦੇ ਨਾਮ ਨੂੰ ਛੱਡ ਕੇ ਜਿਹੜੇ ਮਨੁੱਖ ਹੋਰ ਭੇਖ ਧਾਰਨ ਕਰਦੇ ਹਨ, ਉਨ੍ਹਾਂ ਨੂੰ ਉਸ ਅਕਾਲ ਪੁਰਖ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ। ਜੋਗੀ ਨੂੰ ਦੱਸਦੇ ਹਨ ਕਿ ਅਕਾਲ ਪੁਰਖ ਦਾ ਇਹ ਨਾਮ ਸਤਿਗੁਰੂ ਤੋਂ ਮਿਲਦਾ ਹੈ ਅਤੇ ਨਾਮ ਮਿਲਣ ਨਾਲ ਹੀ ਜੋਗ ਦੀ ਜੁਗਤਿ ਵੀ ਸਿਰੇ ਚੜ੍ਹਦੀ ਹੈ। ਮਨ ਵਿਚ ਵਿਚਾਰ ਕਰਕੇ ਦੇਖਿਆਂ ਪਤਾ ਲਗਦਾ ਹੈ ਕਿ ਨਾਮ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ:
ਸਬਦੈ ਕਾ ਨਿਬੇੜਾ ਸੁਣਿ ਤੂੰ ਅਉਧੂ ਬਿਨੁ ਨਾਵੈ ਜੋਗੁ ਨ ਹੋਈ॥
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ॥
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ॥
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ॥
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥
ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ॥੭੨॥ (ਪੰਨਾ ੯੪੬)
ਭਾਈ ਗੁਰਦਾਸ ਦੇ ਸ਼ਬਦਾਂ ਵਿਚ ਦਿੱਤੀ ਚੰਮੇਲੀ ਦੇ ਫੁੱਲ ਤੇ ਦੁੱਧ ਦੀ, ਗੰਗਾ ਤੇ ਸਮੁੰਦਰ ਦੀ ਮਿਸਾਲ ਆਪਣੇ ਅੰਦਰ ਬਹੁਤ ਵੱਡੇ ਅਰਥ ਲੁਕੋਈ ਬੈਠੀ ਹੈ ਜੋ ਗੁਰੂ ਨਾਨਕ ਦੇ ਧਾਰਮਿਕ ਸਹਿਹੋਂਦ ਅਤੇ ਮਨੁੱਖੀ ਭਾਈਚਾਰੇ ਦੇ ਧਾਰਮਿਕ, ਨਸਲੀ ਅਤੇ ਹਰ ਤਰ੍ਹਾਂ ਦੇ ਵਖਰੇਵੇਂ ਹੁੰਦਿਆਂ ਵੀ ਰਲ-ਮਿਲ ਕੇ ਰਹਿਣ ਦੇ ਪ੍ਰਤੀਕ ਨੂੰ ਅਤੇ ਸਾਰਿਆਂ ਅੰਦਰ ਇੱਕ ਜੋਤਿ ਦੇ ਵਿਆਪਕ ਹੋਣ ਨੂੰ ਉਜਾਗਰ ਕਰਦੀ ਹੈ। ਚਮੇਲੀ ਦਾ ਫੁੱਲ ਅਤੇ ਦੁੱਧ ਆਪਸ ਵਿਚ ਬਿਲਕੁਲ ਹੀ ਵੱਖਰੀ ਕਿਸਮ ਦੇ ਪਦਾਰਥ ਹਨ ਜਿਨ੍ਹਾਂ ਦੇ ਸੁਭਾਅ ਅਤੇ ਕਾਰਜ ਵੀ ਵੱਖੋ ਵੱਖਰੇ ਹਨ। ਦੁੱਧ ਪੀਣ ਦੇ ਕੰਮ ਆਉਂਦਾ ਹੈ ਅਤੇ ਸਿਹਤ ਬਖਸ਼ਿਸ਼ ਕਰਦਾ ਹੈ; ਚੰਮੇਲੀ ਦਾ ਫੁੱਲ ਸੁੰਘਿਆ ਜਾਂਦਾ ਹੈ ਜੋ ਚੁਫੇਰੇ ਖੁਸ਼ਬੋ ਵੰਡਦਾ ਤੇ ਮਨ ਨੂੰ ਖੁਸ਼ੀ ਦਿੰਦਾ ਹੈ। ਇੱਕ ਦਾ ਸਬੰਧ ਸਰੀਰ ਦੀ ਤੰਦਰੁਸਤੀ ਨਾਲ ਹੈ ਅਤੇ ਦੂਸਰੇ ਦਾ ਮਨ ਦੇ ਖਿੜਾਉ ਨਾਲ। ਪਰ ਦੋਵੇਂ ਬੜੇ ਅਰਾਮ ਨਾਲ ਇਕੱਠੇ ਇੱਕੋ ਭਾਂਡੇ ਵਿਚ ਰਹਿ ਰਹੇ ਹਨ। ਇਸੇ ਤਰ੍ਹਾਂ ਮਨੁੱਖ ਵੱਖ ਵੱਖ ਨਸਲਾਂ, ਧਰਮਾਂ, ਸੁਭਾਅ ਅਤੇ ਸਭਿਆਚਾਰਾਂ ਨਾਲ ਤੁਅੱਲਕ ਰੱਖਦਿਆਂ ਵੀ ਬਹੁਤ ਅਰਾਮ ਨਾਲ ਇਕੱਠੇ ਰਹਿ ਸਕਦੇ ਹਨ। ਇਹ ਗੁਰੂ ਨਾਨਕ ਦਾ ਦਿੱਤਾ ਧਾਰਮਿਕ ਸਹਿਹੋਂਦ ਅਤੇ ਮਨੁੱਖੀ ਭਾਈਚਾਰੇ ਦੇ ਮਿਲ ਕੇ ਇਕੱਠੇ ਰਹਿਣ ਦਾ ਸਿਧਾਂਤ ਅਤੇ ਅਮਲ ਹੈ। ਇਸੇ ਤਰ੍ਹਾਂ ਸਮੁੰਦਰ ਪਾਣੀ ਦਾ ਸੋਮਾ ਹੈ। ਨਦੀਆਂ ਵਿਚ ਬਾਰਿਸ਼ ਰਾਹੀਂ ਉਹੀ ਪਾਣੀ ਆਉਂਦਾ ਹੈ ਅਤੇ ਫਿਰ ਵਗ ਕੇ ਉਸ ਸਮੁੰਦਰ ਵਿਚ ਹੀ ਬਿਨਾ ਸਮੁੰਦਰ ਵਿਚਲੇ ਪਾਣੀ ਵਿਚ ਹਲਚਲ ਕੀਤਿਆਂ, ਅਰਾਮ ਨਾਲ ਇੱਕਮਿਕ ਹੋ ਜਾਂਦਾ ਹੈ। ਅਕਾਲ ਪੁਰਖ ਸਮੁੰਦਰ ਦੀ ਨਿਆਈਂ ਹੈ ਅਤੇ ਉਸੇ ਦੀ ਜੋਤਿ ਹਰ ਜੀਵ ਅੰਦਰ ਵਿਆਪਕ ਹੈ। ਅੰਤ ਵਿਚ ਮਨੁੱਖ ਅੰਦਰ ਵੱਸ ਰਹੀ ਉਹ ਰੱਬੀ ਜੋਤਿ ਬਿਨਾ ਕਿਸੇ ਹਿਲਜੁਲ ਦੇ ਆਪਣੀ ਜੋਤਿ ਦੇ ਸੋਮੇ ਵਿਚ ਹੀ ਸਮਾ ਜਾਂਦੀ ਹੈ।
