ਸਭ ਧਿਰਾਂ ਲਈ ਵੰਗਾਰ ਬਣਿਆ ‘ਆਪ’ ਦਾ ਮਿਸ਼ਨ ਪੰਜਾਬ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਲਾਂਭੇ ਕਰਨ ਪਿੱਛੋਂ ਸੂਬੇ ਵਿਚ ਪਾਰਟੀ ਅੰਦਰ ਛਿੜੀ ਬਗਾਵਤ ਅਤੇ ਸਿਆਸੀ ਨੁਕਸਾਨ ਦੀ ਭਰਪਾਈ ਲਈ ਪੰਜਾਬ ਦੀ ਚਾਰ ਦਿਨਾਂ ਫੇਰੀ ਉਤੇ ਆਏ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਆਪਣੇ ਮਿਸ਼ਨ ਵਿਚ ਕਾਫੀ ਹੱਦ ਤੱਕ ਸਫਲ ਰਹੇ ਹਨ। ਪਾਰਟੀ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਚੋਣ ਮੈਨੀਫੈਸਟੋ ਜਾਰੀ ਕਰਨ ਮੌਕੇ ਮੋਗਾ ਵਿਚ ਕਰਵਾਈ ਰੈਲੀ ਵਿਚ ਵੱਡੇ ਇਕੱਠ ਨੇ ਇਸ ਨਵੀਂ ਪਾਰਟੀ ਬਾਰੇ ਪੰਜਾਬੀਆਂ ਦੀ ਖਿੱਚ ਨੇ ਰਵਾਇਤੀ ਧਿਰਾਂ ਨੂੰ ਵੀ ਹੈਰਾਨ ਕੀਤਾ ਹੈ।

ਇਸ ਰੈਲੀ ਨੂੰ ਅਸਫਲ ਬਣਾਉਣ ਲਈ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ। ਰੈਲੀ ਤੋਂ ਇਕ ਦਿਨ ਪਹਿਲਾਂ ਲੋਕਾਂ ਨੂੰ ਢੋਹਣ ਲਈ ਲਾਈਆਂ ਸਕੂਲ ਬੱਸਾਂ ਨੂੰ ਘੇਰਨਾ ਸ਼ੁਰੂ ਕਰ ਦਿਤਾ ਗਿਆ ਸੀ, ਪਰ ਇਸ ਦੇ ਬਾਵਜੂਦ ਲੋਕ ਕਿਸੇ ਨਾ ਕਿਸੇ ਤਰ੍ਹਾਂ ਰੈਲੀ ਵਿਚ ਪੁੱਜ ਗਏ। ਕੇਜਰੀਵਾਲ ਨੇ ਪੰਜਾਬ ਫੇਰੀ ਦਾ ਪ੍ਰੋਗਰਾਮ ਸੂਬੇ ਵਿਚ ਵਧੇ ਅੰਦਰੂਨੀ ਕਲੇਸ਼ ਕਾਰਨ ਇਕਦਮ ਬਣਾਇਆ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਕੇਜਰੀਵਾਲ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ, ਪਰ ਕੁਝ ਅਕਾਲੀ ਆਗੂਆਂ ਤੋਂ ਬਿਨਾ ਲੋਕਾਂ ਨੇ ‘ਆਪ’ ਦੇ ਇਸ ਆਗੂ ਦਾ ਭਰਵਾਂ ਸਵਾਗਤ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਜਲੰਧਰ ਨੇੜੇ ਇਕ ਪਾਰਟੀ ਆਗੂ ਦੇ ਘਰ ਨੂੰ ਟਿਕਾਣਾ ਬਣਾਇਆ ਹੈ ਅਤੇ ਆਉਂਦੇ ਦਿਨਾਂ ਵਿਚ ਉਨ੍ਹਾਂ ਦੀਆਂ ਪੰਜਾਬ ਫੇਰੀਆਂ ਜਾਰੀ ਰਹਿਣਗੀਆਂ।
ਦਰਅਸਲ, ਆਮ ਆਦਮੀ ਪਾਰਟੀ ਵੱਲੋਂ ਨੌਜਵਾਨਾਂ ਤੋਂ ਬਾਅਦ ਕਿਸਾਨ ਅਤੇ ਖੇਤ ਮਜ਼ਦੂਰਾਂ ਲਈ ਜਾਰੀ ਕੀਤੇ ਚੋਣ ਮਨੋਰਥ ਪੱਤਰ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਗੰਭੀਰ ਸੰਕਟ ਵਿਚੋਂ ਗੁਜ਼ਰ ਰਹੀ ਪੰਜਾਬ ਦੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਇਸ ਚੋਣ ਮਨੋਰਥ ਪੱਤਰ ਵਿਚ ਖੁੱਲ੍ਹ ਕੇ ਕਿਸਾਨਾਂ ਦੀ ਪੀੜਾ ਦਾ ਅਹਿਸਾਸ ਕੀਤਾ ਗਿਆ ਹੈ। ‘ਆਪ’ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਹੂਕਾਰਾ ਕਰਜ਼ੇ ਦੇ ਸ਼ੋਸ਼ਣ ਤੋਂ ਬਚਾਉਣ ਲਈ ਸਰ ਛੋਟੂ ਰਾਮ ਵੱਲੋਂ 1934 ਵਿਚ ਬਣਾਏ ਕਰਜ਼ਾ ਰਾਹਤ ਕਾਨੂੰਨ ਦੀ ਤਰਜ਼ ਉਤੇ ਕਾਨੂੰਨ ਬਣਾਉਣ ਦਾ ਵਾਅਦਾ ਪਹਿਲ ਦੇ ਆਧਾਰ ਉਤੇ ਕੀਤਾ ਗਿਆ ਹੈ। ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਦਸੰਬਰ 2018 ਤੱਕ ਦਾ ਸਮਾਂ ਵੀ ਤੈਅ ਕੀਤਾ ਹੈ।
