‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।
ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ
ਸਤਨਾਮ
ਜਿਸ ਪਿੰਡ ਦੇ ਨਾਲ ਲੱਗਵੇਂ ਜੰਗਲ ਵਿਚ ਅਸੀਂ ਰੁਕੇ ਹੋਏ ਸਾਂ, ਉਹ ਵੱਡਾ ਪਿੰਡ ਸੀ। ਸੱਠ ਜਾਂ ਪੈਂਹਟ ਘਰਾਂ ਦਾ। ਸਾਰੇ ਪਿੰਡ ਦਾ ਇਕੋ ਸਾਂਝਾ ਨਲਕਾ ਸੀ ਜਿਥੋਂ ਲੋਕ ਪਾਣੀ ਦੀ ਜ਼ਰੂਰਤ ਪੂਰੀ ਕਰਦੇ ਸਨ। ਪਿੰਡ ਦਾ ਚੱਕਰ ਲਾਉਂਦੇ ਲਾਉਂਦੇ ਅਸੀਂ ਵਿਸ਼ਾਲ ਵਿਹੜੇ ਵਾਲੀ ਝੌਂਪੜੀ ਸਾਹਮਣੇ ਪਹੁੰਚੇ। ਘਰ ਅੰਦਰ ਕੋਈ ਵੀ ਦਿਖਾਈ ਨਹੀਂ ਸੀ ਦੇ ਰਿਹਾ। ਝੌਂਪੜੀ ਦਾ ਦਰਵਾਜ਼ਾ ਢੋਇਆ ਹੋਇਆ ਸੀ, ਪਰ ਕੱਖ ਕਾਨਿਆਂ ਦੀਆਂ ਕੰਧਾਂ ਥਾਂ-ਥਾਂ ਤੋਂ ਉਡੀਆਂ ਹੋਈਆਂ ਸਨ। ਵਿਹੜਾ ਭਾਵੇਂ ਸਾਫ਼ ਸੀ ਅਤੇ ਇਕ ਥਾਂ ਫੁੱਲਾਂ ਦੀ ਛੋਟੀ ਜਿਹੀ ਕਿਆਰੀ ਬਣੀ ਹੋਈ ਸੀ ਜਿਸ ਵਿਚ ਗੇਂਦਾ ਟਹਿਕ ਰਿਹਾ ਸੀ, ਫਿਰ ਵੀ ਇਸ ਤਰ੍ਹਾਂ ਲਗਦਾ ਸੀ ਕਿ ਇਸ ਘਰ ਦੇ ਬੰਦੇ ਆਲਸੀ ਤੇ ਨਿਕੰਮੇ ਹੋਣਗੇ ਜਿਹੜੇ ਆਪਣੀ ਰਹਿਣ ਵਾਲੀ ਝੁੱਗੀ ਨੂੰ ਸੰਵਾਰਨ ਦੀ ਵੀ ਹਿੰਮਤ ਨਹੀਂ ਕਰਦੇ।
“ਇਹ ਸਕੂਲ ਹੈ।” ਬਸੰਤੀ ਨੇ ਕਿਹਾ।
ਅਸੀਂ ਬਾਹਰਲਾ ਗੇਟ ਖੋਲ੍ਹਿਆ ਤੇ ਵਿਹੜੇ ਵਿਚ ਜਾ ਦਾਖ਼ਲ ਹੋਏ। ਝੌਂਪੜੀ ਅੰਦਰ ਝਾਤੀ ਮਾਰੀ ਤਾਂ ਸੁੰਨ-ਮਸਾਣ। ਇਕ ਨੁੱਕਰੇ ਬੋਰਡ ਪਿਆ ਸੀ। ਛੋਟਾ ਮੇਜ਼ ਤੇ ਕੁਰਸੀ ਕਮਰੇ ਦੇ ਵਿਚਕਾਰ ਲੁੜਕੇ ਪਏ ਸਨ। ਇਕ ਪਾਸੇ ਦੀ ਕੰਧ ਉਤੇ ਨਕਸ਼ਾ ਟੰਗਿਆ ਹੋਇਆ ਸੀ ਜਿਸ ਦੇ ਨਾਲ ਹੀ ਤਖ਼ਤੀ ਲਟਕ ਰਹੀ ਸੀ ਜਿਸ ਉਤੇ Ḕਅੱਜ ਦੀ ਹਾਜ਼ਰੀ’ ਹਿੰਦੀ ਵਿਚ ਲਿਖਿਆ ਪਿਆ ਸੀ। ਪਹਿਲੀ ਜਮਾਤ ਦੇ ਗਿਆਰਾਂ, ਦੂਜੀ ਦੇ ਪੰਜ, ਤੀਜੀ ਦੇ ਦੋ ਅਤੇ ਚੌਥੀ ਦਾ ਇਕ, ਕੁੱਲ ਉੱਨੀ ਵਿਦਿਆਰਥੀ ਇਸ ਸਕੂਲ ਦੇ ਰਜਿਸਟਰ ਉਪਰ ਦਰਜ ਸਨ। ਹਾਜ਼ਰ ਵਿਦਿਆਰਥੀ ਪੰਜ ਅਤੇ ਹੇਠਾਂ ਤਾਰੀਖ਼ ਕੋਈ ਵੀਹ ਦਿਨ ਪਹਿਲਾਂ ਦੀ। ਤਖ਼ਤੀ ਉਤੇ ਕਿਸੇ ਨੇ (ਉਸ ਨੂੰ ਮਾਸਟਰ ਜੀ ਹੀ ਕਹਿਣਾ ਚਾਹੀਦਾ ਹੈ) ਬੜੇ ਹੀ ਸੁੰਦਰ ਅੱਖਰਾਂ ਵਿਚ ਉਪਰੋਕਤ ਬਿਓਰਾ ਦਰਜ ਕੀਤਾ ਹੋਇਆ ਸੀ। ਲਗਦਾ ਸੀ ਕਿ ਮਾਸਟਰ ਜੀ ਮਹੀਨੇ ਵਿਚ ਦੋ ਜਾਂ ਤਿੰਨ ਵਾਰ ਆਉਂਦੇ ਹੋਣਗੇ। ਨਲਕੇ ਕੋਲ ਖੜ੍ਹੇ ਪਿੰਡ ਦੇ ਪਟੇਲ (ਸਾਬਕਾ ਸਰਕਾਰੀ ਅਧਿਕਾਰੀ) ਨੇ ਦੱਸਿਆ ਕਿ ਦੋ ਤਿੰਨ ਮਹੀਨਿਆਂ ਵਿਚ Ḕਗੁਰੂ ਜੀ’ ਇਕ ਵਾਰ ਚੱਕਰ ਮਾਰ ਜਾਂਦੇ ਹਨ। ਪਿੰਡ ਦੇ ਬੱਚਿਆਂ ਨੂੰ ਮਿਲ ਕੇ ਜਦ ਉਨ੍ਹਾਂ ਤੋਂ ਪੁੱਛਿਆ ਕਿ ਉਹ ਪੜ੍ਹਨਾ ਨਹੀਂ ਚਾਹੁੰਦੇ, ਤਾਂ ਸਭ ਨੇ ਕਿਹਾ ਕਿ ਜੇ ਗੁਰੂ ਜੀ ਆਉਣ ਤਾਂ ਅਸੀਂ ਜ਼ਰੂਰ ਪੜ੍ਹਾਂਗੇ। ਮੈਂ ਸਕੂਲਾਂ ਵਾਲੇ ਜਿਹੜੇ ਪੰਜਾਹ ਪਿੰਡ ਘੁੰਮ ਕੇ ਦੇਖੇ, ਉਨ੍ਹਾਂ ਵਿਚੋਂ ਇਕ ਸਕੂਲ ਵਿਚ ਮਾਸਟਰ ਜੀ ਹਫ਼ਤੇ ਵਿਚ ਤਿੰਨ ਦਿਨ ਆਉਂਦੇ ਹਨ। ਇਕ ਹੋਰ ਵਿਚ ਸਕੂਲ ਰੋਜ਼ ਹੀ ਲਗਦਾ ਸੀ ਅਤੇ ਉਸ ਦਾ ਮਾਸਟਰ ਪਿੰਡ ਵਿਚ ਹੀ ਰਹਿੰਦਾ ਸੀ। ਬਾਕੀ ਦੇ ਅਠਤਾਲੀ ਸਕੂਲਾਂ ਦੇ ਮਾਸਟਰ ਕਸਬਿਆਂ ਵਿਚ ਰਹਿੰਦੇ ਸਨ ਜਾਂ ਆਪਣੇ ਪਿੰਡਾਂ ਵਿਚ। ਸਕੂਲਾਂ ਨੂੰ ਉਨ੍ਹਾਂ ਨੇ ਉਜਾੜ ਦਿਤਾ ਹੋਇਆ ਸੀ ਅਤੇ ਬੱਚਿਆਂ ਨੂੰ ਰੱਬ ਆਸਰੇ ਛੱਡ ਰੱਖਿਆ ਸੀ। ਬਾਅਦ ਵਿਚ ਮੈਂ ਉਸ ਪਿੰਡ ਦੇ ਗੁਰੂ ਜੀ ਨੂੰ ਮਿਲਿਆ ਜੋ ਪਿੰਡ ਵਿਚ ਹੀ ਟਿਕੇ ਹੋਏ ਸਨ। ਉਸ ਨੇ ਦੱਸਿਆ ਕਿ ਉਹ ਕਈ ਸਾਲ ਤੋਂ ਬਾਕਾਇਦਾ ਉਥੇ ਹੀ ਰਹਿ ਰਿਹਾ ਹੈ ਅਤੇ ਆਪਣੇ ਪਿੰਡ ਕਦੇ ਕਦਾਈਂ ਹੀ ਦੋ ਤਿੰਨ ਦਿਨਾਂ ਲਈ ਜਾਂਦਾ ਹੈ। ਮੈਂ ਉਸ ਤੋਂ ਜਾਣਨਾ ਚਾਹਿਆ ਕਿ ਮਾਸਟਰਾਂ ਦੇ ਸਕੂਲਾਂ ਵਿਚ ਨਾ ਆਉਣ ਦਾ ਕੀ ਕਾਰਨ ਹੈ: ਗੁਰੀਲਿਆਂ ਦਾ ਡਰ, ਜਾਂ ਸਰਕਾਰ ਦੀ ਦਹਿਸ਼ਤ, ਜਾਂ ਕੁਝ ਹੋਰ?
ਉਸ ਨੇ ਦੱਸਿਆ ਕਿ ਉਹ ਪੜ੍ਹਾਉਣ ਵਿਚ ਦਿਲਚਸਪੀ ਹੀ ਨਹੀਂ ਲੈਂਦੇ। ਦਾਦਾ ਲੋਕਾਂ ਦਾ ਡਰ ਕੋਈ ਨਹੀਂ। ਸਰਕਾਰ ਦੀ ਦਹਿਸ਼ਤ ਭਾਵੇਂ ਨਹੀਂ ਹੈ, ਪਰ ਸਰਕਾਰ ਵਲੋਂ ਉਨ੍ਹਾਂ ਨੂੰ ਪੜ੍ਹਾਉਣ ਬਾਰੇ ਕਿਹਾ ਵੀ ਨਹੀਂ ਜਾਂਦਾ ਅਤੇ ਹਰ ਮਹੀਨੇ ਤਨਖ਼ਾਹ ਦੇ ਦਿਤੀ ਜਾਂਦੀ ਹੈ। ਮਾਸਟਰਾਂ ਨੇ ਹਾਲਾਤ ਦਾ ਫ਼ਾਇਦਾ ਉਠਾਇਆ ਹੈ।
ਜਦ ਮੈਂ ਬਸੰਤੀ ਅਤੇ ਰਾਜੇਸ਼ ਤੋਂ ਉਨ੍ਹਾਂ ਦੀ ਇਸ ਸਬੰਧੀ ਰਾਇ ਪੁੱਛੀ ਤਾਂ ਉਨ੍ਹਾਂ ਆਪਣੇ ਵੱਲੋਂ ਕਿਸੇ ਕਿਸਮ ਦਾ ਡਰ ਪਾਏ ਜਾਣ ਦੇ ਉਲਟ ਸਗੋਂ ਇਹ ਦੱਸਿਆ ਕਿ ਬਲਾਕ ਦਫ਼ਤਰਾਂ ਵਿਚ ਤਨਖ਼ਾਹ ਵਾਲੇ ਦਿਨ ਉਹ ਕਈ ਵਾਰ ਮਾਸਟਰਾਂ ਦੀਆਂ ਰੈਲੀਆਂ ਕਰ ਚੁੱਕੇ ਹਨ ਜਿਨ੍ਹਾਂ ਵਿਚ ਉਹ ਉਨ੍ਹਾਂ ਨੂੰ ਸਕੂਲਾਂ ਵਿਚ ਆਉਣ ਦੀ ਅਪੀਲ ਕਰ ਚੁੱਕੇ ਹਨ। ਉਥੇ ਮਾਸਟਰ ਕਹਿ ਦਿੰਦੇ ਹਨ ਕਿ ਉਹ ਜ਼ਰੂਰ ਆਉਣਗੇ, ਪਰ ਆਉਂਦੇ ਕਦੇ ਨਹੀਂ। ਰਾਜੇਸ਼ ਨੇ ਕਿਹਾ ਕਿ ਉਹ ਇਕ ਦੋ ਵਾਰ ਹੋਰ ਕੋਸ਼ਿਸ਼ਾਂ ਕਰਨਗੇ ਅਤੇ ਫਿਰ ਸਕੂਲਾਂ ਦਾ ਪ੍ਰਬੰਧ ਆਪਣੇ ਹੱਥ ਲੈ ਲੈਣਗੇ। ਦੋ, ਚਾਰ, ਛੇ ਜਮਾਤਾਂ ਪੜ੍ਹਿਆ ਜਿਹੜਾ ਵੀ ਕੋਈ ਕਬਾਇਲੀ ਨੌਜਵਾਨ ਗੁਰੂ ਜੀ ਦੀ ਜ਼ਿੰਮੇਦਾਰੀ ਨਿਭਾਉਣ ਵਾਸਤੇ ਤਿਆਰ ਹੋਇਆ, ਉਸ ਨੂੰ ਉਹ ਪੜ੍ਹਾਉਣ ਦੇ ਕੰਮ ਉਤੇ ਲਾ ਦੇਣਗੇ ਅਤੇ ਉਸ ਲਈ ਗੁਜ਼ਾਰੇ ਜੋਗੀ ਤਨਖ਼ਾਹ ਦਾ ਪ੍ਰਬੰਧ ਕਰਨਗੇ। ਗੁਰੀਲਾ ਲਹਿਰ ਵੱਲੋਂ ਚਲਾਏ ਜਾਣ ਵਾਲੇ ਸਕੂਲ ਪਹਿਲਾਂ ਹੀ ਕੁਝ ਥਾਂਵਾਂ ਉਤੇ ਮੌਜੂਦ ਹਨ ਜਿਨ੍ਹਾਂ ਵਿਚ ਬੱਚਿਆਂ ਨੂੰ ਕੂੜ-ਮੁਕਤ ਸਿੱਖਿਆ ਮਿਲਦੀ ਹੈ, ਜਿਥੇ ਉਨ੍ਹਾਂ ਦੇ ਸਭਿਆਚਾਰ, ਖੇਡਾਂ ਅਤੇ ਆਪਸੀ ਭਰੱਪਣ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਮੈਂ ਅਜਿਹੇ ਕਿਸੇ ਸਕੂਲ ਵਿਚ ਜਾਣ ਦਾ ਮੌਕਾ ਹਾਸਲ ਨਹੀਂ ਕਰ ਸਕਿਆ। ਉਪਰੋਕਤ ਬਿਆਨ ਰਾਜੇਸ਼ ਵਰਗੇ ਪ੍ਰਤੀਬੱਧ ਲੋਕਾਂ ਦੇ ਹਵਾਲੇ ਅਨੁਸਾਰ ਹੈ। ਦਸਤਿਆਂ ਵਿਚ ਲਗਨ ਨਾਲ ਹੁੰਦੀ ਪੜ੍ਹਾਈ ਮੈਂ ਅੱਖੀਂ ਦੇਖ ਰਿਹਾ ਸਾਂ, ਸੋ ਉਨ੍ਹਾਂ ਦੇ ਕਥਨ ਉਤੇ ਕਿੰਤੂ ਕਰਨ ਦਾ ਮੇਰੇ ਮਨ ਵਿਚ ਸਵਾਲ ਹੀ ਨਹੀਂ ਉਠਿਆ। ਜਿਵੇਂ ਰੂਸੀ ਇਨਕਲਾਬੀ ਲਹਿਰ ਦੇ ਅਸਰ ਹੇਠ Ḕਪਹਿਲਾ ਅਧਿਆਪਕ’ ਜਿਹੇ ਗੁਰੂ ਜੀਆਂ ਦਾ ਉਭਰ ਪੈਣਾ ਅਤੇ ਚੀਨੀ ਇਨਕਲਾਬ ਦੌਰਾਨ ਨੰਗੇ ਪੈਰਾਂ ਵਾਲੇ ਡਾਕਟਰਾਂ ਦਾ ਪੈਦਾ ਹੋ ਜਾਣਾ ਬਹੁਤ ਸੁਭਾਵਕ ਜਿਹੀ ਗੱਲ ਸੀ, ਉਸੇ ਤਰ੍ਹਾਂ ਅੱਜ ਇਨਕਲਾਬੀ ਲਹਿਰ ਦੇ ਕਈ ਸਾਲਾਂ ਤੋਂ ਚਲੇ ਆ ਰਹੇ ਖਿਤਿਆਂ ਅੰਦਰ ਲੋਕ-ਕਾਜ ਨੂੰ ਪ੍ਰਨਾਏ ਨਵੇਂ ਹੋਣਹਾਰ ਤੱਤਾਂ ਦਾ ਉਭਰ ਆਉਣਾ ਵੀ ਕੋਈ ਚਮਤਕਾਰ ਨਹੀਂ ਹੈ, ਭਾਵੇਂ ਪੈਸੇ ਦੀ ਦੌੜ ਵਿਚ ਲੱਗੇ ਹਿੱਸਿਆਂ ਨੂੰ ਇਹ ਚਮਤਕਾਰ ਹੀ ਲੱਗਦਾ ਹੈ। ਕਿਸੇ ਵੀ ਲੋਕ ਪੱਖੀ ਲਹਿਰ ਦੀ ਸਿਰਜਣਾਤਮਕ ਸ਼ਕਤੀ ਅੰਦਰ ਅਜਿਹੀਆਂ ਸੰਭਾਵਨਾਵਾਂ ਦਾ ਉੱਗ ਪੈਣਾ ਕੁਦਰਤੀ ਚੀਜ਼ ਹੈ।
ਰਾਤ ਪਏ ਜਦ ਮੈਂ ਮੋਮਬੱਤੀ ਦੀ ਰੌਸ਼ਨੀ ਵਿਚ ਉਸ ਦਿਨ ਦੀ ਡਾਇਰੀ ਲਿਖ ਰਿਹਾ ਸਾਂ ਤਾਂ ਬਸੰਤੀ ਆਈ ਅਤੇ ਮੈਨੂੰ ਨਾਲ ਚੱਲਣ ਵਾਸਤੇ ਕਿਹਾ। ਜਦ ਮੈਂ ਟਾਰਚ ਉਠਾ ਕੇ ਉਸ ਨਾਲ ਚੱਲਣ ਲਈ ਤਿਆਰ ਹੋਇਆ ਤਾਂ ਉਸ ਨੇ ਮੈਨੂੰ ਕਾਪੀ ਪੈਂਸਿਲ ਵੀ ਨਾਲ ਲੈ ਲੈਣ ਵਾਸਤੇ ਕਿਹਾ। ਪਿੰਡ ਵਿਚੋਂ ਕੁਝ ਨੌਜਵਾਨ ਰਾਜੇਸ਼ ਨੂੰ ਮਿਲਣ ਆਏ ਸਨ ਅਤੇ ਮੈਂ ਉਨ੍ਹਾਂ ਦੀ ਬੈਠਕ ਵਿਚ ਸ਼ਾਮਲ ਹੋਣਾ ਸੀ। ਹੋ ਸਕਦਾ ਹੈ ਕਿ ਮੈਂ ਕੁਝ ਨੋਟ ਕਰਨਾ ਚਾਹਵਾਂ। ਮੈਂ ਕਾਪੀ ਪੈਂਸਿਲ ਉਠਾਈ ਤੇ ਬਸੰਤੀ ਨਾਲ ਤੁਰ ਪਿਆ।
