ਹਰੀਸ਼ ਖਰੇ
ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣੀ ਚੋਣ ਤੋਂ ਤਿੰਨ ਹਫ਼ਤੇ ਬਾਅਦ ਬਰਾਕ ਓਬਾਮਾ ਨੇ ਪੱਤਰਕਾਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਫ਼ੈਸਲਾ ਕਰਨ ਦੇ ਅਮਲ ਨਾਲ ਜੁੜੇ ਖ਼ਤਰਿਆਂ ਬਾਰੇ ਆਪਣੇ ਖਿਆਲ ਉਨ੍ਹਾਂ ਨਾਲ ਸਾਂਝੇ ਕੀਤੇ। ਇਸ ਗੱਲਬਾਤ ਦੌਰਾਨ ਉਨ੍ਹਾਂ ਇਹ ਨੁਕਤਾ ਵਿਸ਼ੇਸ਼ ਤੌਰ Ḕਤੇ ਉਭਾਰਿਆ- “ਜਿੰਨਾ ਕੁ ਇਤਿਹਾਸ ਮੈਂ ਪੜ੍ਹਿਆ ਹੈ, ਉਸ ਦੇ ਆਧਾਰ Ḕਤੇ ਵ੍ਹਾਈਟ ਹਾਊਸ ਵਿਚ ਜਿਹੜੀ ਗੱਲ ਦਾ ਸਭ ਤੋਂ ਵੱਧ ਖ਼ਤਰਾ ਹੈ, ਉਹ ਇਹ ਹੈ ਕਿ ਬੰਦਾ ਸਮੂਹਿਕ ਸਹਿਮਤੀ ਦੇ ਚੱਕਰ ਵਿਚ ਫਸ ਜਾਂਦਾ ਹੈ।
ਹਰ ਕੋਈ ਹਰ ਚੀਜ਼ ਨਾਲ ਸਹਿਮਤੀ ਪ੍ਰਗਟਾਉਂਦਾ ਹੈ; ਬਹਿਸ ਕੋਈ ਹੁੰਦੀ ਨਹੀਂ ਅਤੇ ਇਸ ਤਰ੍ਹਾਂ ਅਸਹਿਮਤੀ ਸਾਹਮਣੇ ਆਉਂਦੀ ਹੀ ਨਹੀਂ।” ਉਂਜ, ਅਜਿਹੀ ਸਮੂਹਿਕ ਸੋਚ ਜਾਂ ਸਮੂਹਿਕ ਚਿੰਤਨ ਉਪਰ ਸਿਰਫ਼ ਅਮਰੀਕੀਆਂ ਦੀ ਅਜਾਰੇਦਾਰੀ ਨਹੀਂ। ਇਹ ਤਾਂ ਵਿਸ਼ਵ ਵਿਆਪੀ ਕਮਜ਼ੋਰੀ ਹੈ। ਇਤਿਹਾਸਕਾਰ ਅਜਿਹੀ ਸਮੂਹਿਕ ਸੋਚ ਕਾਰਨ ਹੋਈਆਂ ਗੰਭੀਰ ਗ਼ਲਤੀਆਂ ਅਤੇ ਗ਼ਲਤ ਫ਼ੈਸਲਿਆਂ ਦੀਆਂ ਅਨੇਕਾਂ ਮਿਸਾਲਾਂ ਗਿਣਾ ਸਕਦੇ ਹਨ। ਭਾਰਤ ਵਿਚ ਅਸੀਂ ਵੀ ਕਸ਼ਮੀਰ ਬਾਰੇ ਅਜਿਹੀ ਹੀ ਨਵੀਂ ਸਮੂਹਿਕ ਸੋਚ ਦੇ ਕੰਢੇ ਉਤੇ ਆਣ ਖੜ੍ਹੇ ਹੋਏ ਹਾਂ।
ਅਜਿਹੀ ਨਵੀਂ ਸਮੂਹਿਕ ਸੋਚ ਵਿਚ ਇਹ ਸਮਝ ਅਤੇ ਧਾਰ ਲਿਆ ਗਿਆ ਹੈ ਕਿ ਅਤੀਤ ਦੇ ਕਈ ਦਹਾਕਿਆਂ ਦੌਰਾਨ ਅਜ਼ਮਾਈ ਨਰਮ ਤੇ ਜਜ਼ਬਾਤੀ ਪਹੁੰਚ ਤਿਆਗ ਦਿਤੀ ਜਾਵੇ ਅਤੇ ਇਸ ਦੀ ਥਾਂ ਕਸ਼ਮੀਰ ਵਿਚ ਬੰਦਿਆਂ ਤੇ ਮਾਮਲਿਆਂ ਬਾਰੇ ਨਵੀਂ ਹਮਲਾਵਾਰਾਨਾ ਪਹੁੰਚ ਅਪਣਾਈ ਜਾਵੇ। ਇਸ ਨਵੀਂ Ḕਬ੍ਰਹਮਵਿਦਿਆḔ ਦੀ ਝਲਕ ਏਅਰ ਚੀਫ਼ ਮਾਰਸ਼ਲ ਅਰੂਪ ਰਾਹਾ ਜੋ ਭਾਰਤੀ ਹਵਾਈ ਸੈਨਾ ਦੇ ਮੁਖੀ ਹਨ, ਦੇ ਬਚਨਾਂ ਤੋਂ ਮਿਲੀ। ਇਸ ਸੂਝਵਾਨ ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦੀ ਕੰਡ ਵਿਚ ਕੰਡਾ ਅਸੀਂ ਖ਼ੁਦ ਬਣਾਇਆ, ਕਿਉਂਕਿ ਆਜ਼ਾਦੀ ਤੋਂ ਬਾਅਦ ਦੀ ਸਾਡੀ ਕੌਮੀ ਲੀਡਰਸ਼ਿਪ ਨੇ ਮੁਲਕ ਦੀਆਂ ਸੁਰੱਖਿਆ ਲੋੜਾਂ ਪ੍ਰਤੀ Ḕਅਸਲਵਾਦੀ ਪਹੁੰਚḔ ਅਪਣਾਉਣ ਦੀ ਥਾਂ ਉਚ ਆਦਰਸ਼ਾਂ ਦੀ ਪਾਲਣਾ ਨੂੰ ਤਰਜੀਹ ਦਿਤੀ। ਸਾਡੇ ਹਵਾਈ ਸੈਨਾ ਮੁਖੀ ਦੇ ਬਚਨ ਬਿਲਾਸ ਦੌਰਾਨ ਜੋ ਨਵੀਂ ਸਰਕਾਰੀ ਸੂਝ ਉਭਰ ਕੇ ਸਾਹਮਣੇ ਆਈ, ਉਹ ਸੀ ਕਿ Ḕਉਚੇਰਾ ਇਖ਼ਲਾਕੀ ਆਧਾਰḔ ਅਪਣਾਉਣ ਦਾ ਕੋਈ ਰਣਨੀਤਕ ਜਾਂ ਹੋਰ ਕੋਈ ਅਮਲੀ ਲਾਭ ਨਹੀਂ।
ਇਸ ਨਵੀਂ ਸਮੂਹਿਕ ਸੋਚ ਤਹਿਤ ਹੀ ਇਹ ਵਿਚਾਰ ਉਭਰਿਆ ਹੈ ਕਿ ਵੱਖਵਾਦੀਆਂ ਨੂੰ ਬਹੁਤ ਲੰਮੇ ਸਮੇਂ ਤਕ ਪਲੋਸ ਲਿਆ ਹੈ, ਹੁਣ ਉਨ੍ਹਾਂ ਨੂੰ ਸਖਤੀ ਦਾ ਅਹਿਸਾਸ ਕਰਵਾਇਆ ਜਾਵੇ। ਇਸ ਸਖ਼ਤ ਸਟੈਂਡ ਵਾਸਤੇ ਆਸਾਨੀ ਨਾਲ ਮਾਨਤਾ ਤੇ ਪ੍ਰਵਾਨਗੀ ਹਾਸਲ ਕਰਨ ਲਈ ਰਾਸ਼ਟਰਵਾਦ, ਦੇਸ਼ ਭਗਤੀ ਅਤੇ ਪਾਕਿਸਤਾਨ ਵਿਰੋਧੀ ਪੈਂਤੜੇ ਦੀ ਵਰਤੋਂ ਕੀਤੀ ਜਾ ਰਹੀ ਹੈ। ਰਣਨੀਤਕ ਸਪਸ਼ਟਤਾ ਤੇ ਵਿਵੇਕ ਦੀ ਥਾਂ ਰਣਨੀਤਕ ਚਲਾਕੀ ਨੂੰ ਬਿਹਤਰ ਦਰਸਾਇਆ ਜਾ ਰਿਹਾ ਹੈ। ਹੁਣ ਤਾਂ ਅਧਿਕਾਰਤ ਤੌਰ Ḕਤੇ ਇਹ ਕਿਹਾ ਜਾ ਰਿਹਾ ਹੈ ਕਿ ਵੱਖਵਾਦੀ ਨੇਤਾ, ਖ਼ਾਸ ਕਰ ਕੇ ਜਿਹੜੇ ਆਲ ਪਾਰਟੀ ਹੁਰੀਅਤ ਕਾਨਫ਼ਰੰਸ ਨਾਲ ਸਬੰਧਤ ਹਨ, ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਮੁਹੱਈਆ ਸੁਰੱਖਿਆ ਕਵਚ ਹੁਣ ਬਹੁਤਾ ਸਮਾਂ ਕਾਇਮ ਨਹੀਂ ਰਹੇਗਾ। ਇਸ ਕਿਸਮ ਦੀ ਪਹੁੰਚ ਕੇਂਦਰ ਸਰਕਾਰ ਨੂੰ ਖ਼ੂਬ ਰਾਸ ਆਉਂਦੀ ਹੈ, ਕਿਉਂਕਿ ਇਹ Ḕਹਿੰਦੀ ਭੂਮੀḔ ਵਿਚਲੀਆਂ ਮੱਧ ਸ਼੍ਰੇਣੀਆਂ ਨੂੰ ਬਹੁਤ ਚੰਗੀ ਲੱਗਦੀ ਹੈ। ਅਜਿਹੀ ਸੋਚ ਵਿਚ ਮੁੱਖ ਨੁਕਸ ਇਹ ਹੈ ਕਿ ਹੁਰੀਅਤ ਨੇਤਾ ਆਪਣੇ ਆਪ ਵਿਚ ਬਹੁਤ ਵੱਡੀ ਸ਼ੈਅ ਨਹੀਂ; ਉਨ੍ਹਾਂ ਨੂੰ ਜ਼ਹਿਰੀ ਇਹ ਤੱਥ ਬਣਾਉਂਦਾ ਹੈ ਕਿ ਉਨ੍ਹਾਂ ਦੇ ਸੱਦੇ Ḕਤੇ ਲੋਕ ਗਲੀਆਂ ਵਿਚ ਇਕੱਠੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਹੀ ਸੱਦੇ ਨੂੰ ਵਾਦੀ ਵਿਚ ਮੁਕੰਮਲ ਹੜਤਾਲ ਹੋ ਜਾਂਦੀ ਹੈ।
ਉਂਜ, ਸਵੈ-ਭਰੋਸੇ ਨਾਲ ਲੈਸ ਜਮਹੂਰੀਅਤ ਨੂੰ ਖ਼ੁਦ ਹੀ ਆਪਣੇ ਆਪ ਕੋਲ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਹੁਰੀਅਤ ਨੇਤਾਵਾਂ ਨੂੰ ਨਜ਼ਰਬੰਦ ਕਰਨ ਜਾਂ ਉਨ੍ਹਾਂ ਨੂੰ ਦਿੱਲੀ ਜਾਂ ਸਾਊਦੀ ਅਰਬ ਜਾਣ ਦੀ ਖੁੱਲ੍ਹ ਨਾ ਦੇ ਕੇ ਕੀ ਅਸੀਂ ਇਨ੍ਹਾਂ ਹੁਰੀਅਤ ਵਾਲਿਆਂ ਤੋਂ ਲੋਕਾਂ ਦੀਆਂ ਭੀੜਾਂ ਨੂੰ ਦੂਰ ਰੱਖ ਸਕਦੇ ਹਾਂ? ਜਦੋਂ ਅਸੀਂ ਅਜਿਹਾ ਕੁਝ ਕਰ ਰਹੇ ਹੋਈਏ ਤਾਂ ਸਾਨੂੰ ਖ਼ੁਦ ਨੂੰ ਇਹ ਸਵਾਲ ਪੁੱਛ ਲੈਣਾ ਚਾਹੀਦਾ ਹੈ ਕਿ ਹੁਰੀਅਤ ਨੇਤਾਵਾਂ ਨੇ ਅਜਿਹਾ ਕਿਹੜਾ ਮੰਤਰ ਮਾਰ ਲਿਆ ਹੈ ਕਿ ਦੋ ਸਾਲ ਪਹਿਲਾਂ ਨਾਲੋਂ, ਹੁਣ ਉਹ ਜ਼ਿਆਦਾ ਮਕਬੂਲ ਤੇ ਵਜ਼ਨਦਾਰ ਹੋ ਗਏ? ਇਹ ਸਮਝ ਨਹੀਂ ਆਉਂਦਾ ਕਿ ਅਸੀਂ ਜਮਹੂਰੀ ਊਰਜਾ ਦੀ ਉਸ ਹਕੀਕਤ ਨੂੰ ਅਸੀਂ ਮਾਨਤਾ ਦੇਣ ਲਈ ਤਿਆਰ ਨਹੀਂ ਜੋ ਹੁਣ ਵਾਦੀ ਦੀਆਂ ਗਲੀਆਂ ਵਿਚ ਨਜ਼ਰ ਆ ਰਹੀ ਹੈ। ਇਹ ਨਾਮੁਆਫ਼ੀਯੋਗ ਕੋਤਾਹੀ ਹੈ ਕਿ ਅਸੀਂ ਇਸ ਰੋਹ, ਇਸ ਗੁੱਸੇ ਨੂੰ ਉਕਸਾਉਣ ਲਈ ਪਾਕਿਸਤਾਨ ਨੂੰ ਦੋਸ਼ੀ ਦੱਸਦੇ ਫਿਰਦੇ ਹਾਂ!
ਪਾਕਿਸਤਾਨ, ਕਸ਼ਮੀਰ ਵਾਦੀ ਵਿਚ ਦਖ਼ਲਅੰਦਾਜ਼ੀ ਕਰਦਾ ਆਇਆ ਹੈ, ਇਹ ਅੱਜ ਦੀ ਗੱਲ ਨਹੀਂ; ਪਰ ਨਵੀਂ ਦਿੱਲੀ ਵਿਚਲੇ ਸਾਡੇ ਨਵੇਂ ਹੁਕਮਰਾਨ ਇਸ ਬਾਰੇ ਭਰਮ ਵਿਚ ਹੀ ਹਨ। ਇਹ ਸੋਚ ਨਿਹਾਇਤ ਬਚਗ਼ਾਨਾ ਹੈ ਕਿ ਜੇ ਸਾਡਾ ਪ੍ਰਧਾਨ ਮੰਤਰੀ ਖ਼ੁਦ-ਬਖ਼ੁਦ ਪਾਕਿਸਤਾਨ ਵਿਚ ਜਾ ਉਤਰਦਾ ਹੈ ਅਤੇ ਉਸ ਮੁਲਕ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਘਰ ਚੱਲ ਰਹੇ ਵਿਆਹ ਵਿਚ ਸ਼ਰੀਕ ਹੁੰਦਾ ਹੈ ਤਾਂ ਅਜਿਹਾ ਦੇਖ ਕੇ ਪਾਕਿਸਤਾਨੀ ਫ਼ੌਜ, ਕਸ਼ਮੀਰ ਵਿਚਲੇ ਆਪਣੇ ਅਸਾਸਿਆਂ ਤੇ ਲਾਭਾਂ ਦਾ ਤਿਆਗ ਕਰ ਦੇਵੇਗੀ। ਇਹ ਵੀ ਸਾਡੇ ਖ਼ੁਫ਼ੀਆ ਪ੍ਰਬੰਧ ਦੀ ਮੁਜਰਿਮਾਨਾ ਅਣਗਹਿਲੀ ਸੀ ਕਿ ਉਸ ਨੇ ਮੁਕਾਬਲੇ ਵਿਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਪੈਦਾ ਹੋਣ ਵਾਲੀ ਵਿਸਫੋਟਕ ਨਾਲ ਸਿੱਝਣ ਦੀ ਤਿਆਰੀ ਹੀ ਨਹੀਂ ਕੀਤੀ। ਸਾਡੇ ਨੀਤੀਘਾੜੇ, ਥਲ ਸੈਨਾ, ਸਿਆਸੀ ਅਤੇ ਖੁਫ਼ੀਆ ਲੀਡਰਸ਼ਿਪ ਇਕ ਤੋਂ ਬਾਅਦ ਦੂਜੀ ਗ਼ਲਤੀ ਕਰ ਰਹੇ ਹਨ ਅਤੇ ਅਸੀਂ ਆਪਣੀਆਂ ਗ਼ਲਤੀਆਂ ਲਈ ਪਾਕਿਸਤਾਨ ਨੂੰ ਦੋਸ਼ੀ ਦੱਸਦੇ ਫਿਰਦੇ ਹਾਂ!
ਵੱਖਵਾਦੀ, ਜਮਾਂਦਰੂ ਵੱਖਵਾਦੀ ਨਹੀਂ ਹਨ। ਬਹੁਤ ਸਾਰੇ ਕਸ਼ਮੀਰੀਆਂ ਨੂੰ ਦੂਜੀ ਤਰਫ਼ ਜਾਣ ਲਈ ਸਾਡੀਆਂ ਨੀਤੀਆਂ, ਸਾਡੀਆਂ ਹਰਕਤਾਂ, ਸਾਡੇ ਦੰਭਾਂ ਅਤੇ ḔਸਾਡੇḔ ਸਿਆਸਤਦਾਨਾਂ ਤੇ ਉਨ੍ਹਾਂ ਦੇ ਹੈਂਕੜ ਤੇ ਮੰਦੀਆਂ ਚਾਲਾਂ ਨੇ ਮਜਬੂਰ ਕੀਤਾ। ਇਸ ਦੇ ਬਾਵਜੂਦ ਸਮੇਂ-ਸਮੇਂ ਸਾਡੀ ਜਮਹੂਰੀਅਤ ਦੀਆਂ ਜਾਦੂਈ ਝਲਕਾਂ ਨੇ ਬੇਗ਼ਾਨੇ ਬਣੇ ਜਾਂ ਰੋਹ ਵਿਚ ਆਏ ਕਸ਼ਮੀਰੀਆਂ ਨੂੰ ਸਾਡੇ ਵਾਲੇ ਪਾਸੇ ਪਰਤਣ ਦੇ ਰਾਹ ਪਾਇਆ। ਕਾਰਗਿਲ ਦੀ ਜੰਗ ਮਗਰੋਂ ਹਰ ਕਸ਼ਮੀਰੀ ਅਤੇ ਹਰ ਪਾਕਿਸਤਾਨੀ ਨੂੰ ਵੀ ਇਹ ਸਪਸ਼ਟ ਹੋ ਗਿਆ ਹੈ ਕਿ ਇਸਲਾਮਾਬਾਦ, ਕਸ਼ਮੀਰੀਆਂ ਦੀ ḔਜੱਦੋਜਹਿਦḔ ਵਿਚ ਫ਼ੌਜੀ ਮਦਦ ਨਹੀਂ ਕਰ ਸਕੇਗਾ। ਇਸ ਲਈ ḔਜੱਦੋਜਹਿਦḔ ਵਾਲਾ ਪ੍ਰੋਜੈਕਟ ਤਾਂ ਖ਼ਤਮ ਹੋ ਗਿਆ। ਜੋ ਬਚਿਆ, ਉਹ ਇਹ ਸੀ ਕਿ ਭਾਰਤੀ ਜਮਹੂਰੀਅਤ ਤੇ ਕਸ਼ਮੀਰੀਆਂ ਦਰਮਿਆਨ ਸ਼ਮੂਲੀਅਤ ਤੇ ਭਾਈਵਾਲੀ ਦਾ ਦਾਇਰਾ ਕਿਵੇਂ ਵਧਾਇਆ ਜਾਵੇ, ਪਰ ਅਸੀਂ ਇਹ ਭੁੱਲ ਗਏ ਜਾਪਦੇ ਹਾਂ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਹੀ ਐਲਾਨ ਤੇ ਵਾਅਦਾ ਕੀਤਾ ਸੀ ਕਿ Ḕਆਜ਼ਾਦੀ ਨੂੰ ਛੱਡ ਕੇ ਬਾਕੀ ਸਾਰੇ ਮਾਮਲਿਆਂ ਵਿਚ ਸਭ ਕੁਝ ਮੁਮਕਿਨ ਹੈ।Ḕ
ਨਵੀਂ ਸਮੂਹਿਕ ਸੋਚ ਵਿਚ ਜ਼ਿਕਰਯੋਗ ਪੱਖ ਇਹ ਹੈ ਕਿ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਇਸ ਵਿਚ ਤਹਿ-ਦਿਲੋਂ ਭਾਈਵਾਲ ਨਹੀਂ। ਉਨ੍ਹਾਂ ਦੀ ਸੁਰ ਬਹੁਤ ਝਿਜਕ ਵਾਲੀ ਹੈ। ਉਂਜ, ਉਹ ਇਕੋ-ਇਕ ਨੇਤਾ ਹੈ ਜੋ ਵੱਖਵਾਦੀਆਂ ਵੱਲੋਂ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੀਆਂ ਦਲੀਲਾਂ ਦਾ ਡਟ ਕੇ ਟਾਕਰਾ ਕਰ ਸਕਦੀ ਹੈ। ਉਸ ਦਾ ਅਹੁਦਾ ਇਸ ਸਮੇਂ ਭਾਰਤ ਵਿਚ ਸਭ ਤੋਂ ਵੱਧ ਜ਼ਿੰਮੇਵਾਰੀ ਤੇ ਮਿਹਨਤ ਮੰਗਣ ਵਾਲਾ ਹੈ। ਉਹ ਹੁਰੀਅਤ ਦੇ ਦਿਖਾਵਿਆਂ ਤੇ ਛਲ ਨੂੰ ਇਸ ਕਰ ਕੇ ਚੁਣੌਤੀ ਦੇ ਸਕਦੀ ਹੈ, ਕਿਉਂਕਿ ਉਸ ਕੋਲ ਜਮਹੂਰੀ ਫ਼ਤਵੇ ਦੀ ਸ਼ਕਤੀ ਹੈ। ਉਸ ਦੀ ਅਸਰਦਾਇਕਤਾ ਖ਼ੁਦ ਨੂੰ ਕਸ਼ਮੀਰੀਆਂ ਦੀ ਆਵਾਜ਼ ਵਜੋਂ ਪੇਸ਼ ਕਰਨ ਵਿਚ ਹੈ, ਭਾਰਤ ਸਰਕਾਰ ਵੱਲੋਂ ਸ੍ਰੀਨਗਰ ਵਿਚ ਨਾਮਜ਼ਦ ਪ੍ਰਤੀਨਿਧ ਵਜੋਂ ਵਿਚਰਨ ਵਿਚ ਨਹੀਂ। ਜੇ ਨਵੀਂ ਦਿੱਲੀ ਤੇ ਨਾਗਪੁਰ ਵਿਚਲੇ ਸਰਬਰਾਹ ਉਸ ਦੀ ਇਸ ਨਾਜ਼ੁਕ ਪੁਜ਼ੀਸ਼ਨ ਨੂੰ ਸਮਝਣ ਕਰਨ ਦੀ ਹਾਲਤ ਵਿਚ ਨਹੀਂ ਤਾਂ ਅਸੀਂ ਖ਼ੁਦ ਨੂੰ ਕਸੂਤੀ ਹਾਲਤ ਵਿਚ ਫਸਾਉਣ ਵਾਲੇ ਹਾਂ।
