ਗੁਰੀਲਾ ਜ਼ਿੰਦਗੀ

‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।

ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ
ਸਤਨਾਮ
ਗੁਰੀਲਾ ਜ਼ਿੰਦਗੀ ਜਿਸ ਵਿਚ ਕੋਈ ਠਹਿਰਾਓ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇਕ ਰਾਤ ਤੋਂ ਵੱਧ ਦਾ ਕਿਤੇ ਵਸੇਬਾ ਨਹੀਂ, ਹਮੇਸ਼ਾ ਗਤੀ ਵਿਚ ਰਹਿੰਦੀ ਹੈ। ਇਕ ਪਿੰਡ ਤੋਂ ਦੂਜੇ ਪਿੰਡ, ਇਕ ਜੰਗਲ ਤੋਂ ਦੂਜੇ ਜੰਗਲ, ਇਕ ਪਹਾੜ ਤੋਂ ਦੂਜੇ ਪਹਾੜ। ਸਵੇਰੇ ਇਕ ਨਦੀ ਦਾ ਪਾਣੀ, ਤਾਂ ਸ਼ਾਮ ਨੂੰ ਦੂਜੀ ਦਾ। ਕਦੇ ਇਹ ਲੰਮਾ ਸਮਾਂ ਇਕ ਇਲਾਕੇ ਵਿਚ ਚੱਕਰ ਕੱਟਦੀ ਰਹਿੰਦੀ ਹੈ ਅਤੇ ਕਦੇ ਦੂਰ ਦਰਾਜ਼ ਦੇ ਇਲਾਕਿਆਂ ਵੱਲ ਅਜਿਹਾ ਕੂਚ ਕਰਦੀ ਹੈ ਕਿ ਸਾਲਾਂ ਦੇ ਸਾਲ ਨਿਕਲ ਜਾਂਦੇ ਹਨ ਜਦ ਉਹ ਵਾਪਸ ਉਨ੍ਹਾਂ ਹੀ ਰਾਹਾਂ ਉਤੇ ਪਰਤਦੀ ਹੈ। ਤਦ ਤਕ ਇਨ੍ਹਾਂ ਪਗਡੰਡੀਆਂ ਨੂੰ ਉਨ੍ਹਾਂ ਕਦਮਾਂ ਦੀ ਪਛਾਣ ਰਹਿੰਦੀ ਹੈ, ਜਾਣ ਜਾਂਦੀਆਂ ਹਨ ਕਿ ਇਨ੍ਹਾਂ ਵਿਚ ਕੁਝ ਜਾਣੇ-ਪਛਾਣੇ ਹਨ ਤੇ ਕੁਝ ਲੰਮੇ ਸਫ਼ਰਾਂ ਨੂੰ ਅਗਾਂਹ ਨਿਕਲ ਗਏ ਹਨ ਜਿਨ੍ਹਾਂ ਨੇ ਕਦੇ ਨਹੀਂ ਪਰਤਣਾ। ਉਦੋਂ ਉਹ ਉਨ੍ਹਾਂ ਨੂੰ ਯਾਦ ਕਰਦੀਆਂ ਹਨ, ਸੋਗ ਮਨਾਉਂਦੀਆਂ ਹਨ। ਉਨ੍ਹਾਂ ਨੂੰ ਭੀਮਾ ਦਾਦਾ ਦੇ ਪੈਰਾਂ ਦੀ ਨਰਮ ਪਿਆਰੀ ਛੂਹ ਅਜੇ ਤੱਕ ਯਾਦ ਹੈ। ਭੀਮਾ ਬਸਤਰ ਦੀਆਂ ਪਗਡੰਡੀਆਂ ਤੋਂ ਉਠ ਕੇ ਸਮੁੱਚੀ ਫਿਜ਼ਾ ਵਿਚ ਫੈਲ ਗਿਆ ਹੈ। ਉਹ ਜੰਗਲ, ਹਵਾ, ਨਦੀਆਂ ਅਤੇ ਕੁੱਲ ਕਾਇਨਾਤ ਦਾ ਹਿੱਸਾ ਹੋ ਗਿਆ ਹੈ।
ਕਿਸੇ ਵੀ ਪਿੰਡ ਵਿਚ ਜਾਓ ਤੇ ਤੁਸੀਂ ਜਾਣੋਗੇ ਕਿ ਲੋਕ ਉਸ ਨੂੰ ਅਜੇ ਤੱਕ ਭੁੱਲੇ ਨਹੀਂ ਹਨ। ਜਦ ਗੁਰੀਲੇ ਉਸ ਦਾ ਗੀਤ ਗਾਉਂਦੇ ਹਨ ਤਾਂ ਪਿੰਡ ਦੇ ਲੋਕ ਨਾਲ ਸ਼ਾਮਲ ਹੋ ਜਾਂਦੇ ਹਨ। ਗੁਰੀਲਾ ਜ਼ਿੰਦਗੀ ਦਾ ਲੋਕਾਂ ਦੇ ਡੂੰਘੇ ਸਾਥ ਤੋਂ ਬਿਨਾਂ ਅੰਦਾਜ਼ਾ ਕਰਨਾ ਮੁਸ਼ਕਿਲ ਹੈ। ਇਸ ਸਾਥ ਤੋਂ ਬਿਨਾ ਇਹ ਸੰਭਵ ਹੀ ਨਹੀਂ ਹੈ। ਤਿੰਨ ਡੰਗ ਰੋਟੀ ਮੰਗਣ ਵਾਲਾ ਢਿੱਡ ਜਦੋਂ ਖਾਲੀ ਜੇਬ ਵਾਲੇ ਦੇ ਨਾਲ ਲੱਗਾ ਹੋਵੇ ਤਾਂ ਇਹ ਦੋ ਚਾਰ ਦਿਨਾਂ ਤੋਂ ਵੱਧ ਨਹੀਂ ਕੱਟ ਸਕਦਾ। ਜੇ ਗੁਰੀਲਾ ਲੋਕਾਂ ਨਾਲ ਜੁੜਿਆ ਹੋਇਆ ਨਹੀਂ ਹੈ ਤਾਂ ਉਹ ਜ਼ਿੰਦਾ ਨਹੀਂ ਰਹਿ ਸਕਦਾ। ਇਹ ਦਸਤੇ ਜਿਹੜੇ ਹਰ ਵਕਤ ਪਿੰਡੋ-ਪਿੰਡ ਘੁੰਮਦੇ ਰਹਿੰਦੇ ਹਨ, ਜੇ ਲੋਕਾਂ ਦੇ ਦੁੱਖ-ਸੁੱਖ ਦੇ ਸਾਥੀ ਨਹੀਂ ਹੋਣਗੇ ਤਾਂ ਉਨ੍ਹਾਂ ਦੀ ਉਮਰ ਜ਼ਿਆਦਾ ਲੰਮੀ ਨਹੀਂ ਹੋ ਸਕਦੀ। ਜਦ ਦਸਤਾ ਪਹੁੰਚਦਾ ਹੈ ਤਾਂ ਪਗਡੰਡੀਆਂ ਰਾਹੀਂ ਖ਼ਬਰ ਪਹੁੰਚ ਜਾਂਦੀ ਹੈ ਅਤੇ ਸਾਰੇ ਦਾ ਸਾਰਾ ਪਿੰਡ ਉਮਡ ਕੇ ਆਣ ਪਹੁੰਚਦਾ ਹੈ। ਜਦ ਲੰਮਾ ਸਮਾਂ ਨਹੀਂ ਪਹੁੰਚਦਾ ਤਾਂ ਰਾਹ ਉਦਾਸ ਹੋ ਜਾਂਦੇ ਹਨ, ਪਿੰਡ ਨੂੰ ਚਿੰਤਾ ਲੱਗ ਜਾਂਦੀ ਹੈ। ਗੁਰੀਲੇ ਨਹੀਂ ਆਉਣਗੇ ਤਾਂ ਇਸ ਦਾ ਸਿੱਧਾ ਅਰਥ ਇਹ ਹੈ ਕਿ ਪੁਲਿਸ ਆਵੇਗੀ। ਪੁਲਿਸ ਦੇ ਆਉਣ ਦਾ ਮਤਲਬ ਹਰ ਆਦਿਵਾਸੀ ਜਾਣਦਾ ਹੈ। ਲੋਕ ਗੁਰੀਲਿਆਂ ਦੀ ਉਡੀਕ ਕਰਦੇ ਹਨ, ਗੁਰੀਲੇ ਲੋਕਾਂ ਦੇ ਦੁੱਖਾਂ ਨੂੰ ਵੰਡਾਉਂਦੇ ਹਨ। ਉਨ੍ਹਾਂ ਦੇ ਦਰਮਿਆਨ ਦੁਵੱਲੀ ਸਾਂਝ ਦੋਵਾਂ ਧਿਰਾਂ ਦੀ ਜ਼ਿੰਦਗੀ ਦੀ ਜ਼ਾਮਨ ਹੈ।
ਜਿਸ ਦਸਤੇ ਨਾਲ ਮੈਂ ਨਵਾਂ ਇਲਾਕਾ ਗਾਹੁਣਾ ਸ਼ੁਰੂ ਕੀਤਾ ਹੈ, ਉਸ ਦਾ ਕਮਾਂਡਰ ਹਸਮੁਖ ਤਬੀਅਤ ਦਾ ਨੌਜਵਾਨ ਹੈ। ਸੋਮਾ, ਸੋਮੰਨਾ, ਸੋਮਾ ਦਾਦਾ, ਸੋਮ ਭਾਈ ਜਿਸ ਦਾ ਜੋ ਵੀ ਦਿਲ ਕਰਦਾ ਹੈ, ਉਸ ਨੂੰ ਉਸੇ ਤਰ੍ਹਾਂ ਬੁਲਾ ਲੈਂਦਾ ਹੈ। ਉਹ ਸਾਲ ਭਰ ਤੋਂ ਇਸੇ ਇਲਾਕੇ ਵਿਚ ਵਿਚਰ ਰਿਹਾ ਹੈ ਅਤੇ ਹਰ ਪਿੰਡ ਹਰ ਘਰ ਵਿਚ ਮਸ਼ਹੂਰ ਹੈ। ਜਿਥੇ ਦੂਸਰੇ ਕਮਾਂਡਰ ਫ਼ਾਸਲਾ ਰੱਖਦੇ ਹਨ, ਸੋਮਾ ਹਰ ਕਿਸੇ ਨਾਲ ਸਾਂਝ ਪੈਦਾ ਕਰਨ ਦਾ ਸੁਭਾਅ ਰੱਖਦਾ ਹੈ। ਜਦ ਅਸੀਂ ਖੱਡਾਂ ਤੋਂ ਤੁਰੇ ਤਾਂ ਪਹਿਲਾ ਕੰਮ ਨਦੀ ਨੂੰ ਪਾਰ ਕਰਨਾ ਸੀ। ਨਦੀ ਕਾਫ਼ੀ ਚੌੜੀ ਸੀ, ਕਿਤੋਂ ਕਿਤੋਂ ਬਹੁਤ ਡੂੰਘੀ। ਕਿਤੇ ਲੱਕ ਤੱਕ ਪਾਣੀ, ਕਿਤੇ ਗਲ ਤੱਕ, ਤੇ ਕਿਤੇ ਸਿਰ ਤੋਂ ਉਪਰ। ਬਹੁਤ ਮਾਹਰ ਬੰਦਾ ਜਿਸ ਨੂੰ ਇਸ ਦੇ ਤਲ ਬਾਰੇ ਪੂਰੀ ਜਾਣਕਾਰੀ ਹੋਵੇ, ਇਸ ਨੂੰ ਤੁਰ ਕੇ ਵੀ ਪਾਰ ਕਰ ਸਕਦਾ ਸੀ, ਪਰ ਅਜਿਹਾ ਮਾਹਰ ਦਸਤੇ ਵਿਚ ਕੋਈ ਵੀ ਨਹੀਂ ਸੀ।
ਸੋਮੰਨਾ ਨੇ ਇਕ ਨੌਜਵਾਨ ਤੋਂ ਰੱਸਾ ਲਿਆ, ਉਸ ਦਾ ਇਕ ਸਿਰਾ ਦਰਖ਼ਤ ਦੇ ਤਣੇ ਨਾਲ ਬੰਨ੍ਹਿਆ ਅਤੇ ਦੂਸਰੇ ਨੂੰ ਉਚਾ ਕਰ ਕੇ ਬੋਲਿਆ, “ਲਓ ਬਈ, ਜਿਹੜਾ ਸਭ ਤੋਂ ਘੱਟ ਤੈਰਨਾ ਜਾਣਦੈ, ਉਹ ਇਸ ਸਿਰੇ ਨੂੰ ਪਾਰ ਲੈ ਜਾਵੇ ਤੇ ਕਿਸੇ ਰੁੱਖ ਨਾਲ ਬੰਨ੍ਹ ਦੇਵੇ।”
“ਸਭ ਜਣਿਆਂ ਵਿਚ ਥੋੜ੍ਹੀ ਖ਼ੁਸਰ-ਫ਼ੁਸਰ ਹੋਈ। ਇਕ ਜਣਾ ਨਿਤਰਿਆ ਤੇ ਰੱਸੇ ਲਈ ਹੱਥ ਅੱਗੇ ਵਧਾਇਆ।”
“ਤੂੰ ਨਹੀਂ। ਤੂੰ ਤਾਂ ਸਭ ਤੋਂ ਜ਼ਿਆਦਾ ਜਾਣਦੈਂ। ਜਿਹੜਾ ਸਭ ਤੋਂ ਘੱਟ ਜਾਣਦੈ, ਉਹ ਆਵੇ।”
ਹੁਣ ਖ਼ੁਸਰ-ਫ਼ੁਸਰ ਨਹੀਂ ਹੋਈ। ਕੁਝ ਪਲ ਬੀਤੇ ਤਾਂ ਇਕ ਜਣਾ ਹੋਰ ਸਾਹਮਣੇ ਆਇਆ।
“ਤੂੰ ਵੀ ਨਹੀਂ। ਤੂੰ ਵੀ ਕਾਫ਼ੀ ਜਾਣਦੈਂ। ਚੱਲ ਇੜਮਾ, ਤੂੰ ਚੱਲ!”