ਸਾਡੇ ਪੜਾਅ ਵਾਲੀ ਥਾਂ ਤੋਂ ਡੇਢ ਕੁ ਸੌ ਮੀਟਰ ਦੀ ਦੂਰੀ ਉਤੇ ਇਕ ਜਗ੍ਹਾ ਅੱਗ ਬਲ ਰਹੀ ਸੀ ਜਿਸ ਦੁਆਲੇ ਪੰਜ ਸੱਤ ਜਣੇ ਬੈਠੇ ਸਨ। ਉਨ੍ਹਾਂ ਵਿਚ ਪਿੰਡੋਂ ਆਈਆਂ ਦੋ ਕੁੜੀਆਂ ਵੀ ਸਨ। ਸਾਰਿਆਂ ਨਾਲ ਜਾਣ-ਪਛਾਣ ਤੋਂ ਬਾਅਦ ਮੈਂ ਬਸੰਤੀ ਨੂੰ ਕਿਹਾ ਕਿ ਉਨ੍ਹਾਂ ਵਿਚ ਬੈਠ ਕੇ ਮੈਂ ਕੁਝ ਵੀ ਹਾਸਲ ਨਹੀਂ ਕਰ ਸਕਾਂਗਾ। ਉਨ੍ਹਾਂ ਵਿਚੋਂ ਕੋਈ ਵੀ ਹਿੰਦੀ ਨਹੀਂ ਸੀ ਜਾਣਦਾ ਅਤੇ ਗੌਂਡੀ ਮੈਨੂੰ Ḕਇੱਲਾ’ ਤੱਕ ਹੀ ਆਉਂਦੀ ਸੀ। ਮੀਟਿੰਗ ਵਿਚ ਚੱਲਦੀ ਵਿਚਾਰ-ਚਰਚਾ ਨੂੰ ਵਾਰ-ਵਾਰ ਰੋਕ ਕੇ ਉਸ ਦਾ ਤਰਜਮਾ ਕਰਨਾ ਇਸ ਦੇ ਕੁਦਰਤੀ ਵਹਾਅ ਨੂੰ ਰੋਕ ਦੇਵੇਗਾ ਅਤੇ ਸਾਰਾ ਕੁਝ ਅਕਾਊ ਤੇ ਮੁਸ਼ਕਿਲ ਬਣ ਜਾਵੇਗਾ। ਫਿਰ ਵੀ ਰਾਜੇਸ਼ ਨੇ ਮੈਨੂੰ ਬੈਠਣ ਲਈ ਇਸ਼ਾਰਾ ਕੀਤਾ ਤੇ ਨਾਲ ਹੀ ਬਸੰਤੀ ਨੂੰ ਕਿਹਾ ਕਿ ਉਹ ਚੱਲਦੀ ਹੋਈ ਟਿੱਪਣੀ ਕਰੀ ਜਾਵੇ।
ਉਥੇ ਹਰ ਕਿਸੇ ਨੇ ਆਪਣੇ ਹੀ ਅੰਦਾਜ਼ ਵਿਚ ਬੋਲਣਾ ਸੀ ਅਤੇ ਇਹ ਜਾਣਦੇ ਹੋਏ ਵੀ ਕਿ ਬਸੰਤੀ ਮੇਰੀ ਕਿੰਨੀ ਕੁ ਮਦਦ ਕਰ ਸਕੇਗੀ, ਮੈਂ ਬੈਠ ਗਿਆ। ਕੁਝ ਸਮਾਂ ਤਾਂ ਬਸੰਤੀ ਨੇ ਕਾਰਵਾਈ ਰੁਕਵਾ-ਰੁਕਵਾ ਕੇ ਮੈਨੂੰ ਕੁਝ-ਕੁਝ ਦੱਸਣ ਦਾ ਹੀਲਾ ਕੀਤਾ, ਪਰ ਜਦ ਬਾਅਦ ਵਿਚ ਉਹ ਨੌਜਵਾਨ ਆਪਣੇ ਰੌਂਅ ਵਿਚ ਬਿਨਾ ਰੁਕੇ ਬੋਲਦੇ ਗਏ ਤਾਂ ਬਸੰਤੀ ਨੇ ਕੋਸ਼ਿਸ਼ ਛੱਡ ਦਿੱਤੀ। ਦੋ ਘੰਟੇ ਦੀ ਗੱਲਬਾਤ ਦੌਰਾਨ ਮੈਂ ਇਕ ਵੀ ਸ਼ਬਦ ਕਾਪੀ ਵਿਚ ਨਹੀਂ ਲਿਖ ਪਾਇਆ। ਮੈਂ ਪੈਂਸਿਲ ਜੇਬ ਵਿਚ ਅੜਾ ਲਈ ਤੇ ਘਾਹ ਦੀਆਂ ਤਿੜਾਂ ਤੋੜ-ਤੋੜ ਅੱਗ ਵਿਚ ਸੁੱਟਦਾ ਰਿਹਾ। ਮੀਟਿੰਗ ਦੇ ਅਖ਼ੀਰ ਵਿਚ ਬਸੰਤੀ ਨੇ ਸਮੁੱਚੀ ਗੱਲਬਾਤ ਦਾ ਖ਼ੁਲਾਸਾ ਕਰ ਦਿਤਾ। ਅਜਿਹਾ ਕਰਨਾ ਉਹਦੇ ਵਾਸਤੇ ਵੀ ਆਸਾਨ ਰਿਹਾ ਅਤੇ ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਨੂੰ ਵੀ ਵਾਰ-ਵਾਰ ਪੈਣ ਵਾਲੀ ਰੁਕਾਵਟ ਤੋਂ ਹੋਣ ਵਾਲੀ ਪ੍ਰੇਸ਼ਾਨੀ ਤੋਂ ਨਿਜਾਤ ਮਿਲੀ ਰਹੀ।
ਉਨ੍ਹਾਂ ਨੌਜਵਾਨਾਂ ਨੇ ਪਿਛਲੇ ਤਿੰਨ ਮਹੀਨਿਆਂ ਦਾ ਆਪਣੇ ਪਿੰਡ ਦਾ ਹਾਲ ਸੁਣਾਇਆ। ਇਹ ਸਮਾਂ ਉਹ ਉਡੀਕਦੇ ਰਹੇ ਸਨ ਕਿ ਦਸਤਾ ਉਨ੍ਹਾਂ ਕੋਲ ਪਹੁੰਚੇਗਾ ਤਾਂ ਉਹ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਪਿਛਲੇ ਤਿੰਨਾਂ ਮਹੀਨਿਆਂ ਵਿਚ ਉਨ੍ਹਾਂ ਨੇ ਕਈ ਮਾਮਲਿਆਂ ਉਪਰ ਲੋਕਾਂ ਨੂੰ ਲਾਮਬੰਦ ਕੀਤਾ ਸੀ ਤੇ ਸਮੱਸਿਆਵਾਂ ਨਾਲ ਮੱਥਾ ਲਾਇਆ ਸੀ। ਇਨ੍ਹਾਂ ਵਿਚ ਮੱਛੀ ਫਾਰਮ, ਮਲੇਰੀਏ ਤੋਂ ਹੋਣ ਵਾਲੀਆਂ ਮੌਤਾਂ, Ḕਗੁਰੂ ਜੀ’ ਦਾ ਸਕੂਲ ਵਿਚ ਨਾ ਆਉਣਾ, ਜੰਗਲ-ਉਪਜ ਦੇ ਘਟਦੇ ਹੋਏ ਭਾਅ, ਮਹਿਲਾ ਸੰਘ ਦੀ ਮੁੜ-ਉਸਾਰੀ ਅਤੇ ਕਈ ਹੋਰ ਅਜਿਹੇ ਮਾਮਲੇ ਸ਼ਾਮਲ ਸਨ। ਮਲੇਰੀਏ ਕਾਰਨ ਇਸ ਸਮੇਂ ਦੌਰਾਨ ਤਿੰਨ ਜਾਨਾਂ ਜਾ ਚੁੱਕੀਆਂ ਸਨ, Ḕਗੁਰੂ ਜੀ’ ਨੇ ਹਮੇਸ਼ਾ ਵਾਂਗ ਹੀ ਆਉਣ ਦੇ ਫਿਰ ਵਾਅਦੇ ਕੀਤੇ ਸਨ, ਹਾਟ ਬਾਜ਼ਾਰ ਦੇ ਵਪਾਰੀਆਂ ਨੇ ਮੰਡੀ ਵਿਚ ਡਿਗਦੇ ਹੋਏ ਭਾਅ ਦਾ ਜ਼ਿਕਰ ਕਰ ਕੇ ਜੰਗਲ-ਉਪਜ ਦਾ ਭਾਅ ਵਧਾਉਣ ਸਬੰਧੀ ਆਪਣੀ ਅਸਮਰਥਾ ਜ਼ਾਹਿਰ ਕੀਤੀ ਸੀ, ਮੱਛੀ ਫਾਰਮ ਸਹੀ ਤਰ੍ਹਾਂ ਚੱਲ ਰਿਹਾ ਸੀ ਅਤੇ ਮਹਿਲਾ ਸੰਘ ਸਾਹਮਣੇ ਕਈ ਪੁਰਾਣੀਆਂ ਸਮੱਸਿਆਵਾਂ ਜਿਵੇਂ ਦੀਆਂ ਤਿਵੇਂ ਖੜ੍ਹੀਆਂ ਸਨ, ਖ਼ਾਸ ਕਰ ਕੇ ਬੰਦਿਆਂ ਦਾ ਵਿਹਲੇ ਬੈਠੇ ਰਹਿਣਾ ਤੇ ਕਮਾਏ ਹੋਏ ਪੈਸਿਆਂ ਨੂੰ ਤਾੜੀ ਜਾਂ ਮਹੂਏ ਦੀ ਸ਼ਰਾਬ ਉਤੇ ਬਰਬਾਦ ਕਰ ਦੇਣਾ। ਕੁਝ ਮਾਮਲਿਆਂ ਸਬੰਧੀ ਰਾਜੇਸ਼ ਨੇ ਸੁਝਾਅ ਦਿਤੇ ਸਨ ਅਤੇ ਕੁਝ ਨੂੰ ਉਹ ਵੱਸ ਤੋਂ ਬਾਹਰ ਮਹਿਸੂਸ ਕਰਦਾ ਸੀ। ਜਨਵਰੀ-ਫਰਵਰੀ ਵਿਚ ਪਿੰਡ ਦੇ ਬਹੁਤ ਸਾਰੇ ਆਦਮੀਆਂ ਨੇ ਆਂਧਰਾ ਦੇ ਉਤਰੀ ਜ਼ਿਲ੍ਹਿਆਂ ਵਿਚ ਮਿਰਚਾਂ ਤੋੜਨ ਚਲੇ ਜਾਣਾ ਸੀ। ਜਾਣ ਵਾਲਿਆਂ ਵਿਚ ਪਿੰਡ ਦੇ ਮਜ਼ਦੂਰ ਕਿਸਾਨ ਸੰਘ ਦੇ ਦੋ ਆਗੂ ਵੀ ਸ਼ਾਮਲ ਸਨ। ਸੋ ਤਿੰਨ-ਚਾਰ ਮਹੀਨੇ ਉਸ ਸੰਘ ਦਾ ਕੰਮ ਤਕਰੀਬਨ ਠੱਪ ਹੀ ਹੋ ਜਾਣਾ ਸੀ। ਹੋਰ ਵੀ ਕਈ ਮਸਲੇ ਸਨ ਜਿਹੜੇ ਬਸੰਤੀ ਨੂੰ ਯਾਦ ਨਹੀਂ ਸਨ ਰਹੇ। ਰਾਜੇਸ਼ ਨੇ ਪਿੰਡ ਇਕਾਈ ਨੂੰ ਜਲਦੀ ਹੀ ਮੁੜ ਮਿਲਣ ਦਾ ਵਾਅਦਾ ਕੀਤਾ ਤੇ ਮੀਟਿੰਗ ਬਰਖ਼ਾਸਤ ਕਰ ਦਿਤੀ।
“ਸਮੱਸਿਆਵਾਂ ਦਾ ਢੇਰ ਲੱਗਾ ਪਿਐ।” ਨੌਜਵਾਨਾਂ ਦੇ ਤੁਰ ਜਾਣ ਪਿਛੋਂ ਬਸੰਤੀ ਨੇ ਰਾਜੇਸ਼ ਨੂੰ ਕਿਹਾ।
“ਜੇ ਇਸੇ ਤਰ੍ਹਾਂ ਦੋ-ਦੋ, ਤਿੰਨ-ਤਿੰਨ ਮਹੀਨੇ ਦਾ ਵਕਫ਼ਾ ਪੈਂਦਾ ਗਿਆ ਤਾਂ ਇਹ ਹੋਰ ਵੀ ਵਧ ਜਾਣਗੀਆਂ।” ਕਹਿ ਕੇ ਰਾਜੇਸ਼ ਉਠਿਆ।
“ਸਰਕਾਰ ਨੇ ਤਾਂ ਇਥੇ ਕੁਝ ਨਹੀਂ ਭੇਜਣਾ, ਸਾਨੂੰ ਹੀ ਕੋਈ ਹੱਲ ਕੱਢਣਾ ਪੈਣੈਂ।”
“ਅਸੀਂ ਜ਼ਿੰਮੇਦਾਰੀ ਉਠਾਈ ਹੈ ਤਾਂ ਅਸੀਂ ਹੀ ਕਰਨਾ ਹੈ। ਸਰਕਾਰ ਤਾਂ ਪਹਿਲਾਂ ਵੀ ਕੁਝ ਨਹੀਂ ਸੀ ਕਰਦੀ।”
ਵਾਪਸ ਮੁੜਦਿਆਂ ਰਾਜੇਸ਼ ਤੇ ਬਸੰਤੀ ਮੀਟਿੰਗ ਵਿਚ ਉਠੇ ਮਸਲਿਆਂ ਬਾਰੇ ਗੱਲਾਂ ਕਰਦੇ ਆਏ। ਰਾਤ ਨੂੰ ਰਾਜੇਸ਼ ਦੇਰ ਤੱਕ ਕੁਝ ਲਿਖਦਾ ਰਿਹਾ ਤੇ ਬਸੰਤੀ ਨਾਲ ਵਿਚਾਰ-ਵਟਾਂਦਰਾ ਕਰਦਾ ਰਿਹਾ। ਸਵੇਰੇ ਸੀਟੀ ਦੇ ਸਮੇਂ ਉਸ ਦੀਆਂ ਅੱਖਾਂ ਰਾਤ ਦੇ ਉਨੀਂਦਰੇ ਨਾਲ ਲਾਲ ਹੋਈਆਂ ਪਈਆਂ ਸਨ। ਫਿਰ ਵੀ ਉਸ ਨੇ ਰੋਜ਼ ਦੀ ਕਿਰਿਆ ਨੂੰ ਹਮੇਸ਼ਾ ਦੀ ਬਾਕਾਇਦਗੀ ਨਾਲ ਸ਼ੁਰੂ ਕੀਤਾ। ਅੱਜ ਕੂਚ ਕਰਨ ਦਾ ਹੁਕਮ ਨਹੀਂ ਸੀ ਹੋਇਆ। ਜਦ ਦੂਸਰੇ ਸਾਰੇ ਕਸਰਤ ਵਿਚ ਰੁਝੇ ਹੋਏ ਸਨ ਤਾਂ ਬਸੰਤੀ ਸਮੇਤ ਅਸੀਂ ਤਿੰਨੇ ਜਣੇ ਪਿੰਡ ਵੱਲ ਹੋ ਤੁਰੇ। ਪਿੰਡ ਦੇ ਆਗੂਆਂ ਨੂੰ ਨਾਲ ਲੈ ਕੇ ਰਾਜੇਸ਼ ਨੇ ਤਕਰੀਬਨ ਹਰ ਘਰ ਵਿਚ ਪ੍ਰਵੇਸ਼ ਕੀਤਾ। ਦੁਪਹਿਰ ਦੇ ਵਕਤ ਉਸ ਨੇ ਪਿੰਡ ਦੀ ਆਮ ਸਭਾ ਬੁਲਾ ਲਈ।
ਆਮ ਸਭਾ ਹੋ ਚੁੱਕੀ ਸੀ, ਪਰ ਰਾਜੇਸ਼ ਦੀ ਤਸੱਲੀ ਨਹੀਂ ਸੀ ਹੋਈ। ਉਹ ਇਕੱਲਾ ਹੀ ਡੇਰੇ ਦੇ ਇਕ ਪਾਸੇ ਦਰੱਖ਼ਤ ਨਾਲ ਢੋਅ ਲਾ ਕੇ ਬੈਠ ਗਿਆ। ਉਸ ਦੇ ਚਿਹਰੇ ਤੋਂ ਕੋਈ ਵੀ ਪੜ੍ਹ ਸਕਦਾ ਸੀ ਕਿ ਉਹ ਡੂੰਘੀਆਂ ਸੋਚਾਂ ਵਿਚ ਹੈ। ਭੰਬੀਰੀ ਵਾਂਗ ਘੁੰਮਣ ਵਾਲਾ ਬੰਦਾ ਘਾਹ ਦੀਆਂ ਤਿੜਾਂ ਦੰਦਾਂ ਹੇਠ ਟੁੱਕ ਰਿਹਾ ਸੀ ਤੇ ਖ਼ਲਾਅ ਨੂੰ ਘੂਰ ਰਿਹਾ ਸੀ।
“ਆਮ ਸਭਾ ਕਾਮਯਾਬ ਨਹੀਂ ਹੋਈ, ਰਾਜੇਸ਼?” ਮੈਂ ਉਸ ਨੂੰ ਗੱਲਬਾਤ ਸ਼ੁਰੂ ਕਰਨ ਦੇ ਰੌਂਅ ਨਾਲ ਪੁੱਛਿਆ।
“ਨਹੀਂ।”
“ਨੀਂਦ ਵੀ ਨਹੀਂ ਆਈ?”
“ਨਹੀਂ।”
“ਕਿਸੇ ਡੂੰਘੀ ਵਿਚਾਰ ਵਿਚ ਹੈਂ?”
“ਸੋਚ ਰਿਹਾਂ ਕਿ ਇਥੇ ਆਉਣ ਵਿਚ ਫਿਰ ਦੋ ਮਹੀਨੇ ਗੁਜ਼ਰ ਜਾਣਗੇ ਤੇ ਹਰ ਚੀਜ਼ ਉਸੇ ਤਰ੍ਹਾਂ ਅਟਕੀ ਹੋਈ ਮਿਲੇਗੀ। ਲਗਾਤਾਰ ਰਾਬਤਾ ਰੱਖਣ ਦਾ ਰਸਤਾ ਨਹੀਂ ਬਣ ਰਿਹਾ। ਚੀਜ਼ਾਂ ਅਟਕ ਜਾਣ ਤਾਂ ਸਮੱਸਿਆਵਾਂ ਵਿਰਾਟ ਰੂਪ ਧਾਰ ਲੈਂਦੀਆਂ ਨੇ। ਜੰਗ ‘ਚ ਗੋਲੀ ਸਾਹਮਣੇ ਹੋਣਾ ਮੈਨੂੰ ਕਿਤੇ ਆਸਾਨ ਲੱਗਦਾ ਹੈ। ਉਦੋਂ ਸਿਰਫ਼ ਦੁਸ਼ਮਣ ਦਿਖਾਈ ਦਿੰਦੈ ਤੇ ਉਂਗਲ ਆਪਣੇ ਆਪ ਘੋੜਾ ਨੱਪਦੀ ਤੁਰੀ ਜਾਂਦੀ ਹੈ। ਗੋਲੀ ਨਿਸ਼ਾਨੇ ਉਤੇ ਲੱਗ ਜਾਵੇ ਤਾਂ ਤੁਸੀਂ ਖ਼ੁਸ਼ ਹੋ ਜਾਂਦੇ ਹੋ। ਖ਼ੁਦ ਨੂੰ ਲੱਗ ਜਾਵੇ ਤਾਂ ਮਾਣ ਨਾਲ ਦੋ ਗਿੱਠ ਹੋਰ ਉਚੇ ਹੋ ਜਾਂਦੇ ਹੋ; ਪਰ ਇਥੇ! ਇਥੇ ਦਿਮਾਗ਼ ਅਨੇਕਾਂ ਚੀਜ਼ਾਂ ਵਿਚ ਘਿਰ ਜਾਂਦੈ। ਕਿਸੇ ਪਿੰਡ ‘ਚ ਚਾਰ-ਛੇ ਪੜ੍ਹੇ-ਲਿਖੇ ਵੀ ਨਹੀਂ ਮਿਲਦੇ ਕਿ ਉਨ੍ਹਾਂ ਨੂੰ ਗੁਰੂ ਜੀ ਲਗਾ ਦੇਈਏ। ਅਜਿਹੇ ਬੰਦੇ ਚਾਹੀਦੇ ਨੇ ਜਿਹੜੇ ਕੱਖਾਂ ਤੋਂ ਸਕੂਲ ਖੜ੍ਹਾ ਕਰ ਲੈਣ। ਦਵਾ ਸੰਘ ਅਜੇ ਮਲੇਰੀਆ ਹੀ ਰੋਕ ਲੈਣ ਤਾਂ ਪ੍ਰਾਪਤੀ ਕਹੀ ਜਾਵੇਗੀ। ਮਹਿਲਾ ਸੰਘ ਨੂੰ ਜੇ ਰੋਜ਼-ਬ-ਰੋਜ਼ ਅਗਵਾਈ ਨਹੀਂ ਦਿਤੀ ਜਾਏਗੀ ਤਾਂ ਇਸ ਦਾ ਵਿਕਾਸ ਨਹੀਂ ਹੋ ਸਕੇਗਾ। ਕਈ ਵਾਰ ਸੋਚਿਐ ਕਿ ਅਲੱਗ ਸਿਆਸੀ ਢਾਂਚਾ ਖੜ੍ਹਾ ਕਰੀਏ, ਪਰ ਅਸੀਂ ਕਰ ਨਹੀਂ ਸਕੇ। ਜਦ ਸੰਸਥਾਵਾਂ ਖੜ੍ਹੀਆਂ ਹੋ ਗਈਆਂ ਸਨ ਤਾਂ ਅਸੀਂ ਬਹੁਤ ਖੁਸ਼ ਹੋਏ ਸਾਂ। ਉਦੋਂ ਇਹ ਵੱਡੀ ਪ੍ਰਾਪਤੀ ਸੀ। ਹੁਣ ਇਨ੍ਹਾਂ ਨੂੰ ਚਲਾਉਣ ਦਾ ਕੰਮ ਹੋਰ ਵੀ ਮਿਹਨਤ ਮੰਗਦੈ, ਕਿਤੇ ਜ਼ਿਆਦਾ ਸਖ਼ਤ ਮਿਹਨਤ। ਇਕ ਪਾਸੇ ਧਿਆਨ ਦਿੰਦੇ ਹਾਂ ਤਾਂ ਦੂਸਰਾ ਉਖੜ ਜਾਂਦੈ, ਦੂਸਰੇ ਵੱਲ ਹੁੰਦੇ ਆਂ ਤਾਂ ਪਹਿਲਾ ਰੁਕ ਜਾਂਦੈ।”
ਇਸ ਵਾਰ ਬਸੰਤੀ ਬਿਨਾ ਰੁਕੇ ਤਰਜਮਾ ਕਰ ਗਈ। ਇਸ ਨਾਲ ਅਸੀਂ ਦੋਵੇਂ ਹੈਰਾਨ ਹੋਏ। ਉਹ ਤੇਜ਼ੀ ਨਾਲ ਇਹ ਕਸਬ ਸਿੱਖ ਰਹੀ ਸੀ। ਗੌਂਡ ਨੌਜਵਾਨ ਲੜਕੇ ਲੜਕੀਆਂ ਕਮਾਂਡਰ, ਡਿਪਟੀ ਕਮਾਂਡਰ, ਕਈ ਬੋਲੀਆਂ ਬੋਲਣ ਵਾਲੇ ਤੇ ਪੜ੍ਹਨ-ਲਿਖਣ ਵਾਲੇ ਬਣ ਰਹੇ ਸਨ, ਉਹ ਤਰ੍ਹਾਂ ਤਰ੍ਹਾਂ ਦੇ ਸੰਗਠਨਾਂ ਦੇ ਆਗੂ ਵਿਕਸਤ ਹੋ ਰਹੇ ਸਨ ਅਤੇ ਬਿਮਾਰਾਂ ਤੱਕ ਦਾ ਇਲਾਜ ਕਰਨਾ ਸਿੱਖ ਰਹੇ ਸਨ। ਪ੍ਰਾਪਤੀਆਂ ਦੀ ਲੜੀ ਨਿੱਕੀ ਨਹੀਂ ਸੀ, ਪਰ ਕੋਈ ਚੀਜ਼ ਤਾਂ ਹੀ ਜ਼ਿੰਦਾ ਰਹਿ ਸਕਦੀ ਹੈ ਜੇ ਉਹ ਗਤੀਸ਼ੀਲ ਰਹੇ ਅਤੇ ਅਗਾਂਹ ਵਧਦੀ ਜਾਵੇ। ਰਾਜੇਸ਼ ਇਸੇ ਗਤੀਸ਼ੀਲਤਾ ਵਿਚ ਰੁਕਾਵਟ ਬਣ ਰਹੀਆਂ ਸਮੱਸਿਆਵਾਂ ਨਾਲ ਮੱਥਾ ਲਾ ਰਿਹਾ ਸੀ।
ਸ਼ਾਮ ਨੂੰ ਕਈ ਦਿਨਾਂ ਬਾਅਦ ਕੰਨੰਨਾ, ਲੱਚੱਕਾ ਤੇ ਉਨ੍ਹਾਂ ਨਾਲ ਦੋ ਜਣੇ ਹੋਰ ਪਰਤ ਆਏ।
ਹਨੇਰਾ ਪੈਣ ਉਤੇ ਰਾਜੇਸ਼, ਬਸੰਤੀ ਅਤੇ ਆਉਣ ਵਾਲੇ ਉਨ੍ਹਾਂ ਚਾਰਾਂ ਜਣਿਆਂ ਨੇ ਲੰਮੀ ਬੈਠਕ ਕੀਤੀ। ਲੱਚੱਕਾ ਨੂੰ ਜਦ ਮਾਸੇ ਦੀ ਮੌਤ ਬਾਰੇ ਦੱਸਿਆ ਤਾਂ ਉਹ ਕਿੰਨੀ ਦੇਰ ਬੁੱਤ ਬਣੀ ਬੈਠੀ ਰਹੀ। ਹੌਲੀ ਹੌਲੀ ਉਹ ਆਪੇ ‘ਚ ਆਈ ਤੇ ਚੱਲ ਰਹੀ ਗੱਲਬਾਤ ਵੱਲ ਧਿਆਨ ਦੇਣ ਲੱਗੀ।
