ਤਸ਼ਖੀਸ਼, ਤਫਤੀਸ਼ ਅਤੇ ਅਹਿਸਾਸ

ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ Ḕਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾḔ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ। ਇਨ੍ਹਾਂ ਟਿੱਪਣੀਆਂ ਦੇ ਪ੍ਰਤੀਕਰਮ ਵਜੋਂ ਪ੍ਰੋæ ਅਵਤਾਰ ਸਿੰਘ ਨੇ ਇਹ ਲੇਖ ਭੇਜਿਆ ਹੈ

ਜੋ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਸ ਲੇਖ ਦੇ ਪ੍ਰਤੀਕਰਮ ਵਜੋਂ ਆਈਆਂ ਰਚਨਾਵਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਅਵਤਾਰ ਸਿੰਘ (ਪ੍ਰੋæ)
ਫੋਨ: 91-94175-18384

ਪੰਜਾਬ ਟਾਈਮਜ਼ ਵਿਚ ਛਪੇ ਲੇਖ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਪ੍ਰੋæ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਦੇ ਮੁਕਾਬਲੇ ਸੁਰਜੀਤ ਪਾਤਰ ਦੀ ਕਵਿਤਾ ਨੂੰ Ḕਰੋਗੀ ਮਨ ਦੀ ਨਿਸ਼ਾਨੀḔ ਅਤੇ Ḕਡਿਪਰੈਸ਼ਨ ਦੀ ਕਵਿਤਾḔ ਕਰਾਰ ਦਿੱਤਾ ਗਿਆ ਹੈ। ਕਿਸੇ ਕਵੀ ਬਾਬਤ ਨਿਰਣਾ ਦੇਣਾ ਹੋਵੇ ਤਾਂ ਉਸ ਦੀ ਪੂਰੀ ਕਵਿਤਾ ਦੇ ਸਨਮੁਖ ਹੋਣ ਦੀ ਲੋੜ ਹੁੰਦੀ ਹੈ; ਕੇਵਲ ਇੱਕੋ ਹੀ ਸ਼ਿਅਰ ਕਾਫੀ ਨਹੀਂ ਹੁੰਦਾ। ਕਾਵਿ ਆਲੋਚਨਾ ਵਿਚ ਮਨੋਚਿਕਿਤਸਕ ਦੀ ਭਾਸ਼ਾ ਦੇ ਪ੍ਰਯੋਗ ਤੋਂ ਪ੍ਰਤੀਤ ਹੁੰਦਾ ਹੈ ਜਿਵੇਂ ਲੇਖਕ ਨੇ ਕੋਈ ਕਲਿਨਿਕ ਖੋਲ੍ਹਿਆ ਹੋਵੇ ਤੇ ਪਾਤਰ ਸਾਹਿਬ ਉਸ ਕੋਲ ਚੈਕਅਪ ਕਰਾਉਣ ਬੈਠੇ ਹੋਣ। ਜੇ ਲੇਖਕ ਨੇ ਚੈਖੋਵ ਦੀ ਕਹਾਣੀ Ḕਵਾਰਡ ਨੰਬਰ ਸਿਕਸḔ ਪੜ੍ਹੀ ਹੁੰਦੀ ਤਾਂ ਉਸ ਨੂੰ ਪਤਾ ਹੁੰਦਾ ਕਿ ਕਿਸੇ ਲਈ ਵੀ ਐਵੇਂ ਕੈਵੇਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਦਾ ਕੀ ਅਰਥ ਹੁੰਦਾ ਹੈ?
ਕਿਸੇ ਜ਼ਮਾਨੇ ਵਿਚ ਡਾਕਟਰ ਨੂੰ ਸਿਆਣਾ ਕਿਹਾ ਜਾਂਦਾ ਸੀ। ਪਰ ਅੱਜ ਕਲ ਡਾਕਟਰ ਦਾ ਅਰਥ ਸਿਆਣਾ ਨਹੀਂ ਤੇ ਸਿਆਣੇ ਦਾ ਅਰਥ ਡਾਕਟਰ ਨਹੀਂ ਰਿਹਾ। ਤਸ਼ਖੀਸ਼ ਬਿਮਾਰ ਦੀ ਹੁੰਦੀ ਹੈ, ਤਫਤੀਸ਼ ਮੁਜਰਮ ਦੀ। ਕਵਿਤਾ ਵਿਚ ਅਹਿਸਾਸ ਹੁੰਦੇ ਹਨ, ਜਿਨ੍ਹਾਂ ਨੂੰ ਮਹਿਸੂਸ ਕੀਤਾ ਜਾਂਦਾ ਹੈ। ਮਹਿਸੂਸ ਕਰਨ ਲਈ ਸੰਵੇਦਨਸ਼ੀਲਤਾ ਦੀ ਜ਼ਰੂਰਤ ਹੁੰਦੀ ਹੈ। ਰਵਿੰਦਰਨਾਥ ਟੈਗੋਰ ḔਗੀਤਾਂਜਲੀḔ ਵਿਚ ਕਹਿੰਦੇ ਹਨ ਕਿ ਸੁਨਿਆਰਾ ਪੱਥਰ ਦੀ ਕਸਵੱਟੀ ਨਾਲ ਬਾਗ ਵਿਚ ਫੁੱਲਾਂ ਦੀ ਖੂਬਸੂਰਤੀ ਦਾ ਅੰਦਾਜ਼ਾ ਲਗਾ ਰਿਹਾ ਹੈ। ਸੰਵੇਦਨਸ਼ੀਲ ਮਨ ਪੱਥਰ ਵਿਚ ਵੀ ਭਗਵਾਨ ਦੇਖ ਸਕਦਾ ਹੈ, ਪਰ ਪੱਥਰ ਨੂੰ ਇਨਸਾਨ ਵੀ ਨਜ਼ਰ ਨਹੀਂ ਆਉਂਦਾ।