ਇੜਮਾ ਵਾਕਈ ਸਭ ਤੋਂ ਘੱਟ ਜਾਣਦਾ ਸੀ।
“ਪਰ ਮੈਂ ਤਾਂ ਡੁੱਬ ਜਾਵਾਂਗਾ।” ਇੜਮਾ ਹੱਸਿਆ।
“ਗੁਰੀਲਾ! ਹੂੰ, ਗੁਰੀਲਾ! ਲਾਲ ਫ਼ੌਜ ਦਾ ਸਿਪਾਹੀ! ਤੇ ਕਹਿੰਦੈ ਮੈਂ ਡੁੱਬ ਜਾਵਾਂਗਾ। ਤੂੰ ਡੁੱਬ ਜਾਵੇਂਗਾ ਤਾਂ ਕੁੜੀਆਂ ਦਾ ਕੀ ਬਣੇਗਾ? ਉਹ ਪਾਰ ਨਹੀਂ ਜਾ ਸਕਣਗੀਆਂ ਤੇ ਇਸੇ ਕੰਢੇ ਮਾਰੀਆਂ ਜਾਣਗੀਆਂ। ਚੱਲ ਰੱਸਾ ਫੜ, ਲੱਕ ਨੂੰ ਬੰਨ੍ਹ ਤੇ ਕੁੱਦ ਜਾ ਨਦੀ ‘ਚ। ਡੁੱਬਣ ਲੱਗੇਂਗਾ ਤਾਂ ਖਿੱਚ ਲਾਂḔਗੇ।”
ਇੜਮਾ ਨੇ ਕਿੱਟ ਉਤਾਰੀ, ਗੁੱਟ ਨਾਲ ਰੱਸੀ ਬੰਨ੍ਹ ਕੇ ਹੱਥ ਦਾ ਵਲੇਵਾਂ ਪਾਇਆ ਅਤੇ ਨਦੀ ‘ਚ ਛਾਲ ਮਾਰ ਦਿਤੀ। ਨਦੀ ਦੇ ਅੱਧ ਵਿਚ ਜਾ ਕੇ ਉਹ ਪਾਣੀ ਦੇ ਵਹਾਅ ਵਿਚ ਥੋੜ੍ਹਾ ਜਿਹਾ ਵਿਹਾ ਤੇ ਫਿਰ ਤ੍ਰੇਛਵੇਂ ਰੁਖ਼ ਪਾਰਲੇ ਕੰਢੇ ਨੂੰ ਵਗ ਤੁਰਿਆ।
“ਬੱਲੇ! ਇਹ ਹੋਈ ਨਾ ਗੱਲ!” ਇੜਮਾ ਦੇ ਪਾਰ ਲੱਗਣ ਉਤੇ ਸੋਮਾ ਨੇ ਤਾੜੀ ਮਾਰੀ।
ਹੱਥ ਨਾਲ ਬੱਝੀ ਰੱਸੀ ਨੇ ਇੜਮਾ ਨੂੰ ਹੌਸਲਾ ਦਿਤਾ ਸੀ, ਪਰ ਇਸ ਤੋਂ ਵੱਧ ਉਹ ਉਸ ਚੁਣੌਤੀ ਨੂੰ ਨਜਿੱਠਣਾ ਚਾਹੁੰਦਾ ਸੀ ਜਿਹੜੀ ਕਦੇ ਵੀ ਉਸ ਦੇ ਸਾਹਮਣੇ ਆ ਸਕਦੀ ਸੀ। ਉਸ ਨੂੰ ਰੱਸੀ ਦਾ ਸਹਾਰਾ ਲੈਣ ਦੀ ਇਕ ਵਾਰ ਵੀ ਜ਼ਰੂਰਤ ਨਹੀਂ ਸੀ ਪਈ ਜਿਸ ਕਾਰਨ ਉਹ ਖ਼ੁਸ਼ ਸੀ।
ਸਿੰਘੰਨਾ ਅਤੇ ਪਹਿਲਾਂ ਨਿੱਤਰਿਆ ਨੌਜਵਾਨ ਸਿੱਧੇ ਹੀ ਛਾਲਾਂ ਲਗਾ ਗਏ, ਤੇ ਪਾਰ ਨਿਕਲ ਗਏ। ਉਨ੍ਹਾਂ ਦੋਵਾਂ ਨੇ ਕਈ ਚੱਕਰ ਲਾਏ ਅਤੇ ਕਿੱਟਾਂ ਤੇ ਹਥਿਆਰਾਂ ਨੂੰ ਪਾਰ ਲਿਜਾਂਦੇ ਰਹੇ। ਸੋਮਾ ਅਖ਼ੀਰ ਵਿਚ ਪਾਰ ਹੋਇਆ ਤੇ ਕੁੜੀਆਂ ਵੱਲ ਮੂੰਹ ਕਰ ਕੇ ਬੋਲਿਆ, “ਸੁਣੋ ਕੁੜੀਓ! ਤੈਰਨਾ ਸਿੱਖੋ। ਸੌਖੇ ਰਾਹ ਨਾ ਲੱਭਿਆ ਕਰੋ! ਲੜਾਈ ਵਿਚ ਉਹ ਤੁਹਾਨੂੰ ਆਸਾਨ ਰਸਤਿਓਂ ਨਿਕਲ ਜਾਣ ਦਾ ਮੌਕਾ ਦੇਣ ਲਈ ਗੋਲੀ ਚਲਾਉਣੀ ਬੰਦ ਨਹੀਂ ਕਰਦੇ। ਤੈਰਨਾ ਨਾ ਆਵੇ ਤਾਂ ਦਰਿਆ ਗੁਰੀਲੇ ਦਾ ਦੁਸ਼ਮਣ, ਆਉਂਦਾ ਹੋਵੇ ਤਾਂ ਦੋਸਤ।” ਉਸ ਦੀ ਗੱਲ ਸੁਣ ਕੇ ਦਸਤੇ ਦੀਆਂ ਪੰਜੇ ਕੁੜੀਆਂ ਹੱਸ ਪਈਆਂ।
ਰਾਤ ਦਾ ਡੇਰਾ ਪਰਲੇ ਪਾਰ ਲਾ ਲਿਆ ਗਿਆ। ਨੇੜਲੇ ਪਿੰਡੋਂ ਰਾਸ਼ਨ ਆ ਗਿਆ। ਮੱਛੀ, ਨੂਕਾ ਤੇ ਕੇਕੜੇ ਦੀ ਚਟਣੀ। ਜੰਗਲ ਵਿਚ ਇਸ ਤੋਂ ਵਧੀਆ ਤੇ ਸਵਾਦੀ ਭੋਜਨ ਹੋਰ ਕੋਈ ਨਹੀਂ।
ਕੁੜੀਆਂ ਕਾਰਨ ਉਨ੍ਹਾਂ ਨੂੰ ਹਰ ਵਾਰ ਉਹੀ ਰਸਤਾ ਲੈਣਾ ਪੈਂਦਾ ਹੈ ਜਿਥੇ ਨਦੀ ਦਾ ਪਾਣੀ ਸਭ ਤੋਂ ਘੱਟ ਹੋਵੇ। ਕਈ ਵਾਰ ਇਸ ਦਾ ਮਤਲਬ ਹੁੰਦਾ- ਕਈ ਘੰਟੇ ਦਾ ਵਾਧੂ ਸਫ਼ਰ। ਤਾਲਪੇਰ (ਤੈਲਗੂ ਨਾਂ ਚਿੰਤਾ) ਨਦੀ ਕਈ ਥਾਂਵਾਂ ਤੋਂ ਬਹੁਤ ਡੂੰਘੀ ਹੈ, ਪਰ ਇਹੀ ਥਾਂਵਾਂ ਸਭ ਤੋਂ ਸੁਰੱਖਿਅਤ ਵੀ ਨੇ। ਸੋਮਾ ਚਾਹੁੰਦੈ, ਰੱਸੇ ਦੀ ਵੀ ਜ਼ਰੂਰਤ ਨਾ ਪਵੇ। ਹਰ ਕੋਈ ਸਿਰ ਉਤੇ ਕਿੱਟ ਤੇ ਬੰਦੂਕ ਬੰਨ੍ਹ ਕੇ ਪਾਰ ਨਿਕਲ ਸਕਣ ਦੀ ਜਾਚ ਸਿੱਖੇ। ਗੋਦਾਵਰੀ ਦੇ ਇਲਾਕੇ ਵਿਚ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ। ਕੀ ਪਤਾ, ਕਿਹੜੀ ਟੁਕੜੀ ਕਦੋਂ ਕਿਸ ਪਾਸੇ ਰਵਾਨਾ ਕਰਨੀ ਪੈ ਜਾਵੇ!
