ਕਿੱਸਾ ਲਹਿੰਦੇ ਪੰਜਾਬ ਦੀਆਂ ਬਾਰਾਂ ਦਾ

ਤਾਹਿਰ ਮਹਿਮੂਦ
ਪੰਜਾਬ ਦੀ ਧਰਤੀ ਬਹਾਦਰਾਂ, ਵਫ਼ਾਦਾਰਾਂ ਅਤੇ ਕੇਵਲ ਸ਼ਹੀਦਾਂ ਦੀ ਹੀ ਨਹੀਂ, ਬਲਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਹੱਕ, ਸੱਚ ਤੇ ਆਜ਼ਾਦੀ ਲਈ ਆਪਣੀਆਂ ਭਰੀਆਂ ਜਵਾਨੀਆਂ ਵਾਰਨ ਵਾਲਿਆਂ ਦੀ ਧਰਤੀ ਹੈ। ਕੀ ਹਿੰਦੂ, ਕੀ ਮੁਸਲਮਾਨ, ਕੋਈ ਵੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਤੋਂ ਪਿਛੇ ਨਹੀਂ ਰਿਹਾ। ਸੁਖਦੇਵ, ਰਾਜਗੁਰੂ ਵੀ ਮਹਾਨ ਸ਼ਹੀਦਾਂ ਦੀ ਕਤਾਰ ਵਿਚ ਖੜ੍ਹੇ ਹਨ। ਦੁੱਲਾ ਭੱਟੀ, ਅਹਿਮਦ ਯਾਰ ਖਰਲ ਵਰਗੇ ਪੰਜਾਬ ਦੀ ਅਣਖ ਤੇ ਗ਼ੈਰਤ ਦੇ ਰਾਖੇ ਇਸ ਧਰਤੀ ਪੰਜਾਬ ਦੀ ਨੇ ਆਪਣੇ ਸੀਨੇ ਲਾ ਕੇ ਮਿੱਠੀ ਨੀਂਦ ਸਵਾਏ ਹੋਏ ਹਨ। ਇਹ ਧਰਤੀ ਪੰਜਾਬ ਦੀ ਆਸ਼ਕਾਂ ਦੇ ਇਸ਼ਕ ਦੀ ਖੁਸ਼ਬੋ ਨਾਲ ਵੀ ਮਹਿਕ ਰਹੀ ਹੈ।

Ḕਹੀਰ ਰਾਂਝਾḔ, Ḕਸੋਹਣੀ ਮਹੀਂਵਾਲḔ, Ḕਮਿਰਜ਼ਾ ਸਾਹਿਬਾਂḔ ਪਿਆਰਿਆਂ ਨਾਲ ਪਿਆਰ ਕਰਨ ਵਾਲੇ, ਦਿਲਾਂ ਨਾਲ ਦਿਲ ਵਟਾਉਣ ਵਾਲੇ ਇਹ ਸੱਚੇ ਆਸ਼ਕ ਪੰਜਾਬ ਦਾ ਵਿਰਸਾ ਤੇ ਇਸ ਦੀ ਸੋਹਣੀ ਮਨਮੋਹਣੀ ਸ਼ਨਾਖ਼ਤ ਹਨ।
ਪੰਜਾਬੀ ਇਕ ਕੌਮ ਹਨ। ਪੰਜਾਬ ਦੀ ਧਰਤੀ Ḕਤੇ ਲੱਗੀਆਂ ਕੰਡਿਆਲੀਆਂ ਤਾਰਾਂ ਨਾ ਹੀ ਪੰਜਾਬੀ ਕੌਮ ਅਤੇ ਨਾ ਹੀ ਪੰਜਾਬੀਆਂ ਦੇ ਦਿਲਾਂ ਨੂੰ ਵੰਡ ਸਕੀ ਹੈ। ਆਰ-ਪਾਰ ਦੀ ਧਰਤੀ ਪੰਜਾਬ ਦੀ ਹੈ। ਪੰਜਾਬ ਦਾ ਸਾਂਝਾ ਵਿਰਸਾ ਪੰਜਾਬੀਆਂ ਨੂੰ ਸਦਾ ਜੋੜੀ ਰੱਖੇਗਾ। ਬਹੁਤ ਵੱਡੀ ਸਾਜ਼ਿਸ਼ ਕਰ ਕੇ ਪੰਜਾਬੀਆਂ ਨੂੰ ਵੰਡ ਤਾਂ ਦਿਤਾ ਗਿਆ, ਪਰ ਪੰਜਾਬ ਦੇ ਵਿਰਸੇ ਨੇ ਦੋ ਹੋਣ ਦੇ ਬਾਵਜੂਦ ਸਾਡੇ ਦਿਲਾਂ ਨੂੰ ਇਕ ਰੱਖਿਆ। ਪੰਜਾਬ ਦੀ ਵੰਡ ਨੂੰ ਵੀ ਸਾਡੇ ਮਨਾਂ ਦੇ ਜਜ਼ਬਾਤ ਅੱਜ ਤੱਕ ਤਸਲੀਮ ਨਹੀਂ ਕਰ ਸਕੇ।
ਕਦੀ ਲਹਿੰਦਾ ਪੰਜਾਬ ਚਾਰ ਬਾਰਾਂ (ḔਬਾਰḔ ਜੰਗਲ ਨੂੰ ਕਹਿੰਦੇ ਹਨ) ਵਿਚ ਵੰਡਿਆ ਹੋਇਆ ਸੀਂ: ਸਾਂਦਲ ਬਾਰ- ਲਾਇਲਪੁਰ (ਫ਼ੈਸਲਾਬਾਦ) ਤੇ ਆਲੇ-ਦੁਆਲੇ ਦਾ ਇਲਾਕਾ; ਨੀਲੀ ਬਾਰ- ਇਸ ਦਾ ਕੇਂਦਰ ਸਾਹੀਵਾਲ (ਮਿੰਟਗੁਮਰੀ) ਹੈ; ਗੰਜੀ ਬਾਰ- ਝੰਗ ਤੇ ਆਲੇ-ਦੁਆਲੇ ਦਾ ਲੰਮਾ-ਚੌੜਾ ਇਲਾਕਾ ਅਤੇ ਦੁੱਲੇ ਦੀ ਬਾਰ- ਪਿੰਡ ਭਟੀਆਂ-ਹਾਫ਼ਜ਼ ਆਬਾਦ ਆਦਿ। ਇਨ੍ਹਾਂ ਬਾਰਾਂ, ਖ਼ਾਸ ਤੌਰ Ḕਤੇ ਸਾਂਦਲ ਬਾਰ ਵਿਚ ਖ਼ਾਸ ਨਸਲ-ਓ-ਕੌਮ ਦੇ ਲੋਕ ਰਹਿੰਦੇ ਹਨ। ਇਨ੍ਹਾਂ ਨੂੰ ਜਾਂਗਲੀ ਕਿਹਾ ਜਾਂਦਾ ਹੈ। ਇਹ ਜਾਂਗਲੀ ਗੱਲ-ਗੱਲ ਨਾਲ ਝੂਠ ਬੋਲਣ ਵਾਲੇ, ਧੋਖੇਬਾਜ਼, ਚੋਰੀਆਂ-ਡਕੈਤੀਆਂ ਕਰਨ ਵਾਲੇ, ਕਤਲ-ਓ-ਗਾਰਤਗੀਰੀ ਦੇ ਆਦੀ ਸਨ। ਇਨ੍ਹਾਂ ਜਾਂਗਲੀਆਂ ਦਾ ਸਾਂਦਲ ਬਾਰ ਵਿਚ ਰਾਜ ਸੀ।
ਚੜ੍ਹਦੇ ਪੰਜਾਬ ਵੱਲੋਂ ਵਾਹੀ ਬੀਜੀ ਲਈ ਜ਼ਮੀਨਾਂ ਆਬਾਦ ਕਰਨ ਲਈ ਆਉਣ ਵਾਲੇ ਪੰਜਾਬੀਆਂ ਨੂੰ ਇਹ ਜਾਂਗਲੀ ਬਹੁਤ ਤੰਗ ਕਰਦੇ। ਚੋਰੀ-ਡਕੈਤੀ ਖ਼ਾਸ ਤੌਰ Ḕਤੇ ਘਰਾਂ-ਡੇਰਿਆਂ ਵਿਚੋਂ ਡੰਗਰ ਖੋਲ੍ਹ ਕੇ ਲੈ ਜਾਂਦੇ ਸਨ। ਰਾਤਾਂ ਨੂੰ ਖੇਤਾਂ ਵਿਚ ਪਾਣੀ ਲਾਉਣ ਗਿਆਂ ਕਿਸਾਨਾਂ ਨੂੰ ਜ਼ਖ਼ਮੀ ਜਾਂ ਕਤਲ ਕਰ ਦਿੰਦੇ ਸਨ। ਇਨ੍ਹਾਂ ਜਾਂਗਲੀਆਂ ਹੱਥੋਂ ਲੁੱਟਾਂ-ਖੋਹਾਂ ਤੇ ਕਤਲ-ਓ-ਗਾਰਤਗੀਰੀ ਦਾ ਸ਼ਿਕਾਰ ਬਣ ਕੇ ਚੜ੍ਹਦੇ ਵੱਲੋਂ ਆਉਣ ਵਾਲੇ ਕਿਸਾਨ ਪਰਿਵਾਰ ਆਪਣੇ ਡੰਗਰ ਤੇ ਘਰਾਂ ਦਾ ਸਾਮਾਨ ਲੈ ਕੇ ਚੜ੍ਹਦੇ ਵੱਲ ਨੂੰ ਹੀ ਪਰਤ ਜਾਂਦੇ ਸਨ। ਗੋਰੇ ਹੁਕਮਰਾਨ ਇਨ੍ਹਾਂ ਜਾਂਗਲੀਆਂ ਹੱਥੋਂ ਬਹੁਤ ਦੁਖੀ ਸਨ। ਬਾਰਾਂ ਆਬਾਦ ਕਰਨ ਲਈ ਲਹਿੰਦੇ ਵੱਲ ਆਉਣ ਵਾਲੇ ਕਿਸਾਨਾਂ ਦੇ, ਇਹ ਜਾਂਗਲੀ ਪੈਰ ਟਿਕਣ ਹੀ ਨਹੀਂ ਦਿੰਦੇ ਸਨ। ਅੰਗਰੇਜ਼ ਹੁਕਮਰਾਨਾਂ ਨੇ ਬਹੁਤ ਸੋਚ-ਸਮਝ ਕੇ ਇਹ ਫ਼ੈਸਲਾ ਕੀਤਾ ਕਿ ਕਿਉਂ ਨਾ ਬਾਰਾਂ ਦੀਆਂ ਜ਼ਮੀਨਾਂ ਆਬਾਦ ਕਰਨ ਲਈ ਬਹਾਦਰ ਸਿੱਖ ਕੌਮ ਨੂੰ ਅੱਗੇ ਲਿਆਂਦਾ ਜਾਏ। ਚਾਰੇ ਬਾਰਾਂ ਖ਼ਾਸ ਤੌਰ Ḕਤੇ ਸਾਂਦਲ ਬਾਰ ਵਿਚ ਸਿੱਖ ਕਿਸਾਨ ਪਰਿਵਾਰਾਂ ਨੂੰ ਲਿਆ ਕੇ ਆਬਾਦ ਕਰਨਾ ਸ਼ੁਰੂ ਕਰ ਦਿਤਾ ਗਿਆ। ਸਿੱਖ ਕਿਸਾਨ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਵੀ ਵਾਅਦਾ ਕੀਤਾ ਗਿਆ; ਤੇ ਸਿੱਖ ਜਵਾਨਾਂ ਨੇ ਇਨ੍ਹਾਂ ਜਾਂਗਲੀਆਂ ਨੂੰ ਨੱਥ ਪਾ ਕੇ ਰੱਖ ਦਿਤੀ।
ਜੇ ਰਾਤ ਸਮੇਂ ਕਿਸੇ ਸਿੱਖ ਪਰਿਵਾਰ ਦੀ ਜਾਂਗਲੀ ਇਕ ਮੱਝ ਖੋਲ੍ਹ ਕੇ ਲੈ ਜਾਂਦੇ ਤਾਂ ਸਿੱਖ ਜਵਾਨ ਜਥਾ ਬਣਾ ਕੇ ਖੁਰਾ ਕੱਢਦੇ ਹੋਏ ਚੋਰਾਂ ਦੇ ਡੇਰੇ ਤੱਕ ਪਹੁੰਚ ਜਾਂਦੇ ਤੇ ਇਕ ਮੱਝ ਦੀ ਥਾਂ, ਚੋਰ ਜਾਂਗਲੀ ਪਰਿਵਾਰ ਦੇ ਸਾਰੇ ਡੰਗਰ ਖੋਲ੍ਹ ਕੇ ਲੈ ਆਉਂਦੇ। ਜੇ ਦੋ-ਚਾਰ ਜਾਂਗਲੀ ਰਾਤ ਦੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਨੂੰ ਪਾਣੀ ਲਾ ਰਹੇ ਕਿਸੇ ਸਿੱਖ ਜਵਾਨ ਨੂੰ ਲਾਠੀਆਂ, ਬਰਛੀ ਜਾਂ ਤਲਵਾਰ ਮਾਰ ਕੇ ਜ਼ਖਮੀ ਕਰ ਜਾਂਦੇ ਜਾਂ ਫਿਰ ਮਾਰ ਕੇ ਭੱਜ ਜਾਂਦੇ ਤਾਂ ਸਿੱਖ ਪਰਿਵਾਰ ਦੇ ਮੁੰਡੇ ਲਾਠੀਆਂ, ਕੁਹਾੜੀਆਂ, ਬਰਛੀਆਂ ਤੇ ਤਲਵਾਰਾਂ ਲੈ ਕੇ ਖੁਰੇ ਨੱਪਦੇ ਹੋਏ ਪਿੱਛਾ ਕਰਦੇ। ਜ਼ਖਮੀ ਕਰਨ ਵਾਲਿਆਂ ਜਾਂ ਮਾਰਨ ਵਾਲਿਆਂ ਜਾਂਗਲੀਆਂ ਦੇ ਪਿੰਡ, ਤੇ ਜਾਂ ਫਿਰ ਇਨ੍ਹਾਂ ਦੇ ਡੇਰਿਆਂ Ḕਤੇ ਪਹੁੰਚ ਜਾਂਦੇ। Ḕਅਦਲੇ ਦਾ ਬਦਲਾḔ ਮੌਕੇ ਉਤੇ ਹੀ ਮਿਲ ਜਾਂਦਾ। ਹੁਕਮਰਾਨਾਂ ਦੀ ਤਾਕਤ ਤੇ ਇਸ ਦਾ ਕਾਨੂੰਨ ਬਾਰਾਂ ਆਬਾਦ ਕਰਨ ਵਾਲਿਆਂ ਦੀ ਮਦਦ ਲਈ ਇਨ੍ਹਾਂ ਦੀ ਕੰਡ ਪਿੱਛੇ ਖਲੋਤਾ ਰਹਿੰਦਾ। ਸਿੱਖਾਂ ਨੇ ਜਾਂਗਲੀਆਂ ਦੇ ਜ਼ੁਲਮਾਂ ਤੇ ਜੁਰਮਾਂ ਦੀ ਇੱਟ ਨਾਲ ਇੱਟ ਖੜਕਾ ਦਿਤੀ ਤੇ ਇੰਜ ਚਾਰੇ ਬਾਰਾਂ ਲਹਿੰਦੇ ਪੰਜਾਬ ਦੀਆਂ ਖ਼ਾਸ ਤੌਰ Ḕਤੇ ਸਾਂਦਲ ਬਾਰ ਬੜੀ ਤੇਜ਼ੀ ਨਾਲ ਜਰਖੇਜ਼ ਜ਼ਮੀਨ ਦਾ ਰੂਪ ਧਾਰ ਗਈ। ਸਾਂਦਲ ਬਾਰ ਦਾ ਸਰਤਾਜ ਸ਼ਹਿਰ ਲਾਇਲਪੁਰ ਵੀ ਸਰ ਜੈਮਸ ਲਾਇਲ ਨੇ ਇਲਾਕੇ ਦੇ ਸਿੱਖ ਜ਼ਿਮੀਂਦਾਰਾਂ ਤੇ ਕਿਸਾਨਾਂ ਦੀ ਮਾਲੀ ਮਦਦ ਨਾਲ ਬਣਵਾਇਆ ਸੀ। ਸਿੱਖ ਜ਼ਿਮੀਂਦਾਰਾਂ ਆਪਣੇ ਖੂਨ-ਪਸੀਨੇ ਦੀ ਕਮਾਈ ਤੇ ਤਨ-ਮਨ ਦੀ ਬਾਜ਼ੀ ਲਾ ਕੇ ਖੂਬਸੂਰਤ ਸ਼ਹਿਰ ਬਣਾਇਆ ਤੇ ਇਸ ਸ਼ਹਿਰ ਨੂੰ ਲਾਇਲਪੁਰ ਦਾ ਨਾਂ ਮਿਲਿਆ।
