ਸਰਬੱਤ ਖਾਲਸਾ ਧਿਰਾਂ ਵੱਲੋਂ ਕੇਸਰੀ ਝੰਡੇ ਹੇਠ ਸਾਂਝੇ ਫਰੰਟ ਦਾ ਐਲਾਨ

ਅੰਮ੍ਰਿਤਸਰ: ਸਰਬੱਤ ਖਾਲਸਾ ਨਾਲ ਸਬੰਧਤ ਧਿਰਾਂ ਨੇ ਕੇਸਰੀ ਝੰਡੇ ਹੇਠ ਸਾਂਝਾ ਫਰੰਟ ਕਾਇਮ ਕਰ ਕੇ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਅਤੇ ਇਸ ਫਰੰਟ ਵਿਚ ਸੁੱਚਾ ਸਿੰਘ ਛੋਟੇਪੁਰ ਸਮੇਤ ਨਵੇਂ ਚੌਥੇ ਫਰੰਟ ਬਸਪਾ ਤੇ ਹੋਰ ਪੰਜਾਬ ਹਿਤੈਸ਼ੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। 30 ਸਤੰਬਰ ਤੱਕ ਇਸ ਰਾਜਸੀ ਬਦਲ ਦਾ ਐਲਾਨ ਕਰ ਦਿੱਤਾ ਜਾਵੇਗਾ।

ਯੂਨਾਈਟਿਡ ਅਕਾਲੀ ਦਲ ਵੱਲੋਂ ਇਥੇ ਕਨਵੈਨਸ਼ਨ ਸੱਦੀ ਗਈ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ 1920, ਸੁਤੰਤਰ ਅਕਾਲੀ ਦਲ ਅਤੇ ‘ਆਪ’ ਤੋਂ ਅਸਤੀਫਾ ਦੇਣ ਵਾਲੇ ਜ਼ੋਨ ਕਨਵੀਨਰ ਗੁਰਿੰਦਰ ਸਿੰਘ ਬਾਜਵਾ ਤੇ ਹੋਰ ਸ਼ਾਮਲ ਸਨ। ਇਸ ਮੌਕੇ ਖਾਲਿਸਤਾਨ ਅਤੇ ਭਿੰਡਰਾਂਵਾਲਾ ਪੱਖੀ ਨਾਅਰੇ ਵੀ ਲੱਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਐਲਾਨ ਕੀਤਾ ਕਿ ਸਰਬੱਤ ਖਾਲਸਾ ਧਿਰਾਂ ਵੱਲੋਂ ‘ਸਰਕਾਰੇ ਖਾਲਸਾ’ ਬਣਾਈ ਜਾਵੇਗੀ, ਜਿਸ ਵਿਚ ਸਮੂਹ ਭਾਈਚਾਰਿਆਂ ਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਥ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ‘ਆਪ’ ਨੂੰ ਭਜਾਇਆ ਜਾਵੇ। ਉਨ੍ਹਾਂ ਸ੍ਰੀ ਕੇਜਰੀਵਾਲ ਉਤੇ ਗੰਭੀਰ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਏਜੰਸੀਆਂ ਦਾ ਬੰਦਾ ਕਰਾਰ ਦਿੱਤਾ।
ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਬੱਤ ਖਾਲਸਾ ਦੇ ਪ੍ਰਬੰਧਕ ਭਾਈ ਮੋਹਕਮ ਸਿੰਘ ਨੇ ਆਖਿਆ ਕਿ ਸਮੂਹ ਅਕਾਲੀ ਦਲਾਂ ਨੂੰ ਆਪੋ-ਆਪਣੇ ਦਲ ਭੰਗ ਕਰ ਕੇ ਇਕ ਅਕਾਲੀ ਦਲ ਬਣਾਉਣਾ ਚਾਹੀਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਆਪਣੀ ਪਾਰਟੀ ਵੱਲੋਂ ਪਹਿਲਕਦਮੀ ਕਰਨਗੇ। ਸੁੱਚਾ ਸਿੰਘ ਛੋਟੇਪੁਰ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਏ ਗੁਰਿੰਦਰ ਸਿੰਘ ਬਾਜਵਾ ਨੇ ‘ਆਪ’ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ। ਇਸ ਮੌਕੇ ਛੇ ਮਤੇ ਵੀ ਪਾਸ ਕੀਤੇ ਗਏ।
ਇਕ ਮਤੇ ਰਾਹੀਂ ਪੰਜਾਬ ਦੇ ਮੌਜੂਦਾ ਮਾੜੇ ਹਾਲਾਤ ਲਈ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ। ਕਾਂਗਰਸ ਅਤੇ ‘ਆਪ’ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ। ਇਕ ਮਤੇ ਰਾਹੀਂ ਮੁੱਖ ਮੰਤਰੀ ਨੂੰ ਸਿੱਖ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ, ਪੰਥਕ ਸਰਕਾਰ ਆਉਣ ‘ਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦਾ ਐਲਾਨ ਅਤੇ ਕਸ਼ਮੀਰ ਵਾਦੀ ਵਿਚ ਸ਼ਾਂਤੀ ਸਥਾਪਤ ਕਰਨ ਵਾਸਤੇ ਪਾਕਿਸਤਾਨ ਸਮੇਤ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ ਦਾ ਸਮਰਥਨ ਕੀਤਾ।