ਸਵੇਰੇ ਉਨ੍ਹਾਂ ਸਾਰਿਆਂ ਦੇ ਚਿਹਰਿਆਂ ਉਤੇ ਰੌਣਕ ਸੀ ਅਤੇ ਤਸੱਲੀ ਸਾਫ਼ ਝਲਕਦੀ ਸੀ। ਸਮੁੱਚੇ ਕੰਮ ਨੂੰ ਰੁਖ਼ ਸਿਰ ਕਰਨ ਲਈ ਉਨ੍ਹਾਂ ਕਈ ਫ਼ੈਸਲੇ ਕੀਤੇ ਸਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਰੋਕਾਂ ਟੁੱਟਣ ਦਾ ਯਕੀਨ ਸੀ। ਉਹ ਚੀਜ਼ਾਂ ਨੂੰ ਅਟਕਿਆ ਹੋਇਆ ਨਹੀਂ ਰਹਿਣ ਦੇਣਗੇ। ਨਦੀਆਂ ਅਟਕਦੀਆਂ ਨਹੀਂ ਹੁੰਦੀਆਂ। ਉਨ੍ਹਾਂ ਆਪਣੀ ਹਾਸਲ ਸਮਰੱਥਾ ਨੂੰ ਜ਼ਰਬ ਦੇਣ ਦਾ ਫ਼ੈਸਲਾ ਕੀਤਾ ਅਤੇ ਆਪਣੀ ਹਾਸਲ ਤਾਕਤ ਵਿਚੋਂ ਹੀ ਉਚੇਰੀਆਂ ਤੇ ਵੱਡੀਆਂ ਜ਼ਿੰਮੇਦਾਰੀਆਂ ਉਤੇ ਤਾਇਨਾਤੀ ਕਰਨ ਬਾਰੇ ਸੋਚਿਆ।
-0-
ਸਵੇਰੇ ਤੜਕਸਾਰ ਲੱਚੱਕਾ ਤੇ ਕੰਨੰਨਾ ਮੈਨੂੰ ਸੰਤਰੀ ਪੋਸਟ ਉਪਰ ਗੱਲਾਂ ਕਰਦੇ ਮਿਲੇ। ਅਜੇ ਹਨ੍ਹੇਰਾ ਛਟਣਾ ਸ਼ੁਰੂ ਹੀ ਹੋਇਆ ਸੀ। ਹਮੇਸ਼ਾ ਸੰਜੀਦਾ ਰਹਿਣ ਵਾਲੀ ਲੱਚੱਕਾ ਕੁਝ ਜ਼ਿਆਦਾ ਹੀ ਸੰਜੀਦਾ ਹੋਈ ਪਈ ਸੀ। ਇਸ ਕੁੜੀ ਨੇ ਮਾਸੇ ਦੀ ਮੌਤ ਦਾ ਡਾਢਾ ਦੁੱਖ ਮਨਾਇਆ ਸੀ।
“ਸਾਡਾ ਇਕ ਸਾਥੀ ਨਿੱਕੀ ਉਮਰੇ ਹੀ ਵਿਛੜ ਗਿਐ। ਵੱਡੀ ਹੋ ਕੇ ਉਸ ਨੇ ਸਾਡੇ ਵਿਚ ਹੀ ਸ਼ਾਮਲ ਹੋਣਾ ਸੀ। ਹੁਣ ਉਹ ਸਾਨੂੰ ਕਦੇ ਨਹੀਂ ਮਿਲੇਗੀ।” ਕੰਨੰਨਾ ਨੇ ਮੈਨੂੰ ਸੰਬੋਧਨ ਹੁੰਦਿਆਂ ਲੱਚੱਕਾ ਵਾਸਤੇ ਕਹਿਣਾ ਸ਼ੁਰੂ ਕੀਤਾ। “ਬਸਤਰ ਵਿਚ ਮੌਤ ਬੱਚਿਆਂ ਨੂੰ ਜਲਦੀ ਦਬੋਚ ਲੈਂਦੀ ਹੈ। ਜਦ ਕੋਈ ਬੱਚਾ ਮਰਦਾ ਹੈ ਤਾਂ ਜੰਗਲ ਖ਼ਾਮੋਸ਼ ਹੋ ਜਾਂਦੈ। ਇਕ ਕਿਲਕਾਰੀ ਘਟ ਜਾਂਦੀ ਹੈ ਤੇ ਉਦਾਸੀ ਛਾ ਜਾਂਦੀ ਹੈ। ਰੇਲਾ-ਰੇਲਾ ਗਾਉਣ ਵਾਲੀ ਇਕ ਆਵਾਜ਼ ਬੰਦ ਹੋ ਗਈ।” ਕੰਨੰਨਾ ਸੋਗਮਈ ਆਵਾਜ਼ ਵਿਚ ਬੋਲਦਾ ਗਿਆ, “ਮਾਸੇ ਦੀ ਕਬਰ ਉਤੇ ਅਸੀਂ ਅਮਲਤਾਸ ਦਾ ਪੌਦਾ ਲਾਵਾਂਗੇ। ਉਸ ਦੇ ਪੀਲੇ ਫੁੱਲ ਮਾਸੇ ਦੀਆਂ ਕਿਲਕਾਰੀਆਂ ਵਾਂਗ ਖਿੜਨਗੇ। ਜੰਗਲ ਬੱਚਿਆਂ ਦੀਆਂ ਕਿਲਕਾਰੀਆਂ ਤੇ ਚੀਕਾਂ ਨਾਲ ਗੂੰਜਦਾ ਹੋਇਆ ਹੀ ਚੰਗਾ ਲੱਗਦੈ।”
ਲੱਚੱਕਾ ਭਾਵੇਂ ਸਵੇਰੇ ਤਿੰਨ ਵਜੇ ਸੰਤਰੀ ਡਿਊਟੀ ਉਤੇ ਆਈ ਸੀ, ਪਰ ਇੰਜ ਲਗਦਾ ਸੀ ਜਿਵੇਂ ਉਹ ਸਾਰੀ ਰਾਤ ਨਹੀਂ ਸੀ ਸੁੱਤੀ। ਉਸ ਦੀਆਂ ਅੱਖਾਂ ਬੇਸ਼ੱਕ, ਹਮੇਸ਼ਾ ਵਾਂਗ ਚਮਕ ਰਹੀਆਂ ਸਨ, ਪਰ ਉਨ੍ਹਾਂ ਅੰਦਰ ਅਥਾਹ ਡੂੰਘਾਈ ਛੁਪੀ ਹੋਈ ਪ੍ਰਤੀਤ ਹੁੰਦੀ ਸੀ। ਉਹ ਥੋੜ੍ਹਾ ਅੰਦਰ ਨੂੰ ਧਸੀਆਂ ਹੋਈਆਂ ਜਾਪ ਰਹੀਆਂ ਸਨ। ਲੱਚੱਕਾ ਦੀ ਜੰਗ ਹੁਣ ਹੋਰ ਵੀ ਤੀਖਣਤਾ ਅਖ਼ਤਿਆਰ ਕਰ ਜਾਵੇਗੀ। ਕੰਨੰਨਾ ਉਸ ਨੂੰ ਕਹਿੰਦਾ ਹੈ ਕਿ ਜਦ ਤਕ ਉਹ ਚਿੰਤਾ ਤੋਂ ਮੁਕਤ ਨਹੀਂ ਹੋਵੇਗੀ ਅਤੇ ਪੂਰੀ ਨੀਂਦ ਨਹੀਂ ਲਵੇਗੀ, ਤਦ ਤੱਕ ਆਪਣੀ ਜੰਗ ਚੰਗੀ ਤਰ੍ਹਾਂ ਨਹੀਂ ਲੜ ਸਕੇਗੀ। ਦਰਅਸਲ, ਲੱਚੱਕਾ ਦੀ ਤਾਕਤ ਉਸ ਦੇ ਜਜ਼ਬਾਤ ਵਿਚੋਂ ਹੀ ਪੈਦਾ ਹੁੰਦੀ ਹੈ। ਪਹਿਲਾਂ ਉਹ ਫ਼ਿਕਰ ਕਰਦੀ ਹੈ, ਫਿਰ ਗੁੱਸੇ ਵਿਚ ਆਉਂਦੀ ਹੈ ਅਤੇ ਅਖ਼ੀਰ ਵਿਚ ਉਸ ਦਾ ਇਰਾਦਾ ਉਸ ਦੀਆਂ ਅੱਖਾਂ ਵਿਚੋਂ ਲੋਹੜੇ ਦੀ ਲਿਸ਼ਕ ਨਾਲ ਪ੍ਰਗਟ ਹੋ ਉਠਦਾ ਹੈ।
“ਚਿੰਤਾ ਦੀ ਕੋਈ ਗੱਲ ਨਹੀਂ, ਲੱਚੱਕਾ! ਜੰਗ ਲੜੀ ਜਾਵੇਗੀ ਤੇ ਜਿੱਤੀ ਜਾਵੇਗੀ। ਕੋਸੇ ਲਈ, ਮਾਸੇ ਲਈ ਅਤੇ ਹਰ ਕਬਾਇਲੀ ਬੱਚੇ ਲਈ। ਆਪਣੀ ਪਾਰਟੀ ਹੈ ਨਾ ਲੱਚੱਕਾ! ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ।” ਕਹਿੰਦਾ ਹੋਇਆ ਉਹ ਉਸ ਦਾ ਮੋਢਾ ਘੁੱਟਦਾ ਹੈ।
