ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਅਤੇ ਬੈਂਸ ਭਰਾਵਾਂ ਵੱਲੋਂ ਆਵਾਜ਼-ਏ-ਪੰਜਾਬ ਫਰੰਟ ਦੇ ਆਗਾਜ਼ ਨੇ ਪੰਜਾਬ ਦੀਆਂ ਰਵਾਇਤਾਂ ਸਿਆਸੀ ਧਿਰਾਂ ਦਾ ਫਿਕਰ ਵਧਾ ਦਿੱਤਾ ਹੈ। ਕਾਂਗਰਸ, ਅਕਾਲੀ ਦਲ ਬਾਦਲ ਤੇ ‘ਆਪ’ ਵਿਚ ਖੁੰਝੇ ਲੱਗੇ ਆਗੂ ਧੜਾ ਧੜ ਇਸ ਨਵੇਂ ਫਰੰਟ ਵੱਲ ਉਲਰਨ ਲੱਗੇ ਹਨ। ਦੋ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਜ਼ਬਰਦਸਤ ਦਸਤਕ ਤੋਂ ਬਾਅਦ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਦਰਮਿਆਨ ਨਾ ਸਿਰਫ ਤਿਕੋਣੀ ਟੱਕਰ ਦੇ ਆਸਾਰ ਬਣ ਗਏ ਸਨ ਬਲਕਿ ‘ਆਪ’ ਦਾ ਹੱਥ ਦੂਜੀਆਂ ਸਿਆਸੀ ਧਿਰਾਂ ਤੋਂ ਉਪਰ ਦਿਖਾਈ ਦੇ ਰਿਹਾ ਸੀ।
ਪੰਜਾਬ ਦੀ ਸਿਆਸਤ ਉਤੇ ਦਹਾਕੇ ਤੋਂ ਕਾਬਜ਼ ਅਕਾਲੀ-ਭਾਜਪਾ ਗੱਠਜੋੜ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗ ਗਈ ਸੀ। ਨਸ਼ਿਆਂ ਦੇ ਪ੍ਰਚਲਣ, ਕਿਸਾਨੀ ਖ਼ੁਦਕੁਸ਼ੀਆਂ, ਰੇਤਾ-ਬਜਰੀ ਸੰਕਟ, ਬੇਰੁਜ਼ਗਾਰੀ, ਔਰਤਾਂ ਤੇ ਦਲਿਤਾਂ ਉਤੇ ਹਮਲੇ, ਟਕਸਾਲੀ ਤੇ ਰਵਾਇਤੀ ਅਕਾਲੀਆਂ ਦੀ ਨਾਰਾਜ਼ਗੀ, ਅਮਨ-ਕਾਨੂੰਨ ਦੀ ਨਿੱਘਰ ਰਹੀ ਹਾਲਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਰਕਾਰ ਦੀ ਅਸਫਲਤਾ ਨੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਕਰ ਦਿੱਤੀ ਸੀ। ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਦੀ ਵੱਡੀ ਦਾਅਵੇਦਾਰ ਬਣੀ ਆ ਰਹੀ ਆਮ ਆਦਮੀ ਪਾਰਟੀ ਦੀ ਅੰਦਰੂਨੀ ਫੁੱਟ ਨੇ ਜਿੱਥੇ ਆਪਣੇ ਵਰਕਰਾਂ ਅਤੇ ਸਮਰਥਕਾਂ ਨੂੰ ਨਿਰਾਸ਼ ਕੀਤਾ ਹੈ, ਉਥੇ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਨੂੰ ਕਾਫੀ ਰਾਹਤ ਬਖ਼ਸ਼ੀ ਹੈ। ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਵੱਲੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਅਤੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਦੇ ਸਹਿਯੋਗੀ ਪ੍ਰੋæ ਮਨਜੀਤ ਸਿੰਘ ਵੱਲੋਂ ਸਵਰਾਜ ਪਾਰਟੀ ਦੇ ਗਠਨ, ਕੇਜਰੀਵਾਲ ਦੇ ਇਕ ਹੋਰ ਨਜ਼ਦੀਕੀ ਅਤੇ ‘ਆਪ’ ਆਗੂ ਸੁਮੇਲ ਸਿੰਘ ਸਿੱਧੂ ਵੱਲੋਂ ਆਪਣੀ ਢਾਈ ਪਾ ਖਿਚੜੀ ਅਲੱਗ ਰਿੰਨ੍ਹਣ ਨਾਲ ਭਾਵੇਂ ਪੰਜਾਬ ਵਿੱਚ ‘ਆਪ’ ਦੀ ਸਾਖ਼ ਨੂੰ ਕੋਈ ਜ਼ਰਬ ਨਹੀਂ ਸੀ ਆਈ, ਪਰ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਫੰਡਾਂ ਵਿਚ ਘਪਲੇ ਦੇ ਦੋਸ਼ਾਂ ਹੇਠ ਪਾਰਟੀ ਵਿੱਚੋਂ ਬਰਤਰਫ਼ ਕਰਨ ਨੇ ‘ਆਪ’ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਅਤੇ ਬੈਂਸ ਭਰਾਵਾਂ ਵੱਲੋਂ ਨਵਾਂ ਬਣਾਇਆ ਗਿਆ ਫਰੰਟ ‘ਆਪ’ ਲਈ ਇੱਕ ਹੋਰ ਵੱਡੀ ਚੁਣੌਤੀ ਬਣ ਗਿਆ ਹੈ। ਹੁਣ ਇਨ੍ਹਾਂ ਵੱਲੋਂ ਵੱਖਰਾ ਫਰੰਟ ਬਣਾਉਣ ਨਾਲ ਵੱਖ-ਵੱਖ ਕਾਰਨਾਂ ਕਰਕੇ ‘ਆਪ’ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਤੋਂ ਨਾਰਾਜ਼ ਵਰਕਰਾਂ ਦੇ ਇਸ ਫਰੰਟ ਨਾਲ ਜੁੜਨ ਦੀਆਂ ਸੰਭਾਵਨਾਵਾਂ ‘ਆਪ’ ਲਈ ਚੁਣੌਤੀ ਬਣ ਸਕਦੀਆਂ ਹਨ।
______________________________________
ਸਿੱਧੂ ਨੇ ਭਾਜਪਾ ਦੇ ਨਾਲ ਬਾਦਲਾਂ ਨੂੰ ਵੀ ਲਪੇਟਿਆ
ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਬੈਂਸ ਭਰਾਵਾਂ ਤੇ ਪਰਗਟ ਸਿੰਘ ਨਾਲ ਮਿਲ ਕੇ ਬਣਾਇਆ ਮੋਰਚਾ ਆਵਾਜ਼-ਏ-ਪੰਜਾਬ ਦਾ ਮਕਸਦ ਪੰਜਾਬ ਨੂੰ ਖੁਸ਼ਹਾਲ ਕਰਨਾ ਹੈ। ਬਾਦਲ ਪਰਿਵਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿ ਪੰਜਾਬ ਵਿਚ ਸਿਰਫ ਇਕ ਹੀ ਪਰਿਵਾਰ ਦੀ ਸਰਕਾਰ ਹੈ। ਇਕ ਹੀ ਪਰਿਵਾਰ ਮੁਨਾਫਾ ਕਮਾ ਰਿਹਾ ਹੈ। ਬਾਦਲਾਂ ਤੇ ਭਾਜਪਾ ਨੇ ਮੁਸ਼ਕਲ ਸਮੇਂ ਵਿਚ ਉਨ੍ਹਾਂ ਨੂੰ ਅੱਗੇ ਕੀਤਾ ਗਿਆ, ਜਿੱਤਣ ਤੋਂ ਬਾਅਦ ਜਲੀਲ ਕੀਤਾ ਗਿਆ।
____________________________________
ਅੱਧੀ ਦਰਜਨ ਅਕਾਲੀ ਵਿਧਾਇਕ ਸੰਪਰਕ ‘ਚ: ਪਰਗਟ
ਜਲੰਧਰ: ਪੰਜਾਬ ਦੀ ਰਾਜਨੀਤੀ ਵਿਚ ਚੌਥੇ ਫਰੰਟ ਵਜੋਂ ਬਦਲ ਪੇਸ਼ ਕਰਨ ਦਾ ਦਾਅਵਾ ਕਰਨ ਵਾਲੇ ਆਵਾਜ਼-ਏ-ਪੰਜਾਬ ਫੋਰਮ ਦੇ ਆਗੂ ਪਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਧੀ ਦਰਜਨ ਤੋਂ ਵੱਧ ਵਿਧਾਇਕ ਆਵਾਜ਼-ਏ-ਪੰਜਾਬ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਵੀ ਉਨ੍ਹਾਂ ਨਾਲ ਰਲਣ ਲਈ ਕਾਹਲੇ ਹਨ। ਰਾਜਨੀਤਿਕ ਪੈਂਤੜੇ ਬਾਰੇ ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀ ਤੋਂ ਬਿਨਾਂ ਤਾਂ ਪੰਜਾਬ ਦੇ ਲੋਕਾਂ ਨੂੰ ਢੁਕਵਾਂ ਬਦਲ ਨਹੀਂ ਦਿੱਤਾ ਜਾ ਸਕਦਾ। ਇਸ ਲਈ ਰਾਜਨੀਤਿਕ ਪਾਰਟੀ ਬਣਾ ਕੇ ਹੀ ਚੋਣਾਂ ਲੜੀਆਂ ਜਾਣਗੀਆਂ।
_________________________
ਕੈਪਟਨ ਲੜਨਗੇ ਕੇਜਰੀਵਾਲ ਖਿਲਾਫ ਚੋਣ?
ਬਠਿੰਡਾ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੰਗਾਰਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜੇਕਰ ਕੇਜਰੀਵਾਲ ਪੰਜਾਬ ਵਿਚ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਵਿਰੁੱਧ ਚੋਣ ਮੈਦਾਨ ਵਿਚ ਉੱਤਰਨਗੇ। ਨਾਲ ਹੀ ਕੈਪਟਨ ਨੇ ਆਪਣੇ ਅੰਦਾਜ਼ ਆਖਿਆ ਕਿ ਕੇਜਰੀਵਾਲ ਨੂੰ ਕੁੱਟ ਕੇ ਉਹ ਪੰਜਾਬ ਵਿਚੋਂ ਬਾਹਰ ਕੱਢਣਗੇ।