ਹਰਿੰਦਰ ਸਿੰਘ ਮਹਿਬੂਬ ਦੀ ਸ਼ਖਸੀਅਤ ਇੱਕ ਤੁਰਦੇ ਫਿਰਦੇ ਕਵੀ ਵਾਲੀ ਸੀ। ਉਨ੍ਹਾਂ ਨੇ ਕਵਿਤਾ ਵੀ ਲਿਖੀ ਤੇ ਵਾਰਤਕ ਵੀ। ਉਨ੍ਹਾਂ ਦਾ ਕਾਵਿ ਮੁਹਾਵਰਾ ਸਮੇਂ ਦੇ ਹਾਣ ਦਾ ਨਹੀਂ ਸੀ। ਸ਼ਿਅਰ ਉਹ ਹੈ, ਜੋ ਕਹਿੰਦੇ ਕਹਿੰਦੇ ਦਿਲ ਤੱਕ ਉਤਰ ਜਾਵੇ। ਪਰ ਮਹਿਬੂਬ ਸਾਹਿਬ ਦੀ ਸ਼ਾਇਰੀ ਉਨ੍ਹਾਂ ਦੇ ਨਿਜ ਅਨੁਭਵ ਤੋਂ ਬਾਹਰ ਨਹੀਂ ਸੀ ਨਿਕਲਦੀ। ਕਵਿਤਾ ਵਿਚ ਨਿਜ ਅਨੁਭਵ ਲਾਜ਼ਮੀ ਹੈ, ਪਰ ਮੁਹਾਵਰਾ ਨਿਜ ਤੋਂ ਪਰ ਤੱਕ ਪੁਜਦਾ ਹੋਣਾ ਲਾਜ਼ਮੀ ਹੈ। ਗੁੰਗੇ ਦੀਆਂ ਰਮਜ਼ਾਂ ਤਾਂ ਗੁੰਗੇ ਦੀ ਮਾਂ ਤੋਂ ਸਮਝੀਆਂ ਜਾ ਸਕਦੀਆਂ ਹਨ। ਪਰ, ਕਵੀ ਦੀਆਂ ਗੁੰਗੀਆਂ ਰਮਜ਼ਾਂ ਕਿਸ ਕੋਲੋਂ ਸਮਝੀਏ? ਮੁਹਾਵਰੇ ਦਾ ਕੋਈ ਦੇਸ਼ ਕਾਲ ਹੁੰਦਾ ਹੈ, ਜਿਸ ਤੋਂ ਵੱਖਰੀ ਬੋਲੀ ਜਾਂ ਸ਼ੈਲੀ ਫੱਬਦੀ ਨਹੀਂ। ਮਹਿਬੂਬ ਸਾਹਿਬ ਦੀ ਕਵਿਤਾ ਆਪਣੇ ਦੇਸ਼ ਕਾਲ ਨਾਲ ਸਾਂਝ ਨਹੀਂ ਪਾ ਸਕੀ ਤੇ ਸ਼ੈਲੀ ਵੀ ਇਧਰ-ਉਧਰ ਖਿਸਕੀ ਰਹਿੰਦੀ ਸੀ, ਜਿਸ ਕਰਕੇ ਇਸ ਦਾ ਕੋਈ ਇਕ ਵਾਕੰਸ਼ ਵੀ ਲੋਕ ਮੁਹਾਵਰੇ ਦਾ ਹਾਣੀ ਨਹੀਂ ਬਣ ਸਕਿਆ।
ਇਕਬਾਲ ਦੀ ਇਕ ਨਜ਼ਮ ਵਿਚ ਸ਼ਾਇਰ ਨੂੰ ਗਿਲਾ ਹੈ ਕਿ ਜਿਸ ਤਰ੍ਹਾਂ ਸ਼ਮਾਂ Ḕਤੇ ਪਰਵਾਨੇ ਜਾਨ ਨਿਸਾਰ ਕਰਦੇ ਹਨ ਉਵੇਂ ਸ਼ਾਇਰ Ḕਤੇ ਕੋਈ ਪਰਵਾਨਾ ਫਿਦਾ ਨਹੀਂ ਹੁੰਦਾ। ਸ਼ਮਾਂ ਆਖਦੀ ਹੈ ਕਿ ਉਹ ਤਾਂ ਇਸ ਕਾਰਣ ਬਲਦੀ ਹੈ ਕਿ ਉਸ ਦੀ ਫਿਤਰਤ ਵਿਚ ਬਲਣਾ ਹੈ, ਪਰ ਸ਼ਾਇਰ ਇਸ ਕਾਰਣ ਤਪਦਾ ਹੈ ਕਿ ਉਸ ਉਤੇ ਪਰਵਾਨੇ ਸੜ ਮਰਨ। ਪਰਵਾਨੇ ਖੁਦ-ਬਖੁਦ ਸੜਦੇ ਹਨ, ਧੱਕੇ ਨਾਲ ਨਹੀਂ। ਮਹਿਬੂਬ ਸਾਹਿਬ ਦੇ ਚੰਦ ਪਰਵਾਨੇ ਦੂਸਰੇ ਪਰਵਾਨਿਆਂ ਨੂੰ ਖਿੱਚ ਖਿੱਚ ਕੇ ਸਾੜਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਦਾਖੀਂ ਹੱਥ ਨਾ ਅੱਪੜੇ ਤਾਂ ਹੁਣ ਸੋਜ਼, ਸੰਵੇਦਨਾ ਅਤੇ ਸੁਹਜ ਦੇ ਮੁਜੱਸਮੇ ਸ਼ਮਾਂ ਜਿਹੀ ਕੋਮਲਤਾ ਦੇ ਪੁੰਜ ਸੁਰਜੀਤ ਪਾਤਰ ਪ੍ਰਤੀ ਨਫਰਤ ਦੇ ਤੀਰ ਦਾਗਣੇ ਸ਼ੁਰੂ ਕਰ ਦਿਤੇ ਹਨ।
ਇਸ ਦੇ ਵਿਪਰੀਤ ਸੁਰਜੀਤ ਪਾਤਰ ਦੀ ਕਵਿਤਾ ਪੰਜਾਬ ਦੀ ਫਿਜ਼ਾ ਦੀ ਸ਼ਾਨ ਬਣੀ ਹੈ। ਹਰ ਤਬਕੇ ਵਿਚ ਪਾਤਰ ਦੀ ਕਵਿਤਾ ਮਕਬੂਲ ਹੋਈ ਹੈ। ਪੰਜਾਬੀ ਦਾ ਕੋਈ ਵੀ ਪਾਠਕ ਅਜਿਹਾ ਨਹੀ, ਜਿਸ ਨੂੰ ਪਾਤਰ ਦੀ ਸ਼ਾਇਰੀ ਦਾ ਪਤਾ ਨਾ ਹੋਵੇ। ਪਾਤਰ ਦੀ ਸ਼ਾਇਰੀ ਲੋਕ ਜ਼ੁਬਾਨ Ḕਤੇ ਸੁਸ਼ੋਭਿਤ ਹੋਈ ਹੈ, ਕਿਉਂਕਿ ਇਹ ਲੋਕ ਮਨ ਨੂੰ ਟੁੰਬਦੀ ਹੈ।
ਲੇਖਕ ਨੇ ਪਾਤਰ ਦੀ ਇਕੋ ਲਾਈਨ ਕਿਤੋਂ ਸੁਣ ਲਈ ਤੇ ਉਸ ਦੇ ਆਸ-ਪਾਸ ਜਾਂ ਇਧਰ-ਉਧਰ ਗਏ ਬਗੈਰ ਵਗੈਰਾ ਵਗੈਰਾ ਲਿਖ ਮਾਰਿਆ। ਸ਼ੁਕਰ ਹੈ, ਕਿਤੇ ਆਰ ਐਕਸ ਲਿਖ ਕੇ ਪਾਤਰ ਸਾਹਿਬ ਨੂੰ ਗੋਲੀਆਂ ਨਹੀਂ ਲਿਖ ਦਿਤੀਆਂ। ਗੁਰੂ ਨਾਨਕ ਨੇ ਵੀ ਕਿਹਾ ਹੈ, “ਨਾਨਕ ਦੁਖੀਆ ਸਭੁ ਸੰਸਾਰੁ” ਅਤੇ “ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥” ਕੀ ਲੇਖਕ ਗੁਰੂ ਨਾਨਕ ਦੀ ਬਾਣੀ ਨੂੰ ਵੀ Ḕਰੋਗੀ ਮਨ ਦੀ ਨਿਸ਼ਾਨੀḔ ਅਤੇ Ḕਡਿਪਰੈਸ਼ਨ ਦੀ ਕਵਿਤਾḔ ਕਹਿ ਸਕਦਾ ਹੈ? ਗਾਲਿਬ ਨੇ ਵੀ ਕਿਹਾ, “ਕੋਈ ਉਮੀਦ ਬਰ ਨਹੀਂ ਆਤੀ, ਕੋਈ ਸੂਰਤ ਨਜ਼ਰ ਨਹੀਂ ਆਤੀ।”
ਪਾਤਰ ਸਾਹਿਬ ਨੇ ਇਕ ਦਾਨੇ ਸ਼ਾਇਰ ਵਜੋਂ ਪੰਜਾਬ Ḕਤੇ ਇਕ ਨਜ਼ਰ ਪਾਈ ਤੇ ਸੱਚੋ ਸੱਚ ਪੇਸ਼ ਕੀਤਾ। ਸ਼ਾਇਰ ਕਦੀ ਨਾਉਮੀਦ ਨਹੀਂ ਹੁੰਦੇ। ਜੇ ਨਿਰਾਸ਼ਾ ਦੇ ਕਿਸੇ ਗੋਸ਼ੇ ਵਿਚ ਆਸ਼ਾ ਦਾ ਕੋਈ ਨਿਸ਼ਾਨ ਨਾ ਹੋਵੇ ਤਾਂ ਕਵਿਤਾ ਫੁੱਟਦੀ ਨਹੀਂ। ਸਾਬਤ ਬੀਜ ਹੀ ਉਗਦੇ ਹਨ, ਦਾਲ ਨਹੀਂ। ਸਾਬਤ ਬੀਜ ਵਿਚ ਅੰਕੁਰ ਹੁੰਦਾ ਹੈ ਤੇ ਅੰਕੁਰ ਹੀ ਅੰਗੂਰ ਬਣਦੇ ਹਨ। ਜੇ ਇਵੇਂ ਨਾ ਹੁੰਦਾ ਤਾਂ ਪਾਤਰ ਸਾਹਿਬ ਇਹ ਸ਼ਿਅਰ ਨਾ ਲਿਖਦੇ: ਜੋ ਹੁੰਦੇ ਸਨ ਸਤਲੁਜ, ਬਿਆਸ, ਰਾਵੀ, ਜੇਹਲਮ ਅਤੇ ਝਨਾਂ, ਤੇ ਜਿਹੜੇ ਇਕ ਦਿਨ ਹੋਵਣਗੇ, ਰਾਗ ਸ਼ਾਇਰੀ ਹੁਸਨ ਮੁਹੱਬਤ ਅਤੇ ਨਿਆਂ, ਮੇਰੇ ਦਰਿਆਵਾਂ ਦੇ ਨਾਂ।
ਸ਼ਾਇਰਾਂ ਦੀ ਤਸ਼ਖੀਸ਼ ਜਾਂ ਤਫਤੀਸ਼ ਨਹੀਂ ਕਰੀਦੀ; ਸ਼ਾਇਰ ਅਹਿਸਾਸ ਮੰਗਦੇ ਹਨ, ਸ਼ਿੱਦਤ ਭਰਪੂਰ। ਸੰਕੀਰਣਤਾ ਤੇ ਨਫਰਤ ਨਾਲ ਸ਼ਾਇਰਾਂ ਨੂੰ ਨਹੀਂ ਸਮਝਿਆ ਜਾ ਸਕਦਾ। ਸ਼ਾਇਰ ਸ਼ਾਇਰੀ ਰਚਦੇ ਹਨ ਤੇ ਸ਼ਰੋਤੇ ਮੁਸ਼ਾਇਰੇ ਰਚਾਉਂਦੇ ਹਨ। ਮੁਸ਼ਾਇਰੇ ਦਾ ਦਸਤੂਰ ਹੈ ਕਿ ਜਿਸ ਅੱਗੇ ਸ਼ਮਾਂਦਾਨ ਰੱਖਿਆ ਜਾਵੇ, ਉਹੀ ਕਾਵਿ ਗਾਇਨ ਪ੍ਰਸਤੁਤ ਕਰਦਾ ਹੈ। ਸ਼ਮਾਂਦਾਨ ਅਲੰਕਾਰ ਹੈ ਕਵੀ ਅਤੇ ਕਵਿਤਾ ਦੇ ਸੁਮੇਲ ਦਾ। ਇੱਕ ਅਜੀਬ ਦੌਰ ਆਇਆ, ਖ਼ਿਆਲੀ ਝੱਖੜ ਝੁੱਲੇ, ਚਿਰਾਗ ਬੁਝ ਗਏ ਤੇ ਕਵਿਤਾ ਰੂਪੋਸ਼ ਹੋ ਗਈ। ਸਮੇਂ ਦੀ ਮੂਕ ਵੇਦਨਾ ਨੇ ਇੱਕ ਚੁੱਪ ਜਹੇ ਕਵੀ ਅੱਗੇ ਅਛੋਪਲੇ ਜਹੇ ਸ਼ਮਾਂਦਾਨ ਲਿਆ ਧਰਿਆ। ਉਹ ਕਿਤੋਂ ḔਕਲਮਾਂḔ ਲੱਭ ਲਿਆਇਆ, ਚੁੱਪ ਨੇ ਬੋਲ ਸਿਰਜੇ, ਸੁਰ ਹਰਕਤ ਵਿਚ ਆਏ ਤੇ ਕਵਿਤਾ ਦਾ ਅਲਾਪ ਹੋਇਆ। ਪਾਤਰ ਦੀ ਚੁੱਪ ਦੇ ਕਿਸੇ ਗੋਸ਼ੇ ਵਿਚ ਸਾਂਭੀ Ḕਫੁੱਲਾਂ ਜੋਗੀ ਜ਼ਮੀਨḔ ਵਿਚ ਬਹਾਰ ਪਰਤ ਆਈ।
ਪਿੰਡ ਪੱਤੜ ਨੂੰ ਅੰਗਰੇਜ਼ੀ ਵਿਚ ਲਿਖਿਆਂ ਪਾਤਰ ਪੜ੍ਹਿਆ ਜਾਂਦਾ ਹੈ। ਲਿਪੀਅੰਤਰ ਦੇ ਇਸ ਮੁਗਾਲਬੇ ਨੂੰ ਕਵਿਤਾ ਨੇ ਆਪਣੇ ਸਾਹਾਂ ਨਾਲ ਸਿੰਜਿਆ ਤਾਂ ਸੁਰਜੀਤ ਪਾਤਰ ਦਾ ਜਨਮ ਹੋਇਆ। ਪਾਤਰ ਕਵਿਤਾ ਰਚਦਾ, ਗਾਉਂਦਾ, ਸੁਣਾਉਂਦਾ ਅਤੇ ਨਿਭਾਉਂਦਾ ਹੈ। ਉਹ ਖਿਆਲ ਦਾ ਨਹੀਂ, ਅਹਿਸਾਸ ਦਾ ਕਵੀ ਹੈ। ਉਸ ਦੀ ਕਵਿਤਾ ਸਮਝੀ ਨਹੀਂ, ਮਹਿਸੂਸ ਕੀਤੀ ਜਾਂਦੀ ਹੈ। ਜੇ ਉਸੇ ਦੀ ਆਵਾਜ਼ Ḕਚ, ਉਸ ਦੇ ਸਾਹਮਣੇ ਬੈਠ ਕੇ ਸੁਣੀ ਜਾਵੇ ਤਾਂ ਉਸ ਦੀ ਕਵਿਤਾ ਖਿੜਦੀ ਹੈ ਤੇ ਕੋਸਾ ਕੋਸਾ ਸੇਕ ਮਹਿਸੂਸ ਹੁੰਦਾ ਹੈ, ਜਿਵੇਂ ਸਰਦੀਆਂ Ḕਚ ਪੂਰਨਮਾਸ਼ੀ ਦੇ ਚੰਨ ਦਾ ਮੱਠਾ ਮੱਠਾ ਨਿੱਘ।
ਯੱਕ ਦਰੀਦਾ ਨੇ ਸਾਨੂੰ ਦੱਸਿਆ ਕਿ ਸ਼ਬਦ ਦੇ ਅਰਥ ਕਰਦਿਆਂ ਅਸੀਂ ਹੋਰ ਸ਼ਬਦਾਂ ਦੀ ਟੇਕ ਲੈਂਦੇ ਹਾਂ ਤੇ ਅਰਥ ਨੂੰ ਟਾਲ ਦਿੰਦੇ ਹਾਂ। ਸ਼ਬਦ ਦੇ ਅਰਥ ਕਰਦਿਆਂ, ਸ਼ਬਦ ਦਰ ਸ਼ਬਦ, ਇੱਕ ਅਨੰਤ ਲੜੀ ਤੁਰ ਪੈਂਦੀ ਹੈ, ਜਿਸ ਨਾਲ ਅਰਥ ਟਲ ਜਾਂਦਾ ਹੈ। ਅਰਥ ਦੀ ਇਸ ਸਮੱਸਿਆ ਤੋਂ ਕਵਿਤਾ ਬਰੀ ਹੈ। ਕਵਿਤਾ ਪੜ੍ਹੀ ਅਤੇ ਸਮਝੀ ਨਹੀਂ ਜਾਂਦੀ, ਗਾਈ ਅਤੇ ਮਾਣੀ ਜਾਂਦੀ ਹੈ। ਸ਼ਾਇਦ ਇਸੇ ਲਈ ਪਾਤਰ ਦੀ ਕਵਿਤਾ ਅਰਥ ਨਹੀਂ, ਦ੍ਰਿਸ਼ ਸਿਰਜਦੀ ਹੈ। ਜੇ ਸਾਡੀਆਂ ਅੱਖਾਂ ਸੁਣ ਸਕਦੀਆਂ ਹੋਣ, ਕੰਨ ਦੇਖ ਸਕਦੇ ਹੋਣ ਤੇ ਅਕਲ ਚੁੱਪ ਰਹਿ ਸਕਦੀ ਹੋਵੇ ਤਾਂ ਉਸ ਦੀ ਕਵਿਤਾ ਦਾ ਅਨੰਦ ਮਾਣਿਆ ਜਾ ਸਕਦਾ ਹੈ। ਪਿੰਡ ਵਿਚ ਅੱਧੀ ਰਾਤ ਵੇਲੇ, ਸੁੱਤੇ ਪੁੱਤਰਾਂ ਲਾਗੇ, ਜਾਗਦੀਆਂ ਮਾਂਵਾਂ ਦਾ ਦ੍ਰਿਸ਼ ਪਾਤਰ ਹੀ ਖਿੱਚ ਸਕਦਾ ਹੈ। ਚਿਰਾਂ ਤੋਂ ਬੰਦ ਪਏ ਕਿਸੇ ਬੋੜੇ ਜਹੇ ਦਰ ਅੱਗੇ ਪਈਆਂ ਚਿੱਠੀਆਂ ਤੇ ਲਿਖੇ ਸਿਰਨਾਵੇਂ ਦਾ ਉਦਾਸ ਮੰਜ਼ਰ ਪਾਤਰ ਦਾ ਹੀ ਕਮਾਲ ਹੈ।
ਕਵੀ ਦੇ ਸ਼ਬਦਾਂ ਵਿਚ ਨਿਰੇ ਅਰਥ ਹੀ ਨਹੀਂ ਹੁੰਦੇ ਤੇ ਨਾ ਹੀ ਇਹ ਸੱਖਣੇ ਢੋਲ ਹੁੰਦੇ ਹਨ। ਇਨ੍ਹਾਂ Ḕਚ ਅਰਥ ਤੋਂ ਇਲਾਵਾ, ਨਿੱਘ ਹੁੰਦਾ ਹੈ, ਤਪਸ਼ ਹੁੰਦੀ ਹੈ ਤੇ ਫੂਕ ਦੇਣ ਦੀ ਸਮਰੱਥਾ। ਇਹ ਸ਼ੀਤਲ ਹੁੰਦੇ ਹਨ, ਠਰੇ ਹੋਏ ਤੇ ਨਿਰੇ ਬਰਫ ਵੀ। ਇਨ੍ਹਾਂ Ḕਚ ਖੜੋਤ ਹੁੰਦੀ ਹੈ, ਸਹਿਜ ਵੀ ਤੇ ਰਫਤਾਰ ਵੀ। ਪਾਤਰ ਦੇ ਬੋਲ ਕਿਸੇ ਬਰਫ Ḕਚ ਲੱਗੇ ਹੋਏ ਲਈ ਕੋਸੀ ਕੋਸੀ ਧੁੱਪ ਬਣਦੇ ਹਨ, ਤਪ ਰਹੇ ਲਈ ਰੁਮਕਦੀ ਪੌਣ, ਧੁਖ ਰਹੇ ਲਈ ਮੱਠੀ ਮੱਠੀ ਕਿਣ ਮਿਣ ਤੇ ਬਲ ਰਹੇ ਲਈ ਮਿਠੜੇ ਬੋਲ। ਉਸ ਦੀ ਕਵਿਤਾ ਨਾ ਪਟਾਕੇ ਵਾਂਗ ਚੱਲਦੀ ਹੈ, ਨਾ ਬੰਬ ਵਾਂਗ ਫਟਦੀ ਹੈ ਤੇ ਨਾ ਹੀ ਤੀਰ ਵਾਂਗ ਛੁੱਟਦੀ ਹੈ। ਉਹ ਕਦੀ ਆਪਣੇ ਸਹਿਜ ਅਤੇ ਸੰਵੇਦਨਾ ਤੋਂ ਦੂਰ ਨਹੀਂ ਹੁੰਦੀ। ਉਸ ਦੇ ਬੋਲ ਵੱਜਦੇ ਜਾਂ ਧਸਦੇ ਨਹੀਂ, ਜਿਸਮ ਨੂੰ ਛੋਂਹਦੇ ਹਨ, ਜਿਵੇਂ ਕੋਈ ਪਿਆਰੇ ਦੇ ਦੁਖਦੇ ਅੰਗਾਂ Ḕਤੇ ਟਕੋਰ ਕਰੇ ਤੇ ਜਿਸ ਤੋਂ ਟਕੋਰ ਕਰਨ ਵਾਲੇ ਅਤੇ ਕਰਾਉਣ ਵਾਲੇ-ਦੋਹਾਂ ਨੂੰ ਅਰਾਮ ਮਿਲੇ। ਉਸ ਦੀ ਭਾਸ਼ਾ ਫਲਸਫੇ ਨੂੰ ਦਰਸ਼ਨ ਵਿਚ ਤਬਦੀਲ ਕਰਕੇ ਮਸਤਕ ਤੋਂ ਹਿਰਦੇ ਵਿਚ ਲੈ ਜਾਂਦੀ ਹੈ ਤੇ ਹਿਰਦਾ ਹਰਕਤ ਵਿਚ ਆਉਂਦਾ ਹੈ।
ਉਸ ਦੀ ਕਵਿਤਾ ਮੈਲੀਆਂ ਰੀਝਾਂ Ḕਤੇ ਵੀ ਪਰਦੇ ਨਹੀਂ ਪਾਉਂਦੀ ਤੇ ਨਾ ਹੀ ਫਕੀਰਾਂ ਦੇ ਸੁਖਨ ਤੋਂ ਨਾਫੁਰਮਾਨ ਹੈ। ਇਹ ਹਰ ਰੀਝ ਨੂੰ ਸੁੱਚੀ ਨਜ਼ਰ ਨਾਲ ਦੇਖਦੀ ਹੈ ਤੇ ਸੁਖਨ ਦਾ ਅਦਬ ਬਰਕਰਾਰ ਰੱਖਦੀ ਹੈ। ਇਹ ਦੋਹਾਂ ਦੇ ਸਨਮਾਨ ਦੀ ਸਮਾਨ ਚਾਹਤ ਦੀ ਕਵਿਤਾ ਹੈ। ਉਸ ਦੀ ਕਵਿਤਾ ਦਾ ਨਾਇਕ ਨਾ ਹੀ ਉਡਦਿਆਂ ਬਾਜ਼ਾਂ ਮਗਰ ਭਟਕਦਾ ਹੈ ਤੇ ਨਾ ਹੀ ਧਰਤੀ Ḕਤੇ ਰੀਂਘਦੇ ਸੱਪ ਦੀ ਖੁੱਡ Ḕਚ ਹੱਥ ਪਾਉਂਦਾ ਹੈ। ਉਹ ਧਰਤੀ Ḕਤੇ ਤੁਰਿਆ ਫਿਰਦਾ ਇੱਕ ਨਿਮਰ ਫਰਿਸ਼ਤਾ ਹੈ, ਜਿਸ ਦੀ ਕਵਿਤਾ ਵਿਚ ਬੰਦਿਸ਼ ਤੇ ਖੁੱਲ੍ਹ ਦੀ ਕਸ਼ਮਕਸ਼ ਦੀ ਯਾਤਨਾ ਹੈ, ਜੋ ਹੋਠਾਂ ਦੀ ਸੁੱਚ ਅਤੇ ਪਿਆਸ ਦੀ ਤੀਬਰਤਾ ਵਿਚ ਘਿਰੀ ਰੂਹ ਹੈ, ਜੋ ਵਰਜਿਤ ਅਤੇ ਇਜਾਜ਼ਤ ਦੇ ਚੱਕਰਵਿਊ Ḕਚੋਂ ਨਿਕਲਣ ਦਾ ਰਾਹ ਭਾਲਦੀ ਹੈ। ਉਹ ਆਪਣੇ ਨਿਮਰ ਸੱਚ ਪ੍ਰਤੀ ਹਠੀਲਾ, ਬੇਬਾਕ, ਬੇਲਿਹਾਜ਼ ਤੇ ਅਹੰਕਾਰੀ ਰੁਖ ਨਹੀਂ ਅਪਨਾਉਂਦਾ। ਉਹ ਰਬਾਬ ਤੇ ਕਿਤਾਬ ਦੇ ਸੁਖਨ ਸਾਹਮਣੇ ਬੇਅਦਬ ਨਹੀਂ ਹੁੰਦਾ। ਚਾਹੇ ਕੁਫਰ ਹੋਵੇ, ਉਹ ਸਿਰਫ ਆਪਣਾ ਸੱਚ ਸੁਣਾਉਣ ਦੀ ਚਾਹਤ ਪਾਲਦਾ ਹੈ ਤੇ ਕਾਫਰ ਨੂੰ ਉਸੇ ਦੀ ਖਲਕਤ ਮੰਨਦਾ ਹੈ।
