ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਹ ਨੈਣਾਂ ਦੇ ਤੀਰ ਚਲਾ ਚੁਕੇ ਹਨ ਤੇ ਦਿਲ ਦੀਆਂ ਬਾਤਾਂ ਪਾ ਚੁਕੇ ਹਨ। ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲਿਆਂ ਨੂੰ ਨਸੀਹਤ ਦੇ ਚੁਕੇ ਹਨ ਕਿ ਮੂੰਹ ਦੀਆਂ ਲੁਭਾਉਣੀਆਂ ਲੱਜਤਾਂ ਵਿਚ ਗੁਆਚਣ ਦੀ ਬਜਾਏ, ਇਸ ਦੀਆਂ ਨਿਆਮਤਾਂ ਨੂੰ ਅਪਨਾਉਣ ਅਤੇ ਤਰਕਸੰਗਤੀ ਰਾਹਾਂ ਨੂੰ ਮੰਜ਼ਿਲ-ਮਾਰਗ ਬਣਾਉਣ ਵੰਨੀਂ ਕਦਮ ਜਰੂਰ ਪੁੱਟਣ।
ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰਦਿਆਂ ਨਸੀਹਤ ਕੀਤੀ ਸੀ, ਜ਼ੁਬਾਨ ਵਿਚੋਂ ਨਿਕਲੇ ਕੌੜੇ ਬੋਲ, ਤੀਰ ਨਾਲੋਂ ਤਿੱਖੇ, ਤੋਪ ਦੇ ਗੋਲੇ ਨਾਲੋਂ ਜ਼ਿਆਦਾ ਵਿਨਾਸ਼ਕਾਰੀ ਹੁੰਦੇ ਹਨ। ਹੱਥਾਂ ਦੀ ਦਾਸਤਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦੇ ਹਵਾਲੇ ਨਾਲ ਬਚਪਨੇ ਵਿਚ ਨਿੱਕੀਆਂ ਜਿਹੀਆਂ ਕੋਮਲ ਲੱਤਾਂ ਦਾ ਸੁਡੌਲ ਤੇ ਮਜਬੂਤ ਹੋ ਕੇ ਜੀਵਨ-ਸਫਰ ਦੇ ਅਣਥੱਕ ਸੰਗੀ ਬਣਨ ਤੋਂ ਬਾਅਦ ਬੁਢਾਪੇ ਵਿਚ ਕਮਜੋਰ ਤੇ ਨਿਤਾਣੀਆਂ ਬਣਨ ਦੇ ਸਫਰ ਦੀ ਗੱਲ ਕੀਤੀ ਸੀ। ਬੰਦੇ ਦੇ ਪੈਰਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਕਿਹਾ ਸੀ ਕਿ ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਪਿਛਲੇ ਲੇਖ ਵਿਚ ਉਨ੍ਹਾਂ ਮੁੱਖੜੇ ਦੇ ਬਹੁਤ ਸਾਰੇ ਰੂਪ ਕਿਆਸੇ ਹਨ-ਮੁੱਖੜਾ ਹੱਸਮੁੱਖ, ਮੁੱਖੜਾ ਚਿੜਚਿੜਾ। ਮੁੱਖੜਾ ਖੁਸ਼-ਮਿਜ਼ਾਜ, ਮੁੱਖੜਾ ਰੋਂਦੂ। ਮੁੱਖੜਾ ਟਹਿਕਦਾ, ਮੁੱਖੜਾ ਬੁੱਸਕਦਾ। ਮੁੱਖੜਾ ਤ੍ਰੇਲ ਧੋਤਾ, ਮੁੱਖੜਾ ਹੰਝ ਪਰੋਤਾ। ਮੁੱਖੜਾ ਸੱਜਰੀ ਸਵੇਰ, ਮੁੱਖੜਾ ਉਤਰਦਾ ਹਨੇਰ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਮਨ ਦੀ ਬਾਤ ਪਾਉਂਦਿਆਂ ਕਿਹਾ ਹੈ ਕਿ ਮਨ ਦੀ ਤਾਕਤ ਹੀ ਆਦਮੀ ਦੀ ਅਸਲ ਤਾਕਤ ਹੁੰਦੀ ਏ। ਮਨ ਅਸੀਮ, ਮਨ ਅਮੋੜ, ਮਨ ਅਜਿੱਤ, ਮਨ ਅਮੋਲਕ, ਮਨ ਦੀਆਂ ਮਨ ਹੀ ਜਾਣੇ। ਮਨ ਦੀਆਂ ਪਰਤਾਂ ਕੌਣ ਫਰੋਲੇ ਅਤੇ ਮਨ ਦੇ ਬੂਹੇ ਕਿਹੜਾ ਖੋਲ੍ਹੇ? ਨਾਲ ਹੀ ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿਤਾ ਹੈ, ‘ਭਾਈ ਰੇ ਇਸੁ ਮਨ ਕਉ ਸਮਝਾਇ॥” ਜੇ ਅਸੀਂ ਆਪਣੀ ਸੋਚ ਧਰਾਤਲ ਦਾ ਹਿੱਸਾ ਬਣਾ ਲਈਏ ਤਾਂ ਮਨ ਨੂੰ ਸਮਝਣਾ ਅਤੇ ਆਪੇ ਦਾ ਮਨ-ਮਾਰਗੀ ਬਣਨਾ, ਜੀਵਨ ਲਈ ਸੁਖਦ ਅਹਿਸਾਸ ਪੈਦਾ ਕਰ ਸਕਦਾ ਏ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਮਨ, ਸੰਵੇਦਨਾ ਦੀ ਕਰਮਭੂਮੀ, ਕਰਮਯੋਗਤਾ ਦੀ ਹੱਲਾਸ਼ੇਰੀ, ਸੋਚ-ਸੁਪਨਿਆਂ ਦੀ ਆਧਾਰਸ਼ਿਲਾ, ਸਮਝ-ਸਰੋਤ, ਸਿਹਤ ਦਾ ਰਾਜ਼ਦਾਨ ਅਤੇ ਸਬੰਧ-ਸਦੀਵਤਾ ਦਾ ਪਹਿਰੇਦਾਰ। ਮਨ ਆਜ਼ਾਦ, ਹੱਦਾਂ-ਸਰਹੱਦਾਂ ਤੋਂ ਅਰੁੱਕ, ਦੂਰੀਆਂ ਤੋਂ ਮੁਕਤ, ਅੰਬਰ ਜੇਡਾ ਵਿਸ਼ਾਲ, ਸਮੁੰਦਰਾਂ ਤੋਂ ਜ਼ਿਆਦਾ ਡੂੰਘਾ ਅਤੇ ਫਿਜ਼ਾ ਜਿਹਾ ਫੈਲਾਅ।
ਮਨ ਤੇ ਸਰੀਰ ਦਾ ਆਪਸ ਵਿਚ ਗੂੜ੍ਹਾ ਰਿਸ਼ਤਾ। ਕਦੇ ਇਕਸੁਰਤਾ, ਕਦੇ ਵਖਰੇਵਾਂ, ਕਦੇ ਸਮਝੌਤੀਆਂ ਤੇ ਕਦੇ ਉਲਟ ਦਿਸ਼ਾਵਾਂ, ਪਰ ਮਨ ਤੋਂ ਬਗੈਰ ਸਰੀਰ ਦਾ ਪਲ ਵੀ ਨਾ ਸਰਦਾ। ਸਰੀਰਕ, ਸਮਾਜਿਕ, ਆਰਥਿਕ ਅਤੇ ਮਾਨਸਿਕ ਸਿਹਤ ਦਾ ਸਰੋਤ ਅਤੇ ਕੇਂਦਰ ਬਿੰਦੂ ਹੈ, ਮਨ। ਮਨ ਦੀ ਤਾਕਤ ਹੀ ਆਦਮੀ ਦੀ ਅਸਲ ਤਾਕਤ ਹੁੰਦੀ ਏ।
ਮਨ ਦੀ ਮੌਜ ਵਿਚ ਰਹਿਣ ਵਾਲੇ ਮਸਤ ਫਕੀਰ ਰੱਬ ਦੀ ਇਬਾਦਤ ਹੁੰਦੇ ਜਿਨ੍ਹਾਂ ਦੇ ਮੁਖਾਰਬਿੰਦ ਤੋਂ ਕਿਰਦੀ ਜੀਵਨ-ਜਾਚ, ਬੋਲਾਂ ਵਿਚ ਮਨੁੱਖਤਾ ਦੀ ਭਲਾਈ, ਪਿੰਡਿਆਂ ‘ਤੇ ਸੱਚੀ ਸੋਚ ਦੀ ਧੂੜੀ ਅਤੇ ਉਨ੍ਹਾਂ ਦੇ ਰੋਮ ਰੋਮ ਵਿਚ ਰਚੀ ਹੁੰਦੀ ਏ ਸਦਭਾਵਨਾ, ਸਹਿਹੋਂਦ ਤੇ ਸਹਿਯੋਗ ਦੀ ਗੁੜਤੀ।