ਸੋਮਾ ਵਾਰੰਗਲ ਤੋਂ ਬਦਲ ਕੇ ਆਇਆ ਹੈ ਜਿਥੇ ਉਂਗਲ ਹਮੇਸ਼ਾ ਘੋੜੇ ਉਤੇ ਹੀ ਰੱਖਣੀ ਪੈਂਦੀ ਹੈ। ਉਥੇ ਬੰਦੂਕ ਮੋਢੇ ਉਪਰ ਨਹੀਂ ਲਟਕਾਈ ਜਾਂਦੀ। ਐਨਾ ਵੀ ਵਕਤ ਨਹੀਂ ਮਿਲਦਾ ਕਿ ਤੁਸੀਂ ਬੰਦੂਕ ਨੂੰ ਮੋਢੇ ਤੋਂ ਉਤਾਰ ਕੇ ਸਿੱਧਾ ਕਰ ਸਕੋ। ਤੁਸੀਂ ਚੌਕਸੀ ਤੋਂ ਉਕੇ ਨਹੀਂ ਕਿ ਨਿਸ਼ਾਨਾ ਬਣ ਜਾਣ ਦਾ ਖ਼ਤਰਾ ਸਹੇੜਿਆ ਨਹੀਂ। ਬਸਤਰ ਵਿਚਲੀ ਹਾਲਤ ਸੁਖਾਵੀਂ ਹੈ। ਸੜਕਾਂ ਦਾ ਜਾਲ ਨਹੀਂ, ਮੰਡੀ ਨਾਲ ਡੂੰਘਾ ਰਿਸ਼ਤਾ ਨਹੀਂ, ਬਾਹਰਲੀ ਆਮਦੋ-ਰਫ਼ਤ ਨਹੀਂ, ਦੁਸ਼ਮਣ ਦੀ ਦਨਦਨਾਉਂਦੀ ਗਸ਼ਤ ਨਹੀਂ। ਇਥੇ ਗੁਰੀਲੇ ਸਵੈ-ਨਿਰਭਰ ਆਰਥਿਕਤਾ ਉਸਾਰਨ ਦੇ ਯਤਨਾਂ ਵਿਚ ਹਨ। ਜਦੋਂ ਇਹ ਹਾਲਤ ਹੋਂਦ ਵਿਚ ਆ ਗਈ ਤਾਂ ਦੁਸ਼ਮਣ ਨੂੰ ਵੀ ਡਾਢੀ ਤਕਲੀਫ਼ ਹੋਵੇਗੀ ਅਤੇ ਗੁਰੀਲੇ ਵੀ ਜ਼ੋਰਦਾਰ ਤਾਕਤ ਬਣ ਕੇ ਉਭਰ ਆਉਣਗੇ। ਅਜੇ ਇਹ ਇਲਾਕੇ ਗੁਰੀਲਾ ਆਧਾਰ ਇਲਾਕਿਆਂ ਦੀ ਪੱਧਰ ਦੇ ਨਜ਼ਦੀਕ ਹੀ ਪਹੁੰਚੇ ਹਨ।
ਸੋਮਾ ਫ਼ੌਜੀ ਟਰੇਨਿੰਗ ਅਤੇ ਵਿਕਾਸ ਕੰਮਾਂ, ਦੋਵਾਂ ਉਤੇ ਹੀ ਜ਼ੋਰ ਲਗਾ ਰਿਹਾ ਹੈ। ਉਸ ਦਾ ਦਸਤਾ ਜਿਸ ਰਸਤਿਓਂ ਵੀ ਲੰਘਦਾ ਹੈ, ਆਪਣੇ ਨਿਸ਼ਾਨ ਮੇਸਦਾ ਜਾਂਦਾ ਹੈ। ਨੰਗੀ ਜ਼ਮੀਨ ਨਾਲੋਂ ਉਹ ਘਾਹ ਉਤੇ ਚੱਲਣ ਨੂੰ ਤਰਜੀਹ ਦਿੰਦੇ ਹਨ। ਉਸ ਦੇ ਦਸਤੇ ਨੂੰ ਚਾਹ ਮਿਲੇ ਨਾ ਮਿਲੇ, ਪਰ ਰੋਜ਼ ਸਵੇਰੇ ਛੋਲੇ, ਮਟਰ ਤੇ ਮੂੰਗਫਲੀ ਜ਼ਰੂਰ ਮਿਲਦੀ ਹੈ। ਉਹ ਕਹਿੰਦਾ ਹੈ ਕਿ Ḕਚਾਹ ਦਾ ਕੀ ਐ? ਚੰਗਾ ਹੈ ਕਿ ਦੁੱਧ ਨੂੰ ਬਿਮਾਰਾਂ ਵਾਸਤੇ ਬਚਾਅ ਕੇ ਰੱਖਿਆ ਜਾਵੇ।’ ਆਪਣੇ ਦਸਤੇ ਵਿਚ ਉਹ ਕਦੇ ਕਿਸੇ ਨੂੰ ਮਲੇਰੀਆ ਨਹੀਂ ਹੋਣ ਦਿੰਦਾ।
“ਮਲੇਰੀਏ ਦਾ ਮਤਲਬ ਹੈ ਗੁਰੀਲੇ ਨੂੰ ਸੱਤ ਦਿਨਾਂ ਵਾਸਤੇ ਨਕਾਰਾ ਕਰ ਦੇਣਾ ਤੇ ਮੱਛਰ ਦੀ ਪੂਜਾ ਕਰਨਾ। ਇਹ ਵੀ ਕੋਈ ਬਿਮਾਰੀ ਹੈ ਜਿਹੜੀ ਸਾਡੀ ਤਾਕਤ ਨੂੰ ਖਾਂਦੀ ਰਹੇ।” ਉਹ ਕਹਿੰਦਾ ਹੈ। ਦਸਤੇ ਵਿਚ ਉਹ ਬਾਕਾਇਦਾ ਮਲੇਰੀਆ ਪ੍ਰੀਵੈਂਟਿਵ ਡੋਜ਼ (ਮਲੇਰੀਆ ਰੋਕੂ ਦਵਾਈ ਦੀ ਖ਼ੁਰਾਕ) ਤਕਸੀਮ ਕਰਦਾ ਹੈ।
ਸ਼ਾਮ ਨੂੰ ਅਸੀਂ ਜਿਸ ਪਿੰਡ ਪਹੁੰਚੇ, ਉਸ ਪਿੱਛੇ ਗੁੱੜੇਮ ਲੱਗਦਾ ਸੀ। ਬਾਅਦ ‘ਚ ਮੈਨੂੰ ਪਤਾ ਲੱਗਿਆ ਕਿ ਉਸ ਇਲਾਕੇ ਵਿਚ ਹਰ ਪਿੰਡ ਪਿੱਛੇ ਹੀ ਗੁੱੜੇਮ ਲੱਗਾ ਹੋਇਆ ਸੀ। ਕਾਲ ਗੁੱੜੇਮ, ਪੇਰ ਗੁੱੜੇਮ, ਰਾਜ ਗੁੱੜੇਮ, ਵਗ਼ੈਰਾ। ਸੋਮਾ ਤਕਰੀਬਨ ਹਰ ਘਰ ਵਿਚ ਗਿਆ।
“ਕੀ ਹਾਲ ਏ ਵਿੜਮੇ ਮੜੀਅਮ?”
“ਕੀ ਹਾਲ ਈ ਮਾਸੇ ਮੜਕਮ?”
ਉਹ ਘਰ ਅੰਦਰ ਜਾਂਦਾ। ਬੱਚਿਆਂ ਨੂੰ ਮੋਢਿਆਂ ‘ਤੇ ਚੁੱਕਦਾ। ਮੁਰਗ਼ੀਆਂ ਦੇ ਖੋਲੇ ਵਿਚ ਨਜ਼ਰ ਮਾਰਦਾ। ਬੱਕਰੀਆਂ ਨੂੰ ਥਪਥਪਾਉਂਦਾ। ਜਦ ਉਹ ਇੜਮੇ ਦੇ ਵਿਹੜੇ ਵਿਚ ਦਾਖ਼ਲ ਹੋਇਆ ਤਾਂ ਉਹ ਬਰਤਨ ਮਾਂਜ ਕੇ ਹਟੀ ਸੀ। ਗਾਗਰ ਚੁੱਕ ਕੇ ਉਹ ਨਲਕੇ ਤੋਂ ਪਾਣੀ ਲੈਣ ਤੁਰੀ ਤਾਂ ਸੋਮਾ ਨੇ ਉਸ ਤੋਂ ਗਾਗਰ ਲੈ ਲਈ।
“ਮੁੰਡੇ ਕਿਥੇ ਈ?”
“ਵੱਡਾ ਸ਼ਿਕਾਰ ਨੂੰ ਗਿਐ ਤੇ ਛੋਟਾ ਉਹ ਫਿਰਦੈ।” ਉਹਨੇ ਵਿਹੜੇ ਤੋਂ ਪਾਰ ਖੜ੍ਹੇ ਨਿੱਕੇ ਵੱਲ ਉਂਗਲ ਕੀਤੀ।
“ਉਹਨੂੰ ਕਿਉਂ ਨਹੀਂ ਕਹਿੰਦੀ, ਪਾਣੀ ਲਿਆ ਦੇਵੇ?”
