ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ

ਪ੍ਰਭਸ਼ਰਨਬੀਰ ਸਿੰਘ*
ਫੋਨ: 778-836-7901
ਆਧੁਨਿਕਤਾ ਦੀ ਲੁਕਵੀਂ ਚਾਲਕ ਸ਼ਕਤੀ Ḕਤਰੱਕੀ ਦੀ ਮਿੱਥḔ (ੰੇਟਹ ਾ ਫਰੋਗਰeਸਸ) ਹੈ। ਤਰੱਕੀ ਦੀ ਮਿੱਥ ਯੂਰਪ ਵਿਚ ਜਾਗ੍ਰਿਤੀ ਦੇ ਦੌਰ ਦੌਰਾਨ ਹੋਂਦ ਵਿਚ ਆਈ ਜਦੋਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਖੋਜਾਂ ਪੁਰਾਣੀਆਂ ਵਿਸ਼ਵ-ਦ੍ਰਿਸ਼ਟੀਆਂ ਲਈ ਨਿੱਤ ਨਵੀਂਆਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਸਨ। ਇਸ ਮਿੱਥ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨਾਲ ਇੱਕ ਦਿਨ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਇੱਕ ਆਦਰਸ਼ ਜਗਤ (ੂਟੋਪਅਿ) ਦੀ ਸਥਾਪਨਾ ਹੋ ਜਾਵੇਗੀ।

ਇਸੇ ਮਿੱਥ ਨੇ ਹੀ ਆਧੁਨਿਕ ਜੀਵਨ ਤਰਜ਼ ਨੂੰ ਇਸ ਦਾ ਨੈਤਿਕ ਆਧਾਰ ਮੁਹੱਈਆ ਕੀਤਾ। ਜ਼ਿੰਦਗੀ ਦੇ ਸੂਖਮ ਮਸਲਿਆਂ ਸਮੇਤ ਹਰ ਚੀਜ਼ ਲਈ ਗਿਣਾਤਮਕ ਤਰਕਸ਼ੀਲਤਾ (ਛਅਲਚੁਲਅਟਵਿe ੍ਰਅਟਿਨਅਲਟੇ) ਦਾ ਆਖਰੀ ਪੈਮਾਨਾ ਮਿਥ ਲਿਆ ਗਿਆ। ਜ਼ਿੰਦਗੀ ਵਿਚੋਂ ਕੋਮਲ ਕਲਾਵਾਂ, ਕਵਿਤਾ ਅਤੇ ਪਾਕੀਜ਼ਗੀ ਦੀ ਹੋਂਦ ਘਟਣ ਲੱਗੀ। ਬੇਸ਼ੁਮਾਰ ਸੁੱਖ-ਸਹੂਲਤਾਂ ਪੈਦਾ ਹੋਣ ਦੇ ਨਾਲ ਨਾਲ ਜ਼ਿੰਦਗੀ ਨੇ ਬਹੁਤ ਕੁਝ ਗੁਆਇਆ ਵੀ।
ਵੀਹਵੀਂ ਸਦੀ ਦੇ ਆਗਾਜ਼ ਨਾਲ ਆਧੁਨਿਕਤਾ ਦੇ ਹਨੇਰੇ ਪੱਖ ਬਹੁਤ ਬੇਕਿਰਕ ਤਰੀਕੇ ਨਾਲ ਦੁਨੀਆਂ ਦੇ ਸਾਹਮਣੇ ਆਏ। ਦੋਹਾਂ ਸੰਸਾਰ ਜੰਗਾਂ ਦੌਰਾਨ ਜਿਹੜੀ ਭਿਆਨਕ ਤਬਾਹੀ ਹੋਈ, ਉਸ ਨੇ ਮਨੁੱਖੀ ਇਤਿਹਾਸ ਦੇ ਸਭ ਤੋਂ ਸਿਆਹ ਪੰਨਿਆਂ ਨੂੰ ਵੀ ਫਿੱਕਾ ਪਾ ਦਿੱਤਾ। ਏਨੀ ਵਿਆਪਕ ਤਬਾਹੀ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨੇ ਮਨੁੱਖ ਨੂੰ ਅਜਿਹੇ ਸਾਧਨ ਮੁਹੱਈਆ ਕਰ ਦਿੱਤੇ, ਜਿਨ੍ਹਾਂ ਨੇ ਲੱਖਾਂ ਜ਼ਿੰਦਗੀਆਂ ਦੇ ਘਾਣ ਨੂੰ ਖਿਣਾਂ-ਪਲਾਂ ਦੀ ਖੇਡ ਬਣਾ ਦਿੱਤਾ। ਨਾਜ਼ੀਆਂ ਦੇ ਗੈਸ-ਚੈਂਬਰ ਅਤੇ ਅਮਰੀਕਾ ਵੱਲੋਂ ਜਾਪਾਨ ਉਤੇ ਸੁੱਟੇ ਗਏ ਪ੍ਰਮਾਣੂ ਬੰਬ ਇਸ ਦੀਆਂ ਦੋ ਉਘੜਵੀਆਂ ਮਿਸਾਲਾਂ ਹਨ। ਮੌਤ ਨੇ ਇੱਕ ਸਨਅਤ ਦਾ ਰੂਪ ਧਾਰਨ ਕਰ ਲਿਆ। ਤ੍ਰਾਸਦੀ ਇਹ ਹੈ ਕਿ ਐਨੀ ਵਿਆਪਕ ਤਬਾਹੀ ਤੋਂ ਕਿਸੇ ਨੇ ਕੋਈ ਸਬਕ ਨਹੀਂ ਸਿੱਖਿਆ। Ḕਮੌਤ ਦੀ ਸਨਅਤḔ ਅੱਜ ਵੀ ḔਨਵਉਦਾਰਵਾਦḔ ਅਤੇ Ḕਦਹਿਸ਼ਤ ਵਿਰੁਧ ਜੰਗḔ ਵਰਗੇ ਨਾਂਵਾਂ ਹੇਠ ਆਪਣਾ ਕਹਿਰ ਵਰਤਾ ਰਹੀ ਹੈ।
ਦੁਨੀਆਂ ਭਰ ਵਿਚ ਰਾਜਨੀਤਕ ਸੱਤਾ ਮਾਣਨ ਵਾਲੇ ਅਤੇ ਆਰਥਿਕ ਅਜਾਰੇਦਾਰੀ ਹੰਢਾਉਣ ਵਾਲੇ ਕੁਲੀਨ ਵਰਗ ਨੇ ਭਾਵੇਂ ਇਸ ਤਬਾਹੀ ਤੋਂ ਕੋਈ ਸਬਕ ਨਾ ਸਿੱਖਿਆ ਹੋਵੇ ਪਰ ਯੂਰਪ ਦੀਆਂ ਕੁਝ ਸੰਵੇਦਨਸ਼ੀਲ ਰੂਹਾਂ ਨੇ ਇਸ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ। ਮਾਨਵੀ ਪੀੜ ਦੇ ਇਸ ਡੂੰਘੇ ਅਹਿਸਾਸ ਵਿਚੋਂ ਹੀ ਆਧੁਨਿਕਤਾ ਬਾਰੇ ਪੁਨਰ-ਵਿਚਾਰ ਕਰਨ ਦੀ ਲੋੜ ਉਤਪੰਨ ਹੋਈ। ਜੰਗ ਤੋਂ ਬਾਅਦ ਪੈਦਾ ਹੋਏ ਫਲਸਫੇ ਨੇ ਆਧੁਨਿਕਤਾ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਇਸ ਦੀਆਂ ਮੁੱਢਲੀਆਂ ਮਾਨਤਾਵਾਂ, ਜਿਵੇਂ Ḕਤਰੱਕੀ ਦੀ ਮਿੱਥḔ, ਨੂੰ ਸੁਆਲਾਂ ਦੇ ਘੇਰੇ ਹੇਠ ਲਿਆਂਦਾ। ਮਾਰਕਸਵਾਦ, ਪੂੰਜੀਵਾਦ ਅਤੇ ਆਧੁਨਿਕਤਾ ਵਰਗੇ ਮਹਾਂ-ਬਿਰਤਾਂਤਾਂ ਦੀ ਚੰਗੇਰਾ ਸਮਾਜ ਸਿਰਜ ਸਕਣ ਦੀ ਸਮਰੱਥਾ ਵੀ ਸ਼ੱਕੀ ਲੱਗਣ ਲੱਗ ਪਈ। ਇਸ ਦੇ ਨਾਲ ਹੀ ਇੱਕ ਅਹਿਮ ਸੁਆਲ ਇਹ ਪੈਦਾ ਹੋਇਆ ਕਿ ਐਨੀ ਭਿਅੰਕਰ ਤਬਾਹੀ ਦੀ ਪੇਸ਼ਕਾਰੀ ਕਿਵੇਂ ਕੀਤੀ ਜਾਵੇ? ਕੀ ਅਜਿਹੀ ਅਣਮਨੁੱਖੀ ਬਰਬਰਤਾ ਦੀ ਪੇਸ਼ਕਾਰੀ ਸੰਭਵ ਵੀ ਹੈ?
