ਚੌਧਰ

ਅਸੀਂ ਗੁਰਦੁਆਰੇ ਜਾਂਦੇ ਹਾਂ, ਵਾਹਿਗੁਰੂ ਦਾ ਨਾਂ ਲੈਣ। ਕਹਿਣ ਨੂੰ ਆਪਣੀ ਹਉਮੈ ਮਾਰਨ ਪਰ ਸੱਚ ਇਹ ਹੈ ਕਿ ਜਿੰਨੀ ਹਉਮੈ ਅਸੀਂ ਗੁਰਦੁਆਰੇ ਜਾ ਕੇ ਪਾਲਦੇ ਹਾਂ, ਸ਼ਾਇਦ ਉਨੀ ਕਿਤੇ ਹੋਰ ਨਹੀਂ। ਇਸੇ ਕਰਕੇ ਗੁਰੂ ਘਰਾਂ ਵਿਚ ਲੜਾਈਆਂ ਹੁੰਦੀਆਂ ਹਨ, ਤੇ ਲੱਖਾਂ ਡਾਲਰ ਕੋਰਟ-ਕਚਹਿਰੀਆਂ ਦੇ ਖਾਤੇ ਜਾਂਦਾ ਹੈ। ਇਹ ਗੱਲ ਵੀ ਸੱਚ ਹੈ ਕਿ ਗੁਰਦੁਆਰੇ ਬਹੁਤੀ ਵਾਰ ਕਈ ਲੋਕ ਚੰਗਾ ਲੰਗਰ ਛਕਣ ਅਤੇ ਗੱਪਾਂ ਮਾਰਨ ਹੀ ਪਹੁੰਚਦੇ ਹਨ ਜਾਂ ਫਿਰ ਬੀਬੀਆਂ ਆਪਣੇ ਸੂਟ ਦਿਖਾਉਣ।

ਇਸ ਲੇਖ ਵਿਚ ਸ਼ ਚਰਨਜੀਤ ਸਿੰਘ ਸਾਹੀ ਨੇ ਇਹੋ ਗੱਲਾਂ ਉਭਾਰੀਆਂ ਹਨ। -ਸੰਪਾਦਕ

ਚਰਨਜੀਤ ਸਿੰਘ ਸਾਹੀ
ਸਨਿਚਰਵਾਰ ਦਾ ਦਿਨ, ਫਰਵਰੀ ਦਾ ਅਖੀਰ। ਦੁਪਹਿਰ ਦਾ ਸਮਾਂ, ਨਿੱਘੀ ਨਿੱਘੀ ਧੁੱਪ ਸਰੀਰ ਨੂੰ ਚੰਗੀ ਲੱਗਦੀ। ਵੈਸੇ ਵੀ ਫਰਵਰੀ ਵਿਚ ਕੈਲੀਫੋਰਨੀਆ ਦਾ ਮੌਸਮ ਸੁਹਾਵਣਾ ਹੋ ਜਾਂਦਾ ਹੈ। ਕੋਈ ਕੋਈ ਅਮਰੀਕਨ ਪਾਰਕ ‘ਚ ਸੈਰ ਕਰ ਰਿਹਾ ਸੀ। ਕੇਹਰ ਸਿੰਘ, ਜੋ ਪੰਜਾਬ ਦੇ ਸਰਕਾਰੀ ਸਕੂਲ ਤੋਂ ਹੈਡ ਮਾਸਟਰੀ ਦੀ ਰਿਟਾਇਰਮੈਂਟ ਲੈ ਕੇ ਪੰਦਰਾਂ ਕੁ ਸਾਲ ਪਹਿਲਾਂ ਬੇਟੀ ਦੇ ਜ਼ਰੀਏ ਟੱਬਰ ਸਮੇਤ ਅਮਰੀਕਾ ਆਇਆ ਸੀ, ਕਾਫੀ ਹੰਢਿਆ ਤੇ ਸ਼ਾਂਤ ਸੁਭਾਅ ਵਾਲਾ ਮਨੁੱਖ ਸੀ। ਨਾਲ ਕੁਝ ਹੋਰ ਪੰਜਾਬੀ ਬਜ਼ੁਰਗ ਪਾਰਕ ਦੀ ਬੈਂਚ ‘ਤੇ ਬੈਠੇ ਉਚੀ ਆਵਾਜ਼ ‘ਚ ਬਹਿਸ ਰਹੇ ਸਨ। ਕੋਲੋਂ ਲੰਘਣ ਵਾਲਿਆਂ ਨੂੰ ਸ਼ੱਕ ਹੋ ਰਿਹਾ ਸੀ, ਸ਼ਾਇਦ ਲੜ ਰਹੇ ਹਨ।