“ਉਹ ਕਿਥੇ ਕਰਦੇ ਨੇ ਅਜਿਹਾ ਕੰਮ। ਤਾੜੀ ਵਾਸਤੇ ‘ਸਮਾਨੀਂ ਚੜ੍ਹ ਜਾਣਗੇ। ਗਾਂਵਾਂ ਚਰਾ ਲਿਆਉਣਗੇ, ਪਰ ਪਾਣੀ ਨਹੀਂ ਢੋਣਗੇ।”
ਸੋਮੰਨਾ ਨੇ ਛੋਟੇ ਨੂੰ ਸੈਨਤ ਨਾਲ ਬੁਲਾਇਆ ਤੇ ਗਾਗਰ ਉਸ ਦੇ ਹੱਥ ਫੜਾ ਦਿਤੀ।
“ਭੱਜ ਕੇ ਪਾਣੀ ਲੈ ਆ।” ਉਸ ਨੇ ਕਿਹਾ।
ਇੜਮੇ ਮਹਿਲਾ ਸੰਘ ਦੀ ਕਾਰਕੁਨ ਹੈ। ਕੋਸਾ ਉਸ ਦਾ ਵੱਡਾ ਪੁੱਤਰ, ਪਿੰਡ ਮਿਲੀਸ਼ੀਏ ਦਾ ਮੈਂਬਰ ਹੈ। ਉਹ ਚੰਗਾ ਤੀਰ-ਅੰਦਾਜ਼ ਹੈ। ਕੋਸਾ ਯਾਰਾਂ-ਬੇਲੀਆਂ ਨਾਲ ਸ਼ਿਕਾਰ ਨੂੰ ਗਿਆ ਹੋਇਆ ਸੀ। ਉਸ ਨੂੰ ਦਸਤੇ ਦੇ ਆਉਣ ਦਾ ਪਤਾ ਲੱਗ ਗਿਆ ਹੋਵੇਗਾ, ਸੋ ਸੋਮੰਨਾ ਨੂੰ ਉਸ ਦੇ ਜਲਦੀ ਪਰਤ ਆਉਣ ਦੀ ਆਸ ਸੀ।
ਮਿਲੀਸ਼ੀਏ ਦੇ ਦਸਤੇ ਤਕਰੀਬਨ ਹਰ ਪਿੰਡ ਵਿਚ ਮੌਜੂਦ ਹਨ। ਸੋਮੰਨਾ ਜਲਦੀ ਹੀ ਹੋਰ ਗੁਰੀਲਾ ਦਸਤੇ ਖੜ੍ਹੇ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਪੁਰਾਣੇ ਦਸਤੇ ਨੂੰ ਕਿਸੇ ਹੋਰ ਇਲਾਕੇ ਵੱਲ ਰਵਾਨਾ ਕਰ ਦਿਤਾ ਜਾਵੇਗਾ, ਇਥੋਂ ਦੀ ਸੁਰੱਖਿਆ ਦਾ ਕੰਮ ਨਵੇਂ ਦਸਤੇ ਨੂੰ ਸੌਂਪ ਦਿਤਾ ਜਾਵੇਗਾ।
“ਬੱਸ, ਇਕ ਘਾਟ ਹੈ ਕਿ ਸਾਡੇ ਕੋਲ ਲੋੜੀਂਦੇ ਹਥਿਆਰ ਨਹੀਂ। ਜਿਵੇਂ ਜਿਵੇਂ ਇਹ ਜ਼ਰੂਰਤ ਪੂਰੀ ਹੁੰਦੀ ਗਈ, ਅਸੀਂ ਦਸਤੇ ਉਸਾਰਦੇ ਜਾਵਾਂਗੇ।” ਉਹ ਕਹਿੰਦਾ ਹੈ।
ਉਨ੍ਹਾਂ ਵਾਸਤੇ ਕਮਾਂਡਰ ਵੀ ਚਾਹੀਦੇ ਹਨ। ਸੋਮੰਨਾ ਨੂੰ ਯਕੀਨ ਹੈ ਕਿ ਕਮਾਂਡਰ ਆਪਣੇ ਆਪ ਉਭਰਦੇ ਆਉਣਗੇ।
ਇੜਮੇ ਤੋਂ ਰੁਖ਼ਸਤ ਲੈ ਕੇ ਉਸ ਨੇ ਸਾਰੇ ਪਿੰਡ ਦਾ ਤੂਫ਼ਾਨੀ ਚੱਕਰ ਲਗਾਇਆ। ਰਾਤ ਨੂੰ ਸਾਰੇ ਸੰਘਾਂ ਦੀਆਂ ਵੱਖ ਵੱਖ ਬੈਠਕਾਂ ਬੁਲਾਈਆਂ। ਸਵੇਰੇ ਸਾਰੇ ਪਿੰਡ ਦੀ ਆਮ ਸਭਾ ਵਿਚ ਪਿੰਡ ਦੇ ਮਾਮਲੇ ਵਿਚਾਰੇ। ਸੋਮੰਨਾ ਨੂੰ ਵੀ ਉਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਸੀ ਜਿਵੇਂ ਰਾਜੇਸ਼ ਨੂੰ ਸੀ। ਕੋਸਾ ਤੇ ਉਸ ਦੇ ਦੋਸਤ ਸ਼ਾਮ ਨੂੰ ਸੂਰ ਦਾ ਸ਼ਿਕਾਰ ਕਰ ਲਿਆਏ ਸਨ, ਸੋ ਰਾਤ ਦਾ ਖਾਣਾ ਵਿਸ਼ੇਸ਼ ਦਾਅਵਤ ਬਣ ਗਈ।
ਮਿਲੀਸ਼ੀਏ ਦੇ ਮੈਂਬਰ ਰਾਤ ਭਰ ਦਸਤੇ ਦੇ ਨਾਲ ਰਹੇ ਸਨ। ਸੋਮੰਨਾ ਦੇਰ ਤਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ।
ਸਵੇਰੇ ਤੜਕਸਾਰ ਉਸ ਨੇ ਕੂਚ ਦਾ ਫ਼ੈਸਲਾ ਕਰ ਲਿਆ। ਹਰ ਕਿਸੇ ਨੂੰ ਪੰਜ ਮਿੰਟ ਦਾ ਸਮਾਂ ਦਿਤਾ ਗਿਆ ਕਿ ਉਹ ਤਿਆਰ ਹੋ ਜਾਵੇ ਤੇ ਹਾਜ਼ਰੀ ਦੇਵੇ। ਬੂਟ ਪਾਉਣ ਤੇ ਝਿੱਲੀ ਝਾੜ ਕੇ ਤਹਿ ਕਰਨ ਲਈ ਤਿੰਨ ਹੀ ਮਿੰਟ ਕਾਫ਼ੀ ਸਨ। ਪੰਜ ਮਿੰਟ ਹੋਣ ਤੱਕ ਹਰ ਕੋਈ ਲਾਈਨ ਵਿਚ ਲੱਗ ਚੁੱਕਾ ਸੀ। ਬਕਾਇਦਾ ਕੂਚ ਤੋਂ ਕਈ ਮਿੰਟ ਪਹਿਲਾਂ ਉਸ ਨੇ ਸਕਾਊਟ ਟੀਮ ਨੂੰ ਤੋਰ ਦਿਤਾ। ਉਨੇ ਹੀ ਸਮੇਂ ਦੀ ਵਿੱਥ ਉਤੇ ਰੀਅਰਗਾਰਡ ਨੂੰ ਚੱਲਣ ਦਾ ਹੁਕਮ ਦੇ ਕੇ ਉਸ ਨੇ ਕੂਚ ਸ਼ੁਰੂ ਕਰਵਾ ਦਿਤਾ।
