ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਲਈ ਵਾਅਦਿਆਂ ਦੀ ਝੜੀ

ਮੋਗਾ: ਪੰਜਾਬ ਦੇ ਚਾਰ ਦਿਨਾਂ ਦੌਰੇ ਉਤੇ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ‘ਸਾਡਾ ਖੁਆਬ ਨਵਾਂ ਪੰਜਾਬ’ ਦੇ ਨਾਅਰੇ ਹੇਠ ਰੈਲੀ ਦੌਰਾਨ 31 ਨੁਕਾਤੀ ਕਿਸਾਨ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਚਿੰਤਤ ਹੈ, ਜੋ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਇਹ ‘ਬੋਲਦਾ ਪੰਜਾਬ’ ਡਾਇਲਾਗ ਪ੍ਰੋਗਰਾਮ ਤਹਿਤ ਕੰਵਰ ਸੰਧੂ ਦੀ ਟੀਮ ਵੱਲੋਂ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰ ਕੇ ਤਿਆਰ ਕੀਤਾ ਹੈ। ਉਨ੍ਹਾਂ ਦਾ ਚੋਣ ਮੈਨੀਫੈਸਟੋ ਕੋਈ ਚੋਣ ਜੁਮਲਾ ਨਹੀਂ ਹੋਵੇਗਾ ਬਲਕਿ ਹਕੀਕਤ ਦੇ ਬਿਲਕੁਲ ਨੇੜੇ ਹੋਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਪਹਿਲਾਂ ਛੋਟੇ ਕਿਸਾਨਾਂ ਦੇ ਕਰਜ਼ਿਆਂ ‘ਤੇ ਪੂਰੀ ਤਰ੍ਹਾਂ ਲੀਕ ਫੇਰੀ ਜਾਵੇਗੀ ਅਤੇ ਫਿਰ ਵੱਡੇ ਕਿਸਾਨਾਂ ਨੂੰ ਕਰਜ਼ਿਆਂ ਤੋਂ ਮੁਕਤ ਕਰ ਦਿੱਤਾ ਜਾਵੇਗਾ ਅਤੇ ਇਹ ਸਾਰਾ ਕੰਮ ਦਸੰਬਰ 2018 ਤੱਕ ਮੁਕੰਮਲ ਕਰ ਲਿਆ ਜਾਵੇਗਾ। ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ।
ਕੁਦਰਤੀ ਆਫਤਾਂ ਦੌਰਾਨ ਜੇਕਰ ਕਿਸਾਨਾਂ ਦੀ ਫਸਲ ਬਰਬਾਦ ਹੁੰਦੀ ਹੈ ਤਾਂ ਦਿੱਲੀ ਵਾਂਗ ਪੰਜਾਬ ਦੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦਸੰਬਰ 2020 ਤੱਕ ਪੂਰੀ ਤਰ੍ਹਾਂ ਲਾਗੂ ਕਰ ਦਿੱਤੀ ਜਾਵੇਗੀ। ਪੰਜਾਬ ਦੇ ਕਿਸਾਨਾਂ ਨੂੰ ਆਤਮ ਹੱਤਿਆਵਾਂ ਕਰਨ ਲਈ ਮਜ਼ਬੂਰ ਕਰਨ ਵਾਲੇ ਮੰਤਰੀਆਂ ਨੂੰ ਉਹ ਕਿਸੇ ਵੀ ਕੀਮਤ ਉਤੇ ਨਹੀਂ ਬਖ਼ਸ਼ਣਗੇ ਅਤੇ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ‘ਤੇ ਜੇਲ੍ਹਾਂ ਵਿਚ ਡੱਕ ਦਿੱਤਾ ਜਾਵੇਗਾ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਜਬਤ ਕਰ ਕੇ ਇਨ੍ਹਾਂ ਵਿਚ ਵਧੀਆ ਸਕੂਲ ਅਤੇ ਹਸਪਤਾਲ ਖੋਲ੍ਹੇ ਦਿੱਤੇ ਜਾਣਗੇ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸਰ ਛੋਟੂ ਰਾਮ ਐਕਟ ਨੂੰ ਮੁੜ ਲਾਗੂ ਕਰ ਕੇ ਵਿਆਜ ਨੂੰ ਮੂਲ ਤੋਂ ਵੱਧ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਦੀ ਫਸਲ ਮੰਡੀ ਵਿਚ ਪਹੁੰਚਣ ‘ਤੇ 24 ਘੰਟਿਆਂ ਵਿਚ ਖਰੀਦ ਕਰ ਕੇ 72 ਘੰਟਿਆਂ ਵਿਚ ਅਦਾਇਗੀ ਯਕੀਨੀ ਬਣਾਈ ਜਾਵੇਗੀ। ਕਿਸਾਨਾਂ ਨੂੰ 12 ਘੰਟੇ ਨਿਰਵਿਘਨ ਬਿਜਲੀ ਦੀ ਮੁਫਤ ਸਪਲਾਈ ਦਿੱਤੀ ਜਾਵੇਗੀ। ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਧੀਆਂ ਦੇ ਵਿਆਹ ਸਮੇਂ ਸਰਕਾਰ ਵੱਲੋਂ 51 ਹਜ਼ਾਰ ਰੁਪਏ ਅਤੇ ਧੀ ਦੇ ਜਨਮ ਮੌਕੇ 21 ਹਜ਼ਾਰ ਰੁਪਏ ਦੀ ਰਾਸ਼ੀ ਸ਼ਗਨ ਵਜੋਂ ਦਿੱਤੀ ਜਾਵੇਗੀ ਅਤੇ 5 ਲੱਖ ਰੁਪਏ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦਾ ਇਲਾਜ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਵੇਗਾ।
ਸਤਲੁਜ ਯਮੁਨਾ ਲਿੰਕ ਨਹਿਰ ਵਿਚ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਆਈ ਹੈ, ਉਨ੍ਹਾਂ ਕਿਸਾਨਾਂ ਨੂੰ ਜ਼ਮੀਨ ਵਾਪਸ ਕਰ ਕੇ ਰਜਿਸਟਰੀ ਉਨ੍ਹਾਂ ਦੇ ਨਾਂ ਕਰ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਹਰ ਹਾਲਤ ‘ਚ ਰਾਖੀ ਕੀਤੀ ਜਾਵੇਗੀ। ਕਿਸਾਨਾਂ ਨੂੰ ਸਹਾਇਕ ਧੰਦੇ ਵਜੋਂ ਡੇਅਰੀ ਫਾਰਮ ਵਰਗੀਆਂ ਸਕੀਮਾਂ ਨੂੰ ਉਤਸ਼ਾਹਤ ਕਰ ਕੇ 25000 ਨਵੇਂ ਡੇਅਰੀਫਾਰਮ ਖੋਲ੍ਹੇ ਜਾਣਗੇ ਅਤੇ ਇਨ੍ਹਾਂ ਫਾਰਮਾਂ ਲਈ ਵਿਆਜ ਮੁਕਤ ਕਰਜ਼ੇ ਅਤੇ ਸਸਤੀ ਬਿਜਲੀ ਵਰਗੀਆਂ ਸਕੀਮਾਂ ਦਿੱਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਦੁੱਧ ਦੇ ਮੁੱਲ ਨੂੰ ਨਿਰਧਾਰਤ ਕਰਨ ਲਈ ਇਕ ਬੋਰਡ ਦਾ ਗਠਨ ਵੀ ਕੀਤਾ ਜਾਵੇਗਾ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਆਪਣਾ ਕੰਮਕਾਜ ਸ਼ੁਰੂ ਕਰਨ ਲਈ ਦੋ ਲੱਖ ਰੁਪਏ ਦਾ ਬਿਨਾਂ ਸ਼ਰਤ ਕਰਜ਼ਾ ਦਿੱਤਾ ਜਾਵੇਗਾ। ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਲਈ ਪੜ੍ਹਾਈ ਵਾਸਤੇ 10 ਲੱਖ ਰੁਪਏ ਤੱਕ ਦਾ ਬਿਨਾਂ ਸ਼ਰਤ ਸਿੱਖਿਆ ਕਰਜ਼ਾ ਦਿੱਤਾ ਜਾਵੇਗਾ।
ਕਿਸਾਨ ਚੋਣ ਮੈਨੀਫੈਸਟੋ ਵਿਚ ਇਹ ਕਿਹਾ ਗਿਆ ਹੈ ਕਿ ਜੋ ਲੋਕ ਨਕਲੀ ਕੀੜੇਮਾਰ ਦਵਾਈਆਂ ਅਤੇ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਹਨ, ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਜਾਇਜਾਦ ਵੀ ਜਬਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿਛਲੇ 10 ਵਰ੍ਹਿਆਂ ਦੌਰਾਨ ਜੋ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ, ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਅਤੇ ਯੋਗ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲਾਂ ਦੇ ਪਾਪ ਦਾ ਘੜਾ ਭਰ ਗਿਆ ਹੈ ਅਤੇ ਪੰਜਾਬ ਵਿਚ ਹੁਣ ਕਰਾਂਤੀ ਆ ਰਹੀ ਹੈ ਅਤੇ ਅੱਜ ਦਾ ਵਿਸ਼ਾਲ ਇਕੱਠ ਇਸ ਕ੍ਰਾਂਤੀ ਦਾ ਗਵਾਹ ਹੈ।
__________________
– ਕਿਸਾਨਾਂ ਲਈ 12 ਘੰਟੇ ਮੁਫਤ ਬਿਜਲੀ
– 2018 ਤੱਕ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ
– ਫਸਲ ਬਰਬਾਦ ਹੋਣ ‘ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ
– ਕਿਸਾਨ ਦੇ ਘਰ ਤੇ ਜ਼ਮੀਨ ਦੀ ਕੁਰਕੀ ਨਹੀਂ ਹੋਵੇਗੀ
– ਲਿੰਕ ਨਹਿਰ ਵਾਲੀ ਜ਼ਮੀਨ ਮਾਲਕ ਕਿਸਾਨਾਂ ਨੂੰ ਵਾਪਸ ਮਿਲੇਗੀ
– ਦੁੱਧ ਤੇ ਦਵਾਈਆਂ ‘ਚ ਮਿਲਾਵਟ ਕਰਨ ਵਾਲਿਆਂ ਨੂੰ ਉਮਰ ਕੈਦ
– ਆਟਾ ਦਾਲ ਯੋਜਨਾ ‘ਚ 10 ਲੱਖ ਨਵੇਂ ਪਰਵਾਰ
– 25 ਹਜ਼ਾਰ ਡੇਅਰੀ ਫ਼ਾਰਮ ਖੋਲ੍ਹੇ ਜਾਣਗੇ
– ਕਿਸੇ ਵੀ ਹਾਲਤ ਵਿਚ ਵਿਆਜ ਮੂਲ ਤੋਂ ਜ਼ਿਆਦਾ ਨਹੀਂ ਹੋਣ ਦਿੱਤਾ ਜਾਵੇਗਾ।
– ਕਿਸਾਨ-ਮਜ਼ਦੂਰ ਦੀ ਧੀ ਦੇ ਵਿਆਹ ‘ਤੇ 51 ਹਜ਼ਾਰ ਰੁਪਏ ਸ਼ਗਨ
– ਧੀ ਜੰਮਣ ‘ਤੇ 21 ਹਜ਼ਾਰ ਰੁਪਏ ਸ਼ਗਨ
– ਹਰ ਪਿੰਡ ਵਿਚ ਆਧੁਨਿਕ ਪਿੰਡ ਸਿਹਤ ਕਲੀਨਿਕ
– ਕਿਸਾਨ ਤੇ ਮਜ਼ਦੂਰ ਦੇ ਬੱਚੇ ਵਾਸਤੇ 10 ਲੱਖ ਦਾ ਵਿਦਿਆ ਕਰਜ਼ਾ
– ਖੇਤੀ ਵਿਭਿੰਨਤਾ ਲਈ ਐਗਰੋ ਉਦਯੋਗਿਕ ਯੂਨਿਟ
– ਬੁਢਾਪਾ ਪੈਨਸ਼ਨ 500 ਰੁਪਏ ਤੋਂ 2000 ਰੁਪਏ
– ਬੇਜ਼ਮੀਨੇ ਮਜ਼ਦੂਰਾਂ ਲਈ 2 ਲੱਖ ਰੁਪਏ ਦਾ ਕਰਜ਼ਾ
ਪੰਜਾਬ ਬਾਰੇ ਕੇਜਰੀਵਾਲ ਦੀ ਰਣਨੀਤੀ
ਪਟਿਆਲਾ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਦਾ ਚੋਣ ਮੈਨੀਫੈਸਟੋ ਸਿਰਫ ਚੋਣ ਜੁਮਲਾ ਨਹੀਂ ਹੋਵੇਗਾ। ਪਟਿਆਲਾ ਵਿਖੇ ਅਧਿਆਪਕਾਂ ਅਤੇ ਡਾਕਟਰਾਂ ਨਾਲ ਸੰਵਾਦ ਰਚਾ ਕੇ ਕੇਜਰੀਵਾਲ ਨੇ ਸਿੱਖਿਆ ਤੇ ਸਿਹਤ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਭਾਜਪਾ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਦਿੱਲੀ ‘ਚ ਉਨ੍ਹਾਂ ਦੀ ਸਰਕਾਰ ਨੂੰ ਚੱਲਣ ਨਹੀਂ ਦੇ ਰਹੀ, ਪਰ ਪੰਜਾਬ ‘ਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੂਬੇ ‘ਚ ਉਹ ਲੋਕ ਪੱਖੀ ਹਰ ਫੈਸਲਾ ਲਾਗੂ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਕਿਸੇ ਵੀ ਕੀਮਤ ਉਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਾਈਵੇਟ ਕਾਲਜ, ਸਕੂਲ ਅਤੇ ਹੋਰ ਵਿਦਿਅਕ ਅਦਾਰੇ ਖੋਲ੍ਹੇ ਜਾਣ ਦੀ ਪੜਤਾਲ ਕਰਨ ਦਾ ਵਾਅਦਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ‘ਚ ਕੋਈ ਖਾਮੀ ਮਿਲੀ ਤਾਂ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
