ਕਿਰਦਾਰ, ਲੋਕ ਅਤੇ ਰਾਜ

ਅਵਤਾਰ ਸਿੰਘ (ਪ੍ਰੋæ)
ਫੋਨ: 91-94175-18384
ਬੜੀ ਪੁਰਾਣੀ ਗੱਲ ਹੈ। ਪਿਤਾ ਜੀ ਨਾਲ ਨਵਾਂ ਸ਼ਹਿਰ ਦੇ ਨਜ਼ਦੀਕ ਹਿਆਲੇ ਦਾ ਜੋੜ ਮੇਲਾ ਦੇਖਣ ਜਾ ਰਿਹਾ ਸਾਂ। ਸਾਡੇ ਕੋਲੋਂ ਰੇਲ ਲੰਘੀ, ਜੋ ਨੱਕੋ ਨੱਕ ਭਰੀ ਹੋਈ ਸੀ। ਬਹੁਤ ਸਾਰੇ ਲੋਕ ਡੱਬਿਆਂ ਦੇ ਉਪਰ ਵੀ ਚੜ੍ਹੇ ਹੋਏ ਸਨ। ਪਿਤਾ ਜੀ ਨੇ ਦੇਖਿਆ ਤੇ ਕਿਹਾ, “ਸਭ ਬਟੌਟ।” ਮੈਂ ਪੁਛਿਆ, ਬਟੌਟ ਕੀ ਹੁੰਦਾ? ਕਹਿੰਦੇ, ਜਿਹੜੇ ਟਿਕਟ ਨਹੀਂ ਲੈਂਦੇ। ਇਹ ਗੱਲ ਸਮਝ ਆ ਗਈ। ਪਰ ਬਟੌਟ ਦਾ ਅਰਥ ਦਸਵੀਂ ‘ਚ ਜਾ ਕੇ ਪਤਾ ਲੱਗਾ ਕਿ ਉਹ “ਵਿਦਾਊਟ” ਨੂੰ ਬਟੌਟ ਕਹਿ ਰਹੇ ਸਨ। ਉਹ ਬੜਾ ਕਮ-ਖਰਚ ਜ਼ਮਾਨਾ ਸੀ, ਜਿਸ ਕਰਕੇ ਲੋਕ ਟਿਕਟ ਲੈਣ ਤੋਂ ਆਨੇ-ਬਹਾਨੇ ਟਾਲਾ ਵੱਟਦੇ ਸਨ।

ਪਰ ਹੁਣ ਕਮ-ਖਰਚੀ ਦਾ ਨਹੀਂ, ਖਪਤਕਾਰੀ ਅਤੇ ਖਰਚਦਾਰੀ ਦਾ ਜ਼ਮਾਨਾ ਹੈ। ਪੁਰਾਣੇ ਸਮਿਆਂ ਵਿਚ ਨਵੀਂ ਹੱਟੀ ਨੂੰ ਕਈ ਕਈ ਸਾਲ ਚੱਟੀ ਭਰਨੀ ਪੈਂਦੀ ਸੀ; ਇਕ ਦਮ ਖੱਟੀ ਨਹੀਂ ਸੀ ਹੁੰਦੀ। ਪਰ ਹੁਣ ਜਦ ਵੀ ਕੋਈ ਨਵਾਂ ਅਤੇ ਵੱਡਾ ਮਾਲ ਖੁੱਲ੍ਹਦਾ ਹੈ ਤਾਂ ਪੁਰਾਣਾ ਫੇਲ੍ਹ ਹੋ ਜਾਂਦਾ ਹੈ ਤੇ ਨਵਾਂ ਮਾਲਾ ਮਾਲ ਹੋ ਜਾਂਦਾ ਹੈ, ਜਿਥੇ ਰੱਜੇ ਹੋਏ ਲੋਕ ਹੀ ਜਾਂਦੇ ਹਨ ਅਤੇ ਰੱਜ ਰੱਜ ਕੇ ਆਉਂਦੇ ਹਨ।
ਹੁਣ ਕੋਈ ਬਟੌਟ ਨਹੀਂ, ਸਭ ਟਿਕਟ ਕਟਾ ਕੇ ਸਫਰ ਕਰਦੇ ਹਨ। ਸ਼ਾਇਦ ਇਸੇ ਕਰਕੇ ਸਾਡੀ ਰਾਜਨੀਤੀ ਟਿਕਟ ਕੇਂਦ੍ਰਿਤ ਹੋ ਗਈ ਹੈ। ਉਹ ਵੀ ਦਿਨ ਸਨ ਜਦ ਸਾਡੀ ਰਾਜਨੀਤੀ ਵਿਚ ਵਰਕਰਾਂ ਦੀ ਭਰਮਾਰ ਹੁੰਦੀ ਸੀ, ਜੋ ਕਿਸੇ ਅਜਿਹੇ ਬੰਦੇ ਦੇ ਬੰਦੇ ਹੁੰਦੇ ਸਨ, ਜੋ ਅੱਗੋਂ ਕਿਸੇ ਪਾਰਟੀ ਦਾ ਬੰਦਾ ਹੁੰਦਾ ਸੀ ਅਤੇ ਪਾਰਟੀ ਦੇ ਕੋਈ ਵਿਚਾਰ ਅਤੇ ਅਸੂਲ ਹੁੰਦੇ ਸਨ। ਹੁਣ ਨਾ ਕਿਸੇ ਪਾਰਟੀ ਦਾ ਅਸੂਲ ਹੈ, ਨਾ ਕਿਸੇ ਬੰਦੇ ਦਾ ਤੇ ਨਾ ਕਿਸੇ ਵਰਕਰ ਦਾ।
ਕਿਸੇ ਵੀ ਇਲਾਕੇ, ਹਲਕੇ ਜਾਂ ਪਾਰਟੀ ਦਾ ਕੋਈ ਇਕ ਹੀ ਚੌਧਰੀ ਹੁੰਦਾ ਹੈ। ਕੋਈ ਹੋਰ ਚੌਧਰ ਘੋਟਣ ਦੀ ਕੋਸ਼ਿਸ਼ ਕਰੇ ਤਾਂ ਬਊ ਬਊ ਕਰਕੇ ਹਲਕੇ ‘ਚੋਂ ਬਾਹਰ ਕਰ ਦਿੰਦੇ ਹਨ। ਜੇ ਕਿਸੇ ਨਵੇਂ ਚੌਧਰੀ ਨੂੰ ਪੁਰਾਣਾ ਚੌਧਰੀ ਹਲਕੇ ‘ਚੋਂ ਬਾਹਰ ਨਾ ਕੱਢ ਸਕੇ ਤਾਂ ਲੋਕ ਇਸ ਤਰ੍ਹਾਂ ਗੱਲਾਂ ਕਰਦੇ ਹਨ ਕਿ ਇਹ ਹੁਣ ਕੀ ਕਰੂਗਾ। ਟਿਕਟ ਤਾਂ ਇਕ ਨੂੰ ਹੀ ਮਿਲਣੀ ਹੈ। ਦੂਸਰੇ ਲੋਕ ਹੱਲ ਦੱਸਦੇ ਹਨ ਕਿ ਇਸ ਨੂੰ ਕਿਤੇ ਹੋਰ ਥਾਂ ‘ਤੇ ਅਡਜਸਟ ਕਰ ਦੇਣਗੇ। ਕਿਤੇ ਚੇਅਰ ਚੁਅਰਮੈਨ ਲਾ ਦੇਣਗੇ।
ਸੱਚ ਮੁਚ ਜਿਹੜੇ ਵੱਡੇ ਅਤੇ ਅਸਲ ਚੌਧਰੀ ਹਨ, ਉਹ ਟਿਕਟ ਲੈਣ ਵਿਚ ਕਾਮਯਾਬ ਹੋ ਜਾਂਦੇ ਹਨ ਜਾਂ ਜਿਹੜੇ ਕਿਸੇ ਨਾ ਕਿਸੇ ਹੀਲੇ ਜਾਂ ਵਸੀਲੇ ਟਿਕਟ ਹਥਿਆ ਲੈਂਦੇ ਹਨ, ਉਹੀ ਅਸਲ ਅਤੇ ਵੱਡੇ ਚੌਧਰੀ ਗਿਣੇ ਜਾਂਦੇ ਹਨ। ਅੱਵਲ ਦਰਜੇ ਦੇ ਟਿਕਟੂ ਚੌਧਰੀ ਪਾਰਲੀਮੈਂਟ ਜਾਂ ਅਸੈਂਬਲੀ ਦਾ ਨਿੱਘ ਮਾਣਦੇ ਹਨ ਤੇ ਦੋਮ, ਤਿੜਕ ਅਤੇ ਮਨੂਰ ਚੌਧਰੀ ਚੇਅਰਮੈਨੀਆਂ ਦੀ ਛਾਂ ਹੇਠ ਜਾ ਬੈਠਦੇ ਹਨ।
ਥੈਲੀਆਂ ਵੱਟੇ ਲਈ ਟਿਕਟ ਨਾਲ ਬਣੇ ਚੌਧਰੀ ਮੁੜ ਥੈਲੀਆਂ ਭਰਨ ਵਿਚ ਮਸ਼ਰੂਫ ਹੋ ਜਾਂਦੇ ਹਨ। ਟਿਕਟ ਮਿਲਣ ਤੋਂ ਪਹਿਲਾਂ ਵੱਡਿਆਂ ਦਰਾਂ ‘ਤੇ ਝੁਕਣ ਵਾਲੇ, ਟਿਕਟ ਮਿਲਣ ਉਪਰੰਤ ਦਰ ਦਰ ‘ਤੇ ਝੁਕਣ ਵਾਲੇ ਲੋਕ, ਜਦ ਜਿੱਤ ਹਥਿਆ ਲੈਂਦੇ ਹਨ ਤਾਂ ਦਰ ਦਰ ਦੇ ਲੋਕ ਉਨ੍ਹਾਂ ਦੇ ਦਰ ‘ਤੇ ਝੁਕਣਾ ਸ਼ੁਰੂ ਕਰ ਦਿੰਦੇ ਹਨ। ਚੌਧਰੀ ਖੁਸ਼ ਹੁੰਦੇ ਹਨ।
ਅਜਿਹੇ ਚੌਧਰੀਆਂ ਦਾ ਨਿੱਤ ਕਰਮ ਇਹ ਬਣ ਜਾਂਦਾ ਹੈ ਕਿ ਉਹ ਹਰ ਰੋਜ਼ ਵੱਡੇ ਤੜਕੇ, ਵੱਡੇ ਘਰ ਵਿਚ ਕਿਸੇ ਵੱਡੇ ਬੰਦੇ ਦੀ ਲੱਤ ਹੇਠੋਂ ਲੰਘ ਕੇ ਸਾਰਾ ਦਿਨ ਹਲਕੇ ਵਿਚ ਵਿਚਰਦੇ ਹੋਏ ਹਰ ਜਣੇ-ਖਣੇ ਨੂੰ ਆਪਣੀ ਲੱਤ ਹੇਠੋਂ ਲੰਘਾਉਂਦੇ ਹਨ ਤੇ ਵੱਡੇ ਹੋਣ ਦਾ ਭਰਮ ਪਾਲ ਲੈਂਦੇ ਹਨ।
ਲੋਕ ਉਨ੍ਹਾਂ ਸਾਹਮਣੇ ਜਾ ਕੇ ਲੇਲੜ੍ਹੀਆਂ ਕੱਢਦੇ ਹਨ ਕਿ ਸਾਡੀ ਸੜਕ ਪੱਕੀ ਕਰਾ ਦਿਉ, ਨਾਲੀਆਂ ਦੀ ਮੁਰੰਮਤ ਕਰਾ ਦਿਉ, ਪਾਰਕ ਬਣਵਾ ਦਿਉ, ਸੀਵਰੇਜ ਪੁਆ ਦਿਉ। ਇਹ ਲੋਕ ਕੰਮ ਵੀ ਕਰਦੇ ਹਨ। ਇਸ ਕਰਕੇ ਨਹੀਂ ਕਿ ਇਹ ਲੋਕ ਸੇਵਕ ਹੁੰਦੇ ਹਨ। ਇਸ ਕਰਕੇ ਕਿ ਇਹ ਤਨਖਾਹ ‘ਤੇ ਨਿਰਭਰ ਨਹੀਂ ਰਹਿੰਦੇ। ਆਖਰ ਖਰਚ ਪਾਣੀ ਵੀ ਤਾਂ ਚਾਹੀਦਾ ਹੁੰਦਾ ਹੈ। ਕੰਮ ਨਹੀਂ ਕਰਨਗੇ ਤਾਂ ਖਾਣਗੇ ਕੀ? ਤੇ ਅਗਲੀ ਵਾਰੀ ਟਿਕਟ ਨਹੀਂ ਲੈਣੀ!
ਸਿਆਸਤ ਵਿਚ ਬਟੌਟ ਉਹ ਨਹੀਂ ਗਿਣੇ ਜਾਂਦੇ ਜੋ ਟਿਕਟ ਨਹੀਂ ਲੈਂਦੇ, ਬਲਕਿ ਬਟੌਟ ਉਹ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ। ਅਜਿਹੇ ਬਟੌਟ ਸਿਆਸਤਦਾਨ ਦਬੇ ਕੁਚਲੇ ਤੇ ਲਤਾੜੇ ਹੋਏ ਮਜ਼ਲੂਮ ਸਮਝੇ ਜਾਂਦੇ ਹਨ। ਟਿਕਟੂਆਂ ਤੇ ਬਟੌਟਾਂ ਨੂੰ ਦੇਖ ਕੇ ਵਰਕਰ ਵੀ ਉਸੇ ਤਰ੍ਹਾਂ ਦੇ ਹੋ ਗਏ ਹਨ। ਉਹ ਵੀ ਹੁਣ ਦਿਹਾੜੀ ਲੈ ਕੇ ਰੈਲੀਆਂ ‘ਤੇ ਜਾਂਦੇ ਹਨ। ਕਈ ਵਾਰੀ ਤਾਂ ਇਹ ਵੀ ਸੁਣਨ ‘ਚ ਆਇਆ ਹੈ ਕਿ ਪੈਸੇ ਕਿਸੇ ਪਾਰਟੀ ਤੋਂ ਲੈਂਦੇ ਹਨ ਤੇ ਰੈਲੀ ਕਿਸੇ ਹੋਰ ਦੀ ਨੂੰ ਭਾਗ ਲਾ ਆਉਂਦੇ ਹਨ। ਹੁਣ ਤਾਂ ਗਾਣੇ ਵੀ ਇਸ ਤਰ੍ਹਾਂ ਦੇ ਆ ਗਏ ਹਨ, ਅਖੇ, “ਘਰ ਆਈ ਲੱਛਮੀ ਮੋੜਨੀ ਨਹੀਂ, ਮਰਜ਼ੀ ਨਾਲ ਵੋਟਾਂ ਪਾਵਾਂਗੇ।”
ਪੰਜਾਬ ਦੀ ਸਮਾਜਿਕਤਾ ਭ੍ਰਿਸ਼ਟਾਚਾਰ ਦੇ ਰਾਹ ਪਈ ਹੋਈ ਹੈ। ਰਾਜਾਸ਼ਾਹੀ ਦਾ ਛੱਪਾ ਸਾਡੀ ਮਾਨਸਿਕਤਾ ‘ਚੋਂ ਨਸ਼ਟ ਨਹੀਂ ਹੋਇਆ। ਅਸੀਂ ਆਪਣੇ ਨੇਤਾ ਨੂੰ ਲੋਕ ਸੇਵਕ ਵਜੋਂ ਦੇਖਣਾ ਪਸੰਦ ਨਹੀਂ ਕਰਦੇ। ਨੇਤਾਵਾਂ ਦੇ ਵੱਡੇ ਵੱਡੇ ਘਰ, ਵੱਡੀਆਂ ਗੱਡੀਆਂ, ਮਹਿੰਗੇ ਕੱਪੜੇ, ਚੱਲਦੇ ਕੇਸ ਤੇ ਵੱਡੇ ਵੱਡੇ ਝੂਠ ਅਤੇ ਘਪਲੇ ਸੁਣ ਕੇ ਖੁਸ਼ ਹੁੰਦੇ ਹਾਂ।
ਨਿਜੀ ਕਿਰਦਾਰ ਤੋਂ ਸਮਾਜੀ ਕਿਰਦਾਰ ਦਾ ਨਿਰਮਾਣ ਹੁੰਦਾ ਹੈ। ਸਮਾਜੀ ਕਿਰਦਾਰ ਸਵੱਛ ਅਤੇ ਨੇਕ ਰਾਜਨੀਤੀ ਦਾ ਜਨਮਦਾਤਾ ਹੈ। ਨੇਕ ਰਾਜਨੀਤੀ ਖੁਸ਼ਹਾਲੀ ਅਤੇ ਬਿਹਤਰੀ ਦੀ ਜਾਮਨ ਹੈ। ਹੁਣ ਚਿਹਰਿਆਂ ‘ਤੇ ਯਕੀਨ ਨਹੀਂ ਰਿਹਾ। ਭੋਲੇ ਚਿਹਰੇ ਅਤੇ ਸਾਦਾ ਪਹਿਰਾਵੇ ਸ਼ੱਕ ਦੇ ਘੇਰਿਆਂ ਵਿਚ ਘਿਰ ਗਏ ਹਨ। ਧਾਰਮਿਕਤਾ ਦੂਸਰਿਆਂ ਨੂੰ ਬੁੱਧੂ ਬਣਾਉਣ ‘ਚ ਕੰਮ ਆਉਂਦੀ ਹੈ। ਨੈਤਿਕਤਾ ਦੀ ਤਵੱਕੋ ਸਿਰਫ ਦੂਸਰਿਆਂ ਤੋਂ ਕੀਤੀ ਜਾਂਦੀ ਹੈ। ਸਬਕ ਸਿਰਫ ਦੂਸਰਿਆਂ ਨੂੰ ਸਿਖਾਏ ਜਾਂਦੇ ਹਨ।
ਪੈਸੇ ਨੇ ਸਾਨੂੰ ਪਾਗਲ ਕਰ ਦਿਤਾ ਹੈ। ਪੈਸੇ ਦੀ ਸਮਝ ਸਾਨੂੰ ਨਹੀਂ ਹੈ। ਪੈਸਾ ਕੀ ਹੈ, ਕਿਥੋਂ ਆਉਂਦਾ, ਕਿਥੇ ਜਾਂਦਾ ਤੇ ਕਿਵੇਂ ਆਉਂਦਾ ਅਤੇ ਕਿਵੇਂ ਜਾਂਦਾ ਹੈ-ਸਾਨੂੰ ਨਹੀਂ ਪਤਾ। ਅਸੀਂ ਨਹੀਂ ਜਾਣਦੇ ਕਿ ਪਰਜਾ ਦਾ ਹੀ ਪੈਸਾ ਸਰਕਾਰੀ ਖਜ਼ਾਨੇ ‘ਚ ਜਾਂਦਾ ਹੈ, ਜਿਸ ਵਿਚੋਂ ਮੁੜ ਕੇ ਪਰਜਾ ਵੱਲ ਤੁਰਿਆ ਰੁਪਿਆ ਪਰਜਾ ਤੱਕ ਪੁਜਦਾ ਪੁਜਦਾ ਚਾਰ ਆਨੇ ਰਹਿ ਜਾਂਦਾ ਹੈ। ਬਾਰਾਂ ਆਨੇ ਕਿਥੇ ਜਾਂਦੇ ਹਨ? ਪਰਜਾ ਇਸ ਵਾਰੇ ਚਟਖਾਰੇ ਲਾ ਲਾ ਗੱਲਾਂ ਕਰਦੀ ਹੈ, “ਬਈ ਉਹ ਬੜਾ ਅਸਤਰ ਹੈ, ਬੜੀ ਚੀਜ਼ ਹੈ।”
ਘਾਗ ਸ਼ਬਦ ਨੂੰ ਅਸੀਂ ਸੰਤ ਦਾ ਸਮਾਨਅਰਥੀ ਸਮਝਦੇ ਹਾਂ। ਇਹ ਐਨ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਕਿਸੇ ਦੇ ਘਰ ਚੋਰੀ ਹੋ ਗਈ ਹੋਵੇ ਤੇ ਉਹ ਚੁਟਕਲੇ ਬਣਾ ਬਣਾ ਗੱਲਾਂ ਸੁਣਾਵੇ। ਹੁਣ ਤਾਂ ਧੀਆਂ ਦੇ ਉਧਾਲੇ, ਛੇੜਖਾਨੀਆਂ, ਜੋਰ ਜਬਰ ਤੇ ਕਤਲ ਤੱਕ ਦੀਆਂ ਖਬਰਾਂ ਪੜ੍ਹ ਕੇ ਵੀ ਲੋਕਾਂ ਦੇ ਮੱਥੇ ਵੱਟ ਨਹੀਂ ਪੈਂਦੇ। ਸਗੋਂ ਧਾੜਵੀਆਂ, ਬਦਮਾਸ਼ਾਂ ਤੇ ਕਾਤਲਾਂ ਦੇ ਪੱਖ ਅਤੇ ਹੱਕ ਵਿਚ ਦਲੀਲਾਂ ਦੇਣ ਲੱਗ ਜਾਂਦੇ ਹਨ, “ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਜੀ।”