ਕੇਹਰ ਸਿੰਘ ਲੰਘੇ ਐਤਵਾਰ ਗੁਰਦੁਆਰੇ ‘ਚ ਚੱਲੀਆਂ ਕਿਰਪਾਨਾਂ ਤੇ ਲਾਠੀਆਂ ਤੋਂ ਬਹੁਤ ਦੁਖੀ ਸੀ। ਇਸੇ ਮਸਲੇ ਨੂੰ ਲੈ ਕੇ ਬਹਿਸ ਹੋ ਰਹੀ ਸੀ। ਲਹਿੰਬਰ ਸਿੰਘ ਬੋਲਿਆ, “ਬਈ ਕੇਹਰ ਸਿਹਾਂ, ਤੂੰ ਵੀ ਕਮੇਟੀ ‘ਚ ਰਿਹਾਂ, ਤੂੰ ਹੀ ਦੱਸ ਕੋਈ ਗੁਰੂ ਘਰ ਬਚਿਆ ਹੋਣਾ, ਜਿੱਥੇ ਨਿੱਤ ਛਿੱਤਰੋ-ਛਿੱਤਰੀ ਨਹੀਂ ਹੁੰਦੇ।”
ਕੇਹਰ ਸਿੰਘ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਕੋਲ ਬੈਠਾ ਕਾਮਰੇਡ ਬਚਿੱਤਰ ਸਿੰਘ ਬੋਲ ਪਿਆ, “ਬਾਈ ਜੀ, ਆਪਾਂ ਤਾਂ ਛੇ ਦਿਨ ਕਰਦੇ ਆਂ ਹੱਡ ਭੰਨਵੀਂ ਮਿਹਨਤ। ਨਾ ਕਰੀਏ ਕਿਸੇ ਨਾਲ ਧੋਖਾ, ਨਾ ਫਰੇਬ। ਕਿਸੇ ਦਾ ਹੱਕ ਮਾਰਦੇ ਨਹੀਂ, ਆਪਣਾ ਛੱਡਦੇ ਨਹੀਂ। ਇਕ ਦਿਨ ਛੁੱਟੀ, ਉਸ ਦਿਨ ਢੋਲੇ ਦੀਆਂ ਲਾਈ ਦੀਆਂ, ਦੋ ਹਾੜੇ ਲਾ ਕੇ।”
“ਯਾਰ ਤੁਹਾਡਾ ਕੀ ਆ, ਤੁਸੀਂ ਤਾਂ ਰੱਬ ਨੂੰ ਮੰਨਦੇ ਈ ਨਹੀਂ, ਤਾਂ ਈ ਤਾਂ ਦੁਨੀਆਂ ‘ਚੋਂ ਤੁਹਾਡਾ ਭੋਗ ਪੈ ਚੱਲਾ।” ਨੰਬਰਦਾਰ ਤਾਰਾ ਸਿੰਘ ਨੇ ਕਾਮਰੇਡ ਨੂੰ ਚੋਭ ਮਾਰੀ।
“ਬਈ ਇਕ ਗੱਲ ਪੱਕੀ ਆ, ਜੇ ਕਿਤੇ ਗੁਰੂ ਘਰ ਨਾ ਹੋਣ ਇਨ੍ਹਾਂ ਮੁਲਕਾਂ ‘ਚ, ਤਾਂ ਪੱਕੀ ਉਮਰ ‘ਚ ਇਥੇ ਆਉਣ ਵਾਲਿਆਂ ਦਾ ਹਾਲ ਜਮਾਂ ਈ ਕੈਦੀਆਂ ਵਾਲਾ ਹੋਣਾ ਸੀ, ਖਾਸ ਕਰ ਸਾਡੇ ਵਰਗਿਆਂ ਦਾ। ਨਾ ਸਾਨੂੰ ਬੋਲੀ ਆਵੇ, ਨਾ ਗੱਡੀ ਚਲਾਉਣੀ, ਚਲੋ ਘੱਟੋ ਘੱਟ ਐਤਵਾਰ ਨੂੰ ਈ ਬੱਚੇ ਇਥੇ ਲੈ ਆਉਂਦੇ ਨੇ, ਸੰਗਤ ਦੇ ਦਰਸ਼ਨ ਮੇਲੇ ਹੋ ਜਾਂਦੇ ਨੇ। ਕੋਈ ਗੱਲਬਾਤ ਕਰਕੇ ਮਨ ਹੌਲਾ ਕਰ ਲੈਂਦਾ, ਕੋਈ ਰੱਬ ਦੀ ਸਿਫਤ ਸਾਲਾਹ ਕੰਨੀਂ ਪੈਂਦੀ ਏ। ਮੈਂ ਤਾਂ ਕਹਿਨਾਂ ਨਾਲੇ ਪੁੰਨ ਤੇ ਨਾਲੇ ਫਲੀਆਂ। ਮਹਾਰਾਜ ਤਾਂ ਕਹਿੰਦਾ, ਬਈ ਪਿਆਰ ਨਾਲ ਰਹੋ। ਝਗੜਾ ਪਤਾ ਨਹੀਂ ਕਾਹਦਾ, ਕੀ ਵੰਡਣਾ ਇਨ੍ਹਾਂ ਨੇ!” ਬਲਵੰਤ ਸਿੰਘ ਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਜੋ ਕੁਝ ਸਮਾਂ ਪਹਿਲਾਂ ਪੰਜਾਬ ‘ਚੋਂ ਆਪਣੇ ਪੁੱਤਰ ਕੋਲ ਆਇਆ ਸੀ, ਪਿੰਡੋਂ ਖੇਤੀਬਾੜੀ ਕਰਦਾ।
“ਚੌਧਰ! ਦੇਖੋ ਮੈਂ ਜੋ ਗੁਰੂ ਘਰਾਂ ਦੀ ਲੜਾਈ ਦਾ ਤੱਤ ਕੱਢਿਆ।” ਕੇਹਰ ਸਿੰਘ ਨੇ ਲੰਮਾ ਹਉਕਾ ਲੈਂਦਿਆਂ ਆਪਣੀ ਗੱਲ ਜਾਰੀ ਰੱਖੀ, “ਗੱਲ ਇਸ ਤਰ੍ਹਾਂ ਭਰਾਵੋ, ਆਪਾਂ ਸਾਰੇ ਬਾਹਲੇ ਪਿੰਡਾਂ ‘ਚੋਂ ਆਏ ਆਂ, ਉਥੇ ਚੌਧਰ ਦਾ ਝੱਸ ਪੂਰਾ ਕਰਨ ਲਈ ਬਹੁਤ ਖੇਤਰ ਹਨ ਜਿਵੇਂ ਸਰਪੰਚੀ, ਮੈਂਬਰੀ, ਨੰਬਰਦਾਰੀ, ਸੰਮਤੀ, ਚੇਅਰਮੈਨੀ; ਤੇ ਨੌਕਰੀ ਵਾਲੇ ਯੂਨੀਅਨਾਂ ਦਾ ਹਿਸਾ ਬਣ ਆਪਣਾ ਸ਼ੋਕ ਪੂਰਾ ਕਰ ਲੈਂਦੇ। ਆਏ ਦਿਨ ਇਲੈਕਸ਼ਨਾਂ-ਕਦੀ ਵਿਧਾਨ ਸਭਾ ਤਾਂ ਕਦੀ ਪਾਰਲੀਮੈਂਟ। ਆਪ ਭਾਵੇਂ ਨਾ ਖੜ੍ਹੇ ਹੋਣ, ਪਰ ਉਨ੍ਹਾਂ ਦੇ ਅੱਗੇ-ਪਿੱਛੇ ਤਾਂ ਖੱਜਲ ਹੋਈ ਜਾਂਦੇ ਨੇ। ਜਿਦ੍ਹੀ ਕਿਤੇ ਦਾਲ ਨਹੀਂ ਗਲਦੀ, ਘਰ ‘ਚ ਤਾਂ ਚੌਧਰ ਚਲਾ ਈ ਲੈਂਦਾ। ਇਥੇ ਤਾਂ ਘਰ ਵੀ ਨਹੀਂ ਚਲਦੀ, ਉਥੇ ਪਰਿਵਾਰ ਤੁਹਾਡੇ ‘ਤੇ ਨਿਰਭਰ ਕਰਦਾ, ਇਥੇ ਤੁਸੀਂ ਬੱਚਿਆਂ ‘ਤੇ। ਸੋ, ਮੇਰੇ ਇਹ ਸਾਰਾ ਕੁਝ ਕਹਿਣ ਦਾ ਮਤਲਬ ਹੈ ਕਿ ਇਥੇ ਆ ਜਾ ਕੇ ਚੌਧਰ ਲਈ ਇਕੋ ਫੀਲਡ ਬਚਦਾ, ਆਪਣੇ ਲੋਕਾਂ ਵਾਸਤੇ, ਗੁਰੂ ਘਰ! ਘਰ
