ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦਾ ਚਾਰ ਰੋਜ਼ਾ ਨਾਟ ਉਤਸਵ ਜੀਵਨ ਦੀਆਂ ਸਾਰੀਆਂ ਤੰਦਾਂ ਝੰਜੋੜਨ ਵਾਲਾ ਸੀ। ਪਹਿਲੇ ਦਿਨ ਕਲਕੱਤਾ ਦੀ ਟੋਲੀ ਨੇ ‘ਬਦਨਾਮ ਮੰਟੋ’ ਵਿਚ ਤਿੰਨ ਕਹਾਣੀਆਂ ‘ਕਾਲੀ ਸਲਵਾਰ’, ‘ਲਾਈਸੈਂਸ’ ਤੇ ‘ਹੱਤਕ’ ਨੂੰ ਦਰਸ਼ਕਾਂ ਸਾਹਮਣੇ ਇੰਜ ਪੇਸ਼ ਕੀਤਾ ਜਿਵੇਂ ਉਹ ਅਜੋਕੀਆਂ ਘਟਨਾਵਾਂ ਹੋਣ। ਇਥੇ ਸਆਦਤ ਹਸਨ ਮੰਟੋ ਵੇਸਵਾਗਮਨੀ ਜਾਂ ਇਸ ਨਾਲ ਮਿਲਦੇ-ਜੁਲਦੇ ਧੰਦੇ ਦਾ ਸ਼ਿਕਾਰ ਹੋਈਆਂ ਔਰਤਾਂ ਦਾ ਕਲਾਤਮਕ ਢੰਗ ਨਾਲ ਡਟ ਕੇ ਪੱਖ ਪੂਰਦਾ ਹੈ।
ਸੁਲਤਾਨਾ ਆਪਣਾ ਧੰਦਾ ਅੰਬਾਲਾ ਤੋਂ ਦਿੱਲੀ ਲੈ ਜਾਂਦੀ ਹੈ ਤਾਂ ਗਾਹਕ ਹੀ ਨਹੀਂ ਦਲਾਲ ਵੀ ਧੋਖਾ ਦਿੰਦਾ ਹੈ। ਇਨਾਇਤ ਆਪਣੇ ਤਾਂਗੇ ਵਾਲੇ ਪਤੀ ਦੀ ਮੌਤ ਪਿੱਛੋਂ ਮਜਬੂਰ ਹੋ ਕੇ ਉਹਦਾ ਤਾਂਗਾ ਖੁਦ ਚਲਾਉਣ ਲਗਦੀ ਹੈ ਤਾਂ ਪੁਲਸੀਏ ਉਸ ਨੂੰ ਲਾਈਸੈਂਸ ਤੋਂ ਬਿਨਾ ਤਾਂਗਾ ਚਲਾਉਣ ਉਤੇ ਏਨਾ ਪ੍ਰੇਸ਼ਾਨ ਕਰਦੇ ਹਨ ਕਿ ਉਹ ਵੇਸਵਾਵਾਂ ਵਰਗਾ ਜੀਵਨ ਜਿਉਣ ਲਈ ਮਜਬੂਰ ਹੋ ਜਾਂਦੀ ਹੈ। ਸੁਗੰਧੀ ਨਾਂ ਦੀ ਵੇਸਵਾ ਨੂੰ ਜਦੋਂ ਅਮੀਰ ਗਾਹਕ ਠੁਕਰਾਉਂਦਾ ਹੈ ਤਾਂ ਉਹ ਆਪਣੀ ਹੱਤਕ ਧੋਣ ਲਈ ਆਪਣੇ ਪਾਲਤੂ ਕੁੱਤੇ ਨੂੰ ਆਪਣੀ ਬੁੱਕਲ ਵਿਚ ਸੁਆ ਕੇ ਆਪਣਾ ਅਪਮਾਨ ਧੋ ਲੈਂਦੀ ਹੈ।
ਦੂਜੇ ਦਿਨ ਭੂਪਾਲ ਦੀ ਸਭਿਆਚਾਰਕ ਸੰਸਥਾ ਨਾਂ ਦੀ ਟੋਲੀ ‘ਪਲੀਜ਼ ਮਤ ਜਾਓ’ ਨਾਂ ਦੇ ਨਾਟਕ ਵਿਚ ਔਰਤ ਦੀ ਆਸ਼ਾ, ਨਿਰਾਸ਼ਾ ਤੇ ਸੰਤਾਪ ਦਾ ਟਾਕਰਾ ਮਰਦ ਵਲੋਂ ਆਦਰਸ਼ਕ ਤੇ ਰਵਾਇਤੀ ਕਦਰਾਂ-ਕੀਮਤਾਂ ਨੂੰ ਲਾਂਭੇ ਰਖ ਕੇ ਆਪਣੀ ਐਸ਼ ਇਸ਼ਰਤ ਨੂੰ ਪਹਿਲ ਦੇਣ ਨਾਲ ਪੇਸ਼ ਕਰਦੀ ਹੈ। ਮਰਦ ਦੀ ਰਹਿ ਚੁੱਕੀ ਸਾਥਣ ਤੇ ਵਰਤਮਾਨ ਪ੍ਰੇਮਿਕਾ ਉਸ ਦੇ ਤੁਰ ਜਾਣ ਦੇ ਡਰੋਂ ਕਿੰਨੀਆਂ ਬੇਬਸ ਤੇ ਲਾਚਾਰ ਵਿਖਾਈਆਂ ਹਨ, ਉਨ੍ਹਾਂ ਦੀ ਅਦਾਕਾਰੀ ਦੀ ਸਿਖਰ ਹੈ ਸੀ। ਪਿਆਰ ਕੀ ਹੁੰਦਾ ਹੈ ਤੇ ਅੰਦਰਲੇ ਮਨੋਂ ਮਨੁੱਖ ਕਿਸ ਨੂੰ ਪਿਆਰ ਕਰਦਾ ਹੈ, ਦੀ ਪੇਸ਼ਕਾਰੀ ਤਣਾਓ ਨੂੰ ਟੀਸੀ ‘ਤੇ ਲੈ ਜਾਂਦੀ ਹੈ। ਕੁਝ ਇਸੇ ਤਰ੍ਹਾਂ ਦਾ ਵਿਸ਼ਾ ਲਖਨਊ ਦੀ Ḕਮੰਚਕ੍ਰਿਤੀḔ ਨਾਂ ਦੀ ਸੰਸਥਾ ਵਲੋਂ ਪੇਸ਼ ਕੀਤੇ ਨਾਟਕ ‘ਹਨੀਮੂਨ’ ਦਾ ਹੈ ਜਿਸ ਵਿਚ ਨਵਵਿਆਹੇ ਪਤੀ ਦਾ ਝੂਠ ਉਸ ਦੀ ਸੁੰਦਰ ਸਜੀਲੀ ਵਹੁਟੀ ਨੂੰ ਪਤੀ ਦੀ ਕੰਪਨੀ ਦੇ ਮੁਖੀ ਦੇ ਕਲਾਵੇ ਵਿਚ ਸੁੱਟ ਦਿੰਦਾ ਹੈ।
ਚੌਥਾ ਨਾਟਕ ‘ਇਫਾਕਤ’ ਭਾਰਤੀ ਇਤਿਹਾਸ ਦਾ ਦਰਦਨਾਕ ਕਾਂਡ ਹੈ। ਇਸ ਵਿਚ ਦਿੱਲੀ ਦੇ ਤੀਹ ਮੈਂਬਰੀ ਗਰੁਪ ਦੀ ਵੀਨਾ ਸ਼ਰਮਾ ਕੰਨੜ ਭਾਸ਼ਾ ਦੇ ਮਹਾਕਾਵਿ ‘ਗੁਨਪੁਨਾ’ ਨੂੰ ਹਿੰਦੀ ਭਾਸ਼ਾ ਵਿਚ ਢਾਲਦੀ ਹੈ। ਇਸ ਵਿਚ ਦਿੱਲੀ ਵਿਚ ਨਾਦਰਸ਼ਾਹੀ ਲੁੱਟ-ਖਸੁੱਟ ਤੇ ਕਤਲੇਆਮ ਏਨਾ ਘਿਨਾਉਣਾ ਹੈ ਕਿ ਨਾਦਰਸ਼ਾਹ ਆਪਣੀਆਂ ਕਰਤੂਤਾਂ ਦੇ ਭਾਰ ਥੱਲੇ ਮਾਨਸਿਕ ਰੋਗੀ ਹੋ ਜਾਂਦਾ ਹੈ। ਖੁਰਾਸਾਨ ਦੇ ਗਰੀਬ ਪਰਿਵਾਰ ਤੋਂ ਸਿਕੰਦਰ ਬਣੇ ਇਸ ਬਾਦਸ਼ਾਹ ਨੂੰ ਬੱਲੀਮਾਰਾਂ (ਦਿੱਲੀ) ਦੇ ਇੱਕ ਬਜ਼ੁਰਗ ਤਬੀਬ ਦੀ ਸ਼ਰਨ ਲੈਣੀ ਪੈਂਦੀ ਹੈ। ਨਾਟਕ ਦਾ ਉਰਦੂ ਵਾਰਤਾਲਾਪ ਤੇ ਮੁਗਲਈ ਪਹਿਰਾਵਾ ਦਰਸ਼ਕ ਨੂੰ ਤਿੰਨ ਸੌ ਸਾਲ ਪੁਰਾਣੀ ਦਿੱਲੀ ਦੇ ਦਰਸ਼ਨ ਕਰਵਾ ਦਿੰਦਾ ਹੈ।
ਇਨ੍ਹਾਂ ਨਾਟਕਾਂ ਦੀ ਵਧੀਆ ਪੇਸ਼ਕਾਰੀ ਸਿੱਧ ਕਰਦੀ ਹੈ ਕਿ ਨਾਟਕ ਇਕੋ ਇੱਕ ਵਿਧਾ ਹੈ ਜਿਸ ਵਿਚ ਕਵਿਤਾ, ਸੰਗੀਤ ਤੇ ਸਾਹਿਤ ਇੱਕ ਸੰਗਮ ਬਣ ਕੇ ਉਭਰਦੇ ਹਨ। ਉਤਸਵ ਨੂੰ ਵੇਖਣ ਵਾਲਿਆਂ ਵਿਚ ਪੰਜਾਬ ਦਾ ਰਾਜਪਾਲ ਵੀæਕੇæ ਸਿੰਘ ਬਦਨੌਰ, ਉਸ ਦੇ ਸਲਾਹਕਾਰ ਪਰੀਮਲ ਰਾਇ ਤੇ ਸਕਤਰ ਐਮæਪੀæ ਸਿੰਘ ਤੋਂ ਬਿਨਾ ਚੰਡੀਗੜ੍ਹ ਪ੍ਰਸ਼ਾਸਨ ਦਾ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ, ਸਭਿਆਚਾਰਕ ਵਿਭਾਗ ਦਾ ਡਾਇਰੈਕਟਰ, ਜਤਿੰਦਰ ਯਾਦਵ ਹੀ ਨਹੀਂ ਪੁਲਿਸ ਕਮਿਸ਼ਨਰ ਰਾਜਬੀਰ ਤੇ ਸੇਵਾ ਮੁਕਤ ਆਈæਏæਐਸ਼ ਅਫਸਰ ਐਨæਐਸ਼ ਰਤਨ ਵੀ ਸ਼ਾਮਲ ਸਨ।
ਇਨ੍ਹਾਂ ਨਾਟਕਾਂ ਦੀ ਵੱਡੀ ਖੂਬੀ ਦਰਸ਼ਕਾਂ ਨੂੰ ਸਾਹਿਤ, ਰਾਜਨੀਤੀ ਤੇ ਇਤਿਹਾਸ ਦੇ ਉਨ੍ਹਾਂ ਪੰਨਿਆਂ ਵਿਚ ਲੈ ਜਾਣਾ ਸੀ ਜਿਨ੍ਹਾਂ ਵਿਚ ਮੰਟੋ ਨੂੰ ਉਸ ਦੀ ਬੁਲੰਦ ਰਚਨਾਕਾਰੀ ਲਈ ਕਚਹਿਰੀਆਂ ਦੇ ਧੱਕੇ ਖਾਣੇ ਪਏ। ਚੇਤਨ ਦਰਸ਼ਕ ਇਹ ਸੋਚੇ ਬਿਨਾ ਨਹੀਂ ਰਹਿ ਸਕੇ ਕਿ ਨਾਦਰਸ਼ਾਹ ਵਲੋਂ ਲੁੱਟਿਆ ਕੋਹਿਨੂਰ ਹੀਰਾ ਅਹਿਮਦ ਸ਼ਾਹ ਦੁਰਾਨੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਹੱਥਾਂ ਵਿਚੋਂ ਲੰਘ ਕੇ ਰਾਜਨੀਤਕ ਪਲਟਿਆਂ ਸਦਕਾ ਕਿਵੇਂ ਮਲਿਕਾ ਐਲਿਜ਼ਬੈਥ ਦੇ ਮੁਕਟ ਵਿਚ ਜਾ ਲੱਗਾ। ਇਹ ਵੀ ਕਿ ਗੋਲਕੰਡਾ ਦੇ ਹਾਕਮ ਵਲੋਂ ਸ਼ਾਹ ਜਹਾਂ ਨੂੰ ਨਜ਼ਰ ਕੀਤੇ ਜਾਣ ਸਮੇਂ ਇਸ ਦਾ ਵਜ਼ਨ 319 ਰੱਤੀਆਂ ਸੀ ਤੇ ਉਸ ਤੋਂ ਪਿੱਛੋਂ ਦੀ ਘੜ-ਘੜਾਈ ਨੇ 107 ਰੱਤੀ ਕਰ ਛੱਡਿਆ ਹੈ। ਇਹ ਵੀ ਕਿ ਸ਼ਾਹ ਜਹਾਂ ਵਲੋਂ ਸੱਤ ਕਰੋੜ ਦਸ ਲੱਖ ਰੁਪਏ ਲਾ ਕੇ ਬਣਵਾਏ ਤਖਤ-ਏ-ਤਾਊਸ ਨੂੰ ਨਾਦਰਸ਼ਾਹ ਦੇ ਵਾਰਸਾਂ ਨੇ ਉਸ ਵਿਚ ਜੜੇ ਹੀਰੇ ਮੋਤੀਆਂ ਦੀ ਵੰਡ ਸਮੇਂ ਕਿਵੇਂ ਟੁਕੜੇ-ਟੁਕੜੇ ਕਰ ਛੱਡਿਆ ਸੀ।
ਯੂਨੀਵਰਸਟੀ ਸਟੂਡੈਂਟਸ ਕੌਂਸਲ ਦੀ ਧਰਮ-ਨਿਰਪੱਖਤਾ: ਇਸ ਵਾਰੀ ਪੰਜਾਬ ਯੂਨੀਵਰਸਟੀ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਵਿਚ ਸਿਆਸਤਦਾਨਾਂ ਦੇ ਥਾਪੜੇ ਵਾਲੇ ਉਮੀਦਵਾਰਾਂ ਦਾ ਹਾਰਨਾ ਬਹੁਤ ਚੰਗੀ ਗੱਲ ਹੈ। ਪੰਜਾਬ ਯੂਨੀਵਰਸਟੀ ਸਟੂਡੈਂਟਸ ਯੂਨੀਅਨ ਤੇ ਸਟੂਡੈਂਟਸ ਫਰੰਟ ਦਾ ਨਿਸ਼ਾਂਤ ਕੌਸ਼ਲ ਪ੍ਰਧਾਨ, ਅਵਨੀਤ ਕੌਰ ਮੀਤ ਪ੍ਰਧਾਨ, ਆਸ਼ਿਕ ਮੁਹੰਮਦ ਸਕੱਤਰ ਤੇ ਅਮਿਤ ਕੌਸ਼ਕ ਦੀ ਸੰਯੁਕਤ ਸਕੱਤਰ ਵਜੋਂ ਜਿੱਤ ਕਾਫੀ ਵੱਡੀ ਪ੍ਰਾਪਤੀ ਹੈ। ਚਾਰ ਸਾਲ ਤੋਂ ਖੁੱਡੇ ਲਾਈਨ ਲੱਗੀ ਵਿਦਿਆਰਥੀ ਜਥੇਬੰਦੀ ਨੇ ਸਿਆਸੀ ਥਾਪੜੇ ਵਾਲੀਆਂ ਜਥੇਬੰਦੀਆਂ ਨੂੰ ਹਰਾ ਕੇ ਹਰ ਇੱਕ ਨੂੰ ਹੈਰਾਨ ਕਰ ਛੱਡਿਆ ਹੈ। ਇਸ ਵਾਰ ਦੀਆਂ ਚੋਣਾਂ ਵਿਚ ਇੱਕ ਲਿੰਗਹੀਣ ਵਿਦਿਆਰਥੀ ਧਨੰਜੈ ਚੌਹਾਨ ਦੇ ਪ੍ਰਥਮ ਵੋਟਰ ਬਣਨ ਦਾ ਵੀ ਸਵਾਗਤ ਕਰਨਾ ਬਣਦਾ ਹੈ।
ਅੰਤਿਕਾ: ’84 ਤੋਂ ਲੈ ਕੇ’
(ਬਲਵਿੰਦਰ ਕੌਰ ਬਰਿਆਣਾ)
ਸੱਚ ਦੱਸਾਂ ਮੇਰਾ ਜ਼ਿਹਨ ਤਾਂ ਕਈ ਵਾਰ
ਬਾਗੀ ਹੋਇਆ ਹੈ ਇਸ ਵਤਨ ਤੋਂ, ਪਰ
ਇਸ ਤਨ ‘ਤੇ ਬਾਗੀ ਸਿਰਨਾਵੇਂ ਉਕਰੇ ਨਹੀਂ
ਉਹ ਮੇਰੇ ਜਿਸਮ ਦੀ ਕਮਜ਼ੋਰੀ ਸੀ ਜ਼ਿਹਨ ਦੀ ਨਹੀਂ।