ਦੇਸ ਬਣਿਆ ਪ੍ਰਦੇਸ਼ææ
ਲਹਿੰਦੇ ਪੰਜਾਬ ਦਾ ਨਹਿਰੀ ਨਿਜ਼ਾਮ ਦੁਨੀਆ ਦਾ ਸਭ ਤੋਂ ਵੱਡਾ ਨਹਿਰੀ ਨਿਜ਼ਾਮ ਹੈ। ਇਹ ਨਹਿਰੀ ਨਿਜ਼ਾਮ ਵੀ ਗੋਰੇ ਹੁਕਮਰਾਨਾਂ ਦੀ ਅਗਵਾਈ ਤੇ ਸਿੱਖ ਜ਼ਿਮੀਂਦਾਰਾਂ, ਕਿਸਾਨਾਂ ਦੀ ਹੱਡ ਭੰਨਵੀਂ ਮਿਹਨਤ ਦੀ ਕਮਾਈ ਨਾਲ ਸਿਰੇ ਚੜ੍ਹਿਆ ਸੀ। ਲਹਿੰਦੇ ਪੰਜਾਬ ਦੀਆਂ ਬਾਰਾਂ ਨੂੰ ਜਰਖ਼ੇਜ਼ ਜ਼ਰਈ ਜ਼ਮੀਨਾਂ ਖੂਬਸੂਰਤ ਸ਼ਹਿਰਾਂ ਤੇ ਬਿਹਤਰੀਨ ਨਹਿਰੀ ਨਿਜ਼ਾਮ ਵਿਚ ਬਦਲਣ ਵਾਲਿਆਂ ਨੂੰ ਇਨ੍ਹਾਂ ਦੇ ਧਰਤੀ Ḕਤੇ ਬਣਾਏ ਹੋਏ ਇਸ ਸਵਰਗ ਵਿਚੋਂ ਕੱਢ ਦਿਤਾ ਗਿਆ। ਬਾਰਾਂ ਨੂੰ ਬਹਾਰਾਂ ਵਿਚ ਬਦਲਣ ਵਾਲੇ ਇੰਜ ਇਸ ਵਿਚੋਂ ਨਿਕਲ ਗਏ, ਜਿਵੇਂ ਬਾਬਾ ਆਦਮ ਤੇ ਅੰਮਾ ਹਵਾ ਨੂੰ ਜੰਨਤ ਵਿਚੋਂ ਕੱਢ ਦਿਤਾ ਗਿਆ ਸੀ।
ਚੜ੍ਹਦੇ ਪੰਜਾਬ ਦੇ ਮੁਸਲਿਮ ਪੰਜਾਬੀਆਂ ਦੇ ਉਜਾੜੇ ਦੀ ਕਹਾਣੀ ਵੀ ਲਹਿੰਦੇ ਪੰਜਾਬ ਵਿਚੋਂ ਉਜੜਨ ਵਾਲੇ ਗ਼ੈਰ-ਮੁਸਲਿਮ ਪੰਜਾਬੀਆਂ ਦੀ ਕਹਾਣੀ ਦੀ ਤਸਵੀਰ ਦਾ ਦੂਸਰਾ ਪਾਸਾ ਹੀ ਹੈ। ਸਿੱਖਾਂ ਨੇ ਲਹਿੰਦੇ ਪੰਜਾਬ ਦੀਆਂ 4 ਬਾਰਾਂ ਨੂੰ ਬਾਗ਼ਾਂ-ਬਹਾਰਾਂ ਵਿਚ ਬਦਲ ਕੇ ਰੱਖ ਦਿਤਾ। ਜੰਗਲ ਵਿਚ ਮੰਗਲ ਲੱਗ ਗਿਆ, ਪਰ ਇਨ੍ਹਾਂ ਬਾਗਾਂ ਦੇ ਮਾਲੀ ਬਦਲ ਗਏ। ਬਾਗ ਲਾਉਣ ਅਤੇ ਇਨ੍ਹਾਂ ਨੂੰ ਤੋੜ ਚੜ੍ਹਾਉਣ ਵਾਲੇ ਚਲੇ ਗਏ। ਲੱਗੇ ਹੋਏ ਬਾਗਾਂ ਦਾ ਫਲ ਖਾਣ ਤੇ ਮੌਜ ਬਹਾਰਾਂ ਲੁੱਟਣ ਵਾਲੇ ਚੜ੍ਹਦੇ ਪੰਜਾਬੋਂ ਆਉਣ ਵਾਲੇ ਮਾਲੀਆਂ ਦਾ ਮੁਕੱਦਰ ਬਣ ਗਿਆ। ਜਾਣ ਵਾਲੇ ਪੰਜਾਬੀਆਂ ਨੇ ਇਨ੍ਹਾਂ ਬਾਗਾਂ ਦਾ ਫਲ ਤਾਂ ਕੀ ਖਾਣਾ ਸੀ, ਉਨ੍ਹਾਂ ਨੂੰ ਮੁੜ ਕੇ ਆਪਣੇ ਬਾਗਾਂ ਨੂੰ ਫਲ ਦਿੰਦਿਆਂ ਵੀ ਦੇਖਣ ਲਈ ਨਹੀਂ ਆਉਣ ਦਿਤਾ ਗਿਆ।
ਚੜ੍ਹਦੇ ਪੰਜਾਬ ਵਿਚੋਂ ਆਉਣ ਵਾਲੇ ਪੰਜਾਬੀਆਂ ਨੂੰ ਵੀ ਆਪਣੇ ਸ਼ਹਿਰਾਂ, ਪਿੰਡਾਂ, ਡੇਰਿਆਂ ਤੇ ਉਨ੍ਹਾਂ ਰਾਹਾਂ ਨੂੰ ਦੇਖਣ ਦੀ ਇਜਾਜ਼ਤ ਨਹੀਂ ਦਿਤੀ ਗਈ, ਜਿਨ੍ਹਾਂ ਰਾਹਾਂ Ḕਤੇ ਦਿਨ-ਰਾਤ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਲਗਦੇ, ਮਿਟਦੇ ਤੇ ਫਿਰ ਲਗਦੇ ਰਹਿੰਦੇ ਸਨ। ਪੰਜਾਬੀਆਂ ਨਾਲ ਇਹ ਬਹੁਤ ਵੱਡਾ ਜ਼ੁਲਮ ਹੈ। ਚੜ੍ਹਦਾ ਅਤੇ ਲਹਿੰਦਾ ਪੰਜਾਬ ਦਰਅਸਲ ਇਕ ਹੀ ਪੰਜਾਬ ਹੈ। ਚੰਨ ਉਤੇ ਲਕੀਰ ਫੇਰ ਕੇ ਇਕ ਚੰਨ ਦੇ ਦੋ ਚੰਨ ਨਹੀਂ ਬਣਾਏ ਜਾ ਸਕਦੇ। ਜਿਵੇਂ ਸਾਡੀਆਂ ਰਾਤਾਂ ਦਾ ਚੰਨ ਇਕ ਹੈ, ਉਵੇਂ ਹੀ ਧਰਤੀ Ḕਤੇ ਪੰਜਾਬ ਵੀ ਇਕ ਹੈ। ਪੰਜਾਬੀਆਂ ਨੂੰ ਵੱਢੇ, ਟੁੱਕੇ ਪੰਜਾਬ ਦੇ ਦੋਵਾਂ ਹਿੱਸਿਆਂ ਵਿਚ ਆਜ਼ਾਦਾਨਾ ਆਉਣ ਲਈ ਖ਼ਾਸ ਰਿਆਇਤਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ। ਖ਼ਾਸ ਤੌਰ Ḕਤੇ ਜੋ ਗ਼ੈਰ-ਮੁਸਲਿਮ ਪੰਜਾਬੀ ਲਹਿੰਦੇ ਪੰਜਾਬ ਵਿਚੋਂ ਉਜੜ ਕੇ ਚੜ੍ਹਦੇ ਪੰਜਾਬ ਚਲੇ ਗਏ ਜਾਂ ਚੜ੍ਹਦੇ ਪੰਜਾਬ ਵਿਚੋਂ ਹਿਜਰਤ ਕਰ ਕੇ ਲਹਿੰਦੇ ਪੰਜਾਬ ਵਿਚ ਆ ਗਏ, ਇਨ੍ਹਾਂ ਪਰਿਵਾਰਾਂ ਨੂੰ ਆਪਣੇ-ਆਪਣੇ ਪਿੰਡਾਂ, ਸ਼ਹਿਰਾਂ ਵਿਚ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਵਾਹਗਾ ਬਾਰਡਰ Ḕਤੇ ਦੋਵਾਂ ਮੁਲਕਾਂ ਦੀਆਂ ਅੰਬੈਸੀਆਂ ਦਾ ਕਾਊਂਟਰ ਹੋਣਾ ਚਾਹੀਦਾ ਹੈ ਜੋ ਪੰਜਾਬੀਆਂ ਦੇ ਸ਼ਨਾਖ਼ਤੀ ਕਾਗਜ਼ ਚੈੱਕ ਕਰ ਕੇ ਮੌਕੇ ਉਤੇ ਹੀ ਇਜਾਜ਼ਤਨਾਮਾ ਜਾਰੀ ਕਰ ਦੇਣ। ਹਰ ਮੁਲਕ ਨੂੰ ਆਪਣੇ ਗੁਆਂਢੀ ਮੁਲਕ ਦੇ ਨਾਲ ਲਗਦੇ ਸਰਹੱਦੀ ਸੂਬੇ ਦੀ ਉਸ ਕੌਮ ਨੂੰ ਆਪਣੇ ਮੁਲਕ ਅੰਦਰ ਆਉਣ ਲਈ ਖਸੂਸੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਜੋ ਸਰਹੱਦ ਦੇ ਆਰ-ਪਾਰ ਇਕੋ ਜਿਹੇ ਇਲਾਕੇ ਵਿਚ ਰਹਿੰਦੀ ਹੈ, ਇਕ ਹੀ ਜ਼ਬਾਨ ਬੋਲਦੀ ਹੈ, ਰਸਮੋ-ਰਿਵਾਜ ਵਿਚ ਵੀ ਕੋਈ ਫ਼ਰਕ ਨਹੀਂ ਅਤੇ ਆਪਸੀ ਮੇਲ-ਜੋਲ ਦਾ ਵੀ ਸਦੀਆਂ ਪੁਰਾਣਾ ਸਾਂਝਾ ਇਤਿਹਾਸ ਰੱਖਦੀ ਹੈ।
ਸਰਹੱਦ ਦੇ ਇਸ ਪਾਰ ਤੇ ਉਸ ਪਾਰ ਵਸੀ ਅਜਿਹੀ ਕੌਮ ਨੂੰ ਦੋਵਾਂ ਮੁਲਕਾਂ ਵਿਚ ਆਉਣ ਜਾਣ ਕਾਰੋਬਾਰ ਕਰਨ ਤੇ ਜਿੰਨਾ ਚਿਰ ਚਾਹੁਣ, ਰਹਿਣ ਲਈ ਇਮੀਗ੍ਰੇਸ਼ਨ ਕਾਨੂੰਨ ਵਿਚ ਇਨਕਲਾਬੀ ਤਬਦੀਲੀਆਂ ਕਰ ਕੇ ਇਸ ਸੁਹਾਣੀ ਸੋਚ ਤੇ ਸੁਪਨੇ ਨੂੰ ਹਕੀਕਤ ਦਾ ਰੂਪ ਦੇ ਦੇਣਾ ਚਾਹੀਦਾ ਹੈ। ਨਹੀਂ ਤਾਂ ਕੁਦਰਤ ਖ਼ੁਦ ਗ਼ੈਰ-ਕੁਦਰਤੀ ਵੰਡ ਅਤੇ ਇਕ ਹੀ ਕੌਮ ਨੂੰ ਜ਼ਬਰਦਸਤੀ ਪਾੜਨ ਦੇ ਇਨਸਾਨੀ ਫੈਲਾਅ ਨੂੰ ਮੁੜ ਜੋੜਨ ਦੇ ਫ਼ੈਸਲੇ ਵਿਚ ਬਦਲਣ ਲਈ ਕੋਈ ਬਹੁਤਾ ਸਮਾਂ ਨਹੀਂ ਲਾਏਗੀ, ਕਿਉਂਕਿ ਇਹੋ ਹੀ ਕਾਨੂੰਨ-ਏ-ਕੁਦਰਤ ਹੈ। -0-