ਇਸ ਸੁਆਲ ਨੂੰ ਮੁਖਾਤਬ ਹੁੰਦਿਆਂ ਥਿਓਡੋਰ ਅਡੋਰਨੋ ਦਾ ਇਹ ਕਥਨ ਅਕਸਰ ਹੀ ਦੁਹਰਾਇਆ ਜਾਂਦਾ ਹੈ: “ਆਸ਼ਵਿਟਜ਼ (ਯਹੂਦੀਆਂ ਦੇ ਸਰਬਨਾਸ਼ ਲਈ ਵਰਤੇ ਗਏ ਇੱਕ ਕੰਸਨਟਰੇਸ਼ਨ ਕੈਂਪ ਦਾ ਨਾਂ) ਤੋਂ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ।” ਇਸ ਕਥਨ ਨੂੰ ਅਕਸਰ ਹੀ ਇਸ ਪਰਿਪੇਖ ਵਿਚ ਵਰਤਿਆ ਜਾਂਦਾ ਹੈ ਕਿ ਅਜਿਹੀ ਭਿਅੰਕਰ ਤਬਾਹੀ ਦੇ ਸਾਹਮਣੇ ਜ਼ਿੰਦਗੀ ਦੇ ਸੁਹਜ ਦਾ ਗੀਤ ਗਾਉਣਾ ਬੇਅਰਥ ਹੈ।
ਇਸ ਤੋਂ ਇਹ ਭਾਵ ਵੀ ਲਿਆ ਜਾਂਦਾ ਹੈ ਕਿ ਜਦੋਂ ਬਰਬਰਤਾ ਦਾ ਤਾਂਡਵ ਨਾਚ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਲਵੇ ਤਾਂ ਇਸ ਦੀ ਕਾਵਿਕ ਪੇਸ਼ਕਾਰੀ ਸੰਭਵ ਨਹੀਂ ਰਹਿੰਦੀ। ਯੂਰਪ ਵਿਚ ਭਾਵੇਂ ਸ਼ੁਰੂ ਤੋਂ ਹੀ, ਪਰ ਖਾਸ ਤੌਰ ‘ਤੇ ਆਧੁਨਿਕਤਾ ਦੇ ਆਗਾਜ਼ ਤੋਂ ਬਾਅਦ, ਜੀਵਨ ਦੀਆਂ ਸਮੱਸਿਆਵਾਂ ਨੂੰ ਸਮਝਣ, ਇਨ੍ਹਾਂ ਨਾਲ ਸਿੱਝਣ ਅਤੇ ਇਨ੍ਹਾਂ ਨੂੰ ਪੇਸ਼ ਕਰਨ ਦਾ ਮੁੱਖ ਜ਼ਰੀਆ ਫਲਸਫਾ ਹੀ ਰਿਹਾ ਹੈ।
ਫਲਸਫੇ ਦੀ ਇਹ ਸਰਦਾਰੀ ਯੂਰਪੀ ਸੱਭਿਅਤਾ ਦਾ ਖਾਸਾ ਤਾਂ ਹੈ ਪਰ ਹਰ ਸੱਭਿਆਚਾਰ ਵਿਚ ਇਉਂ ਨਹੀਂ ਹੁੰਦਾ; ਹਰ ਸੱਭਿਆਚਾਰ ਦਾ ਕਾਵਿ ਅਤੇ ਦਰਸ਼ਨ ਨਾਲ ਰਿਸ਼ਤਾ ਨਿਵੇਕਲਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿਚ ਕਾਵਿ ਨੂੰ ਦਰਸ਼ਨ ਨਾਲੋਂ ਵਧੇਰੇ ਅਹਿਮ ਸਥਾਨ ਪ੍ਰਾਪਤ ਹੈ। ਪੰਜਾਬੀ ਬੋਲੀ ਅਤੇ ਜ਼ਿੰਦਗੀ-ਦੋਵੇਂ ਕਾਵਿਕ ਧੜਕਣ ਨਾਲ ਸਰਸ਼ਾਰ ਹਨ। ਪੰਜਾਬ ਜ਼ਿੰਦਗੀ ਦੀ ਪਵਿੱਤਰਤਾ ਅਤੇ ਸੁਹਜ ਦੇ ਨਾਲ ਨਾਲ ਇਸ ਦੇ ਦਿਲ-ਵਿੰਨ੍ਹਵੇਂ ਹਾਦਸਿਆਂ ਅਤੇ ਬੇਕਿਰਕ ਹਿੰਸਾ ਨੂੰ ਵੀ ਕਵਿਤਾ ਰਾਹੀਂ ਹੀ ਮੁਖਾਤਬ ਹੋਇਆ ਹੈ। ਇਸ ਦੀ ਸਭ ਤੋਂ ਖੂਬਸੂਰਤ ਮਿਸਾਲ ਗੁਰੂ ਨਾਨਕ ਸਾਹਿਬ ਨੇ ਬਾਬਰਵਾਣੀ ਰਾਹੀਂ ਪੈਦਾ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਰਚਣਹਾਰ ਜ਼ਿੰਦਗੀ ਦੇ ਸੁਹਜ ਅਤੇ ਮੌਤ ਦੇ ਕਹਿਰ-ਦੋਹਾਂ ਨਾਲ ਹੀ ਰਾਗਾਂ ਨਾਲ ਸ਼ਿੰਗਾਰੇ ਬੋਲਾਂ ਰਾਹੀਂ ਸਾਂਝ ਪਾਉਂਦੇ ਹਨ।
ਇੱਥੇ ਕੋਈ ਇਹ ਇਤਰਾਜ਼ ਵੀ ਉਠਾ ਸਕਦਾ ਹੈ ਕਿ ਅਡੋਰਨੋ ਨੇ ਆਧੁਨਿਕਤਾ ਦੀ ਹਿੰਸਾ ਦੀ ਗੱਲ ਕੀਤੀ ਹੈ ਜਿਹੜੀ ਕਿ ਹਿੰਸਾ ਦੇ ਪਰੰਪਰਾਗਤ ਰੂਪਾਂ ਤੋਂ ਵੱਧ ਭਿਅੰਕਰ ਹੈ। ਕੀ ਕਵਿਤਾ, ਵੀਹਵੀਂ ਅਤੇ ਇੱਕੀਵੀਂ ਸਦੀ ਦੀ ਤਕਨਾਲੋਜੀ ਰਾਹੀਂ ਮਧਿਅਸਥ ਹੋ ਰਹੀ ਹਿੰਸਾ ਨੂੰ ਵੀ ਪੇਸ਼ ਕਰਨ ਦੇ ਸਮਰੱਥ ਹੈ? ਇਸ ਸੁਆਲ ਨੂੰ ਮੁਖਾਤਬ ਹੋਣ ਤੋਂ ਪਹਿਲਾਂ ਅਡੋਰਨੋ ਦੇ ਕਥਨ ਦੇ ਪਰਿਪੇਖ ਨੂੰ ਸਮਝਣਾ ਜ਼ਰੂਰੀ ਹੈ। ਇਹ ਕਥਨ ਲਿਖਣ ਵੇਲੇ ਅਡੋਰਨੋ ਦਾ ਫਿਕਰ (ਜੋ ਕਿ ਸੱਚਾ ਵੀ ਹੈ) ਇਹ ਸੀ ਕਿ ਬਰਬਰਤਾ ਦੀ ਪੇਸ਼ਕਾਰੀ ਕਰਦਿਆਂ ਕਵਿਤਾ ਕਿਤੇ ਵਿਚਾਰਧਾਰਕ ਸਿੱਥਲਤਾ ਦਾ ਸ਼ਿਕਾਰ ਨਾ ਹੋ ਜਾਵੇ। ਬਾਅਦ ਵਿਚ ਛਪੀ ਆਪਣੀ ਪੁਸਤਕ Ḕਨੈਗੇਟਿਵ ਡਾਇਆਲੈਕਟਿਕਸḔ ਵਿਚ ਉਹ ਗੱਲ ਨੂੰ ਸਪੱਸ਼ਟ ਕਰਦਿਆਂ ਲਿਖਦਾ ਹੈ: “ਸਦੀਵੀ ਦੁੱਖ ਨੂੰ ਆਪਣੀ ਪੇਸ਼ਕਾਰੀ ਦਾ ਓਨਾ ਹੀ ਹੱਕ ਹੈ ਜਿੰਨਾ ਤਸ਼ੱਦਦ ਸਹਿ ਰਹੇ ਕਿਸੇ ਵਿਅਕਤੀ ਨੂੰ ਚੀਕਣ ਦਾ। ਸੋ, ਇਹ ਕਹਿਣਾ ਗਲਤ ਵੀ ਹੋ ਸਕਦਾ ਹੈ ਕਿ ਆਸ਼ਵਿਟਜ਼ ਤੋਂ ਬਾਅਦ ਤੁਹਾਨੂੰ ਕਵਿਤਾ ਲਿਖਣ ਦਾ ਹੱਕ ਨਹੀਂ ਹੈ।”
ਇਸੇ ਤਰ੍ਹਾਂ ਆਪਣੇ ਇੱਕ ਲੈਕਚਰ ਕੋਰਸ ਦੌਰਾਨ ਵੀ ਉਸ ਨੇ ਸਪੱਸ਼ਟ ਕੀਤਾ ਸੀ ਕਿ ਕਵਿਤਾ ਬਾਰੇ ਉਸ ਦੀ ਟਿੱਪਣੀ ਅਸਲ ਵਿਚ ਉਸ ਵੇਲੇ ਪੁਨਰ-ਸੁਰਜੀਤ ਕੀਤੇ ਜਾ ਰਹੇ ਸੱਭਿਆਚਾਰ ਦੇ ਖੋਖਲੇਪਣ ਬਾਰੇ ਸੀ। ਉਹ ਕਹਿੰਦਾ ਹੈ ਕਿ ਆਸ਼ਵਿਟਜ਼ ਬਾਰੇ ਅੱਜ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਸ਼ਵਿਟਜ਼ ਤੋਂ ਬਾਅਦ ਕਵਿਤਾ ਜ਼ਰੂਰ ਲਿਖਣੀ ਚਾਹੀਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜੀਵਨ ਜਿਉਣਾ ਹੀ ਛੱਡ ਦਿੱਤਾ ਜਾਵੇ। ਬਲਕਿ ਜੀਵਨ ਇਸ ਢੰਗ ਨਾਲ ਜੀਵਿਆ ਜਾਵੇ ਕਿ ਆਸ਼ਵਿਟਜ਼ ਮੁੜ ਨਾ ਵਾਪਰੇ। ਪਰ ਸੋਚਣ ਵਾਲੀ ਗੱਲ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਆਸ਼ਵਿਟਜ਼ ਵਰਗੇ ਹਾਦਸੇ ਮੁੜ ਮੁੜ ਵਾਪਰ ਰਹੇ ਹਨ।
ਪੰਜਾਬ ਦੇ ਸੰਦਰਭ ਵਿਚ ਇਹ ਵਿਚਾਰ-ਚਰਚਾ ਵੱਡੀ ਅਹਿਮੀਅਤ ਰੱਖਦੀ ਹੈ ਕਿਉਂਕਿ ਪੰਜਾਬ ਨੇ ਵੀਹਵੀਂ ਸਦੀ ਦੌਰਾਨ ਦੋ ਵੱਡੇ ਹਾਦਸੇ 1947 ਅਤੇ 1984, ਆਪਣੇ ਪਿੰਡੇ ਉਤੇ ਹੰਢਾਏ ਹਨ। ਦੋਹਾਂ ਦੀ ਪੀੜ ਨੂੰ, ਭਾਵੇਂ ਅੰਸ਼ਿਕ ਰੂਪ ਵਿਚ ਹੀ ਸਹੀ, ਕਵਿਤਾ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਾਵਿਕ ਪੇਸ਼ਕਾਰੀ ਵੀ ਦੋ ਤਰ੍ਹਾਂ ਦੀ ਹੈ: ਵਿਚਾਰਧਾਰਕ ਵਲਗਣਾਂ ਤੋਂ ਆਜ਼ਾਦ ਕਵਿਤਾ ਅਤੇ ਵਿਚਾਰਧਾਰਕ ਸੰਕੀਰਣਤਾ ਦੀ ਸ਼ਿਕਾਰ ਕਵਿਤਾ।
ਹਰਿੰਦਰ ਸਿੰਘ ਮਹਿਬੂਬ ਦੀਆਂ ਲੰਮੀਆਂ ਕਵਿਤਾਵਾਂ Ḕਕੁਰਲਾਉਂਦੇ ਕਾਫਲੇḔ ਅਤੇ Ḕਸ਼ਹੀਦ ਦੀ ਅਰਦਾਸḔ ਪਹਿਲੀ ਕਿਸਮ ਦੀ ਕਵਿਤਾ ਦੀਆਂ ਉਦਾਹਰਣਾਂ ਹਨ। ਇਹ ਕਵਿਤਾਵਾਂ ਵਿਚਾਰਧਾਰਕ ਸਿੱਥਲਤਾ ਤੋਂ ਆਜ਼ਾਦ ਕਵਿਤਾਵਾਂ ਹਨ। ਇਹ ਕਵਿਤਾਵਾਂ 1947 ਅਤੇ 1984 ਦੀ ਪੀੜ ਨੂੰ ਸਥਾਨਕ ਪੀੜ ਵਜੋਂ ਨਹੀਂ ਵੇਖਦੀਆਂ, ਸਗੋਂ ਮਨੁੱਖੀ ਇਤਿਹਾਸ ਦੇ ਇੱਕ ਜੁਜ਼ ਵਜੋਂ ਬਿਆਨਦੀਆਂ ਹਨ। ਕਵਿਤਾ Ḕਸ਼ਹੀਦ ਦੀ ਅਰਦਾਸḔ ਦੇ ਕੁਝ ਬੰਦ ਹਨ:
ਨਾ-ਸ਼ੁਕਰ ਬੁੱਤ-ਪੂਜ ਨਗਰ ਵਿਚ,
ਹਾਕ ਸੁਣੀ ਇੱਕ ਮੈਨੂੰ,
ਖਾਕ ਵਿਸ਼ੈਲੀ ਖੋਰ ਦੇਵੇਗੀ
ਬੀਆਬਾਨ ਵਿਚ ਤੈਨੂੰ।
ਨਾਗਾਂ ਵਾਂਗ ਸਾਜਿਸ਼ਾਂ ਘੁੰਮਣ,
ਹੋਇ ਹੈਰਾਨ ਮੈਂ ਸੋਚਾਂ,
ਜੇ ਨ ਤਿਰੇ ਮੁਰੀਦ, ਬਾਜ਼ ਦੀ
ਨਜ਼ਰ ਦੇਖਦੀ ਕੈਨੂੰ?
ਬੇ-ਪੱਤ ਹੋਈਆਂ ਕੌਮਾਂ ਦੇ ਘਰ,
ਦੂਰ ਫਰੇਬੀ ਧਰ ਤੇ
ਬਦਨਸੀਬ ਪੈਰਾਂ ਦੇ ਹੇਠਾਂ
ਖਾਕ ਵਿਸ਼ੈਲੀ ਗਰਕੇ।
ਮੂੰਹ ਜ਼ੋਰ ਸਮਾਂ ਨਾ ਕੌਮੇ!
ਨਿਗਲ ਸਕੇਗਾ ਤੈਨੂੰ;
ਆਪਣੀ ਪੱਤ ਪਛਾਣ ਲਵੇਂ ਜੇ,
ਲੜ ਮਾਹੀ ਦਾ ਫੜ੍ਹ ਕੇ।
ਕੋਈ ਵੀ ਇਤਿਹਾਸਕ ਜੁੱਗਗਰਦੀ, ਭਾਵੇਂ ਕਿੰਨੀ ਵੀ ਭਿਅੰਕਰ ਕਿਉਂ ਨਾ ਹੋਵੇ, ਕਵੀ ਦੇ ਮਾਸੂਮ ਬੋਲਾਂ ਨੂੰ ਕਤਲ ਨਹੀਂ ਕਰ ਸਕਦੀ, ਬਸ਼ਰਤੇ ਕਿ ਕਵੀ ਆਪਣੇ ਬੋਲਾਂ ਦੀ ਮਾਸੂਮੀਅਤ ਨੂੰ ਵਿਚਾਰਧਾਰਕ ਵਲਗਣਾਂ ਵਿਚ ਕੈਦ ਨਾ ਹੋਣ ਦੇਵੇ। ਕਵੀ ਦਾ ਸਰੀਰਕ ਕਤਲ ਵੀ ਅਜਿਹੇ ਹਾਲਾਤ ਵਿਚ ਉਸ ਦੇ ਬੋਲਾਂ ਨੂੰ ਸਦੀਵਤਾ ਹੀ ਪ੍ਰਦਾਨ ਕਰਦਾ ਹੈ। 1947 ਦੀ ਅਕਹਿ ਅਤੇ ਅਸਹਿ ਵੇਦਨਾ ਵਿਚੋਂ ਸਰੀਰਕ ਅਤੇ ਆਤਮਿਕ ਰੂਪ ਵਿਚ ਨਿਕਲਣ ਤੋਂ ਬਾਅਦ ਵੀ ਕਵੀ ਇਹ ਕਹਿਣ ਦਾ ਜੇਰਾ ਰੱਖਦਾ ਹੈ:
ਨਭ ਕਾਲ ਧਰਤੀ ਦੀਆਂ ਸੜੀਆਂ
ਹਰੀਆਂ ਕੀਤੀਆਂ ਨੀਂਹਾਂ।
ਵਰ੍ਹ ਰਾਵੀ ਦੇ ਨੈਣਾਂ ਵਿਚੋਂ
ਝਿਮ ਝਿਮ ਤਰਸ ਦੇ ਮੀਂਹਾਂ।
ਜੀਵਨ ਵੱਡੇ ਤੋਂ ਵੱਡੇ ਤਸ਼ੱਦਦ ਅੱਗੇ ਵੀ ਅਜਿੱਤ ਰਹਿੰਦਾ ਹੈ। ਦਇਆਵਾਨ ਦਰਿਆਦਿਲੀ ਘੋਰ ਕਲਜੁਗ ਅੰਦਰ ਵੀ ਜ਼ਿੰਦਗੀ ਦੇ ਰੁੱਖ ਨੂੰ ਹਰਾ ਕਰ ਦੇਵੇਗੀ, ਇਹ ਕਵੀ ਦਾ ਨਿਸਚਾ ਹੈ। ਕਵੀ ਧਰਤੀ ਨੂੰ ਮਾਸੂਮ ਰੀਝਾਂ ਦੇ ਖਿੜੇ ਹੋਏ ਬਾਗ ਵਜੋਂ ਵੇਖਣ ਦੇ ਧਰਵਾਸ ਨਾਲ ਜਿਉਂਦਾ ਹੈ। ਜਦੋਂ ਕਵੀ ਅਜਿਹਾ ਧਰਵਾਸ ਤਿਆਗ ਦੇਵੇ ਤਾਂ ਉਸ ਦੀ ਕਵਿਤਾ ਉਤੇ ਨਿਰਾਸ਼ਾ ਦਾ ਪ੍ਰਛਾਵਾਂ ਪੈ ਜਾਂਦਾ ਹੈ। ਸੁਰਜੀਤ ਪਾਤਰ ਦੀ ਕਵਿਤਾ ਅਜਿਹੀ ਹੀ ਮਿਸਾਲ ਪੇਸ਼ ਕਰਦੀ ਹੈ, ਜਦੋਂ ਉਹ ਲਿਖਦੇ ਹਨ:
ਮਾਤਮ, ਹਿੰਸਾ, ਖੌਫ, ਬੇਬਸੀ ਤੇ ਅਨਿਆਂ,
ਇਹ ਨੇ ਅੱਜ-ਕੱਲ੍ਹ ਮੇਰੇ ਦਰਿਆਵਾਂ ਦੇ ਨਾਂ।
ਦਰਿਆਵਾਂ ਦੀ ਰਵਾਨੀ ਪੰਜਾਬ ਦੀ ਧੜਕਣ ਵਿਚ ਵਸੀ ਹੋਈ ਹੈ। ਪੰਜਾਬ ਦੇ ਦਰਿਆਵਾਂ ਦੀ ਆਵਾਜ਼ ਫਕੀਰਾਂ ਦੀ ਫਕੀਰੀ, ਆਸ਼ਕਾਂ ਦੀ ਸ਼ਿੱਦਤ, ਯੋਧਿਆਂ ਦੀ ਦਲੇਰੀ ਅਤੇ ਸੰਤਾਂ ਦੇ ਸਿਮਰਨ ਵਿਚ ਪਰੁੱਚੀ ਹੋਈ ਹੈ। ਇਸ ਨੂੰ ਨਾਕਾਰਾਤਮਕ ਭਾਵਨਾਵਾਂ ਤੱਕ ਸੀਮਤ ਕਰ ਦੇਣਾ ਕਵੀ ਦੇ ਰੋਗੀ ਮਨ ਦੀ ਨਿਸ਼ਾਨੀ ਹੈ। ਪਾਤਰ ਦੀ ਕਵਿਤਾ ਨਿਰਾਸ਼ਾ (ਡਿਪਰੈਸ਼ਨ) ਦੀ ਕਵਿਤਾ ਹੈ। ਉਸ ਦੀ ਕਵਿਤਾ ਦੀ ਵਿਚਾਰਧਾਰਕ ਨੀਂਹ ਆਧੁਨਿਕਤਾ ਅਤੇ ਪੱਛਮ ਦੇ ਮਾਨਵਵਾਦੀ ਫਲਸਫੇ ਵਿਚ ਕੈਦ ਹੈ। ਇਹ ਕਵਿਤਾ ਪੱਛਮੀ ਫਲਸਫੇ ਨੂੰ ਕਿਸੇ ਆਜ਼ਾਦ ਫਿਜ਼ਾ ਵਿਚ ਨਹੀਂ ਮਿਲਦੀ ਸਗੋਂ ਪੱਛਮ ਦੀ ਗਿਆਨਾਤਮਕ ਅਜਾਰੇਦਾਰੀ ਦੇ ਦਬਾਅ ਹੇਠ ਆ ਕੇ ਉਸ ਦੀ ਪਿਛਲੱਗ ਬਣ ਜਾਂਦੀ ਹੈ। ਪੱਛਮ ਨਾਲ ਸੰਵਾਦ ਪੱਛਮੀ ਫਲਸਫੇ ਦੀਆਂ ਵਿਚਾਰਧਾਰਕ ਵਲਗਣਾਂ ਦੇ ਅੰਦਰ ਰਹਿ ਕੇ ਨਹੀਂ ਕੀਤਾ ਜਾ ਸਕਦਾ, ਸਗੋਂ ਆਪਣੀ ਸੱਭਿਆਚਾਰਕ ਹਸਤੀ ਦੇ ਨਿਆਰੇਪਣ ਨੂੰ ਕਾਇਮ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਉਸ ਦੀ ਕਵਿਤਾ ਦੇ ਇਹ ਵਿਚਾਰਧਾਰਕ ਆਧਾਰ ਹੀ ਉਸ ਦੀ ਕਵਿਤਾ ਨੂੰ ਆਜ਼ਾਦ ਨਹੀਂ ਹੋਣ ਦਿੰਦੇ। ਉਸ ਦੀ ਕਵਿਤਾ ਬਰਬਰਤਾ ਦੇ ਹਨੇਰੇ ਤੋਂ ਪਾਰ ਸਹਿਕ ਰਹੀ ਜੀਵਨ ਦੀ ਲੋਅ ਨੂੰ ਵੇਖ ਸਕਣ ਦਾ ਤਾਣ ਨਹੀਂ ਰੱਖਦੀ। ਉਸ ਦੀ ਕਵਿਤਾ Ḕਮੌਤ ਦੀ ਸਨਅਤḔ ਦੀਆਂ ਮਕਾਨਕੀ ਆਵਾਜ਼ਾਂ ਤੋਂ ਏਨੀ ਭੈਅ-ਭੀਤ ਹੈ ਕਿ ਮੌਤ ਤੋਂ ਪਾਰ ਗੂੰਜਦੇ ਜ਼ਿੰਦਗੀ ਦੇ ਗੀਤ ਨੂੰ ਗੁਣਗੁਣਾ ਨਹੀਂ ਸਕਦੀ।