ਜਿਸ ਨੂੰ ਕੋਈ ਧੇਲੇ ਵੱਟੇ ਨਹੀਂ ਪੁਛਦਾ, ਗੁਰੂ ਘਰ ਉਹ ਵੀ ਲੱਤ ਅੜਾਊ! ਅੱਛਾ, ਬਾਹਰ ਇਥੋਂ ਦੀ ਸਿਆਸਤ ‘ਚ ਨਾ ਇਨ੍ਹਾਂ ਨੂੰ ਗੱਲ ਕਰਨੀ ਆਵੇ, ਨਾ ਇਨ੍ਹਾਂ ਨੂੰ ਸ਼ੌਕ, ਜਿਸ ਦਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਸਾਨੂੰ ਸਾਰਿਆਂ ਨੂੰ ਫਾਇਦਾ। ਸੋ ਵੀਰੋ ਆਮ ਸੁਣਨ ‘ਚ ਤੇ ਵੇਖਣ ‘ਚ ਆਇਆ ਜਿਹੜਾ ਇਕ ਵਾਰੀ ਗੁਰੂ ਘਰ ਦੇ ਪ੍ਰਧਾਨ ਜਾਂ ਕਿਸੇ ਹੋਰ ਅਹੁਦੇ ‘ਤੇ ਬਿਰਾਜਮਾਨ ਹੋ ਜਾਵੇ, ਉਹਦੇ ਮਗਰ ਜਿਹੜੀ ਪ੍ਰਧਾਨ ਸਾਬ੍ਹ, ਸੈਕਟਰੀ ਸਾਬ੍ਹ ਵਾਲੀ ਪੂਛ ਲੱਗ ਜਾਂਦੀ ਆ, ਅਗਲੀਆਂ ਚੋਣਾਂ ‘ਚ ਜੇ ਲੱਥ ਜਾਵੇ, ਸਮਝ ਲੋ ਵਿਰੋਧੀ ਧੜਾ ਬਣ ਗਿਆ ਤੇ ਲੜਾਈ ਸ਼ੁਰੂ ਜਾਂ ਨਵਾਂ ਗੁਰੂ ਘਰ ਤਾਂ ਪੱਕਾ! ਫੇਰ ਮਾਇਆ ਨਾਗਣੀ ਵੀ ਕਿਤੇ ਕਿਤੇ ਡੰਗਦੀ ਆ। ਇਨ੍ਹਾਂ ਚੌਧਰੀਆਂ ਦੇ ਖਾਨੇ ਕੋਈ ਗੁਰੂ ਦੀ ਕਹੀ ਗੱਲ ਨਹੀਂ ਪੈਂਦੀ, ਗੁਰੂ ਦੀ ਹਾਜ਼ਰੀ ‘ਚ ਫੱਕੜ ਤੋਲਦੇ, ਲਾਠੀਆਂ, ਕਿਰਪਾਨਾਂ ਚੱਲਦੀਆਂ। ਕਈ ਗੁਰੂਘਰਾਂ ‘ਚ ਬੀਬੀਆਂ ਵੀ ਪੂਰਾ ਸਾਥ ਦਿੰਦੀਆਂ। ਫੇਰ ਪੱਗਾਂ, ਚੁੰਨੀਆਂ ਲੱਥਦੀਆਂ, ਪੁਲਿਸ ਜੁੱਤੀਆਂ ਸਣੇ ਦਾਖਲ ਹੁੰਦੀ, ਇਨ੍ਹਾਂ ਨੂੰ ਕੋਈ ਪਰਵਾਹ ਨਹੀਂ। ਹਾਂ! ਏਅਰਪੋਰਟ ਜਾਂ ਕਿਸੇ ਹੋਰ ਥਾਂ ਸਕਿਉਰਿਟੀ ਖਾਤਰ ਪੱਗ ਨੂੰ ਚੈਕ ਕਰਵਾਉਣਾ ਹੋਵੇ? ਕੋਈ ਨੰਗੇ ਸਿਰ ਗਲਤੀ ਨਾਲ ਗੁਰੂ ਘਰ ਦਾਖਲ ਹੋ ਜਾਵੇ, ਫੇਰ ਹੇਠਲਾ ਉਤੇ ਕਰ ਦੇਣਗੇ। ਕਈ ਗੁਰੂ ਘਰਾਂ ਦੇ ਚੌਧਰੀ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਕੇਸ ਕੋਰਟਾਂ ‘ਚ ਲੈ ਜਾਂਦੇ ਹਨ ਤੇ ਸੰਗਤ ਦਾ ਆਪਣੀ ਕਮਾਈ ‘ਚੋਂ ਸ਼ਰਧਾ ਨਾਲ ਦਿਤਾ ਡਾਲਰ ਡਾਲਰ, ਇਹ ਚੌਧਰ ਦੇ ਭੁੱਖੇ ਕੋਰਟਾਂ ‘ਚ ਪਾਣੀ ਵਾਂਗ ਰੋੜ ਦਿੰਦੇ। ਇਥੋਂ ਦੇ ਜੰਮਪਲ ਬੱਚੇ ਇਸ ਬਾਰੇ ਜਵਾਬ-ਸਵਾਲ ਪੁੱਛਦੇæææ।”
ਵਿਚੋਂ ਟੋਕਦਿਆਂ ਸਰਦਾਰਾ ਸਿੰਘ, ਜੋ ਕੁਝ ਮਹੀਨੇ ਪਹਿਲਾਂ ਹੀ ਦੂਜੀ ਸਟੇਟ ‘ਚੋਂ ਮੂਵ ਹੋਇਆ ਸੀ, ਬੋਲਿਆ, “ਬਾਈ ਜੀ ਕੀ ਕਹਿਣਾ ਸ਼ਰਾਰਤੀ ਲੋਕਾਂ ਦਾ, ਮੈਂ ਹੱਡਬੀਤੀ ਦੱਸਦਾਂ ਉਥੋਂ ਦੇ ਗੁਰੂਘਰ ਦੀ, ਜਿਥੋਂ ਮੈਂ ਮੂਵ ਹੋਇਆਂ। ਬਹੁਤ ਵਧੀਆ ਕਮੇਟੀ ਸਰਬਸੰਮਤੀ ਨਾਲ ਕੰਮ ਕਰ ਰਹੀ ਸੀ ਕਈ ਸਾਲਾਂ ਤੋਂ। ਕਦੀ ਕਿਸੇ ਕਿਸਮ ਦਾ ਰੌਲਾ ਜਾਂ ਝਗੜਾ ਨਹੀਂ ਸੀ ਹੋਇਆ। ਰਲੇ-ਮਿਲੇ ਮੈਂਬਰ ਸਿੱਖ ਤੇ ਕਲੀਨ ਸ਼ੇਵ ਸਿੱਖ ਕਮੇਟੀ ਚਲਾ ਰਹੇ ਸਨ ਤੇ ਮੈਂ ਵੀ ਅਹੁਦੇਦਾਰ ਸਾਂ। ਆ ਗਿਆ ਇਕ ਸ਼ਰਾਰਤੀ, ਕਹਿੰਦਾ, Ḕਬਈ ਕਮੇਟੀ ਅੰਮ੍ਰਿਤਧਾਰੀਆਂ ਦੀ ਹੋਣੀ ਚਾਹੀਦੀ।Ḕ ਲਾ ਲਏ ਮਗਰ ਕੁਝ ਮੈਂਬਰ। ਮੈਨੂੰ ਆਇਆ ਗੁੱਸਾ, ਮੈਂ ਸਵਾਲ ਕੀਤਾ, Ḕਸਰਦਾਰ ਜੀ, ਕਦੋਂ ਆਏਂ ਓ ਅਮਰੀਕਾ?Ḕ ਕਹਿੰਦਾ, Ḕਪੰਜ ਕ ਸਾਲ ਹੋ’ਗੇ।