“ਜ਼ਾਬਤਾ ਰੋਮਨ ਫ਼ੌਜ ਵਰਗਾ ਚਾਹੀਦਾ ਹੈ, ਲੜਾਕੂਪਣ ਸਪਾਰਟਾਕਸ ਦੀ ਫ਼ੌਜ ਵਰਗਾ।” ਉਸ ਨੇ ਕਿਹਾ। ਨਾਲ ਲਗਦਾ ਖ਼ੇਤਰ ਉਤਰੀ ਤੇਲੰਗਾਨਾ ਦਾ ਸੀ ਜਿਸ ਕਾਰਨ ਸੋਮੰਨਾ ਅਚਾਨਕ ਹਮਲੇ ਦਾ ਕੋਈ ਖ਼ਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ।
ਸਵੇਰ ਦੀ ਠੰਢੀ ਠੰਢੀ ਹਵਾ ਵਿਚ ਕੋਈ ਚਾਰ ਕਿਲੋਮੀਟਰ ਤੁਰਨ ਤੋਂ ਬਾਅਦ ਅਸੀਂ ਰੁਕੇ। ਜਦ ਤੈਅਸ਼ੁਦਾ ਥਾਂ ਉਪਰ ਅਸੀਂ ਪਹੁੰਚੇ ਤਾਂ ਸਕਾਊਟ ਟੀਮ ਉਥੇ ਨਹੀਂ ਸੀ। ਉਹ ਦੂਰ ਤੱਕ ਦਾ ਚੱਕਰ ਲਗਾ ਕੇ ਕਾਫ਼ੀ ਚਿਰ ਪਿਛੋਂ ਮੁੜੀ। ਅਸੀਂ ਘੋੜੇ ਦੇ ਖ਼ੁਰ ਦੀ ਸ਼ਕਲ ਵਿਚ ਡੇਰਾ ਲਗਾ ਲਿਆ। ਸ਼ਾਮ ਨੂੰ ਇਕ ਹੋਰ ਦਸਤਾ ਉਥੇ ਪਹੁੰਚਿਆ ਤਾਂ ਖ਼ੁਰ ਦੀ ਫਾਰਮੇਸ਼ਨ ਨੂੰ ਗੋਲ ਦਾਇਰੇ ਵਿਚ ਬਦਲ ਦਿਤਾ ਗਿਆ। ਹੁਣ ਚਾਰੇ ਪਾਸੇ ḔਕਵਰḔ ਕਰ ਲਏ ਗਏ ਸਨ। ਰਾਤ ਪਈ ਤਾਂ ਫਿਰ ਕੂਚ ਦਾ ਹੁਕਮ ਹੋ ਗਿਆ। ਰਾਤ ਦੇ ਹਨ੍ਹੇਰੇ ਵਿਚ ਬੱਤੀ ਤੇਤੀ ਜਣਿਆਂ ਦਾ ਇਕੋ ਲਾਈਨ ਵਿਚ ਗੁਜ਼ਰਨਾ ਆਸਾਨ ਕੰਮ ਨਹੀਂ ਸੀ। ਕਦੇ ਕਿਤੇ ਰੁਕਾਵਟ ਆਣ ਪੈਂਦੀ, ਕਦੇ ਕਿਤੇ। ਸਕਾਊਟ ਟੀਮ ਤੋਂ ਬਿਨਾ ਕਿਸੇ ਨੂੰ ਵੀ ਟਾਰਚ ਦੀ ਵਰਤੋਂ ਕਰਨ ਦਾ ਹੁਕਮ ਨਹੀਂ ਸੀ। ਜਿਥੇ ਕਿਤੇ ਕਿਸੇ ਨੂੰ ਰੁਕਾਵਟ ਪੈਂਦੀ, ਇਹ ਕੰਮ ਉਸ ਦੇ ਅੱਗੜ ਪਿੱਛੜ ਚੱਲਣ ਵਾਲਿਆਂ ਦਾ ਹੁੰਦਾ ਕਿ ਉਹ ਸਮੱਸਿਆ ਨੂੰ ਨਜਿੱਠਣ। ਕਿਤੇ ਵੀ ਜਮਘਟਾ ਨਹੀਂ ਸੀ ਹੁੰਦਾ, ਬਾਕੀ ਦੀ ਫਾਰਮੇਸ਼ਨ ਆਪਣੀ ਥਾਂਵੇਂ ਖੜ੍ਹ ਕੇ ਮੁੜ ਤੁਰਨ ਦਾ ਇੰਤਜ਼ਾਰ ਕਰਦੀ।
ਉਸ ਰਾਤ ਅਸੀਂ ਕਈ ਖੇਤੁਲਾਂ ਕੋਲੋਂ ਲੰਘੇ। ਖੇਤਾਂ ਦੀ ਰਾਖੀ ਕਰਦੇ ਲੋਕ ਜਾਗ ਰਹੇ ਸਨ, ਪਰ ਅਸੀਂ ਕਿਤੇ ਵੀ ਨਾ ਰੁਕੇ। ਲੋਕਾਂ ਵਲੋਂ ਵੀ ਕਿਸੇ ਕਿਸਮ ਦੀ ਹਿਲਜੁਲ ਜਾਂ ਸ਼ੋਰ-ਸ਼ਰਾਬਾ ਨਾ ਕੀਤਾ ਗਿਆ। ਸਭ ਨੂੰ ਪਤਾ ਸੀ ਕਿ ਕੌਣ ਜਾ ਰਿਹਾ ਹੈ ਅਤੇ ਦਸਤੇ ਨੂੰ ਪਤਾ ਸੀ ਕਿ ਕਿਹੜਾ ਖੇਤੁਲ ਕਿਸ ਪਰਿਵਾਰ ਦਾ ਹੈ। ਰਸਤੇ ਵਿਚ ਇਕ ਛੋਟਾ ਜਿਹਾ ਪਿੰਡ ਵੀ ਆਇਆ ਸੀ। ਉਥੇ ਕੁਝ ਦੇਰ ਰੁਕ ਕੇ ਸੋਮੰਨਾ ਨੇ ਪਿੰਡ ਦੇ ਕੁਝ ਬੰਦਿਆਂ ਨਾਲ ਗੱਲਬਾਤ ਕੀਤੀ ਅਤੇ ਆਪਣਾ ਰੂਟ ਬਦਲ ਲਿਆ।
ਕੋਈ ਦੋ ਦਿਨ ਪਹਿਲਾਂ ਉਸ ਪਿੰਡ ਕੋਲੋਂ ਪੁਲਿਸ ਦੀ ਵੱਡੀ ਗਸ਼ਤੀ ਟੁਕੜੀ ਲੰਘੀ ਸੀ ਜਿਹੜੀ ਅਜੇ ਤੱਕ ਵਾਪਸ ਨਹੀਂ ਸੀ ਮੁੜੀ। ਦਸਤਾ ਪਿੰਡ ਪਾਰ ਦੇ ਨਾਲੇ ਦੇ ਹਿਠਾੜ ਵੱਲ ਜਾਣ ਦੀ ਬਜਾਏ ਉਤਾੜ ਵੱਲ ਹੋ ਗਿਆ। ਰਾਤ ਦਾ ਡੇਰਾ ਪਿੰਡ ਤੋਂ ਇਕ ਘੰਟੇ ਦੇ ਫ਼ਾਸਲੇ ਉਤੇ ਪਾਇਆ ਗਿਆ। ਕਿਸੇ ਨੇ ਵੀ ਝਿੱਲੀ ਨਹੀਂ ਵਿਛਾਈ। ਥਕਾਵਟ ਦੇ ਬਾਵਜੂਦ ਹਰ ਕੋਈ ਆਪਣੀ ਕਿੱਟ ਨਾਲ ਢੋਅ ਲਾ ਕੇ ਅੱਧ-ਲੇਟੀ ਹਾਲਤ ਵਿਚ ਪਿਆ। ਡੇਰੇ ਦੇ ਆਲੇ ਦੁਆਲੇ ਸਾਰੀ ਰਾਤ ਗਸ਼ਤ ਚੱਲਦੀ ਰਹੀ।
