ਬਿਨੁ ਦਿਤੇ ਕਛੁ ਹਥਿ ਨ ਆਈ

ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਆ ਕੇ ਮੰਜੀ ‘ਤੇ ਆਸਣ ਕਰਨ ਤੋਂ ਬਾਅਦ ਸ਼ਿਵਰਾਤ੍ਰੀ ਦੇ ਮੇਲੇ ਵਿਚ ਸਿੱਧਾਂ ਨਾਲ ਗੋਸਟਿ ਕਰਨ ਦੀ ਗੱਲ ਕੀਤੀ ਸੀ। ਭਾਈ ਗੁਰਦਾਸ ਉਸੇ ਵਾਰਤਾ ਨੂੰ ਅੱਗੇ ਤੋਰਦਿਆਂ ਦੱਸਦੇ ਹਨ ਕਿ ਜੋਗੀਆਂ ਨੂੰ ਬੇਹੱਦ ਈਰਖਾ ਹੋਈ ਤੇ ਇਸੇ ਈਰਖਾ ਵਿਚੋਂ ਉਹ ਸਾਰੇ ਉਠ ਕੇ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਨ ਲਈ ਇਕੱਠੇ ਹੋ ਕੇ ਆ ਗਏ।

ਜੋਗੀ ਭੰਗਰਨਾਥ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਤੁਸੀਂ ਦੁੱਧ ਦੀ ਚਾਟੀ ਵਿਚ ਕਾਂਜੀ ਕਿਉਂ ਮਿਲਾ ਦਿੱਤੀ ਹੈ। ਕਾਂਜੀ ਪਾਉਣ ਨਾਲ ਦੁੱਧ ਦਾ ਚਾਟਾ ਫਿੱਟ ਜਾਂਦਾ ਹੈ ਅਤੇ ਫਿਟੇ ਹੋਏ ਦੁੱਧ ਨੂੰ ਜੇ ਰਿੜਕੀਏ ਤਾਂ ਫਿਰ ਮੱਖਣ ਨਹੀਂ ਨਿਕਲਦਾ। ਉਸ ਦੇ ਕਹਿਣ ਤੋਂ ਭਾਵ ਹੈ ਕਿ ਤੁਸੀਂ ਸੰਨਿਆਸੀਆਂ ਵਾਲੇ ਵਸਤਰ ਉਤਾਰ ਕੇ ਸੰਸਾਰੀ ਕਪੜੇ ਪਹਿਨ ਲਏ ਹਨ, ਸੰਨਿਆਸ ਦੀ ਰੀਤ ਛੱਡ ਕੇ ਗ੍ਰਹਿਸਥੀਆਂ ਵਾਲਾ ਕੰਮ ਸ਼ੁਰੂ ਕਰ ਲਿਆ ਹੈ। ਸੰਨਿਆਸ ਵਿਚ ਸੰਸਾਰਕਤਾ ਨੂੰ ਮਿਲਾ ਦਿੱਤਾ ਹੈ, ਹੁਣ ਇਸ ਮਿਲਾਵਟੀ ਰੀਤ ਵਿਚੋਂ ਨਾ ਗਿਆਨ ਪ੍ਰਾਪਤ ਹੋਣਾ ਹੈ ਤੇ ਨਾ ਹੀ ਮੁਕਤੀ ਪ੍ਰਾਪਤ ਹੋਣੀ ਹੈ। ਤੁਸੀਂ ਉਦਾਸੀ ਦਾ ਭੇਖ ਉਤਾਰ ਕੇ ਇਹ ਸੰਸਾਰੀਆਂ ਵਾਲੀ ਰੀਤ ਕਿਉਂ ਚਲਾ ਦਿੱਤੀ ਹੈ?
ਗੁਰੂ ਨਾਨਕ ਉਸ ਨੂੰ ਜਵਾਬ ਦਿੰਦੇ ਹਨ ਕਿ ਭੰਗਰਨਾਥ ਤੇਰੀ ਮਾਂ ਕੁਚੱਜੀ ਸੀ ਭਾਵ ਤੇਰੀ ਬੁੱਧੀ ਖਰਾਬ ਹੈ। ਉਸ ਨੇ ਤੇਰੇ ਹਿਰਦੇ ਰੂਪੀ ਭਾਂਡੇ ਨੂੰ ਧੋਤਾ ਨਹੀਂ, ਤੇਰੇ ਮਨ ਨੂੰ ਸਾਫ ਨਹੀਂ ਕੀਤਾ। ਇਸੇ ਲਈ ਇਸ ਜੋਗੀਆਂ ਵਾਲੇ ਭੇਖ ਰੂਪੀ ਭਾਉ ਨਾਲ ਦੁੱਧ ਸਾੜ ਲਿਆ ਹੈ। ਪਹਿਲਾਂ ਤੁਸੀ ਗ੍ਰਹਿਸਥ ਦਾ ਤਿਆਗ ਕਰਦੇ ਹੋ, ਫਿਰ ਪੇਟ ਪਾਲਣ ਲਈ ਉਨ੍ਹਾਂ ਗ੍ਰਹਿਸਥੀਆਂ ਦੇ ਘਰ ਮੰਗਣ ਜਾਂਦੇ ਹੋ? ਗੁਰੂ ਸਾਹਿਬ ਦੇ ਕਹਿਣ ਤੋਂ ਭਾਵ ਹੈ ਕਿ ਇਹ ਕਿਸ ਕਿਸਮ ਦਾ ਤਿਆਗ ਹੈ ਕਿ ਤਿਆਗ ਪਿਛੋਂ ਵੀ ਤੁਸੀਂ ਸੰਸਾਰਕਤਾ ਤੋਂ ਖਹਿੜਾ ਨਹੀਂ ਛੁਡਾ ਸਕੇ? ਰੋਟੀ ਪਾਣੀ ਉਨ੍ਹਾਂ ਦੇ ਸਿਰੋਂ ਛਕਦੇ ਹੋ। ਤੁਹਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਹੱਥੋਂ ਦਿੱਤੇ ਬਿਨਾ ਕੁਝ ਪ੍ਰਾਪਤ ਨਹੀਂ ਹੋਣਾ:
ਖਾਧੀ ਖੁਣਸਿ ਜੋਗੀਸਰਾਂ
ਗੋਸਟਿ ਕਰਨਿ ਸਭੇ ਉਠਿ ਆਈ।
ਪੁਛੇ ਜੋਗੀ ਭੰਗਰ ਨਾਥੁ
ਤੁਹਿ ਦੁਧ ਵਿਚਿ ਕਿਉ ਕਾਂਜੀ ਪਾਈ?