ਇਸ ਨਵੀਂ ਸਮੂਹਿਕ ਸੋਚ ਦੇ ਠੇਕੇਦਾਰਾਂ ਨੂੰ ਖੁਸ਼ ਕਰਨ ਲਈ, ਮੁੱਖ ਮੰਤਰੀ ਸਮੇਂ ਸਮੇਂ ਇਹ ਬਿਆਨ ਵੀ ਦਿੰਦੀ ਆਈ ਹੈ ਕਿ ਜੇ ਕੋਈ ਇਸ ਸਮੇਂ ਕਸ਼ਮੀਰ ਸੰਕਟ ਦਾ ਹਲ ਕਰਨ ਦੇ ḔਕਾਬਲḔ ਹੈ ਤਾਂ ਉਹ ਨਰੇਂਦਰ ਮੋਦੀ ਹੀ ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਕਾਲ ਤੋਂ ਇਹ ਮੰਤਰ ਲਗਾਤਾਰ ਸੁਣਦੇ ਆਉਣ ਕਾਰਨ ਇਸ ਤੋਂ ਅੱਕ ਚੁੱਕੇ ਹਾਂ।
ਨਵੀਂ ਸਮੂਹਿਕ ਸੋਚ ਦੇ ਬਾਵਜੂਦ, ਪੁਰਾਣਾ ਆਪਾ-ਵਿਰੋਧ ਹੁਣ ਵੀ ਪਹਿਲਾਂ ਵਾਂਗ ਕੰਮ ਕਰ ਰਿਹਾ ਹੈ; ḔਸਾਮਰਾਜਵਾਦੀḔ ਦਿੱਲੀ, ਕਸ਼ਮੀਰ ਵਿਚ ਸਥਿਤੀ ਕੰਟਰੋਲ ਕਰਨ, ਬਾਂਹ ਮਰੋੜਨ ਅਤੇ ਜੇ ਲੋੜ ਪਏ ਤਾਂ ਹੋਰ ਵੀ ਸਖ਼ਤੀ ਕਰਨ ਵਰਗੇ ਅਮਲਾਂ ਨੂੰ ਲਾਗੂ ਕਰਨਾ ਲੋਚਦੀ ਹੈ ਜਦੋਂਕਿ ḔਜਮਹੂਰੀḔ ਭਾਰਤ ਆਪਣਾ ਇਖ਼ਲਾਕੀ ḔਬਿੱਲਾḔ ਦਿਖਾ ਕੇ ਅਤੇ ਆਪਣੀ ਖੁੱਲ੍ਹਦਿਲੀ, ਉਦਾਰਵਾਦ ਅਤੇ ਸਭਨਾਂ ਦੀ ਸ਼ਮੂਲੀਅਤ ਵਾਲੀ ਪਹੁੰਚ ਸਦਕਾ ਵੱਖਵਾਦੀਆਂ ਤੇ ਦੇਸ਼-ਧਰੋਹੀ ਅਨਸਰਾਂ ਦੇ ਸੁਨੇਹੇ ਨੂੰ ਖੁੰਢਾ ਕਰਦਾ ਆ ਰਿਹਾ ਹੈ। ਕਸ਼ਮੀਰ, Ḕਸ਼ਾਹੀḔ ਦਿੱਲੀ ਅਤੇ ḔਜਮਹੂਰੀḔ ਦਿੱਲੀ ਦੇ ਆਪਸੀ ਟਕਰਾਅ ਅਤੇ ਸਮਰੱਥਾ ਨੂੰ ਪਰਖਣਾ ਜਾਰੀ ਰੱਖੇਗਾ।