ਮਨ ਨੂੰ ਮਗਰ ਲਾਉਣ ਵਾਲੇ ਰੂਹ ਦੇ ਰਾਜ਼ਦਾਨ। ਪਰ ਇਹ ਅੱਥਰਾ ਮਨ ਕਦੇ ਅਣਕਿਆਸੇ ਰਾਹੀਂ ਤੋਰਦਾ, ਰਾਹਾਂ ਵਿਚ ਖਾਈਆਂ ਪੁੱਟਦਾ ਪਰ ਕਦੇ ਸਾਡੀਆਂ ਮੰਜ਼ਲਾਂ ਦਾ ਰੋੜਾ ਵੀ ਬਣ ਬਹਿੰਦਾ। ਅਮੋੜ ਮਨ ਦੀਆਂ ਵਾਗਾਂ ਜਦ ਸੰਤੁਲਿਤ ਸੋਚ ਦੇ ਹੱਥ ਹੁੰਦੀਆਂ ਤਾਂ ਮਨ ‘ਵਾਵਾਂ ਨੂੰ ਗੰਢਾਂ ਦਿੰਦਾ, ਅਸੰਭਵ ਨੂੰ ਸੰਭਵ ਕਰ ਦਿਖਾਉਂਦਾ।
ਮਨ ਦੀਆਂ ਮੁਹਾਰਾਂ ਨੂੰ ਦਸ਼ਾ ਤੇ ਦਿਸ਼ਾ ਦੇਣ ਅਤੇ ਸੇਧਤ ਰਾਹਾਂ ‘ਤੇ ਤੋਰਨ ਵਾਲੇ ਸ਼ਾਹ-ਅਸਵਾਰ ਹੁੰਦੇ, ਜਿਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸੁਨਹਿਰੀ ਅੱਖਰਾਂ ਦਾ ਰੂਪ ਮਿਲਦਾ।
ਮਨ ਦੀ ਮੌਲਿਕਤਾ ਨੂੰ ਸਮਝਣ ਅਤੇ ਇਸ ਦੀ ਨਿਸ਼ਾਨਦੇਹੀ ਕਰਨ ਵਾਲੇ ਲੇਖਕ, ਕਲਾਕਾਰ, ਬੁੱਤਕਾਰ, ਗਾਇਕ, ਰਾਗੀ-ਨਾਦੀ ਆਦਿ ਅਜਿਹੇ ਦਿਸਹੱਦਿਆਂ ਦਾ ਨਾਮਕਰਨ ਸਿਰਜ ਜਾਂਦੇ ਜਿਹੜੇ ਨਵੀਂ ਪੀੜ੍ਹੀ ਲਈ ਅਜੂਬਾ ਜਾਪਦੇ।
ਮਨ-ਮਨਾਹੀ ਦੀ ਰਾਹ ਪਕੜਨ ਵਾਲਿਆਂ ਵਿਚ ਹੌਂਸਲਾ, ਪਹਿਲਕਦਮੀ, ਹੱਲਾਸ਼ੇਰੀ ਅਤੇ ਕਦਮਾਂ ਦਾ ਦਮ ਘੁੱਟਦਾ। ਉਹ ਹੌਲੀ ਹੌਲੀ ਡਰਪੋਕ, ਕਮਦਿਲ, ਸਾਹ-ਸੱਤਹੀਣ, ਲਾਚਾਰ ਅਤੇ ਨਿਮਾਣੇ ਬਣ ਕੇ ਸਾਹਾਂ ਦਾ ਭਾਰ ਢੋਣ ਜੋਗੇ ਰਹਿ ਜਾਂਦੇ।
ਮਨ ਮਲੀਨ ਹੋਵੇ ਤਾਂ ਸੋਚ, ਸੁਹਿਰਦਤਾ, ਸੰਵੇਦਨਾ, ਸਮਝ, ਸਬੰਧ ਅਤੇ ਸੁਪਨਿਆਂ ਵਿਚ ਮਲੀਨਤਾ ਭਰੀ ਜਾਂਦੀ, ਕਰਮ-ਧਰਮ ਮੈਲ ਨਾਲ ਅੱਟੇ ਜਾਂਦੇ, ਰਿਸ਼ਤਿਆਂ ਵਿਚ ਸ਼ੱਕ, ਗਲਤ ਫਹਿਮੀਆਂ ਅਤੇ ਸੰਦੇਹ ਪੈਦਾ ਹੁੰਦੇ। ਪਾਕੀਜ਼ਗੀ ਲੀਰੋ-ਲੀਰ ਹੋ ਜਾਂਦੀ।
ਸ਼ਫਾਫ ਮਨ ਵਿਚ ਪਾਰਦਰਸ਼ਤਾ ਰੁਸ਼ਨਾਉਂਦੀ, ਪਰਿੰਦਿਆਂ ਵਰਗੀ ਨਿਰਛੱਲਤਾ, ਪੀਰਾਂ ਵਰਗੀ ਪਵਿੱਤਰਤਾ ਅਤੇ ਭਲਮਾਣਸੀ, ਭਲਿਆਈ ਤੇ ਬੰਦਿਆਈ ਦੇ ਦੀਦਾਰੇ ਹੁੰਦੇ।