ਕੰਨੰਨਾ ਰਾਤ ਦੀ ਬੈਠਕ ਤੋਂ ਉਤਸ਼ਾਹ ਵਿਚ ਸੀ। ਉਸ ਨੂੰ ਯਕੀਨ ਸੀ ਕਿ ਉਨ੍ਹਾਂ ਕੋਲ ਪਾਰਟੀ ਹੈ ਅਤੇ ਪਾਰਟੀ ਸਾਰੇ ਮਸਲੇ ਹੱਲ ਕਰ ਸਕਦੀ ਹੈ। ਸਾਰਿਆਂ ਨੇ ਹੀ ਨਵੀਆਂ ਜ਼ਿੰਮੇਦਾਰੀਆਂ ਓਟਣ ਲਈ ਉਤਸ਼ਾਹ ਦਿਖਾਇਆ ਸੀ। ਉਨ੍ਹਾਂ ਦਾ ਇਰਾਦਾ ਉਨ੍ਹਾਂ ਦੇ ਚਿਹਰਿਆਂ ਉਤੇ ਸਪਸ਼ਟ ਝਲਕਦਾ ਸੀ। ਕੰਨੰਨਾ ਦਾ ਸੁਭਾਅ ਤਾਂ ਵੈਸੇ ਹੀ ਅਜਿਹਾ ਸੀ ਕਿ ਢਹਿੰਦੀ ਕਲਾ ਉਸ ਦੇ ਨੇੜੇ ਵੀ ਨਹੀਂ ਸੀ ਫਟਕਦੀ। ਗ਼ਮ, ਫ਼ਿਕਰ ਤੇ ਪ੍ਰੇਸ਼ਾਨੀ ਉਸ ਨੇ ਕਦੇ ਹੰਢਾਏ ਨਹੀਂ ਸਨ। ਉਹ ਫ਼ੈਸਲਾ ਕਰਦਾ ਅਤੇ ਅਗਲਾ ਕਦਮ ਪੁੱਟ ਲੈਂਦਾ। Ḕਚਿੰਤਾ ਦੀ ਕੋਈ ਗੱਲ ਨਹੀਂ’ ਨੇ ਉਸ ਦੇ ਇਸੇ ਸੁਭਾਅ ਵਿਚੋਂ ਜਨਮ ਲਿਆ ਸੀ। ਇਸ ਮਹਾਂ-ਵਾਕ ਦੀ ਵਰਤੋਂ ਕਰਦਾ ਹੋਇਆ ਉਹ ਕਦੇ ਵੀ ਓਪਰਾ ਨਹੀਂ ਸੀ ਲੱਗਦਾ। ਜਦ ਉਸ ਨੇ ਕਿਹਾ ਸੀ ਕਿ Ḕਆਪਣੀ ਪਾਰਟੀ ਹੈ ਨਾ, ਲੱਚੱਕਾ!’ ਤਾਂ ਉਸ ਕੁੜੀ ਦੇ ਚਿਹਰੇ ਉਤੇ ਹਲਕੀ ਜਿਹੀ ਮੁਸਕਰਾਹਟ ਤੈਰ ਗਈ ਸੀ। ਕੰਨੰਨਾ ਹਮੇਸ਼ਾ ਦੂਸਰਿਆਂ ਨੂੰ ਫ਼ਿਕਰਾਂ ‘ਚੋਂ ਕੱਢ ਕੇ ਦੂਰ ਲੈ ਜਾਂਦਾ ਹੈ। ਜੇ ਲੱਚੱਕਾ ਨੂੰ ਹੱਸਣ ਦੀ ਆਦਤ ਹੁੰਦੀ ਤਾਂ ਉਹ ਜ਼ਰੂਰ ਕੰਨੰਨਾ ਦੇ ਇਸ ਫ਼ਿਕਰੇ ਨਾਲ ਹੱਸ ਪਈ ਹੁੰਦੀ। ਹੁਣ ਲੱਚੱਕਾ ਦੇ ਚਿਹਰੇ ਉਪਰ ਸੁਬਹ ਦੀ ਤਾਜ਼ਗੀ ਉਭਰ ਚੁੱਕੀ ਸੀ, ਉਸ ਦੀਆਂ ਜਗਮਗਾਉਂਦੀਆਂ ਅੱਖਾਂ ਉਸ ਦੇ ਕਾਲੇ ਸ਼ਾਹ ਰੰਗ ਵਿਚ ਹੋਰ ਵੀ ਖ਼ੂਬਸੂਰਤ ਦਿਖਾਈ ਦੇਣ ਲੱਗ ਪਈਆਂ ਸਨ।
-0-
ਇਨ੍ਹਾਂ ਦਿਨਾਂ ਵਿਚ ਅਫ਼ਗਾਨਿਸਤਾਨ ਵਿਚ ਤੋਰਾ ਬੋਰਾ ਦੀਆਂ ਪਹਾੜੀਆਂ ਉਤੇ ਜ਼ਬਰਦਸਤ ਅਮਰੀਕੀ ਬੰਬਾਰੀ ਜਾਰੀ ਸੀ। ਬਰਫ਼ ਲੱਦੇ ਪਹਾੜਾਂ ਦੀਆਂ ਡੂੰਘੀਆਂ ਚੱਟਾਨੀ ਗੁਫ਼ਾਵਾਂ ਨੂੰ ਨਵੀਂ ਕਿਸਮ ਦੇ ਬੰਬਾਂ, ਜਿਹੜੇ ਛੇ ਮੀਟਰ ਤਕ ਡੂੰਘਾ ਧਸ ਕੇ ਫਟਦੇ ਸਨ, ਨਾਲ ਤੋੜਿਆ ਜਾ ਰਿਹਾ ਸੀ। ਤਾਲਿਬਾਨ ਵੱਲੋਂ ਕਿਤੇ ਵੀ ਟਾਕਰੇ ਦੀ ਖ਼ਬਰ ਨਹੀਂ ਸੀ ਆ ਰਹੀ। ਬਸਤਰ ਤੇ ਤੋਰਾ ਬੋਰਾ! ਮੈਂ ਦੋਵਾਂ ਦਾ ਮੁਕਾਬਲਾ ਕੀਤਾ। ਇਥੇ ਦਿਓ ਕੱਦ ਪਹਾੜ ਨਹੀਂ ਹਨ। ਵੀਅਤਨਾਮ ਵਰਗੇ ਵਿਆਪਕ ਤੇ ਸੰਘਣੇ ਜੰਗਲ ਨਹੀਂ ਹਨ। ਇਥੇ ਬੇਸ਼ੱਕ ਤੇਲ ਨਹੀਂ ਹੈ, ਪਰ ਅਰਬਾਂ ਖ਼ਰਬਾਂ ਦੀ ਕੁਦਰਤੀ ਦੌਲਤ ਹੈ ਜਿਸ ਨੂੰ ਹੜੱਪਣ ਲਈ ਸੰਸਾਰ ਬੈਂਕ ਵੱਡੀਆਂ ਵੱਡੀਆਂ ਸਕੀਮਾਂ ਘੜ ਰਿਹਾ ਹੈ। ਜਪਾਨ ਪਹਿਲਾਂ ਹੀ ਲੋਹੇ ਦੇ ਬੇਸ਼ੁਮਾਰ ਪਹਾੜ ਚੂੰਢ ਰਿਹਾ ਹੈ। ਵੱਖ-ਵੱਖ ਤਰ੍ਹਾਂ ਦੇ ਸਰਵੇਖਣ ਕਹਿ ਰਹੇ ਹਨ ਕਿ ਛੱਤੀਸਗੜ੍ਹ ਦੁਨੀਆਂ ਦੇ ਕੁਦਰਤੀ ਭੰਡਾਰਾਂ ਦੇ ਸਭ ਤੋਂ ਅਮੀਰ ਖ਼ਜ਼ਾਨਿਆਂ ਵਿਚੋਂ ਇਕ ਹੈ। ਅਰਬਾਂ ਦੀ ਦੌਲਤ ਅਤੇ ਅਤਿ ਦੀ ਗਰੀਬੀ ਵਿਚ ਜਿਉਂਦਾ ਆਦਿਵਾਸੀ! ਆਦਿਵਾਸੀ ਅਤੇ ਸਰਮਾਏ ਦੀ ਭਿਆਨਕ ਤਾਕਤ! ਦੋਵੇਂ ਇਕ ਦੂਸਰੇ ਦੇ ਦੁਸ਼ਮਣ। ਜਾਂ ਪਹਿਲਾ ਦੂਸਰੇ ਨੂੰ ਤਬਾਹ ਕਰੇਗਾ ਜਾਂ ਦੂਸਰਾ ਪਹਿਲੇ ਨੂੰ ਮਲੀਆਮੇਟ ਕਰੇਗਾ। ਤੀਸਰੀ ਕੋਈ ਸੂਰਤ ਨਹੀਂ। ਇਹ ਟੱਕਰ ਕਿਸੇ ਨਾ ਕਿਸੇ ਦਿਨ ਸਾਹਮਣੇ ਆਉਣੀ ਹੀ ਹੈ।
“ਅਸੀਂ ਜੰਗਲਾਂ ਤੇ ਪਹਾੜਾਂ ਕਾਰਨ ਇਥੇ ਨਹੀਂ ਹਾਂ। ਲੋਕਾਂ ਦੇ ਸਾਥ ਕਾਰਨ ਹਾਂ। ਲੋਕਾਂ ਦਾ ਸਾਥ ਨਹੀਂ ਹੈ ਤਾਂ ਤੋਰਾ ਬੋਰਾ ਦੇ ਪਹਾੜ ਤੇ ਗੁਫ਼ਾਵਾਂ ਵੀ ਮਦਦ ਨਹੀਂ ਕਰ ਸਕਦੇ। ਸਾਥ ਹੈ ਤਾਂ ਭਾਵੇਂ ਤੋਰਾ ਬੋਰਾ ਦੀ ਥਾਂ ਬਸਤਰ ਹੋਵੇ ਜਾਂ ਰੜਾ ਮੈਦਾਨ, ਸਾਡੀ ਜਿੱਤ ਰੁਕ ਨਹੀਂ ਸਕਦੀ।”