ਭਾਈ ਗੁਰਦਾਸ ਦੱਸਦੇ ਹਨ ਕਿ ਮੁਲਤਾਨ ਦੀ ਯਾਤਰਾ ਕਰਨ ਤੋਂ ਬਾਅਦ ਗੁਰੂ ਨਾਨਕ ਕਰਤਾਰਪੁਰ ਵਾਪਸ ਆ ਗਏ। ਇਸ ਸਾਰੇ ਸਮੇਂ ਵਿਚ ਗੁਰੂ ਨਾਨਕ ਦੀ ਕੀਰਤੀ ਦੂਣ ਸਵਾਈ ਹੋਣ ਲੱਗ ਪਈ। ਗੁਰੂ ਨਾਨਕ ਨੇ ਲੋਕਾਈ ਨੂੰ ਸਤਿਨਾਮ ਦਾ ਜਾਪ ਕਰਨਾ ਦੱਸਿਆ ਅਤੇ ਸਮਝਾਇਆ ਕਿ ਕਲਿਜੁਗ ਵਿਚ ਮਨੁੱਖ ਲਈ ਸਭ ਤੋਂ ਵੱਡਾ ਆਸਰਾ ਅਕਾਲ ਪੁਰਖ ਦੇ ਨਾਮ ਦਾ ਹੈ। ਅਕਾਲ ਪੁਰਖ ਦੇ ਨਾਮ ਤੋਂ ਬਿਨਾ ਕਿਸੇ ਹੋਰ ਚੀਜ਼ ਨੂੰ ਮੰਗ ਮਨੁੱਖ ਦੀ ਲਾਲਸਾ ਨੂੰ ਵਧਾਉਂਦੀ ਅਤੇ ਉਸ ਦੇ ਕਸ਼ਟਾਂ ਅਤੇ ਦੁੱਖਾਂ ਦੇ ਵਾਧੇ ਦਾ ਕਾਰਨ ਬਣਦੀ ਹੈ।
ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਅਜਿਹੇ ਪੰਥ ਦਾ ਪਾਂਧੀ ਬਣਾਇਆ ਜਿਸ ਵਿਚ ਹਉਮੈ ਦਾ ਤਿਆਗ ਕਰਨਾ ਜ਼ਰੂਰੀ ਹੈ। ਗੁਰੂ ਨਾਨਕ ਦਾ ਸਥਾਪਤ ਕੀਤਾ ਮਾਰਗ ਨਿਰਮਲ ਮਾਰਗ ਹੈ ਜਿਸ ਵਿਚ ਹਉਮੈ, ਲੋਭ, ਲਾਲਚ ਅਤੇ ਮੋਹ ਆਦਿ ਦੀ ਮੈਲ ਨਹੀਂ ਲੱਗੀ ਹੋਈ। ਇਸ ਤਰ੍ਹਾਂ ਉਨ੍ਹਾਂ ਨੇ ਜਗਤ ਵਿਚ ਧਰਮ ਦਾ ਸਿੱਕਾ ਚਲਾ ਦਿੱਤਾ। ਗੁਰੂ ਨਾਨਕ ਨੇ ਆਪਣੇ ਜਿਉਂਦੇ ਜੀਅ ਭਾਈ ਲਹਿਣੇ ਨੂੰ ਗੁਰਗੱਦੀ ਸੌਂਪ ਕੇ, ਗੁਰਿਆਈ ਦਾ ਛੱਤਰ ਉਨ੍ਹਾਂ ਦੇ ਸਿਰ ‘ਤੇ ਰੱਖ ਕੇ ਗੁਰਿਆਈ ਦੀ ਇੱਕ ਨਵੀਂ ਪਰੰਪਰਾ ਤੋਰੀ ਜਿਸ ਵਿਚ ਪਰਖ ਦੀ ਕਸੌਟੀ ਕਾਬਲੀਅਤ ਨੂੰ, ਯੋਗਤਾ ਨੂੰ ਰੱਖਿਆ। ਉਨ੍ਹਾਂ ਨੇ ਆਪਣੇ ਅੰਦਰ ਜਗੀ ਹੋਈ ਰੱਬੀ ਜੋਤਿ ਨੂੰ ਭਾਈ ਲਹਿਣੇ ਦੀ ਜੋਤਿ ਵਿਚ ਮਿਲਾ ਦਿੱਤਾ ਤੇ ਇੰਜ ਉਸ ਦਾ ਰੂਪ ਹੀ ਬਦਲ ਦਿੱਤਾ। ਇਸ ਭੇਦ ਦੀ ਥਾਹ ਕੋਈ ਨਹੀਂ ਪਾ ਸਕਿਆ ਕਿਉਂਕਿ ਅਸਚਰ ਵਿਚ ਅਸਚਰਜ ਨੂੰ ਦਿਖਾਉਣਾ ਸੀ, ਇਹ ਅਨੋਖਾ ਕੌਤਕ ਸੀ ਕਿ ਸਰੀਰ ਨੂੰ ਪਲਟ ਕੇ ਗੁਰੂ ਅੰਗਦ ਨੂੰ ਆਪਣਾ ਸਰੂਪ ਬਣਾ ਲਿਆ:
ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰਿ ਪੁਰੇ ਨੋ ਆਇਆ।
ਚੜ੍ਹੇ ਸਵਾਈ ਦਿਹਿ ਦਿਹੀ ਕਲਿਜਿਗ ਨਾਨਕ ਨਾਮੁ ਧਿਆਇਆ।
ਵਿਣ ਨਾਵੈ ਹੋਰੁ ਮੰਗਣਾ ਸਿਰਿ ਦੁਖਾਂ ਦੇ ਦੁਖ ਸਬਾਇਆ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ।
ਕਾਇਆ ਪਲਟਿ ਸਰੂਪੁ ਬਣਾਇਆ॥੪੫॥
ਰਾਇ ਬਲਵੰਡਿ ਅਤੇ ਸਤੈ ਡੂਮਿ ਦੀ ਵਾਰ ਦੀ ਤੀਸਰੀ ਪਉੜੀ ਵਿਚ ਉਹ ਬਿਆਨ ਕਰਦੇ ਹਨ ਕਿ ਗੁਰੂ ਅੰਗਦ ਦੇਵ ਨੇ ਹਲੀਮੀ ਵਿਚ ਵਿਚਰਦਿਆਂ ਗੁਰੂ ਦਾ ਹੁਕਮ ਮੰਨਿਆ, ਘਾਲ ਕਮਾਈ ਕੀਤੀ ਅਤੇ ਉਹ ਮੰਨਣ-ਜੋਗ ਹੋ ਗਿਆ, ਭਾਵ ਗੁਰਗੱਦੀ ਦਾ ਅਧਿਕਾਰੀ ਬਣ ਗਿਆ। ਨਿਮਰਤਾ ਦੇ ਗੁਣ ਦੀ ਵਿਆਖਿਆ ਕੀਤੀ ਹੈ ਕਿ ਜਿਵਾਂਹ ਚੰਗੀ ਹੈ ਕਿ ਮੁੰਜੀ ਜੋ ਨੀਵੇਂ ਥਾਂ ਪਲਦੀ ਹੈ। ਇਸੇ ਤਰ੍ਹਾਂ ਜੋ ਨੀਵੇਂ ਥਾਂ ਰਹਿ ਕੇ ਹੁਕਮ ਮੰਨਦਾ ਹੈ, ਉਸ ਨੂੰ ਸਤਿਕਾਰ ਮਿਲਦਾ ਹੈ। ਗੁਰੂ ਅੰਗਦ ਦੇਵ ਧਰਮ ਦੇ ਰਾਜੇ ਹੋ ਗਏ ਭਾਵ ਗੁਰਗੱਦੀ ਮਿਲ ਗਈ, ਧਰਮ ਦਾ ਦੇਵਤਾ ਬਣ ਕੇ ਲੋਕਾਂ ਦੀਆਂ ਬੇਨਤੀਆਂ ਸੁਣ ਕੇ ਉਨ੍ਹਾਂ ਨੂੰ ਅਕਾਲ ਪੁਰਖ ਨਾਲ ਜੋੜਨ ਦਾ ਕਾਰਜ ਅਰੰਭ ਕਰ ਲਿਆ। ਗੁਰੂ ਮਨੁੱਖ ਤੇ ਅਕਾਲ ਪੁਰਖ ਵਿਚਾਲੇ ਵਿਚੋਲਗਿਰੀ ਕਰਦਾ ਹੈ, ਮਨੁੱਖ ਨੂੰ ਰੱਬ ਨਾਲ ਜੋੜਨ ਲਈ। ਸਤਿਗੁਰੂ ਜੋ ਬਚਨ ਕਰਦੇ ਹਨ, ਅਕਾਲ ਪੁਰਖ ਉਸ ਅਰਦਾਸ ਨੂੰ ਸੁਣਦਾ ਹੈ ਅਤੇ ਅਰਦਾਸ ਪੂਰੀ ਹੋ ਜਾਂਦੀ ਹੈ।