ਨਿਊਟਨ ਨੇ ਦੱਸਿਆ ਕਿ ਬਿਰਖ ਨੂੰ ਲੱਗਿਆ ਸੇਬ ਧਰਤੀ ਨੇ ਆਪਣੀ ਕਸ਼ਿਸ਼ ਨਾਲ ਹੇਠਾਂ ਸੁੱਟ ਲਿਆ ਹੈ, ਕਿ ਧਰਤੀ ਹਰ ਚੀਜ਼ ਨੂੰ ਆਪਣੀ ਗੋਦ Ḕਚ ਸਮਾ ਲੈਣ ਲਈ ਉਤਾਵਲੀ ਰਹਿੰਦੀ ਹੈ। ਪਰ, ਉਸ ਨੂੰ ਇਹ ਨਾ ਦਿਸਿਆ ਕਿ ਹਰ ਜ਼ਿੰਦਾ ਚੀਜ਼ ਧਰਤੀ ਦੀ ਇਸ ਕਸ਼ਿਸ਼ ਦੀ ਕੋਸ਼ਿਸ਼ ਦੇ ਉਲਟ ਅਕਾਸ਼ ਵੱਲ ਵਧਦੀ ਹੈ। ਬਿਰਖ ਇਸ ਦੀ ਲਾਮਿਸਾਲ ਮਿਸਾਲ ਹੈ। ਧਰਤੀ Ḕਤੇ ਡਿਗਣਾ ਬਿਰਖ ਦੀ ਮੌਤ ਹੈ ਤੇ ਅਕਾਸ਼ ਵੱਲ ਵਧਣਾ ਉਸ ਦੀ ਜ਼ਿੰਦਗੀ। ਪਾਤਰ ਦਾ ਮਨ ਪਸੰਦ ਚਿਹਨ ਬਿਰਖ ਹੈ, ਜੋ ਉਸ ਦੀ ਕਵਿਤਾ ਵਿਚ ਬਾਰੰਬਾਰ ਆਉਂਦਾ ਹੈ। ਬਿਰਖ ਧਰਤੀ ਮਾਂ ਦਾ ਜਾਇਆ, ਅਕਾਸ਼ ਨਾਲ ਇਸ਼ਕ ਪਾਲਦਾ ਤੇ ਉਸ ਵੱਲ ਬਾਹਾਂ ਫੈਲਾਉਂਦਾ ਹੈ। ਅਕਾਸ਼ ਤੇ ਇਸ਼ਕ ਦੀ ਕੋਈ ਸੀਮਾਂ ਨਹੀਂ। ਬਿਰਖ ਦੀਆਂ ਚਿਹਨੀ ਦਿਸ਼ਾਵਾਂ ਤੇ ਸੰਭਾਵਨਾਵਾਂ ਵੀ ਅਸੀਮ ਹਨ।
ਪਾਤਰ ਦੀ ਕਵਿਤਾ ਬਿਰਖ ਦੀ ਆਤਮਾ ਹੈ, ਜਿਸ ਵਿਚ ਧਰਤੀ ਦਾ ਤ੍ਰਾਹ, ਅਕਾਸ਼ ਦੀ ਚਾਹ ਤੇ ਕੋਮਲ ਪੱਤੀਆਂ ਦਾ ਕੰਪਨ ਹੈ, ਜੋ ਉਸ ਦੀ ਕਵਿਤਾ ਦਾ ਸਾਰ ਵੀ ਹੈ ਅਤੇ ਤੱਤ ਵੀ, ਜਿਸ ਨੂੰ ਤੱਕਿਆਂ ਕਹਿ ਸਕਦੇ ਹਾਂ ਕਿ ਪਾਤਰ ਅਤੇ ਬਿਰਖ ਕਿਸੇ ਇੱਕ ਸ਼ੈਅ ਦੇ ਦੋ ਪਰਿਆਏ ਹਨ। ਉਸ ਦੀ ਕਵਿਤਾ ਦਾ ਤਰਜਮਾ ਉਹ ਖੁਦ ਹੈ ਜਾਂ ਉਸ ਦਾ ਤਰਜਮਾ ਉਸ ਦੀ ਕਵਿਤਾ। ਅਸਲ ਵਿਚ ਉਸ ਦੀ ਕਵਿਤਾ ਪਾਤਰ ਹੈ ਤੇ ਪਾਤਰ ਕਵਿਤਾ। ਉਸ ਦੇ ਬੋਲ, ਉਸ ਦੀ ਆਵਾਜ਼ ਤੇ ਉਸ ਦੀ ਧੁਨ ਮਿਲ ਕੇ ਇਕ ਤ੍ਰਿਵੈਣੀ ਸਿਰਜਦੇ ਹਨ, ਜਿਸ ਨੂੰ ਸਹਿਜ, ਸੰਜੀਦਗੀ ਅਤੇ ਸੁਘੜਤਾ ਦਾ ਨਾਂ ਦਿੱਤਾ ਜਾ ਸਕਦਾ ਹੈ। ਇਹ ਤ੍ਰਿਵੈਣੀ ਉਸ ਦੀ ਕਵਿਤਾ ਅਤੇ ਹਸਤੀ-ਦੋਹਾਂ Ḕਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ।
ਉਸ ਦੀ ਕਵਿਤਾ ਦਾ ਜਨਮ ਜਿਸ ਦੌਰ ਵਿਚ ਹੋਇਆ, ਉਸ ਵਿਚ ਕਵਿਤਾ ਵਿਚਾਰਧਾਰਾਈ ਸਥੂਲਤਾ ਅਤੇ ਸਥਿਰਤਾ ਵੱਲ ਲੁੜਕੀ ਹੋਈ ਸੀ, ਜਿਵੇਂ ਕੋਈ ਪ੍ਰਾਂਦੀ ਕੰਡਿਆਂ Ḕਤੇ ਸੁੱਕਣੀ ਪਾਈ ਹੋਵੇ ਜਾਂ ਕੋਈ ਮਿਰਗ ਕਿੱਲੇ ਨਾਲ ਬੱਧਾ ਹੋਵੇ। ਕਵਿਤਾ ਵਿਚੋਂ ਲਰਜ਼ਿਸ਼ ਗਾਇਬ ਹੋ ਗਈ ਸੀ। ਜਿਵੇਂ ਕਵਿਤਾ ਲਿਖੀ ਨਹੀ ਬਲਕਿ ਹਥੌੜੇ ਨਾਲ ਠੋਕੀ ਜਾਂਦੀ ਹੋਵੇ, ਕੁਹਾੜੇ ਨਾਲ ਟੁੱਕੀ ਜਾਂਦੀ ਹੋਵੇ ਜਾਂ ਦਾਤਰ ਨਾਲ ਵੱਢੀ ਜਾਂਦੀ ਹੋਵੇ। ਪਾਤਰ ਦੀ ਕਵਿਤਾ ਕੰਡਿਆਂ Ḕਤੇ ਪਈ ਪ੍ਰਾਂਦੀ ਨੂੰ ਕਿਸੇ ਦੀਆਂ ਮੀਢੀਆਂ ਵਿਚ ਗੁੰਦ ਦੇਣ ਦੀ ਚਾਹਤ ਹੈ, ਕਿਸੇ ਮਿਰਗ ਨੂੰ ਕਿੱਲੇ ਤੋਂ ਆਜ਼ਾਦ ਕਰਨ ਦਾ ਸੁਪਨਾ ਹੈ ਅਤੇ ਕਿਸੇ ਜੀਣ ਜੋਗੇ ਜੀ ਨੂੰ ਪਲੋਸਣ ਜਿਹਾ ਅਹਿਸਾਸ ਹੈ। ਉਹ ਟਕੂਏ ਤੇ ਗੰਡਾਸਿਆਂ ਦੇ ਗੀਤ ਨਹੀਂ ਗਾਉਂਦਾ, ਬਲਕਿ ਰੋਸ਼ਨੀ ਲਈ, ਅੰਗਿਆਰਾਂ ਤੋਂ ਨਹੀਂ, ਕਿਰਨਾਂ ਦੇ ਕਬੀਲੇ ਤੋਂ ਪ੍ਰੇਰਨਾ ਲੈਂਦਾ ਹੈ। ਉਸ ਦੀ ਕਵਿਤਾ ਝੱਖੜ ਨਹੀਂ, ਸਮੀਰ ਹੈ ਜੋ ਮਿਰਜ਼ੇ ਦੇ ਤੀਰ ਤੋੜਦੀ ਸਾਹਿਬਾਂ ਜਾਂ ਸੁੱਤੀ ਪਈ ਸੱਸੀ ਨਹੀਂ, ਜਾਗਦੀ ਹੀਰ ਹੈ। ਇਸੇ ਲਈ Ḕਸਾਹਿਬਾਂ ਨੂੰ ਆਪਣੀḔ ਆਖਣ ਲਈ ਪਾਤਰ ਸ਼ਸ਼ੋਪੰਜ ਵਿਚ ਹੈ।