ਉਸ ਨੇ ਹੋਰ ਕਿਹਾ, “ਸਾਡੀ ਜੰਗ ਇਕੱਲੇ ਬਸਤਰ ਵਿਚ ਨਹੀਂ ਲੜੀ ਜਾਣੀ। ਇਸ ਨੇ ਸਾਰੇ ਹਿੰਦੋਸਤਾਨ ਵਿਚ ਫ਼ੈਲਣਾ ਹੈ। ਬਸਤਰ ਤਾਂ ਸ਼ੁਰੂਆਤ ਹੈ, ਅੰਤ ਨਹੀਂ। ਦੇਸ਼ ਦੀ ਗਿਆਰਾਂ ਕਰੋੜ ਕਬਾਇਲੀ ਵਸੋਂ ਬਹੁਤ ਵਿਆਪਕ ਇਲਾਕੇ ਵਿਚ ਫੈਲੀ ਹੋਈ ਹੈ। ਉੜੀਸਾ ਤੋਂ ਲੈ ਕੇ ਗੁਜਰਾਤ ਅਤੇ ਰਾਜਸਥਾਨ ਤਕ। ਬਿਹਾਰ ਤੇ ਮੱਧ ਪ੍ਰਦੇਸ਼ ਤੋਂ ਲੈ ਕੇ ਕੇਰਲਾ ਤੱਕ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਇਨਕਲਾਬ ਦੀ ਸਖ਼ਤ ਜ਼ਰੂਰਤ ਹੈ। ਸਾਨੂੰ ਲੁਕਣ ਦੀ ਜ਼ਰੂਰਤ ਨਹੀਂ, ਨਾ ਹੀ ਕਿਸੇ ਤੋਰਾ ਬੋਰਾ ਦੀ। ਸਾਡੇ ਸਾਹਮਣੇ ਵੀਅਤਨਾਮ ਹੈ, ਅਫ਼ਗਾਨਿਸਤਾਨ ਨਹੀਂ। ਮਾਓ ਦਾ ਸਿਧਾਂਤ ਹੈ, ਅਲ-ਕਾਇਦਾ ਨਹੀਂ।”
-0-
ਦੁਪਹਿਰ ਨੂੰ ਅਸੀਂ ਨਦੀ ਕੰਢੇ ਪੜਾਅ ਕੀਤਾ। ਮੁੜ੍ਹਕੇ ਨਾਲ ਗੜੁੱਚ ਹੋਏ ਕੱਪੜਿਆਂ ਅਤੇ ਬਦਬੂ ਮਾਰਦੇ ਬੂਟ ਧੋ ਕੇ ਸੁਕਾਉਣ ਦਾ ਸਾਡੇ ਕੋਲ ਖੁੱਲ੍ਹਾ ਵਕਤ ਸੀ। ਨਦੀ ਤੋਂ ਕੋਈ ਪੌਣਾ ਕਿਲੋਮੀਟਰ ਦੀ ਦੂਰੀ ਉਤੇ ਛੋਟੀਆਂ ਛੋਟੀਆਂ ਖੱਡਾਂ ਦੇ ਫੈਲੇ ਹੋਏ ਜਾਲ ਵਿਚ ਅਸੀਂ ਰੁਕ ਗਏ। ਕੁਦਰਤੀ ਨਜ਼ਾਰਾ ਦਿਲਕਸ਼ ਸੀ। ਸੰਘਣੀਆਂ ਝਾੜੀਆਂ ਅਤੇ ਦਰੱਖ਼ਤਾਂ ਦੇ ਜਮਘਟੇ ਵਿਚ ਆਰਾਮ ਕਰਨ, ਨਹਾਉਣ ਅਤੇ ਰਸਭਰੀਆਂ ਚੁਗਣ ਵਿਚ ਅਸੀਂ ਕਈ ਘੰਟੇ ਬਿਤਾਏ। ਅਜਿਹੇ ਮੌਕੇ ਕਦੇ ਕਦਾਈਂ ਹੀ ਆਉਂਦੇ ਹਨ, ਪਰ ਮਜ਼ੇਦਾਰ ਅਤੇ ਸੁਖਾਵੇਂ ਹੁੰਦੇ ਹਨ। ਸ਼ਾਮ ਨੂੰ ਪੱਧਰੀ ਜਿਹੀ ਥਾਂ ਉਤੇ ਦੌੜ, ਲੰਮੀ ਛਾਲ, ਉਚੀ ਛਾਲ ਅਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਨੇ ਸਾਰੇ ਮਾਹੌਲ ਨੂੰ ਖ਼ੁਸ਼ਰੰਗ ਕਰ ਦਿਤਾ। ਕਈ ਦਿਨਾਂ ਦੇ ਵਕਫ਼ੇ ਬਾਅਦ ਰਾਤ ਨੂੰ ਅੱਗ ਬਾਲੀ ਗਈ। ਸਵੇਰ ਵੇਲੇ ਹਰ ਕੋਈ ਹਲਕਾ-ਫੁਲਕਾ ਅਤੇ ਖ਼ੁਸ਼-ਬਾਸ਼ ਸੀ। ਦਿਲ ਕੀਤਾ ਕਿ ਇਥੇ ਹੀ ਇਕ ਦੋ ਦਿਨ ਹੋਰ ਬਿਤਾਏ ਜਾਣ।
ਸ਼ਾਮ ਪੈਂਦਿਆਂ ਤਕ ਕੂਚ ਕਰਨ ਦਾ ਹੁਕਮ ਨਹੀਂ ਸੀ ਹੋਇਆ, ਭਾਵੇਂ ਹਰ ਕਿਸੇ ਦਾ ਸਾਮਾਨ ਬੰਨ੍ਹਿਆ ਪਿਆ ਸੀ ਅਤੇ ਹਰ ਕੋਈ ਤਿਆਰ ਬੈਠਾ ਸੀ। ਜੇ ਰੁਕਣ ਦਾ ਫ਼ੈਸਲਾ ਹੋਇਆ ਤਾਂ ਸਭ ਝਿੱਲੀਆਂ ਵਿਛ ਜਾਣਗੀਆਂ, ਨਹੀਂ ਤਾਂ ਰੋਜ਼ ਵਾਂਗ ਮਾਰਚ। ਤਦੇ ਸੰਤਰੀ ਪੋਸਟ ਤੋਂ ਕੋਈ ਸੂਚਨਾ ਆਈ। ਰਾਜੇਸ਼ ਨੇ ਵਿਸਲ ਮਾਰੀ ਜਿਸ ਨਾਲ ਸਾਰੇ ਲਾਈਨ ਵਿਚ ਖੜ੍ਹੇ ਹੋ ਗਏ। ਖੱਡ ਦੇ ਮੋੜ ਤੋਂ ਗੁਰੀਲਾ ਦਸਤਾ ਪਰਗਟ ਹੋਇਆ। ਉਨ੍ਹਾਂ ਨੂੰ ਅਜੇ Ḕਜੀ ਆਇਆਂḔ ਹੀ ਕਿਹਾ ਸੀ ਕਿ ਸਾਡੀ ਫਾਰਮੇਸ਼ਨ ਵਿਚੋਂ ਤਿੰਨ ਨਾਮ ਬੋਲੇ ਗਏ: ਸਿੰਘੰਨਾ, ਵਿੜਮਾ, ਈਸ਼ਵਰ। ਅਸੀਂ ਤਿੰਨੇ ਉਸ ਫਾਰਮੇਸ਼ਨ ‘ਚੋਂ ਬਾਹਰ ਨਿਕਲੇ ਤੇ ਨਵੀਂ ਆਈ ਟੁਕੜੀ ਦਾ ਹਿੱਸਾ ਬਣ ਗਏ।
ਇਕ ਵਾਰ ਫਿਰ ਹੱਥ ਮਿਲਾਏ ਗਏ ਤੇ ਦੋਨੋਂ ਟੁਕੜੀਆਂ ਵੱਖ-ਵੱਖ ਦਿਸ਼ਾਵਾਂ ਵੱਲ ਰਵਾਨਾ ਹੋ ਗਈਆਂ। ਕੰਨੰਨਾ, ਲੱਚੱਕਾ, ਦਸਰੂ, ਬਸੰਤੀ, ਜਯਾ ਆਦਿ ਸਾਰੇ ਹੀ ਕਈ ਦਿਨਾਂ ਤੋਂ ਸਾਥ ਵਿਚ ਰਹੇ ਸਨ। ਸਭਨਾਂ ਨੇ Ḕਫਿਰ ਮਿਲਾਂਗੇ’ ਕਿਹਾ ਜਾਂ ਸਿਰਫ਼ ਮਿੱਠੀ ਪਿਆਰੀ ਮੁਸਕਰਾਹਟ ਦਿਤੀ। ਹਾਲਾਂਕਿ Ḕਫਿਰ ਮਿਲਾਂਗੇ’ ਉਥੋਂ ਦਾ ਦਸਤੂਰ ਨਹੀਂ ਸੀ, ਇਹ ਮੈਨੂੰ ਫਿਰ ਕਦੇ ਆਉਣ ਵਾਸਤੇ ਸੱਦਾ ਸੀ। ਬਹਰਹਾਲ, ਅਸੀਂ ਖ਼ੁਸ਼ੀ ਖ਼ੁਸ਼ੀ ਅਲੱਗ ਹੋਏ।
(ਚਲਦਾ)