ਪੰਜਾਬ ਵਿਧਾਨ ਸਭਾ ਵਿਚ ਖੁੱਲ੍ਹ ਕੇ ਖਹਿਬੜੇ ਕਾਂਗਰਸੀ ਤੇ ਅਕਾਲੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਹਾਕਮ ਤੇ ਵਿਰੋਧੀ ਧਿਰ ਦਰਮਿਆਨ ਤਿੱਖੀਆਂ ਝੜਪਾਂ ਕਾਰਨ ਸਪੀਕਰ ਚਰਨਜੀਤ ਸਿੰਘ ਅਟਵਾਲ ਵੱਲੋਂ ਕਰਵਾਈ ਜ਼ੁਬਾਨੀ ਵੋਟਿੰਗ ਰਾਹੀਂ ਬਾਦਲ ਸਰਕਾਰ ਵਿਰੁੱਧ ਕਾਂਗਰਸ ਵੱਲੋਂ ਲਿਆਂਦਾ ਬੇਵਿਸਾਹੀ ਮਤਾ ਰੱਦ ਹੋ ਗਿਆ। ਸਦਨ ਵਿਚ ਇਸ ਮਤੇ ਉਤੇ ਜਿਵੇਂ ਹੀ ਸਪੀਕਰ ਵੱਲੋਂ ਬਹਿਸ ਕਰਾਉਣ ਦਾ ਐਲਾਨ ਕੀਤਾ ਗਿਆ ਤਾਂ ਮਾਹੌਲ ਤਲਖੀ ਵਾਲਾ ਬਣ ਗਿਆ। ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਤਿੱਖੇ ਹਮਲਿਆਂ ਕਾਰਨ ਅਕਾਲੀ ਦਲ ਦੇ ਮੈਂਬਰਾਂ ਨੇ ਵਿਰੋਧੀ ਧਿਰ ‘ਤੇ ਹੱਲਾ ਬੋਲ ਦਿੱਤਾ।

ਅਕਾਲੀ ਮੈਂਬਰ ਵਿਰੋਧੀ ਧਿਰ ਦੇ ਨੇਤਾ ਤੋਂ ਮੰਗ ਕਰ ਰਹੇ ਸਨ ਕਿ ਬਾਦਲ ਪਰਿਵਾਰ ਵਿਰੁੱਧ ਬੋਲੇ ਸ਼ਬਦ ਵਾਪਸ ਲਏ ਜਾਣ। ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜੇ ਸ੍ਰੀ ਚੰਨੀ ਸ਼ਬਦ ਵਾਪਸ ਨਹੀਂ ਲੈਂਦੇ ਤਾਂ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ। ਹਾਕਮ ਧਿਰ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਜਦੋਂ ਕਾਂਗਰਸ ਉਤੇ ਤਿੱਖੇ ਹਮਲੇ ਕਰ ਰਹੇ ਸਨ ਤਾਂ ਕਾਂਗਰਸੀ ਵਿਧਾਇਕਾਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਵਲਟੋਹਾ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਇਆ।
ਸਦਨ ਵਿਚ ਮਤਾ ਪੇਸ਼ ਕਰਨ ਤੋਂ ਬਾਅਦ ਸਪੀਕਰ ਨੇ ਸ੍ਰੀ ਚੰਨੀ ਨੂੰ ਬਹਿਸ ਸ਼ੁਰੂ ਕਰਨ ਲਈ ਕਿਹਾ। ਵਿਰੋਧੀ ਧਿਰ ਦੇ ਨੇਤਾ ਨੇ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹਾਕਮ ਧਿਰ ਦੇ ਮੈਂਬਰ ਆਪਣੀਆਂ ਸੀਟਾਂ ਉਤੇ ਖੜ੍ਹੇ ਹੋ ਗਏ। ਸ੍ਰੀ ਚੰਨੀ ਨੇ ਭ੍ਰਿਸ਼ਟਾਚਾਰ ਤੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ, ਜੋ ਹਾਕਮ ਧਿਰ ਨੂੰ ਹਜ਼ਮ ਨਾ ਹੋਈ। ਭਾਰੀ ਸ਼ੋਰ-ਸ਼ਰਾਬੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਬਹੁਤ ਘੱਟ ਸਮਾਂ ਬੋਲ ਸਕੇ। ਉਨ੍ਹਾਂ ਕਿਹਾ ਕਿ ਰਾਜ ਕਰ ਰਹੇ ਪਰਿਵਾਰ ਲਈ ਲੋਕ ਹਿੱਤਾਂ ਦੀ ਥਾਂ ਪਰਿਵਾਰਕ ਹਿੱਤ ਪ੍ਰਮੁੱਖ ਹਨ। ਇਸ ਦੌਰਾਨ ਅਕਾਲੀ ਮੈਂਬਰ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਵਿਧਾਇਕਾਂ ਨੇ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਹਾਕਮ ਧਿਰ ਦੇ ਨਿਸ਼ਾਨੇ ‘ਤੇ ਸਨ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਸ਼ੋਰ-ਸ਼ਰਾਬਾ ਕਰਨ ਦੇ ਇਸ਼ਾਰੇ ਕਰ ਰਹੇ ਸਨ। ਸਦਨ ਦੇ ਨੇਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਸਾਰਾ ਕੁੱਝ ਚੁੱਪਚਾਪ ਦੇਖਦੇ ਰਹੇ। ਕਾਂਗਰਸ ਦੇ ਸੀਨੀਅਰ ਮੈਂਬਰ ਲਾਲ ਸਿੰਘ ਨੇ ਕਿਹਾ ਕਿ ਜੇ ਅਕਾਲੀ ਮੈਂਬਰ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦੇਣਗੇ ਤਾਂ ਕਾਂਗਰਸ ਵੀ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਵੇਗੀ। ਜਦੋਂ ਮਾਹੌਲ ਜ਼ਿਆਦਾ ਰੌਲੇ ਰੱਪੇ ਵਾਲਾ ਹੋ ਗਿਆ ਤਾਂ ਸਪੀਕਰ ਨੇ ਕਿਹਾ ਕਿ ਵਿਰੋਧੀ ਧਿਰ ਸਦਨ ਦੀ ਕਾਰਵਾਈ ਨਹੀਂ ਚੱਲਣ ਦੇ ਰਹੀ ਅਤੇ ਬੇਵਿਸਾਹੀ ਮਤੇ ‘ਤੇ ਵੋਟ ਕਰਾਉਣ ਦਾ ਐਲਾਨ ਕਰ ਦਿੱਤਾ। ਸਪੀਕਰ ਨੇ ਜ਼ੁਬਾਨੀ ਵੋਟਾਂ ਰਾਹੀਂ ਮਤਾ ਰੱਦ ਹੋਣ ਦਾ ਐਲਾਨ ਕਰ ਦਿੱਤਾ।
___________________________________________
ਬੈਂਸ ਭਰਾਵਾਂ ਨੂੰ ਮਾਰਸ਼ਲਾਂ ਨੇ ਸਦਨ ‘ਚੋਂ ਕੱਢਿਆ
ਚੰਡੀਗੜ੍ਹ: ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਮਾਰਸ਼ਲਾਂ ਨੇ ਚੁੱਕ ਕੇ ਪੰਜਾਬ ਵਿਧਾਨ ਸਭਾ ਵਿਚੋਂ ਬਾਹਰ ਕੱਢ ਦਿੱਤਾ। ਸਦਨ ਵਿਚ ਜਦੋਂ ਡਾæ ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ਸਬੰਧੀ ਲਿਆਂਦੇ ਮਤੇ ਉਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੋਲਣ ਲਈ ਖੜ੍ਹੇ ਹੋਏ ਤਾਂ ਸਿਮਰਜੀਤ ਸਿੰਘ ਬੈਂਸ ਨੇ ਰਾਜਸਥਾਨ ਨੂੰ ਪੰਜਾਬ ਤੋਂ ਜਾਂਦੇ ਪਾਣੀ ਦੇ ਮੁੱਦੇ ‘ਤੇ ਬੋਲਣ ਦੀ ਇਜਾਜ਼ਤ ਮੰਗੀ, ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਜ਼ਾਦ ਵਿਧਾਇਕ ਨੂੰ ਬੋਲਣ ਦੀ ਆਗਿਆ ਨਾ ਦਿੱਤੀ। ਸ੍ਰੀ ਬੈਂਸ ਸਪੀਕਰ ਦੇ ਹੁਕਮਾਂ ਤੋਂ ਬਾਅਦ ਵੀ ਆਪਣੀ ਗੱਲ ਕਹਿਣ ਉਤੇ ਅੜੇ ਰਹੇ ਤਾਂ ਸ੍ਰੀ ਅਟਵਾਲ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਨੂੰ ਚੁੱਕ ਕੇ ਬਾਹਰ ਕੱਢ ਦਿੱਤਾ ਗਿਆ।
____________________________________________
‘ਆਵਾਜ਼-ਏ-ਪੰਜਾਬ’ ਦੇ ਆਗੂਆਂ ਨੇ ਅਕਾਲੀਆਂ ਨੂੰ ਘੇਰਿਆ
ਚੰਡੀਗੜ੍ਹ: ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨਾਲ ਮਿਲ ਕੇ ਸਦਨ ‘ਚ ਧਰਨਾ ਦੇ ਕੇ ਪੰਜਾਬ ਵਿਧਾਨ ਸਭਾ ‘ਚ ਚੌਥੇ ਫਰੰਟ ‘ਆਵਾਜ਼-ਏ-ਪੰਜਾਬ’ ਦੀ ਸ਼ੁਰੂਆਤ ਕੀਤੀ ਹੈ। ਦੂਜੇ ਪਾਸੇ ਕਾਂਗਰਸ ਨੇ ਵੀ ਦੋ ਵਾਰ ਸਪੀਕਰ ਮੂਹਰੇ ਜਾ ਕੇ ਨਾਅਰੇਬਾਜ਼ੀ ਕੀਤੀ। ਬੈਂਸ ਭਰਾਵਾਂ ਨੇ ਸੈਸ਼ਨ ਸ਼ੁਰੂ ਹੁੰਦਿਆਂ ਹੀ ਰਾਜਸਥਾਨ ਨੂੰ ਮੁਫਤ ਪਾਣੀ ਦੇਣ ਦੇ ਮੁੱਦੇ ਉਤੇ ਮਤਾ ਲਿਆਉਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਹ ਪ੍ਰਸ਼ਨ ਕਾਲ ਤੇ ਸਿਫਰ ਕਾਲ ਦੌਰਾਨ ਨਿਰੰਤਰ ਨਾਅਰੇਬਾਜ਼ੀ ਕਰਦੇ ਰਹੇ ਅਤੇ ਬਾਅਦ ਵਿਚ ਪਰਗਟ ਸਿੰਘ ਸਮੇਤ ਸਪੀਕਰ ਦੀ ਕੁਰਸੀ ਅੱਗੇ ਧਰਨਾ ਮਾਰ ਕੇ ਬੈਠ ਗਏ। ਕਾਂਗਰਸੀਆਂ ਨੇ ਡਾæ ਨਵਜੋਤ ਕੌਰ ਸਿੱਧੂ ਨੂੰ ਵੀ ਧਰਨੇ ‘ਚ ਸ਼ਾਮਲ ਹੋਣ ਲਈ ਉਕਸਾਇਆ, ਪਰ ਉਹ ਸੱਤਾ ਧਿਰ ਦੇ ਬੈਚਾਂ ‘ਤੇ ਬੈਠੀ ਰਹੀ।
___________________________________________
ਕਾਂਗਰਸ ਨੇ ਜਮਹੂਰੀਅਤ ਦਾ ਨਿਰਾਦਰ ਕੀਤਾ: ਬਾਦਲ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ‘ਤੇ ਸੂਬੇ ਵਿਚ ਵਿਕਾਸ, ਪ੍ਰਗਤੀ ਅਤੇ ਪ੍ਰਸ਼ਾਸਨ ਵਰਗੇ ਅਹਿਮ ਮੁੱਦਿਆਂ ਤੋਂ ਭੱਜਣ ਅਤੇ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਬੇਭਰੋਸਗੀ ਮਤੇ ‘ਤੇ ਵਿਚਾਰ-ਚਰਚਾ ਨੂੰ ਜਾਣ-ਬੁੱਝ ਕੇ ਸਾਬੋਤਾਜ ਕਰਨ ਦਾ ਦੋਸ਼ ਲਾਇਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਵੱਲੋਂ ਜਮਹੂਰੀਅਤ ਨੂੰ ਅਪਮਾਨਿਤ ਕਰਨ ਦੇ ਢੰਗ ਤੋਂ ਡਾਹਢਾ ਦੁੱਖ ਹੋਇਆ ਹੈ।