ਕਵਿਤਾ ਦਾ ਇਹ ਸੰਕੀਰਣ ਰੂਪ ਉਦੋਂ ਪੈਦਾ ਹੁੰਦਾ ਹੈ ਜਦੋਂ ਕਵਿਤਾ ਦਰਸ਼ਨ ਦੀਆਂ ਡੂੰਘਾਈਆਂ ਨੂੰ ਆਪਣੇ ਨਾਲ ਤੋਰ ਸਕਣ ਦਾ ਤਾਣ ਗੁਆ ਲੈਂਦੀ ਹੈ। ਪੰਜਾਬੀ ਸੱਭਿਆਚਾਰ ਵਿਚ ਕਵਿਤਾ ਦੀ ਪ੍ਰਾਥਮਿਕਤਾ ਦਾ ਭਾਵ ਇਹ ਨਹੀਂ ਕਿ ਪੰਜਾਬ ਵਿਚ ਫਲਸਫੇ ਲਈ ਕੋਈ ਥਾਂ ਨਹੀਂ। ਪੰਜਾਬੀ ਮਨ ਕਾਵਿ ਅਤੇ ਦਰਸ਼ਨ ਦੇ ਮਸਨੂਈ ਵਿਰੋਧ ਨੂੰ ਮੰਨਣ ਤੋਂ ਇਨਕਾਰੀ ਹੈ। ਪੰਜਾਬ Ḕਕਾਵਿਕ-ਦਰਸ਼ਨḔ ਦੇ ਰੂਪ ਵਿਚ ਵਿਸ਼ਵ ਨੂੰ ਇੱਕ ਵਿਲੱਖਣ ਤੋਹਫਾ ਦੇਣ ਦੀ ਸੰਭਾਵਨਾ ਰੱਖਦਾ ਹੈ। Ḕਜਪੁਜੀ ਸਾਹਿਬḔ ਕਾਵਿਕ-ਦਰਸ਼ਨ ਦੀ ਉਚਤਮ ਮਿਸਾਲ ਅਤੇ ਅਜਿਹਾ ਤੋਹਫਾ ਹੀ ਹੈ, ਭਾਵੇਂ ਕਿ Ḕਜਪੁਜੀ ਸਾਹਿਬḔ ਨੂੰ ਕਵਿਤਾ, ਦਰਸ਼ਨ, ਜਾਂ ਦੋਹਾਂ ਦੇ ਕਿਸੇ ਸੁਮੇਲ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਆਧੁਨਿਕਤਾ ਦੀਆਂ ਉਪਭੋਗ ਅਤੇ ਨਸ਼ੇ ਵਰਗੀਆਂ ਅਲਾਮਤਾਂ ਤੋਂ ਆਪਣੀ ਮਾਸੂਮੀਅਤ ਨੂੰ ਬਚਾ ਕੇ ਰੱਖਣ ਵਾਲਾ ਪੰਜਾਬ ਦੀ ਜਵਾਨੀ ਦਾ ਜਿਹੜਾ ਥੋੜ੍ਹਾ ਜਿਹਾ ਹਿੱਸਾ ਹੈ, ਉਸ ਦੇ ਸਾਹਮਣੇ ਅੱਜ ਸਭ ਤੋਂ ਵੱਡੀ ਚੁਣੌਤੀ ਸਮਕਾਲੀ ਬਰਬਰਤਾ ਨੂੰ ਵਿਸ਼ਵ-ਦਰਸ਼ਨ ਵਿਚ ਪਰੁੱਚੀ ਕਵਿਤਾ ਰਾਹੀਂ ਰੂਪਮਾਨ ਕਰਨਾ ਹੈ। ਅਜਿਹੀ ਕਵਿਤਾ ਹੀ ਸਮਕਾਲੀ ਪੰਜਾਬ ਦੀ ਸੱਭਿਆਚਾਰਕ ਵੀਰਾਨਗੀ ਨੂੰ ਜ਼ਰਖੇਜ਼ ਕਲਾਤਮਕਤਾ ਵਿਚ ਤਬਦੀਲ ਕਰਨ ਦੀ ਸੰਭਾਵਨਾ ਰੱਖਦੀ ਹੈ।