________________________________
ਬਾਗੀਆਂ ਵੱਲੋਂ ਕੇਜਰੀਵਾਲ ‘ਤੇ ਇਲਜ਼ਾਮ
ਚੰਡੀਗੜ੍ਹ: ਆਮ ਆਦਮੀ ਪਾਰਟੀ ਉਤੇ ਇਲਜ਼ਾਮਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਪਾਰਟੀ ਦੇ ਪੰਜਾਬ ‘ਚ ਸਾਬਕਾ ਜੋਨਲ ਇੰਚਾਰਜ ਨੇ ਫਿਰ ਪਾਰਟੀ ‘ਤੇ ਕਈ ਇਲਜ਼ਾਮ ਲਗਾਏ ਹਨ। ਸਾਬਕਾ ਜੋਨ ਇਚਾਰਜ ਗੁਰਿੰਦਰ ਬਾਜਵਾ ਨੇ ਕਿਹਾ ਕਿ ਜਿਹੜੇ ਵਰਕਰਾਂ ਨੇ ਦਿਨ ਰਾਤ ਮਿਹਨਤ ਕਰ ਕੇ ਪਾਰਟੀ ਨੂੰ ਪੰਜਾਬ ‘ਚ ਉਪਰ ਚੁੱਕਿਆ, ਉਨ੍ਹਾਂ ਨੂੰ ਹੀ ਸਾਈਡ ਲਾਈਨ ਕਰ ਦਿੱਤਾ ਗਿਆ। ਇਲਜ਼ਾਮ ਲਗਾਇਆ ਗਿਆ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ‘ਚ ਕੋਹਾਂ ਦਾ ਫਰਕ ਹੈ। ਬਾਜਵਾ ਤੇ ਉਨ੍ਹਾਂ ਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਤੇ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲਿਆ। ਬਾਜਵਾ ਇਥੇ ਲੋਕਾਂ ਨੂੰ ਛੋਟੇਪੁਰ ਦੇ ਹੱਕ ‘ਚ ਨਿੱਤਰਨ ਦੀ ਅਪੀਲ ਵੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਪੰਜਾਬ ਦੀ ਭਲਾਈ ਲਈ ਇਸ ਪਾਰਟੀ ‘ਚ ਸ਼ਾਮਲ ਹੋਏ ਸਨ, ਪਰ ਇਥੇ ਕਹਿਣੀ ਤੇ ਕਰਨੀ ‘ਚ ਬਹੁਤ ਫਰਕ ਸੀ।
________________________________
ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਐਲਾਨ ਕੀਤਾ ਕਿ ਪੰਜਾਬ ਵਿਚ ‘ਆਪ’ ਸਰਕਾਰ ਬਣਨ ਉਤੇ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਇਆ ਜਾਵੇਗਾ। ਚਾਰ ਰੋਜ਼ਾ ਪੰਜਾਬ ਦੌਰੇ ਉਤੇ ਆਏ ਸ੍ਰੀ ਕੇਜਰੀਵਾਲ ਨੇ ਆਪਣੇ ਪ੍ਰੋਗਰਾਮ ਵਿਚ ਤਬਦੀਲੀ ਕਰਦਿਆਂ ਅਚਨਚੇਤੀ ਅੰਮ੍ਰਿਤਸਰ ਆਉਣ ਦਾ ਪ੍ਰੋਗਰਾਮ ਬਣਾਇਆ। ਉਨ੍ਹਾਂ ਆਖਿਆ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜ਼ਰੂਰ ਆਉਂਦੇ ਹਨ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਸਿੱਖ ਭਾਈਚਾਰੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ‘ਆਪ’ ਸਰਕਾਰ ਪੂਰਾ ਕਰੇਗੀ।