ਜਿਹੜੇ ਲੱਗਣ ਨਾ ਦਿੰਦੇ ‘ਵਾ ਤੱਤੀ…

ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
ਮੀਤੋ ਨੇ ਪੁੱਤਰ ਨੂੰ ਜਨਮ ਦਿੰਦਿਆਂ ਕਿਹਾ, “ਦਲੀਪੋ ਭੈਣ, ਮੇਰੇ ਬਿਰਜੂ ਦਾ ਖਿਆਲ ਰੱਖੀਂ, ਪੁੱਤ ਦਾ ਸੁੱਖ ਸ਼ਾਇਦ ਮੇਰੇ ਕਰਮਾਂ ‘ਚ ਨਹੀਂ। ਮੈਂ ਪੁੱਤ ਨੂੰ ਠੰਢੀਆਂ ਛਾਂਵਾਂ ਨਾ ਕਰ ਸਕਾਂ, ਪਰ ਤੂੰ ਇਸ ਨੂੰ ਤੱਤੀ ‘ਵਾ ਨਾ ਲੱਗਣ ਦੇਈਂ। ਇਹ ਤੇਰੀਆਂ ਦੋਵਾਂ ਧੀਆਂ ਦਾ ਵੀਰ ਬਣ ਕੇ ਬਹੁੜਿਆ ਹੈ।”

“ਮੀਤੋ ਭੈਣ, ਤੈਨੂੰ ਕੁਝ ਨਹੀਂ ਹੁੰਦਾ। ਫਿਕਰ ਨਾ ਕਰ, ਅਸੀਂ ਤੈਨੂੰ ਮਰਨ ਨਹੀਂ ਦਿੰਦੇ।” ਪਰ ਮੀਤੋ ਨੇ ਦਲੀਪੋ ਤੋਂ ‘ਹਾਂ’ ਕਰਵਾ ਕੇ ਧੁਰ ਦੀ ਟਿਕਟ ਲੈ ਲਈ। ਪਤਾ ਨਹੀਂ ਡਾਕਟਰਾਂ ਜਾਂ ਨਰਸਾਂ ਦੀ ਅਣਗਹਿਲੀ ਸੀ, ਜਾਂ ਫਿਰ ਮੀਤੋ ਦੇ ਸਾਹ ਹੀ ਇੰਨੇ ਸਨ। ਉਹ ਪੁੱਤ ਦਾ ਮੂੰਹ ਵੀ ਨਾ ਦੇਖ ਸਕੀ।
ਵਰਿਆਮ ਸਿੰਘ ਦੇ ਦੋ ਪੁੱਤ ਸਨ-ਵੱਡਾ ਹਰਨੇਕ ਸਿੰਘ ਤੇ ਛੋਟਾ ਦੇਵ। ਹਰਨੇਕ ਦਾ ਵਿਆਹ ਹੋ ਗਿਆ, ਪਰ ਦੇਵ ਨੂੰ ਕੋਈ ਰਿਸ਼ਤਾ ਨਹੀਂ ਆਇਆ। ਉਸ ਦੀ ਬੋਲੀ ਬੜੀ ਰੁੱਖੀ ਸੀ ਤੇ ਕਿਸੇ ਨਾਲ ਮੇਲ-ਮਿਲਾਪ ਵੀ ਬਹੁਤਾ ਨਹੀਂ ਸੀ। ਉਂਜ ਦਿਲ ਦਾ ਭਲਾ ਬੰਦਾ ਸੀ। ਵਿਆਹ ਵਾਲੀ ਵੱਤ ਲੰਘਣ ਲੱਗੀ ਤਾਂ ਵਰਿਆਮ ਸਿੰਘ ਨੇ ਵੱਡੀ ਨੂੰਹ ਦਲੀਪੋ ਨੂੰ ਕਿਹਾ, “ਦਲੀਪ ਕੁਰੇ, ਦੇਵ ਲਈ ਆਪਣੀ ਛੋਟੀ ਭੈਣ ਮੀਤੋ ਦਾ ਰਿਸ਼ਤਾ ਲੈ ਆ, ਦੋਵੇਂ ਭੈਣਾਂ ਮੌਜਾਂ ਕਰਨਗੀਆਂ। ਰਲ-ਮਿਲ ਸਮਾਂ ਕੱਢ ਲੈਣਗੀਆਂ। ਜੇ ਕੋਈ ਹੋਰ ਬਿਗਾਨੀ ਆ ਗਈ, ਕੀ ਪਤਾ ਆਉਂਦੀ ਹੀ ਵਿਹੜੇ ਕੰਧ ਕਢਵਾ ਦੇਵੇ।”
“ਕੋਈ ਨਾ ਬਾਪੂ ਜੀ, ਅਸੀਂ ਜਾ ਕੇ ਬੇਬੇ ਬਾਪੂ ਨਾਲ ਗੱਲ ਤੋਰ ਕੇ ਦੇਖ ਲਵਾਂਗੇ।” ਦਲੀਪੋ ਨੇ ਸਹੁਰੇ ਨੂੰ ਹਲੀਮੀ ਨਾਲ ਉਤਰ ਦਿਤਾ।
ਚੜ੍ਹੇ ਫੱਗਣ ਮਹੀਨੇ ਦਲੀਪੋ ਹਰਨੇਕ ਨੂੰ ਨਾਲ ਲੈ ਕੇ ਪੇਕੇ ਜਾ ਪਹੁੰਚੀ। ਆਪਣੇ ਬੇਬੇ ਬਾਪੂ ਤੋਂ ਮੀਤੋ ਦਾ ਹੱਥ ਮੰਗ ਲਿਆ ਤੇ ਆਣ ਕੇ ਰੁਪਿਆ ਸਹੁਰੇ ਦੀ ਤਲੀ ਉਤੇ ਰੱਖ ਦਿਤਾ।
“ਬਾਪੂ ਜੀ! ਕਰਲੋ ਵਿਆਹ ਦੀ ਤਿਆਰੀ।” ਦੇਵ ਹੁਣ ਦਿਉਰ ਤੋਂ ਜੀਜਾ ਬਣ ਗਿਆ। ਵਰਿਆਮ ਸਿੰਘ ਤੋਂ ਚਾਅ ਚੁੱਕ ਨਾ ਹੋਵੇ। ਵਿਹੜੇ ਵਿਚ ਖੁਸ਼ੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ। ਬੜੇ ਸਾਦੇ ਢੰਗ ਨਾਲ ਦੇਵ ਦਾ ਮੰਗਣਾ ਕਰ ਦਿਤਾ। ਵਿਆਹ ਅਗਲੇ ਸਾਲ ਫੱਗਣ ਦਾ ਰੱਖ ਦਿਤਾ। ਮੰਗਣੇ ਪਿਛੋਂ ਦੇਵ ਦੇ ਸੁਭਾਅ ‘ਚ ਹਲੀਮੀ ਆਉਣ ਲੱਗੀ। ਉਹ ਸਭ ਨੂੰ ਹੱਸ ਕੇ ਬੁਲਾਉਣ ਲੱਗਾ। ਹਰਨੇਕ ਨੇ ਵੀ ਛੋਟੇ ਭਰਾ ਲਈ ਨਵੀਂ ਬੈਠਕ ਬਣਾਉਣੀ ਸ਼ੁਰੂ ਕਰ ਦਿਤੀ। ਮੱਕੀ ਤੇ ਕਪਾਹ ਦੀ ਫਸਲ ਚੰਗੀ ਹੋ ਗਈ ਸੀ। ਵਰਿਆਮ ਸਿੰਘ ਕਪਾਹ ਵੇਚਣ ਜਗਰਾਉਂ ਨੂੰ ਰੇੜ੍ਹੀ ਜੋੜ ਰਿਹਾ ਸੀ ਕਿ ਦੇਵ ਨੇ ਤਰਲਾ ਕੀਤਾ, “ਬਾਪੂ ਜੀ! ਮੈਂ ਵੀ ਚੱਲਦਾਂ ਨਾਲ, ਸਾਈਕਲ ‘ਤੇ ਪਿੱਛੇ-ਪਿੱਛੇ। ਕੋਈ ਪੰਡ ਨਾ ਖਿਸਕੇ, ਧਿਆਨ ਰੱਖੂੰ।” ਬਾਪੂ ਨੇ ਹਾਂ ਕਰ ਦਿਤੀ।
ਦੇਵ ਨੇ ਦਾੜ੍ਹੀ ਦੇ ਖਤ ਪਹਿਲਾਂ ਹੀ ਕਢਵਾਏ ਹੋਏ ਸੀ, ਚਾਦਰਾ ਤੇ ਕੁੜਤਾ ਪਾਇਆ, ਪੱਗ ਝੋਲੇ ਵਿਚ ਪਾ ਸਾਈਕਲ ਦੇ ਹੈਂਡਲ ਨਾਲ ਬੰਨ੍ਹ ਦਿਤੀ। ਜਗਰਾਵੀਂ ਪੰਡਾਂ ਲੁਹਾ ਕੇ, ਤੇ ਬਾਪੂ ਨੂੰ ਕੋਲ ਬਿਠਾ ਕੇ ਉਹ ਲਾਗੇ ਆਪਣੇ ਸਹੁਰਿਆਂ ਦੇ ਪਿੰਡ ਜਾ ਪਹੁੰਚਿਆ। ਦੇਵ ਦੇ ਸਹੁਰਿਆਂ ਦਾ ਖੇਤ ਸੂਏ ਤੋਂ ਹੀ ਦਿਸ ਪੈਂਦਾ ਸੀ। ਦੇਵ ਨੇ ਦੇਖਿਆ ਕਿ ਸਾਰਾ ਟੱਬਰ ਕਪਾਹ ਦੀ ਪਿਛਲੀ ਵਾਰੀ ਚੁਗ ਰਿਹਾ ਹੈ ਤੇ ਮੀਤੋ ਘਰੇ ਇਕੱਲੀ ਹੋਵੇਗੀ। ਉਸ ਨੇ ਪਾਣੀ ਦਾ ਸ਼ੀਸ਼ਾ ਬਣਾ ਕੇ ਪੱਗ ਬੰਨ੍ਹ ਲਈ। ਸਹੁਰਿਆਂ ਦੇ ਘਰ ਮੂਹਰੇ ਦੀ ਦੋ ਵਾਰ ਲੰਘਿਆ, ਤੇ ਅੰਦਰ ਜਾ ਵੜਿਆ। ਮੀਤੋ ਸ਼ਾਮ ਦੀ ਚਾਹ ਬਣਾਉਣ ਲੱਗੀ ਸੀ। ਉਹ ਦੇਵ ਨੂੰ ਦੇਖ ਕੇ ਬੋਲੀ, “ਵੇ ਦੇਵ ਤੂੰ!”
“ਤੂੰ ਨਹੀਂ ਕਮਲੀਏæææ ਤੁਸੀਂ। ਹੁਣ ਮੈਂ ਤੁਹਾਡਾ ਹੋਣ ਵਾਲਾ ਪਤੀ ਹਾਂ।” ਇਹ ਕਹਿੰਦਿਆਂ ਦੇਵ ਨੇ ਮੀਤੋ ਨੂੰ ਗਲਵੱਕੜੀ ਪਾ ਲਈ।
“ਵੇ ਆਹ ਕੀ ਕਰਦਾਂ! ਅਜੇ ਸੌਦਾ ਤੈਅ ਹੋਇਐ, ਕਬਜ਼ਾ ਨਹੀਂ ਦਿਤਾ”, ਮੀਤੋ ਨੇ ਕਿਹਾ, “ਨਾ ਤੂੰ ਆਇਆ ਕੀ ਕਰਨ ਐਂ? ਕੁਆਰੇ ਨਾਤੇ ਸਹੁਰੀਂ ਨਹੀਂ ਆਈਦਾ, ਮਾੜਾ ਹੁੰਦੈ।”