ਜਿਹੜਾ ਨੇਤਾ ਚੋਰਾਂ ਮੱਕਾਰਾਂ ਨੂੰ ਗਲ ਲਾਈ ਫਿਰਦਾ ਹੈ, ਉਸ ਦਾ ਨਾਂ ਲੈ ਲੈ ਕੇ ਅਸੀਂ ਕੱਛਾਂ ਵਜਾਉਂਦੇ ਹਾਂ ਤੇ ਜਿਹੜਾ ਬੇਈਮਾਨਾਂ ਦੀ ਖਬਰ ਰੱਖਦਾ ਅਤੇ ਖਬਰ ਲੈਂਦਾ ਵੀ ਹੈ ਉਸ ਨੂੰ ਅਸੀਂ ਰਾਜਨੀਤੀ ਤੋਂ ਕੋਰਾ, ਅਨਾੜੀ ਅਤੇ ਬੇਸਮਝ ਨੇਤਾ ਸਮਝਦੇ ਹਾਂ। ਦਰਅਸਲ ਅਸੀਂ ਖੁਦ ਮੂਰਖਤਾ ਦੀ ਹੱਦ ਤੱਕ ਅਨਾੜੀ ਅਤੇ ਨਾਸਮਝ ਹਾਂ।
ਪੰਜਾਬ ਦੀ ਨਬਜ਼ ਕਹਿੰਦੀ ਹੈ, ਪੰਜਾਬ ਨੂੰ ਸਮਝਿਆ ਜਾਵੇ। ਪੰਜਾਬ ਵੰਨ-ਸਵੰਨਤਾ ਅਤੇ ਸਾਂਝੀਵਾਲਤਾ ਦਾ ਧੁਰਾ ਹੈ ਅਤੇ ਨੇਕ ਲੋਕਾਂ ਦਾ ਹਰਮਨ ਪਿਆਰਾ ਖੇਤਰ ਹੈ। ਸਿੱਖ, ਹਿੰਦੂ, ਮੁਸਲਿਮ, ਬੋਧੀ, ਜੈਨੀ, ਇਸਾਈ, ਬਹੁ ਜਾਤਾਂ, ਗੋਤਾਂ, ਵਰਣਾਂ ਦੇ ਲੋਕ ਇਸ ਦਾ ਅਨਿਖੜ ਅੰਗ ਹਨ। ਗਰੀਬ, ਮੱਧ ਵਰਗੀ ਅਤੇ ਅਮੀਰ, ਕਿਰਤੀ, ਕਾਰੀਗਰ, ਕਿਸਾਨ, ਸਨਅਤੀ ਤੇ ਵਪਾਰੀ ਇਥੋਂ ਦੀ ਸ਼ਾਨ ਹਨ। ਸਭ ਦੀ ਬਿਹਤਰੀ, ਬੱਚਿਆਂ ਲਈ ਸਵੱਛਤਾ, ਦਿਲਖੁਸ਼ ਵਾਤਾਵਰਣ, ਵਿੱਦਿਆ ਤੇ ਆਸ਼ਿਆਂ ਦੀ ਪੂਰਤੀ ਲੋਕ ਅਭਿਲਾਸ਼ਾ ਹੈ। ਮਿੱਟੀ, ਪਾਣੀ ਤੇ ਰੁੱਖਾਂ ਦੀ ਸੰਭਾਲ, ਬਜ਼ੁਰਗਾਂ ਦਾ ਖਿਆਲ ਤੇ ਦੁਖਾਂ ਦਾ ਇਲਾਜ਼ ਸਭ ਚਾਹੁੰਦੇ ਹਨ। ਲੜਕੀਆਂ ਤੇ ਔਰਤਾਂ ਦੀ ਸੁਰੱਖਿਆ, ਕੁਸ਼ਲ-ਮੰਗਲ ਵਾਤਾਵਰਣ ਸਰਲ ਸੰਚਾਰ, ਸੁਖੈਨ ਅਤੇ ਨਿਸ਼ਚਿੰਤ ਆਵਾਜਾਈ ਦੀ ਸਖਤ ਜ਼ਰੂਰਤ ਹੈ। ਖੁਸ਼ਹਾਲ ਪੰਜਾਬ, ਪੰਜਾਬੀਆਂ ਦੀ ਉਮੰਗ ਹੈ।