ਮਨ-ਮੰਦਰ ਵਿਚ ਘੁੰਘਰੂ ਪਾ ਕੇ ਨੱਚਣ ਵਾਲੇ, ਰੂਹ ਦੇ ਦੀਵੇ ਵਿਚ ਸਮਰਪਿੱਤਾ ਦਾ ਤੇਲ ਪਾ ਕੇ ਮੱਚਣ ਵਾਲੇ ਅਤੇ ਪੱਟਾਂ ਤੇ ਡੌਲਿਆਂ ਦੀਆਂ ਮੱਛਲੀਆਂ ਨੂੰ ਉਬੜ ਰਾਹੇ ਪਾਉਣ ਵਾਲੇ ਹੀ ਸਾਬਤ ਕਦਮਾਂ ਦਾ ਸਿਰਨਾਂਵਾਂ ਬਣ ਕੇ ਸੁਪਨਿਆਂ ਦਾ ਸੱਚ ਉਜਾਗਰ ਕਰਦੇ।
ਮਰ ਜਾਣੇ ਮਨ ਦਾ ਕੀ ਭਰਵਾਸਾ, ਘੜੀ ‘ਚ ਤੋਲਾ ਘੜੀ ‘ਚ ਮਾਸਾ। ਕਦੇ ਬਣਦਾ ਸੌਣ ਮਹੀਨਾ, ਬਣਦੈ ਕਦੇ ਚੌਮਾਸਾ। ਕਦੇ ਨੈਣੀਂ ਹੰਝ ਉਗਾਉਂਦੇ, ਕਦੇ ਬੀਜਦਾ ਹਾਸਾ। ਕਦੇ ਢਹਿ-ਢੇਰੀ ਹੋ ਜਾਂਦਾ, ਬਣਦੈ ਕਦੇ ਦਿਲਾਸਾ। ਕਦੇ ਨਿੰਮੋਝੂਣਾ ਹੁੰਦਾ, ਬਣਦਾ ਕਦੇ ਹੁਲਾਸਾ। ਕਦੇ ਪੱਗੜੀ ਪੈਰੀਂ ਰੋਲਦਾ, ਬੰਨੇ ਕਦੇ ਮੜਾਸਾ। ਕਦੇ ਪਾਤਾਲੀਂ ਗਰਕ ਹੋ ਜਾਂਦਾ, ਕਦੇ ਉਡੇ ਅਕਾਸ਼ਾ। ਕਦੇ ਢੁੱਕ ਢੁੱਕ ਕੋਲ ਬਹਿ ਜਾਂਦਾ, ਵੱਟਦਾ ਕਦੇ ਉਹ ਪਾਸਾ। ਅਜੇ ਤੀਕ ਨਾ ਕਿਸੇ ਸਮਝਿਆ, ਮਨ ਮੋਏ ਦਾ ਖਾਸਾ।
ਮਨ ਦਰਗਾਹ ‘ਤੇ ਸਿਜਦਾ ਕਰਨ ਅਤੇ ਇਸ ਦੀ ਉਖੜੀ ਇੱਟ ‘ਤੇ ਚਿਰਾਗ ਜਗਾਉਣ ਵਾਲੇ ਰੌਸ਼ਨ ਰਾਹਾਂ ਦਾ ਮਾਣ ਬਣਦੇ, ਇਸ ਦੀਆਂ ਨੀਂਹਾਂ ਵਿਚ ਛੁਪੇ ਹੁੰਦੇ ਨੇ ਸਫਲਤਾਵਾਂ, ਸਥਾਪਤੀਆਂ ਅਤੇ ਸਮਝੌਤੀਆਂ ਦੇ ਰਾਜ।
ਜਦ ਗੁਰੂ ਅਮਰਦਾਸ ਜੀ ਪੰਡਿਤ ਬੇਣੀ ਨਾਮੇ ਨੂੰ ਗੁਰਬਾਣੀ ਵਿਚ ਸਮਝਾਉਂਦੇ ਹਨ ਕਿ “ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ॥ ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ॥ ਕਿ ਇਹੁ ਮਨੁ ਚੰਚਲ ਕਿ ਇਹੁ ਮਨੁ ਬੈਰਾਗੀ॥ ਇਸ ਮਨ ਕਊ ਮਮਤਾ ਕਿਥਹੁ ਲਾਗੀ॥ ਪੰਡਿਤ ਇਸ ਮਨੁ ਕਾ ਨਾ ਕਰਹੂ ਬੀਚਾਰੁ॥ ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰ॥” ਤਾਂ ਉਹ ਪੰਡਿਤ ਬੇਣੀ ਦੇ ਮਨ ਦੀ ਸੂਖਮ ਤੈਹਾਂ ਫਰੋਲਣ ਦੇ ਰੂਪ ਵਿਚ ਹਰੇਕ ਮਨੁੱਖ ਦੇ ਹੰਕਾਰੇ ਹੋਏ ਮਨ ‘ਤੇ ਕਾਬੂ ਪਾਉਣ ਦੀ ਸਿਖਿਆ ਦਿੰਦੇ ਹਨ।