ਸਵੇਰੇ ਅਜੇ ਮੂੰਹ-ਹਨ੍ਹੇਰਾ ਹੀ ਸੀ ਕਿ ਬਿਨਾ ਵਿਸਲ ਕੀਤੇ ਹਰ ਕਿਸੇ ਨੂੰ ਜਗਾ ਦਿਤਾ ਗਿਆ। ਹਰ ਕੋਈ ਆਪਣੇ ਆਪਣੇ ਕਵਰ ਵਿਚ ਇਸ ਤਰ੍ਹਾਂ ਖੜ੍ਹਾ ਹੋ ਗਿਆ ਜਿਵੇਂ ਮੋਰਚਾ ਮੱਲੀਦਾ ਹੈ। ਗਸ਼ਤ ਕਰ ਰਹੀ ਟੁਕੜੀ ਖ਼ਬਰ ਲੈ ਕੇ ਆਈ ਸੀ ਕਿ ਪੁਲਿਸ ਦਲ ਥੋੜ੍ਹੇ ਹੀ ਫ਼ਾਸਲੇ ਉਤੇ ਜੰਗਲ ਵਿਚੋਂ ਗੁਜ਼ਰ ਰਿਹਾ ਹੈ। ਪੁਲਿਸ ਆਪਣੀ ਗਸ਼ਤ ਤੋਂ ਪਰਤ ਰਹੀ ਸੀ। ਉਸ ਨੇ ਉਹ ਰਸਤਾ ਨਹੀਂ ਲਿਆ ਜਿਸ ਨਾਲ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਜਾਂਦੀਆਂ।
“ਜੇ ਸਾਨੂੰ ਪਹਿਲਾਂ ਖ਼ਬਰ ਹੋ ਗਈ ਹੁੰਦੀ।” ਸੋਮੰਨਾ ਹੌਲੀ ਜਿਹੀ ਬੋਲਿਆ।
“ਘਾਤ ਤਾਂ ਹੁਣ ਵੀ ਲੱਗ ਸਕਦੀ ਹੈ।” ਕਿਸੇ ਹੋਰ ਦੀ ਆਵਾਜ਼ ਆਈ।
“ਦੇਰ ਹੋ ਚੁੱਕੀ।” ਸੋਮੰਨਾ ਦਾ ਜਵਾਬ ਸੀ।
ਜਦ ਦੂਸਰੀਆਂ ਦੋ ਟੁਕੜੀਆਂ ਗਸ਼ਤ ਤੋਂ ਮੁੜੀਆਂ ਤਾਂ ਉਨ੍ਹਾਂ ਮੁਤਾਬਕ ਇਲਾਕੇ ਵਿਚ ਕੋਈ ਵੀ ਅਜੀਬ ਤਰ੍ਹਾਂ ਦੀ ਨਕਲੋ-ਹਰਕਤ ਮੌਜੂਦ ਨਹੀਂ ਸੀ। ਸੋਮੰਨਾ ਨੇ ਸਿੱਟਾ ਕੱਢਿਆ ਕਿ ਕੋਈ ਵੱਡਾ ਪੁਲਿਸ ਓਪਰੇਸ਼ਨ ਨਹੀਂ ਸੀ ਚੱਲ ਰਿਹਾ। ਪੁਲਿਸ ਨੇ ਦੋ ਸਾਲ ਦੇ ਅਰਸੇ ਬਾਅਦ ਇਸ ਇਲਾਕੇ ਵਿਚ ਇਸ ਤਰ੍ਹਾਂ ਦਾ ਚੱਕਰ ਲਗਾਇਆ ਸੀ ਜਿਸ ਦਾ ਮਤਲਬ ਸੀ ਕਿ ਉਹ ਫਿਰ ਅਜਿਹਾ ਕਰੇਗੀ। ਜੀਪਾਂ ਦੀ ਵਰਤੋਂ ਪੁਲਿਸ ਨੇ ਬੰਦ ਕਰ ਦਿਤੀ ਹੋਈ ਸੀ। ਕਦੇ ਕਦੇ ਉਹ ਭਾਰੀ ਨਫ਼ਰੀ ਨਾਲ ਇਕ ਪੁਲਿਸ ਸਟੇਸ਼ਨ ਤੋਂ ਦੂਸਰੇ ਤਕ ਮਾਰਚ ਕਰਦੀ ਸੀ, ਪਰ ਇਸ ਵਾਰ ਉਨ੍ਹਾਂ ਨੇ ਜੰਗਲ ਵਿਚ ਡੂੰਘੇ ਘੁਸ ਆਉਣ ਦਾ ਹੀਆ ਕੀਤਾ ਸੀ। ਸੋਮੰਨਾ ਨੇ ਇਸ ਨੂੰ ਆਉਣ ਵਾਲੇ ਦਿਨਾਂ ਦੇ ਸੰਕੇਤ ਵਜੋਂ ਲਿਆ।
“ਬੁਰੀ ਗੱਲ ਇਹ ਹੈ ਕਿ ਉਨ੍ਹਾਂ ਦੀ ਅਜਿਹਾ ਕਰਨ ਦੀ ਹਿੰਮਤ ਪਈ ਹੈ। ਚੰਗੀ ਇਹ ਹੈ ਕਿ ਉਹ ਹੋਰ ਵੀ ਡੂੰਘਾ ਘੁਸਣਗੇ ਤੇ ਮੌਕਾ ਦੇਣਗੇ।”
ਸੋਮੰਨਾ ਪੁਲਿਸ ਦਾ ਡੂੰਘੇ ਜੰਗਲ ਵਿਚ ਦਾਖ਼ਲਾ ਹੀ ਨਹੀਂ ਬੰਦ ਕਰਵਾਉਣਾ ਚਾਹੁੰਦਾ, ਸਗੋਂ ਠਾਣੇ ਤੋਂ ਠਾਣੇ ਤੱਕ ਦਾ ਮਾਰਚ ਵੀ ਰੋਕਣਾ ਚਾਹੁੰਦਾ ਹੈ। ਪੁਲਿਸ ਦੀ ਇਸ ਗਸ਼ਤ ਨੇ ਗੁਰੀਲਿਆਂ ਦੇ ਸੂਚਨਾ ਤਾਣੇ-ਬਾਣੇ ਵਿਚਲੀਆਂ ਤਰੁੱਟੀਆਂ ਪ੍ਰਤੀ ਉਂਗਲ ਉਠਾ ਦਿਤੀ ਸੀ।
ਉਸ ਦਿਨ ਜੰਗਲ ਵਿਚ ਅਸੀਂ ਕਿਤੇ ਵੀ ਜ਼ਿਆਦਾ ਸਮਾਂ ਨਹੀਂ ਟਿਕੇ। ਅਗਲੀ ਰਾਤ ਵੀ ਪਹਿਲੀ ਰਾਤ ਵਰਗੀ ਚੌਕਸੀ ਬਰਕਰਾਰ ਰਹੀ। ਤੀਸਰੇ ਦਿਨ ਅਗਲ-ਬਗਲ ਦੇ ਕਈ ਪਿੰਡਾਂ ਦੇ ਮਿਲੀਸ਼ੀਆ ਦਸਤਿਆਂ ਦੇ ਆਗੂਆਂ ਦੀ ਮੀਟਿੰਗ ਹੋਈ। ਸੋਮੰਨਾ ਚਿਹਰੇ ਉਤੇ ਤਸੱਲੀ ਦੇ ਭਾਵ ਲੈ ਕੇ ਉਸ ਮੀਟਿੰਗ Ḕਚੋਂ ਬਾਹਰ ਆਇਆ। ਸ਼ਾਇਦ ਅਗਲੀ ਵਾਰ ਉਨ੍ਹਾਂ ਦਾ ਸੂਚਨਾ ਕੇਂਦਰ ਬਿਹਤਰ ਕਾਰਗੁਜ਼ਾਰੀ ਦਿਖਾਵੇ!
ਸੋਮੰਨਾ ਦਾ ਦਸਤਾ ਪਹਿਲਾਂ ਦੇ ਸਾਰੇ ਦਸਤਿਆਂ ਨਾਲੋਂ ਮੈਨੂੰ ਵੱਧ ਗਤੀਸ਼ੀਲ ਮਹਿਸੂਸ ਹੋਇਆ। ਉਸ ਦੀ ਇਕ ਵਿਸ਼ੇਸ਼ਤਾਈ ਇਹ ਸੀ ਕਿ ਹੋਰਨਾਂ ਵਾਂਗ ਭਾਵੇਂ ਉਹ ਜੰਗਲ ਵਿਚ ਹੀ ਟਿਕਦਾ ਸੀ, ਪਰ ਉਹ ਹਰ ਪਿੰਡ ਕੋਲ ਰੁਕਦਾ ਤੇ ਉਥੋਂ ਦਾ ਹਾਲ ਪਤਾ ਕਰਦਾ।

ਇਕ ਦਿਨ ਇਕ ਖੇਤੁਲ ਵਿਚ ਬੈਠਿਆਂ ਉਸ ਨੇ ਪੁੱਛਿਆ, “ਜੰਗਲ ਕਿਹੋ ਜਿਹਾ ਲੱਗਾ?”
“ਵਧੀਆ, ਸਗੋਂ ਬਹੁਤ ਹੀ ਖ਼ੂਬਸੂਰਤ!”
“ਤੇ ਲੋਕ?”
“ਜੰਗਲ ਤੋਂ ਵੀ ਚੰਗੇ।”
“ਤੇ ਅਸੀਂ?”