ਫਿਟਿਆ ਚਾਟਾ ਦੁਧ ਦਾ ਰਿੜਕਿਆ
ਮਖਣੁ ਹਥਿ ਨ ਆਈ।
ਭੇਖਿ ਉਤਾਰਿ ਉਦਾਸਿ ਦਾ
ਵਤਿ ਕਿਉ ਸੰਸਾਰੀ ਰੀਤਿ ਚਲਾਈ?
ਨਾਨਕ ਆਖੇ, ਭੰਗਰਿਨਾਥ!
ਤੇਰੀ ਮਾਉ ਕੁਚਜੀ ਆਹੀ।
ਭਾਂਡਾ ਧੋਇ ਨ ਜਾਤਿਓਨਿ
ਭਾਇ ਕੁਚਜੇ ਫੁਲੁ ਸੜਾਈ।
ਹੋਇ ਅਤੀਤੁ ਗ੍ਰਿਹਸਤਿ ਤਜਿ
ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।
ਬਿਨੁ ਦਿਤੇ ਕਛੁ ਹਥਿ ਨ ਆਈ॥੪੦॥
ਭਾਈ ਗੁਰਦਾਸ ਬਿਆਨ ਕਰਦੇ ਹਨ ਕਿ ਕਿਸ ਤਰ੍ਹਾਂ ਈਰਖਾ ਕਾਰਨ ਜੋਗੀਆਂ ਨੇ ਗੁਰੂ ਨਾਨਕ ਦੇ ਬਚਨ ਸੁਣ ਕੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਜੋਗੀਆਂ ਨੇ ਭਵਕ ਮਾਰ ਕੇ ਕਈ ਕਿਸਮ ਦੀਆਂ ਰੂਹਾਂ ਦੀਆਂ ਸ਼ਕਲਾਂ ਅਖਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕਈ ਤਰ੍ਹਾਂ ਦੇ ਰੂਪ ਧਾਰ ਲਏ। ਕਹਿਣ ਲੱਗੇ, ਨਾਨਕ ਵੇਦੀ ਨੇ ਆ ਕੇ ਇਸ ਕਲਿਜੁਗ ਦੇ ਸਮੇਂ ਵਿਚ ਛੇ ਦਰਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਸਿੱਧ ਕਈ ਕਿਸਮ ਦੀਆਂ ਤੰਤਰਾਂ ਮੰਤਰਾਂ ਦੀਆਂ ਅਵਾਜ਼ਾਂ ਲਾ ਲਾ ਕੇ ਸਭ ਤਰ੍ਹਾਂ ਦੇ ਮੰਤਰ ਸਿੱਧ ਕਰਨ ਦੇ ਤਰੀਕੇ ਦੱਸਣ ਲੱਗੇ। ਉਨ੍ਹਾਂ ਕਈ ਤਰ੍ਹਾਂ ਦੇ ਰੂਪ ਵਟਾ ਲਏ ਭਾਵ ਵੱਖ ਵੱਖ ਤਰ੍ਹਾਂ ਦੀਆਂ ਸ਼ਕਲਾਂ ਜਿਵੇਂ ਸ਼ੇਰ, ਬਘਿਆੜ ਆਦਿ ਦਾ ਰੂਪ ਧਾਰ ਲਿਆ ਅਤੇ ਕੌਤਕ ਦਿਖਾਉਣ ਲੱਗੇ। ਕੋਈ ਖੰਭ ਲਾ ਕੇ ਪੰਛੀਆਂ ਵਾਂਗ ਉਡਣ ਲੱਗਾ, ਅਸਮਾਨੀ ਤਾਰੀਆਂ ਲਾਉਣ ਲੱਗਾ ਅਤੇ ਕੋਈ ਸੱਪ ਬਣ ਕੇ ਫੁੰਕਾਰੇ ਮਾਰਨ ਲੱਗਾ। ਕਈਆਂ ਨੇ ਅੱਗ ਵਰਸਾਉਣੀ ਸ਼ੁਰੂ ਕਰ ਦਿੱਤੀ। ਭੰਗਰ ਨਾਥ ਤਾਰੇ ਤੋੜਨ ਲੱਗਾ ਅਤੇ ਕਈਆਂ ਨੇ ਮ੍ਰਿਗਸ਼ਾਲਾ ‘ਤੇ ਚੜ੍ਹ ਕੇ ਪਾਣੀ ‘ਤੇ ਤੈਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਏਨਾ ਕੁਝ ਕਰਕੇ ਵੀ ਸਿੱਧਾਂ ਦੀ ਅੱਗ ਬੁਝਾਈ ਹੋਈ ਬੁਝ ਨਹੀਂ ਸੀ ਰਹੀ ਭਾਵ ਏਨੀਆਂ ਕਰਾਮਾਤਾਂ ਦਿਖਾ ਕੇ ਵੀ ਉਨ੍ਹਾਂ ਦੀ ਕ੍ਰੋਧ ਦੀ ਅੱਗ ਸ਼ਾਂਤ ਨਹੀਂ ਸੀ ਹੋ ਰਹੀ:
ਇਹਿ ਸੁਣਿ ਬਚਨਿ ਜੋਗੀਸਰਾਂ
ਮਾਰਿ ਕਿਲਕ ਬਹੁ ਰੂਇ ਉਠਾਈ।
ਖਟਿ ਦਰਸਨ ਕਉ ਖੇਦਿਆ
ਕਲਿਜੁਗਿ ਨਾਨਕ ਬੇਦੀ ਆਈ।
ਸਿਧਿ ਬੋਲਨਿ ਸਭਿ ਅਵਖਧੀਆ
ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ।
ਰੂਪ ਵਟਾਏ ਜੋਗੀਆਂ ਸਿੰਘ ਬਾਘਿ
ਬਹੁ ਚਲਿਤਿ ਦਿਖਾਈ।
ਇਕਿ ਪਰਿ ਕਰਿ ਕੈ ਉਡਰਨਿ ਪੰਖੀ
ਜਿਵੈ ਰਹੇ ਲੀਲਾਈ।
ਇਕ ਨਾਗ ਹੋਇ ਪਉਣ ਛੋੜਿਆ
ਇਕਨਾ ਵਰਖਾ ਅਗਨਿ ਵਸਾਈ।
ਤਾਰੇ ਤੋੜੇ ਭੰਗਰਿਨਾਥ
ਇਕ ਚੜਿ ਮਿਰਗਾਨੀ ਜਲੁ ਤਰਿ ਜਾਈ।
ਸਿਧਾ ਅਗਨਿ ਨ ਬੁਝੈ ਬੁਝਾਈ॥੪੧॥
ਸਿੱਧਾਂ ਜੋਗੀਆਂ ਦਾ ਕਰਾਮਾਤਾਂ ਤੇ ਰਿੱਧੀਆਂ ਸਿੱਧੀਆਂ ‘ਚ ਹੀ ਵਿਸ਼ਵਾਸ ਸੀ ਅਤੇ ਸਮਝਦੇ ਸੀ ਕਿ ਇਹ ਹੀ ਸਭ ਤੋਂ ਵੱਡੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਰਾਹੀਂ ਦੂਸਰਿਆਂ ‘ਤੇ ਆਪਣੀ ਸ਼ਕਤੀ ਦਾ ਰੋਅਬ ਪਾਇਆ ਜਾ ਸਕਦਾ ਹੈ ਜਾਂ ਦੂਸਰਿਆਂ ਨੂੰ ਡਰਾਇਆ ਜਾ ਸਕਦਾ ਹੈ। ਪਰ ਗੁਰੂ ਨਾਨਕ ਨੇ ਜਪੁਜੀ ਵਿਚ ਰਿਧੀਆਂ ਸਿੱਧੀਆਂ ਨੂੰ ‘ਰਿਧਿ ਸਿਧਿ ਅਵਰਾ ਸਾਦ’ ਕਿਹਾ ਹੈ। ਉਨ੍ਹਾਂ ਦੇ ਇਸ ਉਤਰ ਤੋਂ ਬਾਅਦ ਕਿ ਕੁਝ ਪ੍ਰਾਪਤ ਕਰਨ ਲਈ ਮਨੁੱਖ ਨੂੰ ਕੁਝ ਦੇਣਾ ਪੈਂਦਾ ਹੈ, ਸਿੱਧ ਹੋਰ ਖਿਝ ਗਏ ਤੇ ਕਹਿਣ ਲੱਗੇ ਕਿ ਤੁਸੀਂ ਜਗਤ ਨੂੰ ਕੀ ਕਰਾਮਾਤ ਦਿਖਾਈ ਹੈ, ਸਾਨੂੰ ਵੀ ਕੁਝ ਦੱਸੋ, ਦੇਰ ਕਿਉਂ ਕੀਤੀ ਹੈ? ਸਿੱਧਾਂ ਨੇ ਦੇਖਿਆ ਸੀ ਕਿ ਸ਼ਿਵਰਾਤਰੀ ਦੇ ਮੇਲੇ ‘ਤੇ ਕਿਸ ਤਰ੍ਹਾਂ ਲੋਕਾਈ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਨਤਮਸਤਕ ਹੋ ਰਹੀ ਸੀ। ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਏਨੀ ਦੁਨੀਆਂ ਤੁਹਾਡੇ ਮਗਰ ਲੱਗੀ ਹੈ, ਤੁਸੀਂ ਉਨ੍ਹਾਂ ਨੂੰ ਕੋਈ ਕਰਾਮਾਤ ਦਿਖਾਈ ਹੋਵੇਗੀ, ਸਾਨੂੰ ਵੀ ਦਿਖਾਉ ਕਿਉਂਕਿ ਉਨ੍ਹਾਂ ਦੇ ਆਪਣੇ ਮੱਤ ਅਨੁਸਾਰ ਦੁਨੀਆਂ ਤੁਹਾਡੇ ਪਿੱਛੇ ਡਰ ਵਿਚੋਂ ਹੀ ਲਗਦੀ ਹੈ ਅਤੇ ਅਜਿਹਾ ਡਰ ਜਾਂ ਭੈ ਕਰਾਮਾਤੀ ਸ਼ਕਤੀਆਂ ਦਿਖਾ ਕੇ ਹੀ ਪੈਦਾ ਕੀਤਾ ਜਾ ਸਕਦਾ ਹੈ।