ਪਿਛਲੇ ਦਸ ਸਾਲਾਂ ਦੌਰਾਨ ਖੁਦਕੁਸ਼ੀ ਕਰ ਗਏ ਕਿਸਾਨ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਮੁਆਵਜ਼ੇ ਤੋਂ ਇਲਾਵਾ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਹੈ। ਕਿਸਾਨਾਂ ਨੂੰ 12 ਘੰਟੇ ਮੁਫਤ ਬਿਜਲੀ ਦੇਣ, ਵਿਆਹ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾਉਣ, ਸਹਿਕਾਰੀ ਗੰਨਾ ਮਿੱਲਾਂ ਦਾ ਆਧੁਨਿਕੀਕਰਨ ਕਰਨ ਅਤੇ ਕਿਸਾਨਾਂ ਦੇ ਜ਼ਮੀਨ ਨਾਲ ਸਬੰਧਤ ਮੁਕੱਦਮੇ ਫਾਸਟ ਟਰੈਕ ਕੋਰਟਾਂ ਰਾਹੀਂ ਦੋ ਸਾਲਾਂ ਵਿਚ ਨਿਬੇੜਨ ਵਰਗੇ ਵਾਅਦੇ ਕੀਤੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਨੂੰ 80 ਫੀਸਦੀ ਰੁਜ਼ਗਾਰ ਦੇਣ ਵਾਲੀਆਂ ਖੇਤੀ ਆਧਾਰਿਤ ਸਨਅਤਾਂ ਨੂੰ ਦਸ ਸਾਲਾਂ ਤੱਕ ਟੈਕਸ ਮੁਆਫੀ ਦਾ ਵਾਅਦਾ ਰੁਜ਼ਗਾਰ ਦੇ ਨਜ਼ਰੀਏ ਨਾਲ ਕੀਤਾ ਗਿਆ ਹੈ।
________________
ਅਕਾਲੀਆਂ ਨੂੰ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਘੇਰਾ
ਚੰਡੀਗੜ੍ਹ: ਪੰਜਾਬ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਘੇਰਾ ਪਿਆ ਹੋਇਆ ਹੈ। ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਜਿਥੇ ਏਕਾ ਕਰ ਕੇ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕਰ ਦਿਤਾ ਹੈ, ਉਥੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਦਿਨ-ਰਾਤ ਲਾਏ ਧਰਨਿਆਂ ਨੇ ਬਾਦਲ ਸਰਕਾਰ ਲਈ ਨਮੋਸ਼ੀ ਵਾਲਾ ਮਾਹੌਲ ਬਣਾ ਦਿਤਾ। ਛੁੱਟੀ ਹੋਣ ਦੇ ਬਾਵਜੂਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਵਿਧਾਇਕਾਂ ਨੂੰ ਮਨਾਉਣ ਆਏ, ਪਰ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਆ। ਕਾਂਗਰਸੀ ਵਿਧਾਇਕਾਂ ਦਾ ਦੋਸ਼ ਹੈ ਕਿ ਸਪੀਕਰ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ ਅਤੇ ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਨਹੀਂ ਦਿਤਾ ਜਾ ਰਿਹਾ। ਸਰਕਾਰ ਨੇ ਕਾਂਗਰਸੀ ਵਿਧਾਇਕਾਂ ਦੇ ਵਿਧਾਨ ਸਭਾ ਵਿਚ ਬੈਠੇ ਹੋਣ ਦੇ ਬਾਵਜੂਦ ਬਿਜਲੀ-ਪਾਣੀ ਬੰਦ ਕਰ ਦਿਤਾ ਗਿਆ, ਪਰ ਵਿਰੋਧੀ ਧਿਰ ਸਰਕਾਰ ਵਿਰੁੱਧ ਡਟੀ ਰਹੀ। ਇਸ ਤੋਂ ਪਹਿਲਾਂ ਸੈਸ਼ਨ ਦੇ ਪਹਿਲੇ ਦਿਨ ਲੁਧਿਆਣੇ ਤੋਂ ਦੋ ਆਜ਼ਾਦ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੂੰ ਵੀ ਭੱਦੇ ਤਰੀਕੇ ਵਿਧਾਨ ਸਭਾ ਵਿਚੋਂ ਬਾਹਰ ਸੁੱਟ ਦਿਤਾ ਗਿਆ ਸੀ।