“ਮੀਤੋ! ਮੈਂ ਤਾਂ ਤੇਰੇ ਦਰਸ਼ਨ ਕਰਨ ਆਇਆਂ। ਸਹੁੰ ਲੱਗੇ ਬਾਬੇ ਦੀ, ਜਿਦਣ ਦਾ ਮੂੰਹ ਛੁਹਾਰਾ ਪਿਆ, ਮੇਰਾ ਤਾਂ ਦਿਲ ਨਹੀਂ ਲੱਗਦਾ। ਤੂੰ ਬੇਸ਼ੱਕ ਅੱਜ ਹੀ ਨਾਲ ਚੱਲ ਪੈ।” ਦੇਵ ਨੇ ਮੀਤੋ ਦੀ ਬਾਂਹ ਫੜ ਕੇ ਹਿੱਕ ਨਾਲ ਲਾਉਂਦਿਆਂ ਕਿਹਾ।
“ਭੈਣ ਦੱਸਦੀ ਸੀ ਕਿ ਹੁਣ ਤਾਂ ਚੌਵੀ ਘੰਟੇ ਮੂੰਹ ਮਿਸ਼ਰੀ ਪਾਈ ਰੱਖਦੈਂ, ਨਹੀਂ ਤਾਂ ਪਹਿਲਾਂ ਕਰੇਲਿਆਂ ਦੇ ਬੀ ਚੱਬਦਾ ਰਹਿੰਦਾ ਸੀ।” ਮੀਤੋ ਨੇ ਦੇਵ ਦੀ ਬੋਲੀ ਵਿਚ ਆਏ ਫਰਕ ਬਾਰੇ ਦੱਸਦਿਆਂ ਗੱਲ ਹੋਰ ਪਾਸੇ ਟਾਲ ਦਿਤੀ।
ਦੇਵ ਨੇ ਮੀਤੋ ਨਾਲ ਪਿਆਰ ਦੀਆਂ ਹੋਰ ਗੱਲਾਂ ਕੀਤੀਆਂ ਤੇ ਚਾਹ ਪੀ ਕੇ ਤੁਰਨ ਲੱਗਿਆ ਲਿਫਾਫਾ ਕੱਢ ਕੇ ਕਹਿੰਦਾ, “ਮੀਤੋ, ਆ ਫੜ ਆਗਰੇ ਦਾ ਪੇਠਾ, ਜਗਰਾਵਾਂ ਤੋਂ ਲਿਆਇਆ ਸੀ ਤੇਰੇ ਲਈ।” ਮੀਤੋ ਨੇ ਇਕ ਪੀਸ ਦੇਵ ਦੇ ਮੂੰਹ ਪਾ ਦਿਤਾ ਤੇ ਦੇਵ ਨੇ ਮੀਤੋ ਦੇ ਮੂੰਹ ‘ਚ ਪਾਉਂਦਿਆਂ ਉਸ ਦੀ ਗੱਲ੍ਹ ਵੀ ਜੂਠੀ ਕਰ ਦਿਤੀ। ਉਹ ਸ਼ਰਮ ਨਾਲ ਅੰਦਰ ਵੜ ਗਈ ਤੇ ਦੇਵ ਨੇ ਪੈਡਲ ਮਾਰਨੇ ਸ਼ੁਰੂ ਕਰ ਦਿਤੇ। ਬਾਪੂ ਕਹਿੰਦਾ, ਤੂੰ ਕਿਥੇ ਤੁਰ ਗਿਆ ਸੀ। ਕਹਿੰਦਾ, ਸ਼ਹਿਰੋਂ ਸਾਈਕਲ ਗਰੀਸ ਕਰਵਾ ਕੇ ਲਿਆਇਆਂ। ਦੇਵ ਦੇ ਖਿੜੇ ਚਿਹਰੇ ਨੂੰ ਦੇਖ ਕੇ ਬਾਪੂ ਨੇ ਕਿਹਾ, “ਮੈਨੂੰ ਸਭ ਪਤੈæææ।”