ਗੁਰੂ ਨਾਨਕ ਇਸ ਦਾ ਉਤਰ ਦਿੰਦੇ ਹਨ ਕਿ ਨਾਥ ਜੀ! (ਬਾਬਾ ਨਾਨਕ ਜੋਗੀਆਂ ਨਾਲ ਸਤਿਕਾਰ ਵਾਲੀ ਬੋਲੀ ਵਰਤ ਰਹੇ ਸਨ) ਸਾਡੇ ਕੋਲ ਇਸ ਕਿਸਮ ਦੀ ਦਿਖਾਉਣ ਵਾਲੀ ਕੋਈ ਸ਼ੈ ਨਹੀਂ ਹੈ, ਅਸੀਂ ਕੋਈ ਕਰਾਮਾਤ ਨਹੀਂ ਕਰਦੇ। ਸਾਡੇ ਕੋਲ ਸਭ ਤੋਂ ਵੱਡੀ ਵਸਤ ਹੈ, ਗੁਰੂ ਦੀ ਸੰਗਤ ਤੇ ਬਾਣੀ ਅਤੇ ਉਹ ਅਕਾਲ ਪੁਰਖ ਭਾਵ ਸਾਡਾ ਆਸਰਾ ਰੱਬੀ ਬਾਣੀ ਅਤੇ ਸਤਿਸੰਗਤਿ ਹੈ। ਉਸ ਅਕਾਲ ਪੁਰਖ ਤੋਂ ਬਿਨਾ ਅਸੀਂ ਹੋਰ ਕਿਸੇ ਚੀਜ਼ ਦਾ ਆਸਰਾ ਨਹੀਂ ਤੱਕਿਆ। ਸਾਰਿਆਂ ਨੂੰ ਤਾਰਨ ਵਾਲਾ ਉਹ ਇੱਕ ਅਕਾਲ ਪੁਰਖ, ਸਭ ਦਾ ਪਰਵਰਦਗਾਰ ਹੈ ਜੋ ਸਭ ‘ਤੇ ਬਖਸਿਸ਼ ਕਰਦਾ ਹੈ, ਉਹ ਸਭ ਸ਼ਕਤੀਆਂ ਦਾ ਮਾਲਕ ਤੇ ਸਦੀਵੀ ਹੈ, ਅਟੱਲ ਹੈ, ਬਾਕੀ ਸਾਰਾ ਸੰਸਾਰ ਚਲਾਇਮਾਨ ਹੈ, ਉਸ ਤੋਂ ਬਿਨਾ ਕੁਝ ਵੀ ਸਥਿਰ ਨਹੀਂ ਹੈ। ਇਸ ਤਰ੍ਹਾਂ ਸਿੱਧ ਹਰ ਤਰ੍ਹਾਂ ਦੇ ਤੰਤਰ ਮੰਤਰ ਕਰ ਕੇ ਹਾਰ ਗਏ। ਗੁਰੂ ਦੇ ਸ਼ਬਦ ਨੇ ਉਨ੍ਹਾਂ ਦੀ ਕਲਾ ਨੂੰ ਛਪਾ ਦਿੱਤਾ, ਗੁਰੂ ਦੇ ਸ਼ਬਦ ਅੱਗੇ ਉਹ ਨਿਰੁੱਤਰ ਹੋ ਗਏ।
ਗੁਰੂ ਨਾਨਕ ਉਨ੍ਹਾਂ ਨੂੰ ‘ਦੱਦੇ’ ਅੱਖਰ ਦਾ ਅਰਥ ਸਮਝਾਉਂਦੇ ਹਨ ਕਿ ਦੱਦੇ ਤੋਂ ਦਾਤਾ ਰੂਪ ਆਪ ਹੀ ਗੁਰੂ ਹੈ ਅਤੇ ਕੱਕੇ ਦਾ ਅਰਥ ਹੈ ਕਿ ਉਸ ਪਰਵਰਦਗਾਰ ਦੀ ਕੀਮਤ ਕੋਈ ਵੀ ਨਹੀਂ ਪਾ ਸਕਿਆ। ਬਾਬੇ ਨਾਨਕ ਦੇ ਕਹਿਣ ਦਾ ਭਾਵ ਹੈ, ਮਨੁੱਖ ਭਾਵੇਂ ਕਿੰਨਾ ਵੀ ਸ਼ਕਤੀਮਾਨ ਹੋ ਜਾਵੇ, ਰਿੱਧੀਆਂ-ਸਿੱਧੀਆਂ ਤੇ ਕਰਾਮਾਤਾਂ ਦਾ ਮਾਲਕ ਹੋ ਜਾਵੇ ਪਰ ਉਸ ਬੇਅੰਤ ਅਕਾਲ ਪੁਰਖ ਦੀ ਕੀਮਤ ਨਹੀਂ ਪਾ ਸਕਦਾ। ਆਖਰੀ ਤੁਕ ‘ਚ ਭਾਈ ਗੁਰਦਾਸ ਆਪਣਾ ਨਿਰਣਾ ਦਿੰਦੇ ਹਨ ਕਿ ਇੰਜ ਨਿਮਾਣੇ ਹੋ ਕੇ ਸਿੱਧ ਗੁਰੂ ਨਾਨਕ ਦੀ ਸ਼ਰਨ ਪੈ ਗਏ:
ਸਿਧਿ ਬੋਲਨਿ ਸੁਣਿ ਨਾਨਕਾ!