ਕਵਿਤਾ ਤੋਂ ਵਿਚਾਰਧਾਰਾ ਦਾ ਕੰਮ ਲੈਣਾ ਇਵੇਂ ਹੈ ਜਿਵੇਂ ਗਊ ਨੂੰ ਗੱਡੇ ਅੱਗੇ ਜੋੜਨਾ। ਪਾਤਰ ਨੇ ਕਵਿਤਾ ਨੂੰ ਭਾਰ ਮੁਕਤ ਜਾਂ ਹੌਲੀ ਫੁੱਲ ਕੀਤਾ, ਜਿਵੇਂ ਕਿਸੇ ਰਿਸ਼ੀ ਦੇ ਆਸ਼ਰਮ ਦੀ ਪੁਸ਼ਪ ਵਾਟਿਕਾ ਵਿਚ ਕੋਈ ਹਰਨੋਟੜੀ ਚੁੰਘੀਆਂ ਭਰਦੀ ਹੋਵੇ। ਪਾਤਰ ਭੂਤਵਾੜੇ ਦੇ ਕਿਸੇ ਭੂਤ ਦਾ ਚੇਲਾ ਨਹੀਂ, ਸਮਕਾਲੀ ਹੈ ਤੇ ਬਸ। ਉਸ ਦੀ ਕਵਿਤਾ ਭੂਤਕਾਲੀ ਨਹੀਂ। ਭੂਤ ਪਿੱਛਲ ਖੁਰੀਂ ਤੁਰਦੇ ਹਨ ਤੇ ਪਛਤਾਵੇ, ਹੇਰਵੇ ਜਾਂ ਉਦਰੇਵੇਂ ਦਾ ਮਾਤਮ ਨੁਮਾ ਗਾਇਨ ਕਰਦੇ ਹਨ। ਭੂਤਕਾਲ ਵਿਚ ਗੁਆਚ ਜਾਣਾ ਕਵਿਤਾ ਨਹੀਂ। ਉਹ ਸੁਚੇਤ ਹੈ। ਉਸ ਦੀ ਕਵਿਤਾ ਪ੍ਰਛਾਵਿਆਂ ਪਿੱਛੇ ਨਹੀਂ ਦੌੜਦੀ, ਸੜਕਾਂ Ḕਤੇ ਵਿਛੀ ਬਿਰਖ ਦੀ ਛਾਂ ਬਣਦੀ ਹੈ। ਉਸ ਦੀ ਚਾਹਤ ਭੂਤ ਨਹੀਂ, ਭਵਿਖਮੁਖੀ ਹੈ। ਉਹ ਆਪਣੇ ਵਰਤਮਾਨ ਨੂੰ ਭੂਤਕਾਲ ਵੱਲ ਨਹੀਂ ਮੋੜਦਾ, ਭੂਤਕਾਲ ਨੂੰ ਵਰਤਮਾਨ ਦੀ ਦਿਸ਼ਾ ਵਿਚ ਤੋਰਦਾ ਹੈ। ਉਹ ਭੂਤਕਾਲ ਵਿਚ ਗੁਆਚਦਾ ਨਹੀਂ, ਉਥੋਂ ਕੁਝ ਢੂੰਡਣ ਜਾਂਦਾ ਹੈ। ਉਸ ਲਈ ਭੂਤਕਾਲ ਭਵਿਖ ਦੀ ਪ੍ਰੇਰਣਾ ਹੈ। ਭਵਿਖ, ਚਾਹਤ ਅਤੇ ਪਾਤਰ ਇਕ ਹੀ ਗੱਲ ਹੈ।
ਕਿਸੇ ਨੇ ਬਿਰਹਾ ਦਾ ਜ਼ਿਕਰ ਛੇੜਿਆ, ਜੋ ਕਵਿਤਾ ਘੱਟ, ਪੂਜਾ ਵਧੇਰੇ ਸੀ। ਪਾਤਰ ਦੀ ਕਵਿਤਾ ਬਿਰਹਾ ਦੀ ਗੈਰਹਾਜ਼ਰੀ ਦੀ ਕਵਿਤਾ ਹੈ। ਇਸ ਵਿਚ ਬਿਰਹਾ ਦੀ ਪੂਜਾ ਨਹੀਂ, ਚਾਹਤ ਹੈ। ਪੂਜਾ ਵਿਚ ਪ੍ਰਾਪਤੀ ਹੈ, ਚਾਹਤ ਵਿਚ ਗੈਰਹਾਜ਼ਰੀ। ਉਸ ਦੀ ਕਵਿਤਾ ਨਾ ਹੀ ਤ੍ਰਿਪਤੀ ਦੀ ਕਵਿਤਾ ਹੈ ਤੇ ਨਾ ਹੀ ਅਤ੍ਰਿਪਤੀ ਦੀ। ਤ੍ਰਿਪਤੀ ਦੀ ਕਵਿਤਾ ਹੁੰਦੀ ਹੀ ਨਹੀਂ ਤੇ ਅਤ੍ਰਿਪਤੀ ਦੀ ਕਵਿਤਾ ਕਵਿਤਾ ਨਹੀਂ ਹੁੰਦੀ। ਅਤ੍ਰਿਪਤੀ ਅਸਲ ਵਿਚ ਤ੍ਰਿਪਤੀ ਦੀ ਕਮੀ ਹੈ, ਜੋ ਥੁੜ ਜਾਂ ਘਾਟੇ ਦੇ ਅਹਿਸਾਸ Ḕਚੋਂ ਜਨਮਦੀ ਹੈ। ਪਛਤਾਵੇ ਨੂੰ ਵੀ ਕਵਿਤਾ ਨਹੀਂ ਕਹਿੰਦੇ। ਕਵਿਤਾ ਚਾਹਤ ਵਿਚ ਹੁੰਦੀ ਹੈ, ਜਿੱਥੇ ਆਸ਼ਾ ਤੇ ਨਿਰਾਸ਼ਾ ਦੀ ਪਰਸਪਰ ਅਤੇ ਨਿਰੰਤਰ ਖੇਡ ਵਾਪਰਦੀ ਹੈ। ਇਹੀ ਖੇਡ ਪਾਤਰ ਦੀ ਕਵਿਤਾ ਦੀ ਪ੍ਰਧਾਨ ਸੁਰ ਹੈ। ਇਥੇ ਕੋਈ ਬੰਸਰੀ ਦੀ ਹੂਕ ਨਦੀਆਂ ਨੂੰ ਰੋਕਣ ਦੀ ਚਾਹਤ ਪਾਲਦੀ ਹੈ ਤੇ ਪੂਰਨ ਨੂੰ ਕਿਸੇ ਨੂਰ, ਨਾਰ ਤੇ ਕਟਾਰ ਦੇ ਨੇੜੇ ਰਹਿਣ ਲਈ ਪ੍ਰੇਰਦੀ ਹੈ।
ਪਾਤਰ, ਸਰਜ਼ਮੀਨ ਦਾ ਨਹੀਂ, ਸੁਰਜ਼ਮੀਨ ਦਾ ਸ਼ਾਇਰ ਹੈ। ਸਰਜ਼ਮੀਨ Ḕਚ ਜ਼ਿਮੀਦਾਰੀ ਦਾ ਪ੍ਰਤਓ ਹੈ, ਜਿਸ ਵਿਚ ਜਾਗੀਰਦਾਰੀ ਦੀ ਬੂ ਹੈ, ਜੋ ਬੁਰੀਆਂ ਅਲਾਮਤਾਂ ਦੀ ਮਾਂ ਹੈ। ਉਸ ਦੀ ਕਵਿਤਾ ਸਰ (ਸਿਰ) ਨੂੰ ਸੁਰ Ḕਚ ਕਰਦੀ ਹੈ। ਇਸੇ ਕਰਕੇ ਇਹ ਖੇਤਾਂ ਦੇ ਪੁੱਤ ਦੀ ਕਵਿਤਾ ਵੀ ਨਹੀਂ ਹੈ। ਕਿਰਤਗਾਹਾਂ ਨੂੰ ਬੰਬੀਆਂ Ḕਚ ਤਬਦੀਲ ਕਰਕੇ, “ਲੀੜੇ ਧੋਣ ਦੇ ਬਹਾਨੇ” ਕੰਮੀਆਂ ਦੀਆਂ ਇੱਜ਼ਤਾਂ ਨੂੰ ਵਾਜਾਂ ਮਾਰਦੇ ਖੇਤਾਂ ਦੇ ਵੈਲੀ ਪੁੱਤ ਪਾਤਰ ਦੀ ਕਵਿਤਾ ਦੇ ਨਾਇਕ ਨਹੀਂ। ਉਸ ਨੇ ਖੇਤਾਂ ਦੇ ਪੁੱਤ ਦੀ ਨਹੀਂ, ਧਰਤੀ ਦੇ ਜਾਏ ਦੀ ਕਵਿਤਾ ਰਚੀ, ਜਿਸ ਵਿਚ ਨਾ ਵੈਲੀ ਹੈ, ਨਾ ਖੇਤ ਦਾ ਉਲਾਰ। ਉਸ ਲਈ ਸਿਰਫ ਖੇਤ ਹੀ ਧਰਤੀ ਨਹੀਂ ਹਨ ਅਤੇ ਨਾ ਇਕੱਲੇ ਕਿਸਾਨ ਹੀ ਮਨੁੱਖ। ਸਾਰੀ ਧਰਤੀ ਉਸ ਦਾ ਖੇਤ ਹੈ ਤੇ ਹਰ ਮਨੁੱਖ ਕਿਸਾਨ। ਜ਼ਿੰਦਗੀ ਉਸ ਦਾ ਖੇਤ ਹੈ, ਜਿੱਥੇ ਫੈਲਸੂਫੀਆਂ ਨਹੀਂ, ਮੁਹੱਬਤਾਂ ਦੀ ਫਸਲ ਉਗਦੀ ਹੈ, ਜਿਸ ਦੀ ਰਾਖੀ ਉਸ ਦੀ ਕਵਿਤਾ ਦਾ ਧਰਮ ਹੈ। ਉਸ ਦੀ ਕਵਿਤਾ ਵਿਚ ਨਾ ਧਰਤੀ ਦਾ ਅਕੇਵਾਂ ਹੈ ਤੇ ਨਾ ਖੇਤਾਂ ਦਾ ਉਦਰੇਵਾਂ। ਇਹ ਧਰਤੀ ਤੇ ਅਕਾਸ਼ ਦੇ ਦੂਰ ਦਿਸਹੱਦੇ ਜਾਂ ਦੁਮੇਲ ਦੀ ਕਵਿਤਾ ਹੈ, ਜਿੱਥੇ ਸੂਰਜ ਦੇ ਨੈਣਾਂ Ḕਚ ਧਰਤੀ ਸੁਰਮਾ ਪਾਉਂਦੀ ਹੈ, ਜਿੱਥੇ ਲਾਲੀ ਸੁਰਮਈ, ਤੇ ਫਿਰ ਸੁਰ ਮਈ ਹੁੰਦੀ ਹੈ।
ਉਸ ਦੀ ਕਵਿਤਾ ਵਿਚ ਹਥਿਆਰ ਨਹੀਂ ਖੜਕਦੇ। ਕਿਉਂਕਿ ਕੋਲਿਆਂ ਦੀ ਭਖ ਵਿਚ ਤਪੇ ਹਥਿਆਰ ਕਦੀ ਇਨਕਲਾਬ ਨਹੀਂ ਲਿਆਉਂਦੇ, ਜਦ ਤੱਕ ਉਨ੍ਹਾਂ ਨੂੰ ਹੰਝੂਆਂ ਨਾਲ ਨੁਹਾਇਆ ਨਾ ਜਾਵੇ। ਅੰਗਾਰਾਂ Ḕਤੇ ਪਿਆ ਹਥਿਆਰ ਸ਼ੁਅਲਾ ਹੈ, ਜੋ ਨਿਆਂ ਦਾ ਪ੍ਰਤੀਕ ਨਹੀਂ, ਜਿਸ ਨਾਲ ਜ਼ੁਲਮ ਮਿਟਾਇਆ ਨਹੀਂ, ਵਧਾਇਆ ਜਾ ਸਕਦਾ ਹੈ। ਪਾਤਰ ਦੀ ਕਵਿਤਾ ਨਾ ਫੱਟ ਮਾਰਨ ਦੀ ਤੇ ਨਾ ਫੱਟ ਖਾਣ ਦੀ ਕਵਿਤਾ ਹੈ। ਜੇ ਕਿਤੇ ਇਹ ਤੀਰ ਦੀ ਗਤੀ ਵਿਚ ਆਉਂਦੀ ਵੀ ਹੈ ਤਾਂ ਇਹ ਕਿਸੇ ਦੀ ਹਿੱਕ ਵਿਚ ਲੱਗਣ ਤੋਂ ਬਚਣ ਦੀ ਚਾਹਤ ਵਿਚ ਹੁੰਦੀ ਹੈ। ਇਹੀ ਚਾਹਤ ਉਸ ਦੀ ਕਵਿਤਾ ਨੂੰ ਲਰਜ਼ਿਸ਼ ਜਾਂ ਕੰਪਨ ਬਖਸ਼ਦੀ ਹੈ। ਇਸ ਲਰਜ਼ਿਸ਼ ਵਿਚ ਕਿਸੇ ਨੂੰ ਰੋਹ ਨਹੀਂ ਚੜ੍ਹਦਾ ਤੇ ਨਾ ਹੀ ਕੋਈ ਭੈਅ ਹੁੰਦਾ ਹੈ। ਇਹ ਲਰਜ਼ਿਸ਼ ਨੀਰ ਬਣ ਨੈਣਾ Ḕਚੋਂ ਵਗਦੀ ਹੈ। ਗਾਲਿਬ ਨੇ ਠੀਕ ਕਿਹਾ, “ਜਬ ਆਂਖ ਸੇ ਹੀ ਨਾ ਟਪਕਾ ਤੋ ਫਿਰ ਲਹੂ ਕਿਆ ਹੈ!” ਪਾਤਰ ਨੇ ਐਲਾਨ ਕੀਤਾ, “ਸਾਡੀ ਅੱਖ Ḕਚੋਂ ਡਿਗਦਾ ਹੰਝੂ ਸਾਡਾ ਚੋਣ ਨਿਸ਼ਾਨ।”
ਪਾਤਰ ਬਿਰਖ ਹੈ, ਬਿਰਖ ਨੂੰ ਦਰਵੇਸ਼ ਮੰਨਿਆ ਗਿਆ ਹੈ, ਦਰਵੇਸ਼ ਦਰਦ ਦਾ ਮੁਜੱਸਮਾ ਹੈ, ਦਰਦ ਦੀ ਹੋਣੀ ਹੰਝੂ ਹੈ, ਹੰਝੂ ਨੀਰ ਹੈ ਤੇ ਨੀਰ ਦੀ ਫਿਤਰਤ ਹੈ ਵਗਣਾ। ਇਹ ਵਹਾ ਹੀ ਉਸ ਦੀ ਕਵਿਤਾ ਹੈ। ਇਹੀ ਗ਼ਜ਼ਲ ਦੀ ਪਰਿਭਾਸ਼ਾ ਹੈ। ਪਾਤਰ ਖੁਦ ਇੱਕ ਗ਼ਜ਼ਲ ਹੈ। ਅਜਿਹੀ ਗ਼ਜ਼ਲ, ਜੋ ਮਚਦੇ ਅੰਗਿਆਰਾਂ Ḕਤੇ ਨੱਚ ਸਕਦੀ ਹੈ, ਪਰ ਉਨ੍ਹਾਂ ਨੂੰ ਹਥਿਆਰ ਨਹੀਂ ਬਣਾਉਂਦੀ।
ਚਿਸ਼ਤੀ ਸਿਲਸਿਲੇ ਦੀਆਂ ਮਲਫੂਜ਼ਾਤ ਵਿਚ ਆਉਂਦਾ ਹੈ ਕਿ ਫਕੀਰ ਲੋਕ ਜਦ ਕਿਸੇ ਪਿਆਰੇ Ḕਤੇ ਮਿਹਰਬਾਨ ਹੁੰਦੇ ਤਾਂ ਦੁਆ ਕਰਦੇ ਕਿ “ਅੱਲਾ ਤੁਹਾਨੂੰ ਦਰਦ ਦੇਵੇ।” ਪਾਤਰ ਦੀ ਰੂਹ ਵਿਚ ਦਰਦ ਦੀ ਮੌਜੂਦਗੀ ਉਸ Ḕਤੇ ਕਿਸੇ ਫਕੀਰ ਦੀ ਰਹਿਮਤ ਹੈ। ਦਰਅਸਲ ਇਹ ਮੁਹੱਬਤ ਦਾ ਦਰਦ ਹੈ, ਜੋ ਕਿਸੇ ਕੰਬਦੀ ਤਰੰਗ ਵਜੋਂ ਉਸ ਦੀ ਕਵਿਤਾ ਵਿਚ ਡੁੱਲ੍ਹਿਆ ਹੈ।