Ḕ ਮੈਂ ਕਿਹਾ, Ḕਚਾਲੀ ਸਾਲ ਹੋ ਗਏ ਸਾਨੂੰ, ਅਸੀਂ ਸਾਰੇ ਈ ਕਲੀਨ ਸ਼ੇਵ ਸਾਂ, ਉਸ ਵਕਤ ਜਦੋਂ ਨਵੇਂ ਆਏ ਸੀ। ਗੁਰੂ ਘਰ ਬਣਾਇਆ, ਕਈਆਂ ਨੇ ਘਰਾਂ ‘ਤੇ ਲੋਨ ਚੁਕੇ, ਹੈਸੀਅਤ ਮੁਤਾਬਕ ਸਭ ਨੇ ਤਨ, ਮਨ ਤੇ ਧਨ ਨਾਲ ਸੇਵਾ ਕੀਤੀ। ਸਾਨੂੰ ਆਪਣੇ ਧਰਮ ਤੇ ਗੁਰੂ ਨਾਲ ਪਿਆਰ ਹੈ, ਉਸ ਵਕਤ ਵੀ ਸੀ ਤੇ ਅੱਜ ਵੀ ਹੈ। ਲਓ ਅੱਜ ਤੋਂ ਛੱਡਿਆ ਅਹੁਦਾ, ਅਸੀਂ ਕੋਈ ਪਾਰਟੀ ਵੀ ਨਹੀਂ ਬਣਾਉਣੀ, ਜਦੋਂ ਵਾਹਿਗੁਰੂ ਮਿਹਰ ਕਰੂ ਛੱਕ ਲਾਂਗੇ। ਪਰ ਜਿਹੜੀ ਮਰਜੀ ਕਮੇਟੀ ਬਣਾ ਲਉ, ਅਸੀਂ ਆਉਣਾ ਵੀ ਇਸੇ ਗੁਰੂ ਘਰ। ਚਲੋ, ਸਾਡਾ ਛੇਤੀ ਉਥੋਂ ਦਾਣਾ-ਪਾਣੀ ਚੁਕਿਆ ਗਿਆ, ਇਥੇ ਮੂਵ ਹੋਣਾ ਪੈ ਗਿਆ। ਸੁਣਨ ‘ਚ ਆਇਆ ਉਸੇ ਬੰਦੇ ਦਾ ਪਾਇਆ ਕਲੇਸ਼ ਹੁਣ ਤੱਕ ਚਲੀ ਜਾਂਦਾ।”
ਵਿਚੋਂ ਕਾਮਰੇਡ ਬੋਲ ਪਿਆ, “ਕੇਹਰ ਸਿਹਾਂ, ਇਕ ਰਾਏ ਦੇਵਾਂ, ਜੇ ਮੰਨੇਂ।”
“ਦੱਸ ਕਾਮਰੇਡਾ!”
“ਕਮੇਟੀ ਵਾਲੇ ਕਹਿੰਦੇ ਨੇ ਅਸੀਂ ਸੰਗਤ ਦੀ ਸੇਵਾ ਕਰਦੇ ਆਂ। ਨਵੀਂ ਕਮੇਟੀ ਬਣਾਓ ਤੇ ਪਹਿਲਾਂ ਸੰਗਤ ਇਕ ਕੰਮ ਕਰੇ, ਬਈ ਜਿਹੜੇ ਵੀ ਅਹੁਦੇਦਾਰ ਹੋਣਗੇ ਜਿਵੇਂ ਪ੍ਰਧਾਨ, ਸੈਕਟਰੀ, ਖਜ਼ਾਨਚੀ, ਸਾਰੇ ਗੁਰੂ ਘਰ ਦੀ ਸੇਵਾ ਕਰਨ, ਗਾਰਬੇਜ ਚੁੱਕਣ, ਟਾਇਲਟਾਂ ਸਾਫ ਕਰਨ, ਵਾਸ਼ਰੂਮ, ਲੰਗਰ ਹਾਲ ਤੇ ਰਸੋਈ ਨੂੰ ਸਾਫ ਕਰਨ। ਫਿਰ ਦੇਖਿਓ ਅਸਲੀ ਸੇਵਾਦਾਰ ਹੀ ਟਿਕਣਗੇ, ਨਕਲੀ ਕਈ ਬਹਾਨੇ ਬਣਾਉਣਗੇ, ਬਈ ਅਸੀਂ ਨਹੀਂ ਸੇਵਾ ਲੈਣੀ।”
ਸਾਰੇ ਕਾਮਰੇਡ ਦੀ ਰਾਏ ਸੁਣ ਕੇ ਸੀਰੀਅਸ ਹੋ ਗਏ ਤੇ ਸਰਦਾਰਾ ਸਿੰਘ ਦੇ ਮੂੰਹੋਂ ਸੁਭਾਵਿਕ ਨਿਕਲ ਗਿਆ, “ਮਿੱਤਰੋ ਬਿੱਲੀ ਗਲ ਟੱਲੀ ਕੌਣ ਬੰਨੂ?”