ਉਸ ਦੇ “ਅਸੀਂ” ਵਿਚ ਬਹੁਤ ਕੁਝ ਆ ਜਾਂਦਾ ਸੀ। ਅਕੀਦੇ, ਰਹਿਣ-ਸਹਿਣ, ਬੋਲ-ਚਾਲ, ਔਕੜਾਂ, ਖ਼ੁਸ਼ੀਆਂ ਅਤੇ ਹੋਰ ਕਿੰਨਾ ਕੁਝ। ਉਸ ਦੇ ਸਵਾਲ ਦਾ ਜਵਾਬ ਉਨਾ ਸੰਖੇਪ ਨਹੀਂ ਸੀ ਹੋ ਸਕਦਾ ਜਿੰਨਾ ਸਵਾਲ ਸੀ। ਮੈਂ ਉਸ ਨੂੰ ਆਪਣੀ ਹਰ ਉਸ ਜਿਗਿਆਸਾ ਤੇ ਘੋਖ ਬਾਰੇ ਦੱਸਿਆ ਜਿਹੜੀ ਮੈਂ ਕਰਨ ਵਾਸਤੇ ਨਿਕਲਿਆ ਸਾਂ। ਫਿਰ ਉਸ ਨੇ ਕਿਹਾ: “ਇਹ ਸਹੀ ਹੈ ਕਿ ਸਾਡੇ ਉਤੇ ਕੰਮਾਂ ਦਾ ਬਹੁਤ ਬੋਝ ਹੈ। ਸਾਨੂੰ ਹਾਲਾਤ ਦੀਆਂ ਸੀਮਾਵਾਂ ਵਿਚ ਹੀ ਸਾਰਾ ਕੁਝ ਕਰਨਾ ਪੈ ਰਿਹਾ ਹੈ। ਜਿਸ ਸੀਮਾ ਨੂੰ ਅਸੀਂ ਤੋੜ ਸਕਦੇ ਹਾਂ, ਤੋੜ ਦਿੰਦੇ ਹਾਂ। ਅਸਲੀ ਗੱਲ ਇਹ ਹੈ ਕਿ ਇਥੇ ਅਸੀਂ ਸੀਮਾਵਾਂ ਨਾਲ ਹੀ ਲੜਦੇ ਹਾਂ। ਸ਼ਾਇਦ ਹਰ ਥਾਂ ਜ਼ਿੰਦਗੀ ਅਜਿਹੀ ਹੀ ਹੈ। ਤੁਸੀਂ ਇਕ ਰੁਕਾਵਟ ਦੂਰ ਕਰਦੇ ਹੋ ਤਾਂ ਦੂਸਰੀ ਖੜ੍ਹੀ ਹੋ ਜਾਂਦੀ ਹੈ। ਇਨਸਾਨ ਨੂੰ ਬਹੁਤ ਸਾਰੀਆਂ ਨਾਜਾਇਜ਼ ਰੁਕਾਵਟਾਂ ਨੇ ਬੰਨ੍ਹ ਮਾਰਿਆ ਹੋਇਆ ਹੈ। ਇਨ੍ਹਾਂ ਨੇ ਜ਼ਿੰਦਗੀ ਰੋਕ ਦਿਤੀ ਹੈ। ਅਸੀਂ ਇਹ ਰੁਕਾਵਟਾਂ ਦੂਰ ਕਰ ਕੇ ਇਨਸਾਨੀ ਜ਼ਿੰਦਗੀ ਵਾਸਤੇ ਰਾਹ ਖੋਲ੍ਹ ਦੇਣਾ ਚਾਹੁੰਦੇ ਹਾਂ।”
“ਤੂੰ ਇਸ ਵਿਚ ਪੂਰਾ ਮਜ਼ਾ ਲੈਂਦਾ ਹੈਂ। ਸ਼ਾਇਦ ਇਸੇ ਲਈ ਜ਼ਿੰਦਾਦਿਲ ਹੈਂ।”
ਮੇਰੇ ਸ਼ਬਦਾਂ ਉਤੇ ਉਹ ਮੁਸਕਰਾ ਪਿਆ। ਉਸ ਦੇ ਸੁਭਾਅ ਵਿਚ ਰੁਕ ਜਾਣਾ ਸ਼ਾਮਲ ਨਹੀਂ ਸੀ। ਉਹ ਕਹਿੰਦਾ ਸੀ ਕਿ Ḕਮੈਂ ਰੁਕਣਾ ਪਸੰਦ ਨਹੀਂ ਕਰਦਾ, ਮੈਂ ਰੁਕ ਨਹੀਂ ਸਕਦਾ।’ ਰੁਕਾਵਟਾਂ ਉਸ ਨੂੰ ਪ੍ਰੇਸ਼ਾਨ ਨਹੀਂ ਸਨ ਕਰਦੀਆਂ।
“ਪਰ ਬਸਤਰ ਦੀਆਂ ਨਦੀਆਂ ਵਾਂਗ ਹੀ ਤੁਹਾਡੀ ਗਤੀ ਵੀ ਮਸਤ ਹੈ। ਠਾਠਾਂ ਮਾਰਦੇ ਦਰਿਆਵਾਂ ਵਾਂਗ ਨਹੀਂ ਹੈ।” ਮੈਂ ਉਸ ਨੂੰ ਕਿਹਾ।
“ਧੀਮੀ ਹੈ, ਕਿਉਂਕਿ ਅਸੀਂ ਬਹੁਤ ਪੁਰਾਣੇ ਯੁੱਗ ਤੋਂ ਚੀਜ਼ਾਂ ਨੂੰ ਉਠਾ ਰਹੇ ਹਾਂ। ਇਥੋਂ ਦੀ ਗਤੀ ‘ਚੋਂ ਹੀ ਨਵੀਂ ਗਤੀ ਨੇ ਵਿਕਸਤ ਹੋਣੈਂ। ਅਸੀਂ ਕਾਹਲੀ ਨਹੀਂ ਕਰ ਸਕਦੇ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਇਥੋਂ ਦੇ ਬਾਸ਼ਿੰਦਿਆਂ ਨੂੰ ਛੇੜਿਆ ਨਾ ਜਾਵੇ ਅਤੇ ਉਸੇ ਤਰ੍ਹਾਂ ਰਹਿਣ ਦਿਤਾ ਜਾਵੇ ਜਿਵੇਂ ਦੇ ਉਹ ਹਨ। ਉਹ ਉਨ੍ਹਾਂ ਨੂੰ ਮਿਊਜ਼ੀਅਮ ਵਿਚ ਢਾਲ ਦੇਣਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਇਨ੍ਹਾਂ ਨੂੰ ਆਪਣੇ ਆਪ ਜੀਣ ਦਿਓ ਤੇ ਵਿਕਸਤ ਹੋਣ ਦਿਓ। ਕੀ ਸਰਮਾਏ ਦਾ ਹਮਲਾ ਇਥੋਂ ਦੇ ਵਿਕਾਸ ਨੂੰ ਕੁਦਰਤੀ ਰੂਪ ਵਿਚ ਚੱਲਣ ਦੇਵੇਗਾ? ਕਤੱਈ ਨਹੀਂ। ਨਾ ਰਾਇਪੁਰ ਇਸ ਦੀ ਇਜਾਜ਼ਤ ਦੇਵੇਗਾ, ਨਾ ਭੁਵਨੇਸ਼ਵਰ, ਨਾ ਰਾਂਚੀ, ਨਾ ਭੂਪਾਲ ਤੇ ਨਾ ਹੀ ਦਿੱਲੀ। ਇਨ੍ਹਾਂ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਕਿਸ ਨੇ ਰਹਿਣ ਦਿਤਾ ਹੈ? ਬੈਲਾਡਿੱਲਾ ਨੇ ਕਿ ਟਾਟਾਨਗਰ ਨੇ? ਤੇ ਰਹਿਣ ਵੀ ਕੌਣ ਦੇਵੇਗਾ? ਸਰਦਾਰ ਸਰੋਵਰ ਪ੍ਰਾਜੈਕਟ ਕਿ ਸੰਸਾਰ ਬੈਂਕ, ਕਿ ਵਿਸ਼ਵੀਕਰਨ? ਨਾ ਪਹਿਲਾਂ ਅਜਿਹਾ ਸੀ, ਨਾ ਹੁਣ ਹੋਵੇਗਾ। ਅਸੀਂ ਵਿਕਾਸ ਲਈ ਨਵਾਂ ਰਾਹ ਖੋਲ੍ਹਣਾ ਚਾਹੁੰਦੇ ਹਾਂ, ਜੋ ਬਰਬਾਦ ਨਾ ਕਰੇ ਸਗੋਂ ਸਿਰਜਣਾ ਕਰੇ। ਜਿਸ ਵਿਚ ਲੁੱਟ-ਖਸੁੱਟ ਨਾ ਹੋਵੇ। ਇਸੇ ਲਈ ਸਾਨੂੰ ਦਿੱਲੀ ਉਤੇ ਕਦਮ ਰੱਖਣ ਦੀ ਜ਼ਰੂਰਤ ਹੈ।”
“ਸੋ, ਬੰਦੂਕ ਤੋਂ ਬਿਨਾ ਕੋਈ ਹੱਲ ਨਹੀਂ?”
“ਹੋ ਸਕਦਾ ਹੁੰਦਾ ਤਾਂ ਇਸ ਨੂੰ ਚੁੱਕਣ ਦੀ ਜ਼ਰੂਰਤ ਹੀ ਨਾ ਪੈਂਦੀ।”
(ਚਲਦਾ)