ਤੁਹਿ ਜਗ ਨੋ ਕਰਾਮਾਤਿ ਦਿਖਾਈ।
ਕੁਝੁ ਵਿਖਾਲੇਂ ਅਸਾਂ ਨੋ
ਤੁਹਿ ਕਿਉਂ ਢਿਲ ਅਵੇਹੀ ਲਾਈ?
ਬਾਬਾ ਬੋਲੇ, ਨਾਥ ਜੀ!
ਅਸਿ ਵੇਖਣਿ ਜੋਗੀ ਵਸਤੁ ਨ ਕਾਈ।
ਗੁਰੁ ਸੰਗਤਿ ਬਾਣੀ ਬਿਨਾ
ਦੂਜੀ ਓਟ ਨਹੀ ਹੈ ਰਾਈ।
ਸਿਵ ਰੂਪੀ ਕਰਤਾ ਪੁਰਖੁ ਚਲੇ
ਨਾਹੀ ਧਰਤਿ ਚਲਾਈ।
ਸਿਧਿ ਤੰਤ੍ਰ ਮੰਤ੍ਰਿ ਕਰਿ ਝੜਿ ਪਏ
ਸਬਦਿ ਗੁਰੂ ਕੇ ਕਲਾ ਛਪਾਈ।
ਦਦੇ ਦਾਤਾ ਗੁਰੂ ਹੈ ਕਕੇ
ਕੀਮਤਿ ਕਿਨੈ ਨ ਪਾਈ।
ਸੋ ਦੀਨ ਨਾਨਕ ਸਤਿਗੁਰੁ ਸਰਣਾਈ॥੪੨॥
ਇਹ ਮੰਨਿਆ ਜਾਂਦਾ ਹੈ ਕਿ ਰਾਗ ਰਾਮਕਲੀ ਵਿਚ ਦਰਜ ਬਾਣੀ ‘ਸਿਧ ਗੋਸਟਿ’ ਅਚਲ ਵਟਾਲੇ ਸ਼ਿਵਰਾਤਰੀ ਦੇ ਮੇਲੇ ‘ਤੇ ਹੋਈ ਸੀ। ‘ਸਿਧ ਗੋਸਟਿ’ ਵਿਚ ਵੀ ਦਰਜ ਹੈ ਕਿ ਜਦੋਂ ਜੋਗੀ ਗੁਰੂ ਨਾਨਕ ਨੂੰ ‘ਉਦਾਸੀ’ ਭੇਖ ਧਾਰਨ ਕਰਨ ਦਾ ਕਾਰਨ ਪੁਛਦੇ ਹਨ ਕਿ ਉਨ੍ਹਾਂ ਕਿਉਂ ਘਰ-ਬਾਰ ਛੱਡਿਆ ਅਤੇ ਉਦਾਸੀਆਂ ਵਾਲਾ ਬਾਣਾ ਪਹਿਨਿਆ? (ਇਹ ਪੁੱਛਣ ਦਾ ਕਾਰਨ ਇਹ ਸੀ ਕਿ ਜਦੋਂ ਗੁਰੂ ਨਾਨਕ ਸਿੱਧਾਂ ਨੂੰ ਸੁਮੇਰ ਪਰਬਤ ‘ਤੇ ਮਿਲੇ, ਉਦੋਂ ਉਨ੍ਹਾਂ ਨੇ ਉਦਾਸੀਆਂ ਵਾਲਾ ਵੇਸ ਬਣਾਇਆ ਹੋਇਆ ਸੀ। ਪਿਛਲੇ ਲੇਖਾਂ ਵਿਚ ਇਹ ਜ਼ਿਕਰ ਹੋ ਚੁੱਕਾ ਹੈ)। ਤੁਸੀਂ ਕਿਸ ਸੌਦੇ ਦੇ ਵਪਾਰੀ ਹੋ ਅਰਥਾਤ ਤੁਹਾਡਾ ਮਕਸਦ ਕੀ ਹੈ? ਅਤੇ ਇਸ ਸੰਸਾਰ ਸਾਗਰ ਤੋਂ ਆਪਣੇ ਸੰਗੀਆਂ ਨੂੰ, ਆਪਣੀ ਜਮਾਤ ਨੂੰ ਕਿਵੇਂ ਪਾਰ ਲੈ ਕੇ ਜਾਉਗੇ? ਤੁਸੀਂ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਲਈ ਕਿਹੜਾ ਰਾਹ ਦੱਸਿਆ ਹੈ? ਗੁਰੂ ਨਾਨਕ ਇਥੇ ਸਿੱਧਾਂ ਨੂੰ ਆਪਣੀਆਂ ਉਦਾਸੀਆਂ ਦਾ ਮਕਸਦ ਦੱਸਦੇ ਹਨ ਕਿ ਅਸੀਂ ਗੁਰਮੁਖਾਂ ਨੂੰ ਲੱਭਣ ਲਈ ਉਦਾਸੀ ਬਣੇ ਸੀ ਅਤੇ ਗੁਰਮੁਖਾਂ ਦੇ ਦਰਸ਼ਨਾਂ ਲਈ ਉਦਾਸੀਆਂ ਦਾ ਭੇਖ ਧਾਰਨ ਕੀਤਾ ਸੀ। ਉਹ ਅੱਗੇ ਦੱਸਦੇ ਹਨ ਕਿ ਅਕਾਲ ਪੁਰਖ ਦੇ ਸੱਚੇ ਨਾਮ ਦੇ ਸੌਦੇ ਦੇ ਵਪਾਰੀ ਹਾਂ ਤੇ ਸੰਸਾਰ ਸਾਗਰ ਤੋਂ ਪਾਰ ਲੰਘਣ ਦਾ ਰਾਸਤਾ ਗੁਰਮੁਖਾਂ ਦਾ ਰਾਸਤਾ ਹੈ ਅਰਥਾਤ ਜੋ ਮਨੁੱਖ ਗੁਰੂ ਦੇ ਦੱਸੇ ਰਾਸਤੇ ‘ਤੇ ਚੱਲਦਾ ਹੈ, ਨਾਮ ਦਾ ਅਨੁਸਾਰੀ ਬਣਦਾ ਹੈ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸਿੱਧ ਪ੍ਰਸ਼ਨ ਕਰਦੇ ਹਨ:
ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ॥
ਕਿਸੁ ਕਾਰਣਿ ਇਹੁ ਭੇਖੁ ਨਿਵਾਸੀ॥
ਕਿਸੁ ਵਖਰ ਕੇ ਤੁਮ ਵਣਜਾਰੇ॥
ਕਿਉ ਕਰਿ ਸਾਥੁ ਲੰਘਾਵਹੁ ਪਾਰੇ॥੧੭॥
ਅਤੇ ਗੁਰੂ ਨਾਨਕ ਦਾ ਸਿੱਧਾਂ ਨੂੰ ਉਤਰ ਹੈ:
ਗੁਰਮੁਖਿ ਖੋਜਤ ਭਏ ਉਦਾਸੀ॥
ਦਰਸਨ ਕੈ ਤਾਈ ਭੇਖ ਨਿਵਾਸੀ॥
ਸਾਚ ਵਖਰ ਕੇ ਹਮ ਵਣਜਾਰੇ॥
ਨਾਨਕ ਗੁਰਮੁਖਿ ਉਤਰਸਿ ਪਾਰੇ॥੧੮॥
(ਪੰਨਾ ੯੩੯)
ਭਾਈ ਗੁਰਦਾਸ ਸਿੱਧਾਂ ਨਾਲ ਇਸ ਵਾਰਤਲਾਪ ਨੂੰ ਜਾਰੀ ਰੱਖਦਿਆਂ ਦੱਸਦੇ ਹਨ, ਬਾਬਾ ਨਾਨਕ ਸਿੱਧਾਂ ਨੂੰ ਬਚਨ ਕਰਦੇ ਹਨ ਕਿ ਨਾਥ ਜੀ ਜੋ ਸੱਚ ਬਚਨ ਮੈਂ ਆਪਣੇ ਮੂੰਹ ਤੋਂ ਬੋਲ ਰਿਹਾ ਹਾਂ, ਉਸ ਸ਼ਬਦ ਨੂੰ ਸੁਣੋ। ਮੇਰੇ ਕੋਲ ਉਸ ਅਕਾਲ ਪੁਰਖ ਦੇ ਸੱਚੇ ਨਾਮ ਤੋਂ ਬਿਨਾ ਹੋਰ ਕਿਸੇ ਕਿਸਮ ਦੀਆਂ ਕਰਾਮਾਤਾਂ ਨਹੀਂ ਹਨ, ਤੁਹਾਨੂੰ ਦਿਖਾਉਣ ਵਾਸਤੇ। ਸਿੱਧ ਜੋਗੀ ਕਿਉਂਕਿ ਕਠਿਨ ਤਪੱਸਿਆ ਅਤੇ ਹਠ ਜੋਗ ਵਗੈਰਾ ਰਾਹੀਂ ਸਰੀਰ ਨੂੰ ਕਸ਼ਟ ਦੇ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਨੂੰ ਹੀ ਮੁਕਤੀ ਦਾ ਰਸਤਾ ਮੰਨਦੇ ਹਨ; ਇਸ ਲਈ ਗੁਰੂ ਨਾਨਕ ਉਨ੍ਹਾਂ ਦੀ ਹੀ ਬੋਲੀ ਰਾਹੀਂ ਉਨ੍ਹਾਂ ਨੂੰ ਸਮਝਾਉਂਦੇ ਹਨ। ਬਾਬਾ ਨਾਨਕ ਹਵਾਲਾ ਦਿੰਦੇ ਹਨ ਕਿ ਮੰਨ ਲਵੋ ਮੇਰੇ ਕੋਲ ਇਸ ਕਿਸਮ ਦੀ ਅਦੁੱਤੀ ਸ਼ਕਤੀ ਹੋਵੇ ਕਿ ਮੈਂ ਅੱਗ ਦੇ ਕੱਪੜੇ ਪਹਿਨਾਂ, ਹਿਮਾਲਾ ਦੀਆਂ ਚੋਟੀਆਂ ਤੇ ਬਰਫ ਦੇ ਮੰਦਿਰਾਂ ਵਿਚ ਜਾ ਕੇ ਰਹਾਂ (ਸਿੱਧ ਇਹੀ ਕੁਝ ਕਰਦੇ ਸੀ ਅਤੇ ਉਦੋਂ ਹੈਰਾਨ ਹੋਏ ਸੀ ਜਦੋਂ ਗੁਰੂ ਨਾਨਕ ਉਨ੍ਹਾਂ ਨੂੰ ਸੁਮੇਰ ਪਰਬਤ ‘ਤੇ ਜਾ ਕੇ ਮਿਲੇ ਕਿ ਬਾਬਾ ਨਾਨਕ ਉਨ੍ਹਾਂ ਤੱਕ ਕਿਵੇਂ ਪਹੁੰਚ ਗਏ)। ਆਪਣਾ ਖਾਣਾ ਮੈਂ ਲੋਹੇ ਵਰਗੀ ਸਖਤ ਚੀਜ਼ ਨੂੰ ਬਣਾ ਲਵਾਂ ਅਤੇ ਸਾਰੀ ਧਰਤੀ ਨੂੰ ਨੱਥ ਕੇ ਆਪਣੇ ਹੁਕਮ ਅਨੁਸਾਰ ਚਲਾਵਾਂ; ਆਪਣੀ ਤਾਕਤ ਦਾ ਏਨਾ ਵਿਸਥਾਰ ਕਰ ਲਵਾਂ ਕਿ ਸਾਰੀ ਧਰਤੀ ਹਿੱਕੀ ਹੋਈ ਮੇਰੇ ਹੁਕਮ ਅਨੁਸਾਰ ਤੁਰੀ ਚੱਲੇ। ਸਾਰੀ ਧਰਤੀ ਅਤੇ ਆਕਾਸ਼ ਨੂੰ ਇੱਕ ਛਾਬੇ ਵਿਚ ਰੱਖ ਕੇ ਦੂਸਰੇ ਛਾਬੇ ਵਿਚ ਵੱਟੇ ਪਾ ਕੇ ਤੋਲ ਲਵਾਂ; ਮੇਰੇ ਵਿਚ ਏਨਾ ਬਲ ਹੋਵੇ ਕਿ ਜਿਸ ਨੂੰ ਵੀ ਚਾਹਾਂ ਉਸ ਕੋਲੋਂ ਆਪਣੀ ਮਰਜ਼ੀ ਅਨੁਸਾਰ ਕੁਝ ਵੀ ਕਰਵਾ ਲਵਾਂ। ਇਸ ਸਭ ਕੁਝ ਦੇ ਬਾਵਜੂਦ, ਇਹ ਜੋ ਕੁਝ ਵੀ ਹੈ ਬੱਦਲ ਦੀ ਛਾਂ ਵਾਂਗ ਹੈ ਜੋ ਆਉਂਦੀ ਅਤੇ ਚਲੀ ਜਾਂਦੀ ਹੈ।
ਬਾਬਾ ਜੀ ਦੇ ਕਹਿਣ ਦਾ ਭਾਵ ਹੈ ਕਿ ਸੰਸਾਰੀ ਤਾਕਤ, ਵਸਤਾਂ ਨਿਹਮਤਾਂ ਸਭ ਕੁਝ ਚਲਾਏਮਾਨ ਹਨ, ਇਹ ਤਾਕਤ, ਇਹ ਵਸਤਾਂ ਸਦੀਵੀ ਨਹੀਂ ਹਨ; ਸਦੀਵੀ ਤਾਂ ਉਸ ਅਕਾਲ ਪੁਰਖ ਦਾ ਸੱਚਾ ਨਾਮ ਹੈ ਜੋ ਮਨੁੱਖ ਦੇ ਨਾਲ ਜਾਂਦਾ ਹੈ। ਇਹ ਕਰਾਮਾਤਾਂ ਵਗੈਰਾ ਸਭ ਨਾਟਕ-ਚੇਟਕ ਹਨ। ਉਸ ਅਕਾਲ ਪੁਰਖ ਦੇ ਸੱਚੇ ਨਾਮ ਤੋਂ ਬਿਨਾ ਇਨ੍ਹਾਂ ਦਾ ਕੋਈ ਅਧਿਆਤਮਕ ਲਾਭ ਨਹੀਂ ਹੈ:
ਬਾਬਾ ਬੋਲੇ ਨਾਥ ਜੀ!