ਅਮੂਰਤ-ਮਨ, ਮੂਰਤ ਸਿਰਜਕ। ਇਹ ਮੂਰਤਾਂ ਸੰਭਵ-ਅਸੰਭਵ, ਪ੍ਰਾਪਤ-ਅਪ੍ਰਾਪਤ, ਦਿਸਦੀਆਂ-ਅਦਿੱਖ ਅਤੇ ਪਹੁੰਚ-ਅਪਹੁੰਚ। ਕੁਝ ਕੋਰੀਆਂ, ਕੁਝ ਬੁਰਸ਼ ਛੂਹਾਂ ਨੂੰ ਉਕਰਾਉਣ ਲਈ ਕਾਹਲੀਆਂ। ਕਈਆਂ ‘ਤੇ ਸੂਹੇ ਰੰਗ ਦਾ ਲੇਪਣ ਪਰ ਕਈਆਂ ‘ਤੇ ਕਾਲਖਾਂ ਦਾ ਪੋਚਾ। ਕਿਹੜੀ ਮੂਰਤ ਤੁਹਾਡੇ ਮਨ ਦੀ ਬੀਹੀ ‘ਤੇ ਦਸਤਕ ਦਿੰਦੀ, ਇਹ ਮਨ ਦੀ ਅਵਸਥਾ, ਮਾਨਸਿਕ ਉਡਾਣ ਅਤੇ ਮਨ ਦੀ ਚੰਚਲਤਾ ‘ਤੇ ਨਿਰਭਰ ਕਰਦਾ। ਮਨਮੋਹਨੀਆਂ ਸੂਰਤਾਂ ਨੂੰ ਮਨ ਵਿਚ ਵਸਾਉਣ ਵਾਲੇ ਮਨ ‘ਤੇ ਸਦਾ ਹੀ ਸਿਜਦਿਆਂ ਦੀ ਮਿਹਰ ਹੁੰਦੀ।
ਮਨ-ਮਾਰਗ ‘ਤੇ ਤੁਰਨਾ ਸਭ ਤੋਂ ਸਹਿਲ ਅਤੇ ਸਭ ਤੋਂ ਕਠਿਨ ਵੀ। ਮਨ-ਬੀਹੀ ਵਿਚ ਸੁਰਤਾਲ ਵੱਜੇ ਤਾਂ ਇਸ ਨੂੰ ਖੰਭ ਲੱਗ ਜਾਂਦੇ, ਹਿਚਕੀਆਂ ਦੀ ਹੂਕ ਸੁਣੇ ਤਾਂ ਗੁੰਮ-ਸੁੰਮ ਹੋ ਜਾਂਦਾ, ਹੁਲਾਸ ਵਿਚ ਹੋਵੇ ਤਾਂ ਧਰਤ-ਅੰਬਰ ਨੂੰ ਇਕਸਾਰ ਕਰ ਜਾਂਦਾ। ਖੁਸ਼ੀ ‘ਚ ਖੀਵਾ ਹੋਵੇ ਤਾਂ ਜੀਵਨ-ਰਾਹਾਂ ਵਿਚ ਕੇਸਰ ਛਿੜਕ ਜਾਂਦਾ।
ਮਨ ਚੰਚਲ ਤੇ ਕੋਮਲ। ਇਸ ‘ਤੇ ਵੱਜੀ ਹੋਈ ਮਹੀਨ ਝਰੀਟ ਸਾਰੀ ਉਮਰ ਚਸਕਦੀ ਰਹਿੰਦੀ। ਜੇ ਮਨ-ਸ਼ੀਸ਼ੇ ‘ਤੇ ਤਰੇੜ ਆ ਜਾਵੇ ਤਾਂ ਬਿੰਬ ਤਿੜਕ ਜਾਂਦੇ ਅਤੇ ਜੀਵਨ ਦੀ ਹਰ ਪੌੜੀ ‘ਤੇ ਇਸ ਦੀ ਪੀੜ ਧਰੀ ਜਾਂਦੀ।
ਮਨ ਦਾ ਮੁਹਾਂਦਰਾ ਪਲ ਪਲ ਬਦਲਦਾ। ਕਦੇ ਬਹਾਰ ਦੀ ਦਸਤਕ, ਕਦੇ ਪੱਤੜੜ ਦਾ ਨਿਉਂਦਾ। ਕਦੇ ਪੀੜਾਂ ਦਾ ਵਣਜਾਰਾ, ਕਦੇ ਗੁਲਸ਼ੱਰਿਆਂ ਦਾ ਗੁਬਾਰਾ। ਕਦੇ ਬੋਲ-ਬਹਾਰ, ਕਦੇ ਚੁੱਪ-ਚਿਰਾਗ। ਕਦੇ ਓਟੇ ‘ਤੇ ਜਗਦਾ ਦੀਵਾ, ਕਦੇ ਬੇਅਬਾਦ ਆਲ੍ਹੇ ਦੀ ਆਸ। ਕਦੇ ਪੈੜ-ਪੁਲਾਂਘ, ਕਦੇ ਬੇੜੀਆਂ ‘ਚ ਬੱਝੇ ਕਦਮ।