ਖਲੀਲ ਜਿਬਰਾਨ ਦਾ ਖਿਆਲ ਹੈ ਕਿ ਮੁਹੱਬਤ ਥਰੈਸ਼ ਕਰਦੀ ਹੈ, ਜੋ ਤੂੜੀ ਤੋਂ ਦਾਣਾ ਅਲਹਿਦਾ ਹੋਵੇ। ਛੱਟਦੀ ਹੈ, ਜੋ ਕੂੜੇ ਤੋਂ ਮੁਕਤ ਹੋਇਆ ਜਾਵੇ। ਪਾਰਦਰਸ਼ਤਾ ਲਈ ਪੀਸਦੀ ਹੈ ਤੇ ਹਲੀਮੀ ਲਈ ਗੁੰਨ੍ਹਦੀ ਹੈ। ਤਵੇ Ḕਤੇ ਪਕਾਉਂਦੀ ਹੈ, ਜੋ ਕਿਸੇ ਪਿਆਰੇ ਅੱਗੇ ਪ੍ਰਸ਼ਾਦ ਬਣ ਪੇਸ਼ ਹੋਇਆ ਜਾ ਸਕੇ। ਪਾਤਰ ਦੀ ਕਵਿਤਾ ਨਿਮਰ ਚਾਹਤ Ḕਚੋਂ ਉਪਜੇ ਦਰਦ ਦਾ ਪ੍ਰਸ਼ਾਦ ਹੈ।
ਤੱਤੀ ਤਵੀ Ḕਤੇ ਆਸਣ ਲਾ ਖਲਕਤ ਦੀ ਤਪਸ਼ ਹਰਨ ਵਾਲੇ ਪੰਚਮ ਪਾਤਸ਼ਾਹ ਆਖਦੇ ਹਨ, “ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ॥ ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ॥” ਪਿਆਰੇ ਦੀ ਭੁੱਖ ਦੀ ਨਵਿਰਤੀ ਲਈ ਉਸ ਅੱਗੇ ਸਲੂਣਾ ਬਣ ਪੇਸ਼ ਹੋਣ ਦੀ ਚਾਹਤ ਅਤੇ ਉਸ ਦੀ ਪਿਆਸ ਲਈ ਕਮਾਦ ਬਣ ਮੁੜ ਮੁੜ ਪੀੜੇ ਜਾਣ ਦੀ ਤਮੰਨਾ ਪਿਆਰ ਦਾ ਪੰਜਾਬੀ ਆਦਰਸ਼ ਹੈ। ਪਾਤਰ ਦੀ ਚਾਹਤ ਦੀ ਦਿਸ਼ਾ ਇਹੀ ਆਦਰਸ਼ ਹੈ। ਉਸੇ ਤੋਂ ਖਿਆਲ ਉਧਾਰਾ ਮੰਗ ਕੇ ਕਹਿ ਸਕਦੇ ਹਾਂ ਕਿ ਪਾਤਰ ਦੀ ਕਵਿਤਾ ਕਿਸੇ ਮਾਂ ਦਾ ਖ਼ਾਬ ਹੈ, ਜਿਸ ਦੀ ਗੋਦ Ḕਚ ਗੁਲਾਬ ਖਿੜਿਆ ਹੈ, ਜੋ ਬੰਦਗੀ ਹੈ, ਸ਼ਾਇਰੀ ਹੈ ਜਾਂ ਇਸ ਤੋਂ ਵੀ ਵਧੀਕ ਹੈ।”
ਗਾਲਿਬ ਨੇ Ḕਮਰੀਜ਼-ਇ-ਇਸ਼ਕḔ ਦੀ ਤੀਮਾਰਦਾਰੀ ਦਾ ਦਾਅਵਾ ਕੀਤਾ। ਪਾਤਰ ਦੀ ਕਵਿਤਾ ਵੱਡੇ ਦਾਅਵਿਆਂ Ḕਚ ਯਕੀਨ ਨਹੀਂ ਕਰਦੀ। ਇਹ ਮਾਡਰਨ ਨੇਅਮਤਾਂ ਦੇ ਬਹੁਪਰਤੀ ਮਾਇਆ ਜਾਲ ਵਿਚ ਉਲਝੇ ਸੂਖਮ ਅਤੇ ਸੰਵੇਦਨਸ਼ੀਲ ਮਨੁੱਖ ਦੀਆਂ ਅਨੇਕ ਮਹੀਨ ਮਰਜ਼ਾਂ ਵਿਚ ਉਸ ਦਾ ਹਾਲ ਪੁੱਛਦੀ ਹੈ ਤੇ ਨਾਲ ਧਰਵਾਸ ਦਿੰਦੀ ਹੈ। ਇਹ ਪਾਠਕ ਨੂੰ ਕਿਧਰੇ ਉੜਾ ਕੇ ਨਹੀਂ ਲੈ ਜਾਂਦੀ, ਬਲਕਿ Ḕਠੁਮਕ ਠੁਮਕḔ ਉਸ ਦੇ ਨਾਲ ਤੁਰਦਿਆਂ ਸੁਚੇਤ ਕਰਦੀ ਹੋਈ ਮਿਜ਼ਾਜਪੁਰਸੀ ਕਰਦੀ ਹੈ। ਦੁੱਖ ਵਿਚ ਬਗਲਗੀਰ ਹੋਣਾ, ਸੁੱਖ ਵਿਚ ਹਮਸਫਰ ਹੋਣਾ ਤੇ ਉਤਸ਼ਾਹੀ ਘੜੀਆਂ ਵਿਚ ਹਮਰਕਾਬ ਹੋਣਾ ਇਸ ਦਾ ਸੁਭਾ ਹੈ।
ਗਾਲਿਬ ਨੇ ਕਿਹਾ ਕਿ “ਗ਼ਮਿ ਇਸ਼ਕ ਗਰ ਨਾ ਹੋਤਾ ਤੋ ਗ਼ਮਿ ਰੋਜ਼ਗਾਰ ਹੋਤਾ।” ਪਾਤਰ ਦੀ ਕਵਿਤਾ ਗ਼ਮਿਰੋਜ਼ਗ਼ਾਰ ਨੂੰ ਗ਼ਮਿਰੋਜ਼ਮਰਹ ਤੱਕ ਫੈਲਾ ਲੈਂਦੀ ਹੈ ਤੇ ਰੋਜ਼ਮਰਹ ਦੇ ਅਣਦਿਸਦੇ ਜ਼ਖ਼ਮਾਂ Ḕਤੇ ਮਰਹਮ ਵਜੋਂ ਪੂਣੀਆਂ ਦੇ ਫਹੇ ਧਰਦੀ ਹੈ।
ਪੰਜਾਬ ਪਾਤਰ ਤੇ ਉਸ ਦੀ ਕਵਿਤਾ ਦੀ ਕਦਰ ਕਰਦਾ ਹੈ ਅਤੇ ਉਸ ਨੂੰ ਪਿਆਰ ਵੀ ਕਰਦਾ ਹੈ। ਪਾਤਰ ਨੇ ਇਹ ਪਿਆਰ ਲੁੱਟਿਆ ਵੀ ਹੈ। ਇਹ ਲੁੱਟ ਉਹ ਪੰਜਾਬੀ ਅਦਬ ਦੀ ਭੇਟ ਚੜ੍ਹਾ ਰਿਹਾ ਹੈ। ਭੇਟ ਦਰ ਭੇਟ, ਇਹ ਨਿਰੰਤਰ ਸਿਲਸਿਲਾ ਏਦਾਂ ਹੀ ਜਾਰੀ ਰਹੇ। ਸ਼ਮਾਂਦਾਨ ਮਚਦਾ ਰਹੇ, ਕਵਿਤਾ ਭਖਦੀ ਰਹੇ, ਪਾਤਰ ਸੁਰਜੀਤ ਰਹੇ ਤੇ ਉਸ ਨੂੰ ਅਦਬ ਦੀ ਅਸੀਸ ਰਹੇ।