ਗੁਰੂ ਅੰਗਦ ਦੇਵ ਦੀ ਵਡਿਆਈ ਸਾਰੇ ਪਾਸੇ ਹੋਣ ਲੱਗ ਪਈ, ਸੱਚੇ ਕਰਤਾ ਪੁਰਖ ਨੇ ਉਨ੍ਹਾਂ ਦੀ ਵਡਿਆਈ ਪੂਰੀ ਤਰ੍ਹਾਂ ਪੱਕੀ ਅਤੇ ਕਾਇਮ ਕਰ ਦਿੱਤੀ। ਅਨੇਕਾਂ ਮੰਨਣ ਵਾਲੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ ਗੁਰੂ ਅੰਗਦ ਬਣ ਕੇ ਗੱਦੀ ਸੰਭਾਲ ਲਈ। ਗੁਰੂ ਨਾਨਕ ਦੀ ਕਾਇਮ ਕੀਤੀ ਸੰਗਤਿ ਗੁਰੂ ਅੰਗਦ ਦੇਵ ਦੇ ਦਰ ‘ਤੇ ਪ੍ਰੇਮ ਨਾਲ ਸੇਵਾ ਦਾ ਕਾਰਜ ਨਿਭਾ ਰਹੀ ਹੈ ਅਤੇ ਆਪਣੀ ਆਤਮਾ ਨੂੰ ਨਾਮ ਸਿਮਰਨ ਤੇ ਸੇਵਾ ਰਾਹੀਂ ਪਵਿੱਤਰ ਕਰ ਰਹੀ ਹੈ ਜਿਵੇਂ ਜੰਗਾਲੀ ਹੋਈ ਧਾਤ ਮਸਕਲੇ ਨਾਲ ਸਾਫ ਹੋ ਜਾਂਦੀ ਹੈ। ਗੁਰੂ ਨਾਨਕ ਦੇ ਦਰ ‘ਤੇ ਗੁਰੂ ਅੰਗਦ ਨਾਮ ਦੀ ਦਾਤਿ ਮੰਗ ਰਿਹਾ ਹੈ ਅਤੇ ਅਕਾਲ ਪੁਰਖ ਦੇ ਸੱਚੇ ਨਾਮ ਦੇ ਸਿਮਰਨ ਕਾਰਨ ਉਨ੍ਹਾਂ ਦੇ ਮੁਖੜੇ ‘ਤੇ ਨੂਰ ਹੈ।
ਅੱਗੇ ਮਾਤਾ ਖੀਵੀ ਵੱਲੋਂ ਲੰਗਰ ਦੀ ਸੇਵਾ-ਸੰਭਾਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਉਹ ਲੰਗਰ ਦਾ ਪ੍ਰਬੰਧ ਆਪ ਕਰ ਰਹੇ ਹਨ। ਗੁਰੂ ਅੰਗਦ ਦੇਵ ਦੀ ਉਦਾਹਰਣ ਰਾਹੀਂ ਦੱਸਿਆ ਗਿਆ ਹੈ ਕਿ ਜੋ ਮਨੁੱਖ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਘਾਲ ਕਮਾਈ ਕਰਦਾ ਹੈ, ਉਹ ਕਬੂਲ ਪੈਂਦੀ ਹੈ। ਮਾਤਾ ਖੀਵੀ ਦੇ ਪਤੀ ਗੁਰੂ ਅੰਗਦ ਉਹ ਹਨ ਜਿਨ੍ਹਾਂ ਨੇ ਧਰਤੀ ਦਾ ਭਾਰ ਚੁੱਕਿਆ ਹੋਇਆ ਹੈ। (ਪੰਨਾ ੯੬੭)
ਭਾਈ ਗੁਰਦਾਸ ਅੱਗੇ ਬਿਆਨ ਕਰਦੇ ਹਨ ਕਿ ਮੱਥੇ ‘ਤੇ ਗੁਰਿਆਈ ਦਾ ਤਿਲਕ ਵੀ ਉਹੀ ਹੈ, ਸਿਰ ‘ਤੇ ਛਤਰ ਵੀ ਉਹੀ ਹੈ ਅਤੇ ਉਸੇ ਸੱਚੇ ਸਿੰਘਾਸਣ ਉਤੇ ਬਿਰਾਜਮਾਨ ਹਨ। ਗੁਰੂ ਨਾਨਕ ਦੇ ਹੱਥ ਦੀ ਛਾਪ ਵੀ ਉਹੀ ਹੈ ਭਾਵ ਉਹੀ ਸ਼ਕਤੀ ਹੈ ਅਤੇ ਗੁਰੂ ਅੰਗਦ ਵਾਲੀ ਉਹੀ ਦੋਹੀ ਫਿਰ ਗਾਈ ਗਈ ਕਿ ਅੱਗੇ ਲਈ ਉਹ ਗੁਰੂ ਹਨ। ਗੁਰੂ ਅੰਗਦ ਦੇਵ ਨੇ ਕਰਤਾਰਪੁਰ ਛੱਡ ਦਿੱਤਾ ਅਤੇ ਨਵੇਂ ਨਗਰ ਖਡੂਰ ਵਿਖੇ ਆਪਣੀ ਜੋਤਿ ਜਗਾ ਦਿੱਤੀ। ਮਨੁੱਖ ਨੇ ਪਹਿਲਾਂ ਜੋ ਬੀਜਿਆ ਹੁੰਦਾ ਹੈ, ਕਮਾਈ ਕੀਤੀ ਹੁੰਦੀ ਹੈ, ਉਹੀ ਉਸ ਨੂੰ ਮਿਲਦਾ ਹੈ, ਬਾਕੀ ਸਭ ਚਤੁਰਾਈਆਂ ਝੂਠੀਆਂ ਹਨ। ਭਾਈ ਲਹਿਣੇ ਨੇ ਗੱਦੀ ਗੁਰੂ ਨਾਨਕ ਤੋਂ ਪ੍ਰਾਪਤ ਕੀਤੀ ਸੀ ਹੁਣ ਗੁਰੂ ਅਮਰਦਾਸ ਨੇ ਗੁਰੂ ਅੰਗਦ ਤੋਂ ਆਪਣੀ ਸੇਵਾ ਕਰਕੇ ਪ੍ਰਾਪਤ ਕਰ ਲਈ ਹੈ। ਗੁਰੂ ਅਮਰਦਾਸ ਅਮਰ ਸਰੂਪ ਹੋ ਕੇ ਗੱਦੀ ‘ਤੇ ਬੈਠੇ ਹਨ ਅਤੇ ਇਹ ਦਾਤ ਗੁਰੂ ਅੰਗਦ ਦੇ ਦਰ ਤੋਂ ਪ੍ਰਾਪਤ ਹੋਈ ਹੈ। ਗੁਰੂ ਅਮਰਦਾਸ ਦੇ ਅਨੋਖੇ ਖੇਲ ਨੂੰ ਸਮਝਣਾ ਔਖਾ ਹੈ। ਉਨ੍ਹਾਂ ਨੇ ਖਡੂਰ ਨੂੰ ਛੱਡ ਕੇ ਗੋਇੰਦਵਾਲ ਨਾਂ ਦਾ ਨਵਾਂ ਨਗਰ ਵਸਾ ਲਿਆ। ਇਹ ਸਭ ਉਸ ਅਕਾਲ ਪੁਰਖ ਦੀ ਕਿਰਪਾ ਹੈ। ਦਾਤ ਅਤੇ ਜੋਤਿ ਦੋਵੇਂ ਉਸ ਦੀਆਂ ਹਨ ਅਤੇ ਉਸ ਦੀ ਕਿਰਪਾ ਨਾਲ ਮਿਲਦੀਆਂ ਹਨ:
ਸੋ ਟਿਕਾ ਸੋ ਛਤ੍ਰੁ ਸਿਰਿ ਸੋਈ ਸਚਾ ਤਖਤੁ ਟਿਕਾਈ।
ਗੁਰ ਨਾਨਕ ਹੰਦੀ ਮੁਹਰਿ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ।
ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ।
ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ।
ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ।
ਗੁਰੁ ਬੈਠਾ ਅਮਰੁ ਸਰੂਪੁ ਹੋਇ ਗੁਰਮੁਖਿ ਪਾਈ ਦਾਦਿ ਇਲਾਹੀ।
ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ।
ਦਾਤਿ ਜੋਤਿ ਖਸਮੈ ਵਡਿਆਈ॥੪੬॥