ਪੰਜਾਬ ਵਿਚ ਕੇਜਰੀਵਾਲ

ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਵਿਚ ਚੱਲ ਰਿਹਾ ਘਮਸਾਣ ਜਾਰੀ ਹੈ ਅਤੇ ਸੂਬੇ ਦੇ ਸਿਆਸੀ ਦ੍ਰਿਸ਼ ਉਤੇ ਇਸ ਘਮਸਾਣ ਦੇ ਪੈ ਰਹੇ ਤੇ ਅਗਾਂਹ ਪੈਣ ਵਾਲੇ ਅਸਰਾਂ ਦੀ ਝਲਕ ਵੀ ਸਾਫ ਦਿਖਾਈ ਦੇ ਰਹੀ ਹੈ। ਇਸੇ ਦੌਰਾਨ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਅਹਿਮੀਅਤ ਰੱਖਦਾ ਹੈ। ਉਨ੍ਹਾਂ ਦੇ ਇਸ ਦੌਰੇ ਨੂੰ, ਪਾਰਟੀ ਨੂੰ ਜਥੇਬੰਦਕ ਫਰੰਟ ਉਤੇ ਲੱਗੇ ਧੱਫੇ ਦੀ ਭਰਪਾਈ ਨਾਲ ਜੋੜਿਆ ਜਾ ਰਿਹਾ ਹੈ। ਇਸ ਵਿਚ ਹੁਣ ਕੋਈ ਦੋ ਰਾਵਾਂ ਨਹੀਂ ਕਿ ਇਸ ਵੇਲੇ ‘ਆਪ’ ਪੰਜਾਬ ਦੀ ਸਿਆਸੀ ਸਰਗਰਮੀ ਦਾ ਧੁਰਾ ਬਣੀ ਹੋਈ ਹੈ।

ਦੂਜੀਆਂ ਰਵਾਇਤੀ ਪਾਰਟੀਆਂ ਨੂੰ ਇਸ ਦੀਆਂ ਮੂੰਹ-ਜ਼ੋਰ ਸਰਗਰਮੀਆਂ ਕਾਰਨ ਵਾਰ-ਵਾਰ ਆਪੋ-ਆਪਣੀਆਂ ਨੀਤੀਆਂ-ਰਣਨੀਤੀਆਂ ਵਿਚ ਤਬਦੀਲੀ ਕਰਨੀ ਪੈ ਰਹੀ ਹੈ। ਮੀਡੀਆ ਰਿਪੋਰਟਾਂ ਵਿਚ ਭਾਵੇਂ ਇਹ ਜ਼ਿਕਰ ਆਇਆ ਹੈ ਕਿ ‘ਆਪ’ ਨੂੰ ਸ਼ੁਰੂ ਵਿਚ ਮਿਲਿਆ ਹੁੰਗਾਰਾ ਹੁਣ ਮੱਠਾ ਪੈ ਰਿਹਾ ਹੈ, ਪਰ ‘ਆਪ’ ਦੇ ਸਿਆਸੀ ਜਲਸਿਆਂ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਲਗਦਾ ਨਹੀਂ ਕਿ ਅਜਿਹਾ ਜ਼ਮੀਨੀ ਪੱਧਰ ਉਤੇ ਕੁਝ ਹੋਇਆ ਹੈ। ਅਸਲ ਵਿਚ ਲੋਕ ਰਵਾਇਤੀ ਪਾਰਟੀਆਂ ਦੇ ਦਆਵਿਆਂ-ਵਾਅਦਿਆਂ ਤੋਂ ਇੰਨੇ ਔਖੇ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ‘ਆਪ’ ਤੋਂ ਇਲਾਵਾ ਕੋਈ ਹੋਰ ਧਿਰ ਅਜਿਹੀ ਦਿਸ ਨਹੀਂ ਰਹੀ ਜਿਹੜੀ ਉਨ੍ਹਾਂ ਦੇ ਜੀਵਨ ਨੂੰ ਪਏ ਜੰਜਾਲਾਂ ਨੂੰ ਟੁੱਕ ਸਕੇ ਅਤੇ ਉਹ ਵੀ ਸੁੱਖ ਦਾ ਸਾਹ ਲੈ ਸਕਣ। ਜ਼ਾਹਰ ਹੈ ਕਿ ਇਨ੍ਹਾਂ ਲੋਕਾਂ ਦੀ ਆਸ ਦੀ ਡੋਰੀ ‘ਆਪ’ ਨਾਲ ਬੱਝੀ ਹੋਈ ਪ੍ਰਤੀਤ ਹੁੰਦੀ ਹੈ। ਜਿਥੋਂ ਤਕ ਪਾਰਟੀ ਦੇ ਮੁਖੀ ਅਰਿਵੰਦ ਕੇਜਰੀਵਾਲ ਦਾ ਸਬੰਧ ਹੈ, ਉਹ ਕ੍ਰਿਸ਼ਮਈ ਲੀਡਰ ਵਜੋਂ ਆਪਣੀ ਭੱਲ ਬਣਾ ਚੁੱਕੇ ਹਨ। ਪੰਜਾਬ ਵਿਚ ਵੀ ਉਨ੍ਹਾਂ ਦਾ ਜਾਦੂ ਦਿੱਲੀ ਵਾਂਗ ਹੀ ਚੱਲ ਰਿਹਾ ਹੈ। ਇਸੇ ਕਰ ਕੇ ਕੁਝ ਵਿਸ਼ਲੇਸ਼ਕ ਇਹ ਅਕਸਰ ਕਹਿੰਦੇ ਹਨ ਕਿ ‘ਆਪ’ ਦਾ ਪੰਜਾਬ ਵਿਚ ਤਾਂ ਹੀ ਕੁਝ ਬਣ ਸਕੇਗਾ, ਜੇ ਕਮਾਨ ਕੇਜਰੀਵਾਲ ਖੁਦ ਸੰਭਾਲਦੇ ਹਨ। ਉਂਜ, ਇਸ ਤੱਥ ਜਾਂ ਦਲੀਲ ਵਿਚ ਇਕ ਸੱਚਾਈ ਵੀ ਹੈ, ਕਿਉਂਕਿ ਪੰਜਾਬ ਵਿਚ ‘ਆਪ’ ਦਾ ਲੀਡਰਸ਼ਿਪ ਦਾ ਮਸਲਾ ਭੂੰਡਾਂ ਦਾ ਖੱਖਰ ਬਣ ਗਿਆ ਹੈ। ਲੋਕਾਂ ਦੇ ਜ਼ਬਰਦਸਤ ਹੁਲਾਰੇ ਅਤੇ ਹੁੰਗਾਰੇ ਦੇ ਬਾਵਜੂਦ, ਲੀਡਰਸ਼ਿਪ ਬਾਝੋਂ ਪਾਰਟੀ ਨੂੰ ਧੱਫੇ ਲੱਗ ਰਹੇ ਹਨ। ਚਰਚਾ ਇਹ ਵੀ ਹੈ ਕਿ ਲੀਡਰਸ਼ਿਪ ਦਾ ਮਾਮਲਾ ਦਿੱਲੀ ਵਾਲੇ ਆਪਣੇ ਹੱਥਾਂ ਵਿਚ ਹੀ ਰੱਖਣਾ ਚਾਹੁੰਦੇ ਹਨ, ਇਸੇ ਕਰ ਕੇ ਪੰਜਾਬ ਵਿਚ ਲੀਡਰਸ਼ਿਪ ਉਸਾਰੀ ਵੱਲ ਕਦੀ ਖਾਸ ਧਿਆਨ ਨਹੀਂ ਦਿਤਾ ਜਾ ਰਿਹਾ। ਇਸੇ ਲਈ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਇਕਾਈ ਦਾ ਕਨਵੀਨਰ ਬਣਾਉਣ ਬਾਰੇ ਸਵਾਲ ਉਠ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਸਿਆਸੀ ਤੌਰ ‘ਤੇ ਕਮਜ਼ੋਰ ਸ਼ਖਸੀਅਤਾਂ ਨੂੰ ਅਜਿਹੇ ਅਹੁਦਿਆਂ ‘ਤੇ ਲਾ ਕੇ ਇਹੀ ਸੰਕੇਤ ਦਿਤਾ ਜਾ ਰਿਹਾ ਹੈ ਕਿ ਦਿੱਲੀ ਵਾਲੇ ਕਿਸੇ ਕਿਸਮ ਦਾ ਵਿਰੋਧ ਝੱਲਣ ਲਈ ਤਿਆਰ ਨਹੀਂ ਹਨ। ਅਸਲ ਵਿਚ ਇਹੀ ਉਹ ਨੁਕਤਾ ਹੈ ਜਿਸ ਕਰ ਕੇ ‘ਆਪ’ ਅੰਦਰ ਵਾਰ-ਵਾਰ ਉਬਾਲ ਆ ਰਿਹਾ ਹੈ ਅਤੇ ਇਸ ਦੇ ਹੱਲ ਲਈ ਕੋਈ ਪਹਿਲਕਦਮੀ ਵੀ ਨਹੀਂ ਕੀਤੀ ਜਾ ਰਹੀ ਜਾਪਦੀ।
ਖੈਰ! ਕੇਜਰੀਵਾਲ ਦੇ ਪੰਜਾਬ ਦੌਰੇ ਨੇ ਮਾਹੌਲ ਇਕ ਵਾਰ ਫਿਰ ਭਖਾ ਦਿਤਾ ਹੈ। ਜਾਰੀ ਕੀਤੇ ਕਿਸਾਨ ਮੈਨੀਫੈਸਟੋ ਤੋਂ ਕਨਸੋਅ ਮਿਲ ਰਹੀ ਹੈ ਕਿ ਇਹ ਪਾਰਟੀ ਨਵੀਂ ਸਿਆਸਤ ਦੀ ਲੀਹ ਪਾਉਣ ਲਈ ਅਹੁਲ ਜ਼ਰੂਰ ਰਹੀ ਹੈ। ਇਸ ਤੋਂ ਪਹਿਲਾਂ ਨੌਜਵਾਨਾਂ ਲਈ ਜਾਰੀ ਕੀਤੇ ਮੈਨੀਫੈਸਟੋ ਨੇ ਵੀ ਇਹੀ ਸੁਨੇਹਾ ਦਿਤਾ ਸੀ। ਇਹ ਸੱਚ ਹੈ ਕਿ ਪੰਜਾਬ ਦਾ ਖੇਤੀ ਢਾਂਚਾ ਇਸ ਵੇਲੇ ਡਾਢੇ ਸੰਕਟ ਵਿਚੋਂ ਲੰਘ ਰਿਹਾ ਹੈ। ਕਿਸਾਨਾਂ-ਮਜ਼ਦੂਰਾਂ ਦੀਆਂ ਨਿੱਤ ਦਿਨ ਹੋ ਰਹੀਆਂ ਖੁਦਕੁਸ਼ੀਆਂ ਇਸ ਸੰਕਟ ਦਾ ਵਿਕਰਾਲ ਰੂਪ ਹਨ। ਮੌਜੂਦਾ ਸਰਕਾਰ ਨੇ ਇਸ ਸੰਕਟ ਦਾ ਹੱਲ ਤਾਂ ਕੀ ਕੱਢਣਾ ਹੈ, ਇਹ ਤਾਂ ਇਸ ਸੰਕਟ ਨੂੰ ਤਸਲੀਮ ਕਰਨ ਲਈ ਵੀ ਤਿਆਰ ਨਹੀਂ ਹੈ। ਇਹੀ ਕਾਰਨ ਹੈ ਕਿ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਰਿਹਾ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਕੋਲ ਭਾਵੇਂ ਮਜ਼ਬੂਤ ਜਥੇਬੰਦਕ ਢਾਂਚਾ ਮੌਜੂਦ ਹੈ, ਪਰ ਪਾਰਟੀ ਅੰਦਰਲੇ ਕਲੇਸ਼ ਦਾ ਅਸਰ ਬਾਕਾਇਦਾ ਨਜ਼ਰੀਂ ਪੈ ਰਿਹਾ ਹੈ। ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦੀ ਮੁਹਿੰਮ ਉਸ ਢੰਗ ਨਾਲ ਵੇਗ ਨਹੀਂ ਫੜ ਰਹੀ ਜਿਸ ਦੀ ਇਸ ਵੇਲੇ ਇਸ ਨੂੰ ਜ਼ਰੂਰਤ ਹੈ। ਭਾਰਤੀ ਜਨਤਾ ਪਾਰਟੀ ਤਾਂ ਫਿਲਹਾਲ ਭਾਲਿਆਂ ਵੀ ਨਹੀਂ ਲੱਭ ਰਹੀ। ਅਕਾਲੀ ਦਲ ਇਕ ਤਰ੍ਹਾਂ ਨਾਲ ਇਸ ਦੀਆਂ ਸਰਗਰਮੀਆਂ ਚਟਮ ਕਰ ਗਿਆ ਹੈ। ਚੌਥੇ ਫਰੰਟ ਦਾ ਜਿਹੜਾ ਮੂੰਹ-ਮੱਥਾ ਬਣ ਰਿਹਾ ਹੈ, ਉਸ ਤੋਂ ਜਾਪ ਰਿਹਾ ਹੈ ਕਿ ਚੋਣਾਂ ਤਕ ਇਹ ਤਾਲਮੇਲ ਚੱਲੇਗਾ, ਪਰ ਇਸ ਫਰੰਟ ਦਾ ਭਵਿੱਖ ਕੀ ਹੋਵੇਗਾ, ਇਸ ਬਾਰੇ ਅਜੇ ਕਿਆਸਅਰਾਈਆਂ ਹੀ ਚੱਲ ਰਹੀਆਂ ਹਨ। ਸਰਬੱਤ ਖਾਲਸਾ ਵਾਲੀਆਂ ਧਿਰਾਂ ਨੇ ਵੀ ਸਾਂਝਾ ਫਰੰਟ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ‘ਪੰਥਕ ਧਿਰਾਂ’ ਅਜਿਹੇ ਮੰਚ ਜਾਂ ਫਰੰਟ ਬਣਾਉਂਦੀਆਂ ਰਹੀਆਂ ਹਨ, ਪਰ ਇਨ੍ਹਾਂ ਦੀ ਹਾਜ਼ਰੀ ਕਦੀ ਵੀ ਅਸਰਦਾਰ ਨਹੀਂ ਬਣ ਸਕੀ। ਇਸ ਦਾ ਮੁੱਖ ਕਾਰਨ ਸ਼ਾਇਦ ਇਹ ਹੈ ਕਿ ਇਨ੍ਹਾਂ ਧਿਰਾਂ ਕੋਲ ਨਾ ਕ੍ਰਿਸ਼ਮਈ ਲੀਡਰ ਹਨ, ਨਾ ਲੋਕਾਂ ਦੀ ਭਰਪੂਰ ਹਮਾਇਤ ਹੀ ਹੈ। ਮਸਲਿਆਂ ਬਾਰੇ ਵੀ ਇਹ ਧਿਰਾਂ ਤਕਰੀਬਨ ਅਸਪਸ਼ਟ ਜਿਹੀਆਂ ਹੀ ਰਹਿੰਦੀਆਂ ਹਨ। ਨਾਲੇ ਜਿਸ ਤਰ੍ਹਾਂ ਦਾ ਸਰੂਪ ਚੋਣ ਢਾਂਚੇ ਦਾ ਅੱਜ ਕੱਲ੍ਹ ਬਣ ਗਿਆ ਹੋਇਆ ਹੈ, ਉਸ ਅਨੁਸਾਰ ਨਵੇਂ ਸਿਰਿਓਂ ਸਿਆਸੀ ਪਿੜ ਅੰਦਰ ਦਾਖਲਾ ਪਾਉਣਾ ਖਾਲਾ ਜੀ ਦਾ ਵਾੜਾ ਨਹੀਂ। ਆਮ ਆਦਮੀ ਪਾਰਟੀ ਨੇ ਇਹ ਸਭ ਅੜਿੱਕੇ ਪਾਰ ਕਰ ਲਏ ਹਨ। ਇਸੇ ਕਰ ਕੇ ਪਛਾੜ ਦੇ ਬਾਵਜੂਦ, ਜੇ ਪਾਰਟੀ ਅਤੇ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੂੰ ਪੰਜਾਬ ਵਿਚ ਹੁੰਗਾਰਾ ਮਿਲ ਰਿਹਾ ਹੈ ਤਾਂ ਇਸ ਦਾ ਸਿਆਸੀ ਤਰਜਮਾ ਕਰਨਾ ਕੋਈ ਔਖਾ ਨਹੀਂ। ਹੁਣ ਪਹਿਲਾਂ ਵਾਂਗ ਹੀ ਮੁੱਖ ਮਸਲਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ, ਪੰਜਾਬੀਆਂ ਵੱਲੋਂ ਭਰੇ ਜਾ ਰਹੇ ਇਸ ਹੁੰਗਾਰੇ ਮੁਤਾਬਕ ਉਨ੍ਹਾਂ ਦੀਆਂ ਆਸਾਂ ਉਤੇ ਕਿੰਨਾ ਪੂਰੇ ਉਤਰਦੇ ਹਨ।