ਫਿਰ ਚੜ੍ਹਦੇ ਫੱਗਣ ਦੇਵ ਤੇ ਮੀਤੋ ਦਾ ਵਿਆਹ ਹੋ ਗਿਆ। ਮੀਤੋ ਨੂੰ ਸਹੁਰਾ ਘਰ ਬਿਲਕੁਲ ਓਪਰਾ ਨਾ ਲੱਗਾ। ਮੰਗਣੇ ਤੋਂ ਪਹਿਲਾਂ ਉਹ ਕਈ-ਕਈ ਦਿਨ ਦਲੀਪੋ ਕੋਲ ਲਾ ਜਾਂਦੀ ਸੀ। ਦੋਵਾਂ ਭੈਣਾਂ ਨੇ ਘਰ ਦਾ ਕੰਮ ਚੁੱਕ ਲਿਆ। ਹਰਨੇਕ ਤੇ ਦੇਵ ਖੇਤਾਂ ਵਿਚ ਕੰਮ ਕਰਦੇ।
ਦਲੀਪੋ ਦਾ ਪੈਰ ਭਾਰਾ ਹੋ ਗਿਆ। ਉਸ ਦੇ ਪਹਿਲਾਂ ਇਕ ਧੀ ਸੀ। ਇਕ ਧੀ ਹੋਰ ਹੋ ਗਈ। ਦੋ-ਚਾਰ ਦਿਨ ਉਦਾਸੀ ਪਿਛੋਂ ਦਲੀਪੋ ਨੇ ਫਿਰ ਕੰਮ ਨੂੰ ਹੱਥ ਪਾ ਲਿਆ। ਦਲੀਪੋ ਦੀ ਧੀ ਅਜੇ ਸਾਲ ਦੀ ਹੋਈ ਸੀ ਜਦੋਂ ਮੀਤੋ ਨੇ ਦਲੀਪੋ ਨੂੰ ਕਿਹਾ ਸੀ, “ਭੈਣ ਜੀ! ਵੀਹ ਦਿਨ ਟੱਪ ਗਏ।” ਦਲੀਪੋ ਨੇ ਅਰਦਾਸਾਂ ਕੀਤੀਆਂ, ਮੇਰੀ ਭੈਣ ਨੂੰ ਪੁੱਤ ਦੀ ਦਾਤ ਬਖ਼ਸ਼ ਦੇਈਂ। ਸਾਡੇ ਵਿਹੜੇ ਵੀ ਚਿਰਾਗ ਬਲ ਪਵੇ। ਨਹੀਂ ਤਾਂ ਲੋਕਾਂ ਨੇ ਤਾਅਨੇ ਮਾਰਨੇ ਕਿ ਪੱਥਰ ਹੀ ਜੰਮਦੀਆਂ ਨੇ ਦੋਵੇਂ ਭੈਣਾਂ।
ਸਮਾਂ ਲੰਘਿਆ, ਮੀਤੋ ਨੂੰ ਜਣੇਪੇ ਦੀਆਂ ਪੀੜਾਂ ਉਠੀਆਂ। ਉਸ ਨੂੰ ਹਸਪਤਾਲ ਲੈ ਗਏ ਜਿਥੇ ਮੀਤੋ ਪੁੱਤ ਜੰਮ ਕੇ ਸਦਾ ਦੀ ਨੀਂਦ ਸੌਂ ਗਈ।
ਦੇਵ ਦੀ ਦੁਨੀਆਂ ਵੱਸ ਕੇ ਉਜੜ ਗਈ ਸੀ। ਉਹ ਹੁਣ ਪਹਿਲਾਂ ਵਾਲਾ ਦੇਵ ਬਣ ਗਿਆ। ਮੀਤੋ ਦਾ ਭੋਗ ਪਾ ਦਿਤਾ। ਦਲੀਪੋ ਨੇ ਆਪਣਾ ਪੁੱਤ ਵਰਗਾ ਭਾਣਜਾ ਹਿੱਕ ਨਾਲ ਲਾ ਲਿਆ। ਪਤਾ ਨਹੀਂ ਕੀ ਕਰੋਪੀ ਹੋਈ, ਉਸ ਦੀ ਇਕ ਲੱਤ ਸੁੱਕਣ ਲੱਗ ਪਈ। ਇਲਾਜ ਕਰਵਾਇਆ, ਜਦੋਂ ਤੁਰਨ ਲੱਗਾ ਤਾਂ ਲੰਗ ਮਾਰ ਕੇ ਤੁਰਦਾ। ਦਲੀਪੋ ਨੂੰ ਪੁੱਤ ਦੀ ਘਾਟ ਘੱਟ ਮਹਿਸੂਸ ਹੁੰਦੀ, ਪਰ ਭੈਣ ਦੀ ਘਾਟ ਜ਼ਿਆਦਾ ਰੜਕਦੀ ਰਹਿੰਦੀ। ਦੇਵ ਤਾਂ ਹੁਣ ਜ਼ਿਆਦਾ ਸਮਾਂ ਖੇਤ ਹੀ ਰਹਿੰਦਾ। ਵਰਿਆਮ ਸਿੰਘ ਵੀ ਮੀਤੋ ਦੀ ਮੌਤ ਪਿਛੋਂ ਬਹੁਤ ਸਮਾਂ ਸੱਥ ਵਿਚ ਬੈਠਾ ਰਹਿੰਦਾ। ਮੀਤੋ ਦੀ ਮੌਤ ਨੇ ਸਾਰਾ ਪਰਿਵਾਰ ਜਿਵੇਂ ਬਿਖੇਰ ਦਿਤਾ ਹੋਵੇ।
ਬਿਰਜੂ ਸਕੂਲ ਜਾਣ ਲੱਗਾ। ਦਲੀਪੋ ਨੇ ਪੁੱਤ ਦੀ ਤਮੰਨਾ ਨਾਲ ਇਕ ਹੋਰ ਧੀ ਨੂੰ ਜਨਮ ਦਿਤਾ। ਹਰਨੇਕ ਨੇ ਵੀ ਹੁਣ ਰੱਬ ਦੀ ਰਜ਼ਾ ਮੰਨ ਲਈ ਕਿ ਧੀਆਂ ਵੀ ਪੁੱਤਾਂ ਬਰਾਬਰ ਹੁੰਦੀਆਂ ਹਨ।
ਦੇਵ ਪਿੰਡ ਛੱਡ ਕੇ ਨਿਹੰਗ ਸਿੰਘਾਂ ਨਾਲ ਰਲ ਗਿਆ। ਉਹ ਹੁਣ ਘਰੇ ਸਾਲ ਛਿਮਾਹੀ ਹੀ ਆਉਂਦਾ। ਵਰਿਆਮ ਸਿੰਘ ਰੱਬ ਨੂੰ ਪਿਆਰਾ ਹੋ ਗਿਆ। ਬਿਰਜੂ ਛੇ ਜਮਾਤਾਂ ਪੜ੍ਹ ਕੇ ਮੱਝਾਂ ਚਾਰਨ ਲੱਗਾ। ਉਹ ਪਿੰਡ ਦੇ ਸੂਏ ਉਤੇ ਮੱਝਾਂ ਛੱਡ ਲੈਂਦਾ ਤੇ ਸ਼ਾਮ ਨੂੰ ਧਾਰਾਂ ਵੇਲੇ ਲੈ ਆਉਂਦਾ। ਉਸ ਦੀ ਆਵਾਜ਼ ਵਿਚ ਐਨੀ ਮਿਠਾਸ ਸੀ ਕਿ ਜਦੋਂ ਉਹ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਕਵਿਤਾ ਦੇ ਰੂਪ ਵਿਚ ਸੁਣਾਉਂਦਾ ਤਾਂ ਲੋਕ ਰੁਪਈਆਂ ਦਾ ਮੀਂਹ ਵਰਸਾ ਦਿੰਦੇ। ਹੌਲੀ-ਹੌਲੀ ਉਸ ਨੂੰ ਕੀਰਤਨ ਸਿੱਖਣ ਦੀ ਮਨਸ਼ਾ ਜਾਗੀ। ਉਹ ਗੁਰਦੁਆਰੇ ਕੀਰਤਨ ਸਿੱਖਣ ਲੱਗਾ। ਫਿਰ ਕੀ ਸੀ! ਵਾਜੇ ਤੇ ਰਾਗਾਂ ਵਿਚ ਜਦੋਂ ਕਵਿਤਾ ਪੜ੍ਹਦਾ ਤਾਂ ਲੋਕੀਂ ਉਸ ਨੂੰ ਰੁਪਈਆਂ ਨਾਲ ਲੱਦ ਦਿੰਦੇ। ਉਸ ਦੇ ਅੰਦਰਲੇ ਦਰਦ ਨੂੰ ਮਹਾਂਪੁਰਸ਼ਾਂ ਨੇ ਪਛਾਣ ਲਿਆ ਤੇ ਉਸ ਨੂੰ ਆਪਣੇ ਜਥੇ ‘ਚ ਲੈ ਆਏ। ਹੌਲੀ-ਹੌਲੀ ਉਹ ਸਿੰਗਾਪੁਰ, ਇੰਗਲੈਂਡ, ਕੈਨੇਡਾ, ਮਹਾਂਪੁਰਸ਼ਾਂ ਨਾਲ ਕੀਰਤਨ ਕਰਨ ਜਾਣ ਲੱਗਾ। ਇਕ ਵਾਰੀ ਉਹ ਅਮਰੀਕਾ ਜਥੇ ਨਾਲ ਆਇਆ ਤੇ ਕੀਰਤਨ ਕਰਦੇ ਨੇ ਸ਼ਬਦ ਪੜ੍ਹਿਆ, ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ॥ ਸ਼ਬਦ ਵਿਚ ਐਨਾ ਦਰਦ ਤੇ ਮਿਠਾਸ ਸੀ ਕਿ ਸੰਗਤ ਵਿਚ ਬੈਠੀ ਇਕ ਲੜਕੀ ਉਸ ਦੀ ਦੀਵਾਨੀ ਹੋ ਗਈ। ਬਾਹਰ ਜਾ ਕੇ ਉਹ ਬਿਰਜੂ ਨੂੰ ਮਿਲੀ ਤੇ ਆਪਣੇ ਘਰਦਿਆਂ ਦੀ ਗੱਲ ਕਰਾਈ। ਬਿਰਜੂ ਨੇ ਆਪਣੀ ਸੁੱਕੀ ਲੱਤ ਵੱਲ ਵੀ ਇਸ਼ਾਰਾ ਕੀਤਾ, ਪਰ ਉਹ ਲੜਕੀ ਨਾ ਡੋਲੀ। ਬਿਰਜੂ ਦਾ ਵਿਆਹ ਉਸ ਲੜਕੀ ਨਾਲ ਹੋ ਗਿਆ ਜੋ ਚੰਗੀ ਨੌਕਰੀ ਕਰਦੀ ਸੀ।
ਬਿਰਜੂ ਨੇ ਮਹਾਂਪੁਰਸ਼ਾਂ ਨਾਲ ਇੰਡੀਆ ਨੂੰ ਮੁੜਨਾ ਚਾਹਿਆ ਤਾਂ ਉਨ੍ਹਾਂ ਕਿਹਾ, “ਬਿਰਜੂ ਸਿਆਂ, ਤੇਰੀ ਮੰਜ਼ਿਲ ਮਿਲ ਗਈ ਹੈ। ਤੂੰ ਇਥੇ ਹੀ ਰਹਿ ਕੇ ਸੰਗਤ ਨੂੰ ਗੁਰੂ ਨਾਲ ਜੁੜਨ ਦਾ ਹੋਕਾ ਦੇ। ਅੰਮ੍ਰਿਤਧਾਰੀ ਹੋ ਕੇ ਗੁਰੂ ਦਾ ਸੱਚਾ ਸਿੰਘ ਬਣ ਜਾ।” ਬਿਰਜੂ ਨੇ ਆਪਣੀ ਘਰਵਾਲੀ ਸਣੇ ਅੰਮ੍ਰਿਤ ਛਕ ਲਿਆ ਤੇ ਅਮਰੀਕਾ ਹੀ ਰਹਿ ਪਿਆ।