ਮਨ ਦੀਆਂ ਮਹੀਨ ਪਰਤਾਂ ਦੀ ਨਿਸ਼ਾਨਦੇਹੀ ਕਰਦਾ ਗੁਰਬਾਣੀ ਦਾ ਫੁਰਮਾਨ, “ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥” ਜੇ ਅਸੀਂ ਆਪਣੀ ਸੋਚ ਧਰਾਤਲ ਦਾ ਹਿੱਸਾ ਬਣਾ ਲਈਏ ਤਾਂ ਮਨ ਨੂੰ ਸਮਝਣਾ ਅਤੇ ਆਪੇ ਦਾ ਮਨ-ਮਾਰਗੀ ਬਣਨਾ, ਜੀਵਨ ਲਈ ਸੁਖਦ ਅਹਿਸਾਸ ਪੈਦਾ ਕਰ ਸਕਦਾ ਏ।
ਮਨ-ਮੰਗਤਾ ਹਰ ਦਰ ਦਾ ਸਵਾਲੀ। ਉਹ ਹਰ ਪਲ ਖੈਰ ਮੰਗਦਾ, ਕਦੇ ਹਰਫਾਂ ਤੋਂ, ਕਦੇ ਅਰਥਾਂ ਤੋਂ। ਕਦੇ ਬੋਲਾਂ ਤੋਂ, ਕਦੇ ਚੁੱਪ ਤੋਂ। ਕਦੇ ਜੋਸ਼ ਤੋਂ, ਕਦੇ ਹੋਸ਼ ਤੋਂ। ਕਦੇ ਹੂਕ ਤੋਂ, ਕਦੇ ਹੁੰਗਾਰੇ ਤੋਂ। ਕਦੇ ਤਾਰਿਆਂ ਦੀ ਪਰਾਤ ਤੋਂ, ਕਦੇ ਅੰਧੇਰੀ ਰਾਤ ਤੋਂ। ਕਦੇ ਕਲਮ ਦੁਆਤ ਤੋਂ, ਕਦੇ ਸੁੰਨੀ ਸਬਾਤ ਤੋਂ। ਕਦੇ ਪਿੰਡ ਰਹਿੰਦੇ ਬਾਪ ਤੋਂ, ਕਦੇ ਆਪੇ ਤੋਂ ਖੁੱਸੇ ਆਪ ਤੋਂ। ਕਦੇ ਘਰ ਦੀਆਂ ਗੁੰਗੀਆਂ ਦੀਵਾਰਾਂ ਤੋਂ, ਕਦੇ ਪਿੰਡੇ ‘ਤੇ ਆਏ ਲੰਗਾਰਾਂ ਤੋਂ। ਕਦੇ ਜੋਗੀ ਤੋਂ, ਕਦੇ ਭੋਗੀ ਤੋਂ। ਕਦੇ ਪੀਰ ਤੋਂ, ਕਦੇ ਫਕੀਰ ਤੋਂ। ਕਦੇ ਖਿਜ਼ਰ ਖੁਆਬੇ ਤੋਂ, ਕਦੇ ਅੰਬੀਆਂ ਨੂੰ ਤਰਸਦੇ ਦੁਆਬੇ ਤੋਂ। ਕਦੇ ਪਾਣੀ ਨੂੰ ਢੂੰਢਦੇ ਦਰਿਆਵਾਂ ਤੋਂ, ਕਦੇ ਜਿਊਣਾ ਲੋਚਦੇ ਸਾਹਾਂ ਤੋਂ। ਕਦੇ ਖੁਦ ‘ਚੋਂ ਝਲਕਦੀ ਖੁਦੀ ਤੋਂ, ਕਦੇ ਸੋਚ ਵਿਹੜੇ ਵਿਲਕਦੀ ਲੁੱਡੀ ਤੋਂ। ਕਦੇ ਹੌਕੇ ਭਰਦੀ ਵਾਹ ਤੋਂ, ਕਦੇ ਫਸਲਾਂ ਨੂੰ ਆਉਂਦੇ ਔਖੇ ਸਾਹ ਤੋਂ। ਕਦੇ ਅਬੋਲ ਹੋ ਗਈਆਂ ਆਵਾਜ਼ਾਂ ਤੋਂ, ਕਦੇ ਮਰਸੀਆ ਗਾਉਂਦੇ ਸਾਜ਼ਾਂ ਤੋਂ। ਕਦੇ ਰੱਖੜੀਉਂ ਵਿਰਵੇ ਗੁੱਟ ਤੋਂ, ਕਦੇ ਹੰਝੂ ਬਣ ਗਏ ਪੁੱਤ ਤੋਂ। ਕਦੇ ਆਪਣਿਆਂ ਦੇ ਮਾਰੇ ਡੰਗ ਤੋਂ, ਕਦੇ ਰੁੱਸ ਕੇ ਬਹਿ ਗਏ ਰੰਗ ਤੋਂ, ਅਤੇ ਝੋਲੀ ਪਈ ਇਹ ਖੈਰ ਹੀ ਉਸ ਦਾ ਈਮਾਨ, ਜਿਸ ਵਿਚੋਂ ਉਹ ਆਪਣੀ ਹੋਂਦ ਢੂੰਢਦਾ ਤੇ ਪਸਾਰਦਾ।
ਮਨ ਮੌਲਾ, ਆਪਣੇ ਰੰਗ ਵਿਚ ਮਸਤ। ਦੁਨੀਆਂ ਦੇ ਰੰਗ, ਮਮੋਲੇ ਮਨ ਨੂੰ ਆਪਣੇ ਰੰਗ ਵਿਚ ਰੰਗਣ, ਵਰਗਲਾਉਣ, ਸੋਸ਼ਣ ਕਰਨ ਅਤੇ ਨਿਜੀ ਹਿੱਤ ਵਿਚ ਵਰਤਣ ਲਈ ਕਾਹਲੇ। ਇਸ ਕਰਕੇ ਬਹੁਤ ਹੀ ਸੰਵੇਦਨਸ਼ੀਲ ਮਨ ਵਾਲੇ ਵਿਅਕਤੀ ਬਹੁਤੀ ਵਾਰ ਘਾਟੇ ਵਿਚ ਰਹਿੰਦੇ। ਮਨ ਦੇ ਅਵੇਗ ਵਿਚ ਉਹ ਅਜਿਹੇ ਰਾਹ ਤੁਰ ਪੈਂਦੇ, ਜਿਨ੍ਹਾਂ ਨੂੰ ਕੰਡਿਆਂ ਦਾ ਹੀ ਸਰਾਪ ਮਿਲਿਆ ਹੁੰਦਾ।
ਮਨ-ਮਾਣ ਵਿਚ ਰੰਗੀਆਂ ਰੂਹਾਂ, ਸਮਿਆਂ ਦਾ ਸੁੰਦਰ ਸੱਚ। ਇਹ ਸਮੇਂ/ਸਥਾਨ/ਸਥਿਤੀ ਤੋਂ ਪਾਰ। ਮਨ ਹੀ ਮਨ ਦੀ ਰਮਜ਼ ਪਛਾਣੇ ਤੇ ਮਨ ਰਹਿੰਦਾ ਏ ਮਨ ਦੇ ਭਾਣੇ।
ਮਨ ਜਦ ਤਲਖੀਆਂ, ਕਰੂਰ ਸੱਚ ਜਾਂ ਅਣਹੋਣੀਆਂ ਦੇ ਰੂਬਰੂ ਹੂੰਦਾ ਤਾਂ ਮਨ ਦੀ ਅਸੀਮ ਸਮਰੱਥਾ ਤੇ ਸੰਭਾਵਨਾ ਨਾਲ ਹੰਢਾਇਆ ਸੱਚ, ਸਮਿਆਂ ਦਾ ਸੱਚ ਬਣ ਜਾਂਦਾ। ਜਦ ਗੌਤਮ ਬੁੱਧ ਯਸ਼ੋਦਰਾ ਨੂੰ ਅੱਧੀ ਰਾਤ ਨੂੰ ਸੁੱਤਿਆਂ ਛੱਡ, ਨਿੱਕੇ ਜਿਹੇ ਬਾਲ ਦੀ ਅਮਾਨਤ ਉਸ ਦੀ ਝੋਲੀ ਪਾ ਕੇ ਘਰੋਂ ਬਾਹਰ ਪੈਰ ਰੱਖਦਾ ਏ ਤਾਂ ਅੱਖ ਖੁੱਲ੍ਹਣ ‘ਤੇ ਯਸ਼ੋਦਰਾ ਦੀ ਮਾਨਸਿਕ ਅਵਸਥਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਏ। ਉਸ ਨੇ ਆਪਣੇ ਪੁੱਤਰ ਲਈ ਸਿਖਰ ਦੁਪਹਿਰ ਨੂੰ ਢਲਦੀ ਰੁੱਤ ਬਣਾ ਲਿਆ। ਜਦ ਗੌਤਮ, ਮਹਾਤਮਾ ਬੁੱਧ ਬਣ ਕੇ ਕਪਲ ਵਸਤੂ ਆਉਂਦਾ ਏ ਤਾਂ ਇਹ ਯਸ਼ੋਦਰਾ ਦੇ ਅਹਿਦ ਦੀ ਉਚਾਈ, ਪਕਿਆਈ ਅਤੇ ਸੱਚਾਈ ਸੀ ਕਿ ਮਹਾਤਮਾ ਬੁੱਧ ਨੂੰ ਯਸ਼ੋਦਰਾ ਨੂੰ ਮਿਲਣ ਲਈ ਮਹਿਲਾਂ ਵਿਚ ਆਉਣਾ ਪਿਆ। ਜਦ ਉਹ ਸਾਹਮਣੇ ਆਇਆ ਤਾਂ ਯਸ਼ੋਦਰਾ ਨੇ ਪੁੱਛਿਆ ਕਿ ਪਤਾ ਲੱਗਾ ਹੈ ਕਿ ਲੋਕ ਤੁਹਾਨੂੰ ਬੁੱਧ ਕਹਿੰਦੇ ਹਨ? ਇਸ ਦਾ ਕੀ ਮਤਲਬ ਹੈ?
ਮਹਾਤਮਾ ਬੁੱਧ ਦਾ ਉਤਰ ਸੀ ਕਿ ਜਿਸ ਨੂੰ ਰੱਬ ਦਾ ਗਿਆਨ ਹੋ ਗਿਆ ਹੋਵੇ। ਯਸ਼ੋਦਰਾ ਮੁਸਕਰਾਈ ਅਤੇ ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਕਹਿਣ ਲੱਗੀ ਕਿ ਅਸੀਂ ਦੋਹਾਂ ਨੇ ਇਸ ਸਮੇਂ ਦੌਰਾਨ ਬਹੁਤ ਕੁਝ ਸਿਖਿਆ ਹੈ। ਐ ਬੁੱਧ! ਤੇਰੇ ਪ੍ਰਵਚਨ ਦੁਨੀਆਂ ਨੂੰ ਆਤਮਿਕ ਤੌਰ ‘ਤੇ ਅਮੀਰ ਕਰਨਗੇ। ਪਰ ਜੋ ਕੁਝ ਮੈਂ ਸਿਖਿਆ ਹੈ, ਉਸ ਬਾਰੇ ਕੋਈ ਕੁਝ ਨਹੀਂ ਜਾਣੇਗਾ।
ਮਹਾਤਮਾ ਬੁੱਧ ਕਹਿਣ ਲੱਗੇ, ਤੂੰ ਕੀ ਸਿਖਿਆ ਹੈ? ਤਾਂ ਯਸ਼ੋਦਰਾ ਅੱਖਾਂ ਵਿਚ ਨੀਰ ਭਰ ਕੇ ਕਹਿਣ ਲੱਗੀ ਕਿ ਮੈਂ ਸਿਖਿਆ ਹੈ ਕਿ ਮਾਨਸਿਕ ਤੌਰ ‘ਤੇ ਦਲੇਰ ਔਰਤ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੁੰਦੀ। ਉਹ ਆਪਣੇ ਆਪ ਵਿਚ ਹੀ ਸੰਪੂਰਨ ਹੁੰਦੀ ਹੈ। ਯਸ਼ੋਦਰਾ ਦੇ ਮਨ ਦਾ ਸੱਚ, ਗੌਤਮ ਵਿਚਲੇ ਮਹਾਤਮਾ ਬੁੱਧ ਦੇ ਸੱਚ ਨਾਲੋਂ ਕਿੰਨਾ ਵੱਡਾ, ਪਾਕਿ ਅਤੇ ਵਿਲੱਖਣ ਸੀ!
ਮਨ ਅਸੀਮ, ਮਨ ਅਮੋੜ, ਮਨ ਅਜਿੱਤ, ਮਨ ਅਮੋਲਕ, ਮਨ ਦੀਆਂ ਮਨ ਹੀ ਜਾਣੇ। ਮਨ ਦੀਆਂ ਪਰਤਾਂ ਕੌਣ ਫਰੋਲੇ ਅਤੇ ਮਨ ਦੇ ਬੂਹੇ ਕਿਹੜਾ ਖੋਲ੍ਹੇ?
ਮਨ ਨੂੰ ਭਟਕਾਓ ਨਾ, ਟਿਕਾਓ। ਤੜਪਾਓ ਨਾ, ਸਗੋਂ ਸਹਿਲਾਓ। ਰੁਆਓ ਨਾ, ਹਸਾਓ। ਪੈਰੀਂ ਬੇੜੀਆਂ ਨਾ ਪਾਓ, ਸਗੋਂ ਖੁੱਲ੍ਹੇ ਅੰਬਰ ‘ਚ ਉਡਣ ਦਿਓ। ਗੂੰਗਾ ਦਰਦ ਇਸ ਦੀ ਤਲੀ ‘ਤੇ ਨਾ ਟਿਕਾਓ, ਸਗੋਂ ਝੋਲੀ ‘ਚ ਬੋਲ-ਗੁੱਟਕਣੀ ਪਾਓ।
ਗੁਰਬਾਣੀ ਦਾ ਫੁਰਮਾਨ ਹੈ, ‘ਭਾਈ ਰੇ ਇਸੁ ਮਨ ਕਉ ਸਮਝਾਇ॥” ਜਿਹੀ ਸੋਚ-ਲੜ ਬੰਨਣ ਵਾਲੇ ਲੋਕ ਸਹਿਜ, ਸਕੂਨ, ਸਬਰ ਤੇ ਸੰਤੋਸ਼ ਦਾ ਸਫਰਨਾਮਾ ਹੁੰਦੇ। ਇਹ ਸੁਪਨਾ ਹਰ ਭਲੇ ਵਿਅਕਤੀ ਦਾ ਹੀ ਹੁੰਦਾ ਏ। ਕੀ ਤੁਸੀਂ ਵੀ ਕਦੇ-ਕਦਾਈਂ ਅਜਿਹਾ ਹੀ ਸੋਚਦੇ ਹੋ?