ਸਬਦੁ ਸੁਨਹੁ ਸਚੁ ਮੁਖਹੁ ਅਲਾਈ।
ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ
ਅਸਾਂ ਤੇ ਨਾਹੀ।

ਬਸਤਰਿ ਪਹਿਰੌ ਅਗਨਿ ਕੈ
ਬਰਫ ਹਿਮਾਲੇ ਮੰਦਰੁ ਛਾਈ।
ਕਰੌ ਰਸੋਈ ਸਾਰਿ ਦੀ
ਸਗਲੀ ਧਰਤੀ ਨਥਿ ਚਲਾਈ।
ਏਵਡੁ ਕਰੀ ਵਿਥਾਰਿ ਕਉ
ਸਗਲੀ ਧਰਤੀ ਹਕੀ ਜਾਈ।
ਤੋਲੀ ਧਰਤਿ ਅਕਾਸਿ ਦੁਇ
ਪਿਛੇ ਛਾਬੇ ਟੰਕੁ ਚੜਾਈ।
ਇਹਿ ਬਲੁ ਰਖਾ ਆਪਿ ਵਿਚਿ
ਜਿਸੁ ਆਖਾ ਤਿਸੁ ਪਾਸਿ ਕਰਾਈ।
ਸਤਿ ਨਾਮੁ ਬਿਨੁ ਬਾਦਰਿ ਛਾਈ॥੪੩॥
ਗੁਰੂ ਨਾਨਕ ਦੇਵ ਸਿਰੀ ਰਾਗ ਦੇ ਸ਼ੁਰੂ ਵਿਚ ਹੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਜੇ ਮੋਤੀਆਂ ਦੇ ਮੇਰੇ ਮਹਿਲ ਮਾੜੀਆਂ ਉਸਰ ਪੈਣ ਅਤੇ ਉਹ ਰਤਨਾਂ ਨਾਲ ਜੜਾਊ ਹੋ ਜਾਣ, ਉਨ੍ਹਾਂ ਦੀ ਲਪਾਈ ਕਸਤੂਰੀ, ਕੇਸਰ, ਚੰਦਨ ਨਾਲ ਹੋ ਜਾਵੇ (ਇਹ ਸਭ ਚੰਗੀਆਂ ਖੁਸ਼ਬੋਦਾਰ ਚੀਜ਼ਾਂ ਹਨ); ਫਿਰ ਵੀ ਇਹ ਸਭ ਕੁਝ ਵਿਅਰਥ ਹੈ। ਹੇ ਅਕਾਲ ਪੁਰਖ! ਇਨ੍ਹਾਂ ਚੀਜ਼ਾਂ ਸਦਕਾ ਮੈਂ ਤੈਨੂੰ ਭੁਲਾ ਨਾ ਬੈਠਾਂ, ਤੂੰ ਮੈਨੂੰ ਵਿਸਰ ਨਾ ਜਾਏਂ, ਤੇਰਾ ਨਾਮ ਮੇਰੇ ਅੰਦਰ ਟਿਕਿਆ ਰਹੇ। ਅੱਗੇ ਫਰਮਾਉਂਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਪੁੱਛ ਲਿਆ ਹੈ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ, ਉਸ ਤੋਂ ਵਿਛੜ ਕੇ ਸਭ ਕੁਝ ਸੜ ਬਲ ਜਾਂਦਾ ਹੈ।
ਇਸੇ ਸ਼ਬਦ ਵਿਚ ਸਾਰੀਆਂ ਸੰਸਾਰਕ ਪ੍ਰਾਪਤੀਆਂ ਨੂੰ ਗਿਣਨ ਤੋਂ ਬਾਅਦ ਬਾਬਾ ਨਾਨਕ ਰਿੱਧੀਆਂ ਸਿੱਧੀਆਂ ਦੀ ਗੱਲ ਕਰਦੇ ਹਨ ਕਿ ਜੇ ਮੈਂ ਇੱਕ ਪਹੁੰਚਿਆ ਹੋਇਆ ਜੋਗੀ ਬਣ ਜਾਵਾਂ, ਜੋਗ-ਸਮਾਧੀ ਦੀਆਂ ਹਰ ਤਰ੍ਹਾਂ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਮੇਰੇ ਅੰਦਰ ਏਨੀ ਜੋਗ ਦੀ ਸ਼ਕਤੀ ਆ ਜਾਵੇ ਕਿ ਮੈਂ ਪ੍ਰਾਪਤ ਹੋ ਸਕਣ ਵਾਲੀਆਂ ਤਾਕਤਾਂ ਨੂੰ ਅਵਾਜ਼ ਮਾਰਾਂ ਤੇ ਉਹ ਹਾਜ਼ਰ ਹੋ ਜਾਣ। ਜੋਗ ਦੀ ਤਾਕਤ ਨਾਲ ਜੇ ਮੈਂ ਚਾਹਾਂ ਤਾਂ ਛੁਪ ਜਾਵਾਂ ਅਤੇ ਜੇ ਚਾਹਵਾਂ ਤਾਂ ਪਰਗਟ ਹੋ ਜਾਵਾਂ। ਸਾਰਾ ਸੰਸਾਰ ਮੇਰਾ ਆਦਰ ਕਰੇ। ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਪਰਵਰਦਗਾਰ ਇਨ੍ਹਾਂ ਪ੍ਰਾਪਤੀਆਂ ਸਦਕਾ ਮੈਂ ਕਦੇ ਵੀ ਤੈਨੂੰ ਭੁੱਲ ਨਾ ਜਾਵਾਂ ਮੇਰੀ ਇਹ ਅਰਦਾਸ ਹੈ, ਤੂੰ ਮੈਨੂੰ ਕਦੀ ਵਿਸਾਰ ਨਾ ਦੇਵੇਂ, ਇਹ ਨਾ ਹੋਵੇ ਕਿ ਤੇਰਾ ਨਾਮ ਮੇਰੇ ਮਨ ਅੰਦਰ ਨਾ ਟਿਕੇ। ਇਥੇ ਵੀ ਇਹੀ ਭਾਵ ਉਜਾਗਰ ਕੀਤਾ ਹੈ ਕਿ ਅਕਾਲ ਪੁਰਖ ਦਾ ਨਾਮ ਸਾਰੀਆਂ ਪ੍ਰਾਪਤੀਆਂ ਤੋਂ ਉਪਰ ਹੈ। (ਪੰਨਾ ੧੪)