ਦਲੀਪੋ ਨੇ ਅਜੇ ਆਪਣੀ ਵੱਡੀ ਧੀ ਹੀ ਵਿਆਹੀ ਸੀ। ਦੋ ਛੋਟੀਆਂ ਅਜੇ ਰਹਿੰਦੀਆਂ ਸਨ। ਬਿਰਜੂ ਨੇ ਚੰਗੇ ਘਰ ਦੇ ਮੁੰਡੇ ਵੇਖ ਕੇ ਉਨ੍ਹਾਂ ਦੋਵਾਂ ਦਾ ਵੀ ਵਿਆਹ ਕਰ ਦਿਤਾ। ਬਿਰਜੂ ਆਪ ਨੌਕਰੀ ਕਰਨ ਲੱਗਾ, ਵਧੀਆ ਘਰ ਲੈ ਲਿਆ। ਹੁਣ ਬਿਰਜੂ ਆਪਣੇ ਪਿਤਾ ਦੇਵ ਨੂੰ ਅਮਰੀਕਾ ਲਿਆਉਣਾ ਚਾਹੁੰਦਾ ਸੀ। ਉਹ ਦੋ ਮਹੀਨੇ ਲਈ ਇੰਡੀਆ ਚਲਾ ਗਿਆ। ਆਪਣੇ ਪਿਤਾ ਨੂੰ ਉਸ ਨੇ ਸਾਬੋ ਕੀ ਤਲਵੰਡੀ ਤੋਂ ਲੱਭ ਲਿਆ। ਪਹਿਲਾਂ ਤਾਂ ਉਹ ਆਉਣ ਲਈ ਮੰਨਿਆ ਨਾ, ਪਰ ਬਿਰਜੂ ਜਥੇਦਾਰ ਤੋਂ ਪ੍ਰਵਾਨਗੀ ਲੈ ਕੇ ਉਸ ਨੂੰ ਵਾਪਸ ਘਰ ਲੈ ਆਇਆ। ਘਰ ਮੁੜ ਖੁਸ਼ੀਆਂ ਨੇ ਫੇਰਾ ਪਾਇਆ। ਬਿਰਜੂ ਆਪਣੇ ਤਾਏ ਹਰਨੇਕ ਅਤੇ ਤਾਈ ਦਲੀਪੋ ਨੂੰ ਵੀ ਅਮਰੀਕਾ ਲੈ ਆਇਆ। ਤਾਏ ਹਰਨੇਕ ਦੇ ਕਹਿਣ ਉਤੇ ਪਿੰਡ ਕੋਠੀ ਪਾ ਦਿਤੀ। ਹੁਣ ਤਾਇਆ ਅਤੇ ਤਾਈ ਪਿੰਡ ਰਹਿੰਦੇ ਹਨ। ਪਿਤਾ ਦੇਵ ਉਸ ਕੋਲ ਅਮਰੀਕਾ ਰਹਿੰਦਾ ਹੈ। ਬਿਰਜੂ ਦੇ ਦੋ ਪੁੱਤ ਹਨ ਤੇ ਸਾਰਾ ਪਰਿਵਾਰ ਖੁਸ਼ ਹੈ।
ਇਕ ਦਿਨ ਦਲੀਪੋ ਬਿਰਜੂ ਨੂੰ ਕਹਿਣ ਲੱਗੀ, “ਬਿਰਜੂ! ਤੇਰਾ ਨਾਂ ਤੇਰੀ ਮਾਂ ਨੇ ਪਹਿਲਾਂ ਹੀ ਰੱਖ ਲਿਆ ਸੀ। ਸਾਡੇ ਵਡੇਰਿਆਂ ਵਿਚ ਇਥੇ ਬਿਰਜੂ ਸੰਤ ਹੋਇਆ ਸੀ। ਤੇਰੀ ਮਾਂ ਤਾਂ ਮੈਨੂੰ ਕਹਿ ਗਈ ਸੀ ਕਿ ਬਿਰਜੂ ਨੂੰ ਤੱਤੀ ‘ਵਾ ਨਾ ਲੱਗਣ ਦੇਈਂ, ਪਰ ਪੁੱਤਰਾ! ਤੈਂ ਮੈਨੂੰ ਤੱਤੀ ‘ਵਾ ਨਹੀਂ ਲੱਗਣ ਦਿਤੀ। ਤੇਰੇ ਵਰਗੇ ਪੁੱਤ ਤਾਂ ਘਰ-ਘਰ ਜੰਮਣ ਮਾਂਵਾਂ। ਰੱਬ ਰਾਖਾ!