ਸ੍ਰੀਨਗਰ: ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਇਸ ਸਾਲ ਜੁਲਾਈ ਵਿਚ ਮਾਰੇ ਜਾਣ ਤੋਂ ਬਾਅਦ ਵਾਦੀ ਵਿਚੋਂ ਵੱਡੀ ਗਿਣਤੀ ਨੌਜਵਾਨ ਲਾਪਤਾ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਦੱਖਣੀ ਕਸ਼ਮੀਰ ਤੋਂ ਹਨ। ਚਾਰ ਜ਼ਿਲ੍ਹਿਆਂ ਪੁਲਵਾਮਾ, ਕੁਲਗਾਮ, ਸ਼ੋਪੀਆ ਅਤੇ ਅਨੰਤਨਾਗ ਤੋਂ ਤਕਰੀਬਨ 80 ਨੌਜਵਾਨ ਇਨ੍ਹਾਂ ਸੰਘਰਸ਼ ਦੇ ਦਿਨਾਂ ਵਿਚ ਗਾਇਬ ਹੋਏ ਹਨ।
ਅਤਿਵਾਦੀਆਂ ਦੀ ਫੜੀ ਗਈ ਗੱਲਬਾਤ ਅਤੇ ਦੱਖਣੀ ਕਸ਼ਮੀਰ ਤੋਂ ਖੁਫੀਆ ਏਜੰਸੀਆਂ ਨੂੰ ਮਿਲੀ ਸੂਚਨਾ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਨੌਜਵਾਨ ਹਿਜ਼ਬੁਲ ਮੁਜ਼ਾਹਿਦੀਨ ਵੱਲ ਜਾ ਰਹੇ ਹਨ; ਜਦਕਿ ਕੁਝ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਵੱਲ ਖਿੱਚੇ ਜਾ ਰਹੇ ਹਨ। ਸੁਰੱਖਿਆ ਏਜੰਸੀਆਂ ਦਾ ਇਹ ਵੀ ਦਾਅਵਾ ਹੈ ਕਿ ਵਾਨੀ ਦੀ ਮੌਤ ਪਿੱਛੋਂ ਵਾਦੀ ਵਿਚ ਘੁਸਪੈਠ ਲਗਾਤਾਰ ਵਧ ਰਹੀ ਹੈ। ਨੌਜਵਾਨਾਂ ਦੀ ਇਨ੍ਹਾਂ ਅਤਿਵਾਦੀ ਜਥੇਬੰਦੀਆਂ ਵੱਲ ਖਿੱਚ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਆ ਹੈ। ਉਧਰ, ਪਾਕਿਸਤਾਨ ਵੱਲੋਂ ਨੌਜਵਾਨਾਂ ਨੂੰ ਲਗਾਤਾਰ ਉਕਸਾਉਣ ਵਾਲੀ ਬਿਆਨਬਾਜ਼ੀ ਬਲਦੀ ਵਿਚ ਤੇਲ ਵਾਲਾ ਕੰਮ ਕਰ ਰਹੀ ਹੈ। ਵਾਦੀ ਵਿਚ ਮਾੜੀ ਜਹੀ ਢਿੱਲ ਦੇਣ ਪਿੱਛੋਂ ਲੋਕ ਘਰਾਂ ਵਿਚੋਂ ਨਿਕਲ ਕੇ ਹਿੰਸਕ ਕਾਰਵਾਈ ਨੂੰ ਅੰਜਾਮ ਦੇਣ ਵਿਚ ਜੁਟ ਜਾਂਦੇ ਹਨ। ਸਾਲ 1990 ਵਿਚ ਸੂਬੇ ‘ਚ ਅਤਿਵਾਦ ਦੇ ਪੈਰ ਪਸਾਰਨ ਮਗਰੋਂ ਇਹ ਪਹਿਲੀ ਵਾਰ ਹੈ ਕਿ ਈਦ ਮੌਕੇ ਘਾਟੀ ‘ਚ ਕਰਫਿਊ ਲਾਇਆ ਗਿਆ ਹੋਵੇ।
ਈਦ ਮੌਕੇ ਵੀ ਘਾਟੀ ਵਿਚ ਕਰਫਿਊ ਕਾਰਨ ਸੰਨਾਟਾ ਛਾਇਆ ਰਿਹਾ। ਘਾਟੀ ਵਿਚ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਹਿੰਸਾ ਜਾਰੀ ਹੈ। ਹੁਣ ਤੱਕ ਇਸ ਹਿੰਸਾ ਵਿਚ 79 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਸ਼ਮੀਰ ਵਿਚ ਸੁਰੱਖਿਆ ਬਲਾਂ ਅਤੇ ਮੁਜ਼ਾਹਰਾਕਾਰੀਆਂ ਵਿਚਕਾਰ ਹੋਈਆਂ ਤਾਜ਼ਾ ਝੜਪਾਂ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਜਦਕਿ ਅਧਿਕਾਰੀਆਂ ਨੇ ਵਾਦੀ ਦੇ ਸਾਰੇ 10 ਜ਼ਿਲ੍ਹਿਆਂ ਵਿਚ ਕਰਫਿਊ ਲਾ ਦਿੱਤਾ ਹੈ। ਬਾਂਦੀਪੋਰਾ ਵਿਚ ਈਦ ਦੀ ਨਮਾਜ਼ ਤੋਂ ਛੇਤੀ ਪਿੱਛੋਂ ਮੁਜ਼ਾਹਰਾਕਾਰੀਆਂ ਨੇ ਸੁਰੱਖਿਆ ਬਲਾਂ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ ਜਿਨ੍ਹਾਂ ਨੇ ਜਵਾਬੀ ਕਾਰਵਾਈ ਵਿਚ ਅੱਥਰੂ ਗੈਸ ਦੇ ਗੋਲਿਆਂ ਅਤੇ ਪੈਲੇਟ ਬੰਦੂਕਾਂ ਦੀ ਵਰਤੋਂ ਕੀਤੀ। ਹੰਝੂ ਗੈਸ ਦਾ ਗੋਲਾ ਲੱਗਣ ਨਾਲ 20 ਸਾਲਾ ਨੌਜਵਾਨ ਮੁਰਤਜ਼ਾ ਅਹਿਮਦ ਦੀ ਮੌਤ ਹੋ ਗਈ। ਬਾਂਦੀਪੋਰਾ ਕਸਬੇ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਕਈ ਹੋ ਜ਼ਖਮੀ ਹੋ ਗਏ। ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਕਸਬੇ ਵਿਚ ਪੁਲਿਸ ਨਾਲ ਝੜਪ ਦੌਰਾਨ ਜਲਾਲੂਦੀਨ (45) ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ਨਾਲ ਕਸ਼ਮੀਰ ਵਿਚ ਚੱਲ ਰਹੇ ਅੰਦੋਲਨ ਦੌਰਾਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 79 ਹੋ ਗਈ ਹੈ।
ਫੌਜ ਨੂੰ ਪੇਂਡੂ ਇਲਾਕਿਆਂ ਦੀਆਂ ਢੁਕਵੀਆਂ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਆਕਾਸ਼ ਤੋਂ ਹੈਲੀਕਾਪਟਰ ਤੇ ਡਰੋਨ ਬਾਜ਼ ਅੱਖ ਰੱਖ ਰਹੇ ਹਨ। ਸਰਕਾਰ ਨੇ ਸੂਬੇ ਵਿਚ ਤਣਾਅ ਵਾਲੀ ਸਥਿਤੀ ਹੋਣ ਕਾਰਨ ਟੈਲੀਫੋਨ ਕੰਪਨੀਆਂ ਦੀਆਂ ਇੰਟਰਨੈੱਟ ਸੇਵਾਵਾਂ ਅਤੇ ਮੋਬਾਈਲ ਫੋਨ ਬੰਦ ਰੱਖਣ ਦਾ ਹੁਕਮ ਦਿਤਾ ਹੈ। ਮੋਬਾਈਲ ਟੈਲੀਫੋਨ ‘ਤੇ ਤਾਂ ਅੱਠ ਜੁਲਾਈ ਨੂੰ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਜਾਣ ਪਿੱਛੋਂ ਤੁਰਤ ਪਾਬੰਦੀ ਲਾ ਦਿਤੀ ਸੀ। ਵਾਨੀ ਦੀ ਮੌਤ ਨੂੰ ਲੈ ਕੇ ਹੀ ਵਾਦੀ ਵਿਚ ਮੌਜੂਦਾ ਹਿੰਸਾ ਦਾ ਦੌਰ ਚੱਲ ਰਿਹਾ ਹੈ। ਵਿਰੋਧੀ ਧਿਰ ਨੈਸ਼ਨਲ ਕਾਨਫਰੰਸ ਨੇ ਕਰਫਿਊ ਲਾਏ ਜਾਣ ਦੇ ਫੈਸਲੇ ਲਈ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੇ ਪਾਰਟੀ ਦੇ ਇਸ ਦਾਅਵੇ ਦੀ ਪੁਸ਼ਟੀ ਕਰ ਦਿਤੀ ਹੈ ਕਿ ਮਹਿਬੂਬਾ ਮੁਫਤੀ ਸਰਕਾਰ ਦਾ ਸਥਿਤੀ ‘ਤੇ ਕੋਈ ਕੰਟਰੋਲ ਨਹੀਂ।