ਮੇਰੇ ਜੀਵਨ ਦੇ ਸੁਨਹਿਰੀ ਕਾਲ ਦਾ ਨਾਇਕ ਐਚæਕੇæ

-ਗੁਲਜ਼ਾਰ ਸਿੰਘ ਸੰਧੂ
ਇਸ ਹਫ਼ਤੇ ਅਕਾਲ ਚਲਾਣਾ ਕਰ ਗਿਆ ਪ੍ਰੋæ ਐਚæ ਕੇæ ਮਨਮੋਹਨ ਮੇਰੇ ਜੀਵਨ ਦੇ ਸੁਨਹਿਰੀ ਕਾਲ ਦਾ ਨਾਇਕ ਸੀ। ਉਸ ਦੀ ਕਾਰਜ ਸ਼ੈਲੀ ਵੀ ਪੜ੍ਹਾਈ, ਲਿਖਾਈ, ਚਿੰਤਨ ਤੇ ਵਿਦਿਆ ਵਿਚ ਮਾਰੀਆਂ ਮੱਲਾਂ ਵਾਂਗ ਨਿਵੇਕਲੀ ਸੀ। 1990 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਹੁੰਦਿਆਂ ਉਸ ਨੂੰ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਲਈ ਯੋਗ ਵਿਅਕਤੀ ਨਹੀਂ ਸੀ ਮਿਲ ਰਿਹਾ। ਉਹ ਮੇਰੀ ਚੰਡੀਗੜ੍ਹ ਵਾਲੀ ਰਿਹਾਇਸ਼ ‘ਤੇ ਖ਼ੁਦ ਆ ਕੇ ਅਪਣੀ ਲੋੜ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਉਤੇ ਪਾ ਗਿਆ।

ਮੈਂ ਹਰਭਜਨ ਹਲਵਾਰਵੀ, ਗੋਬਿੰਦ ਠੁਕਰਾਲ ਤੇ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਸੰਪਾਦਕ ਪ੍ਰੇਮ ਕੁਮਾਰ ਤੋਂ ਹਾਂ ਲੈਣੀ ਚਾਹੀ ਤਾਂ ਸਾਰਿਆਂ ਨੇ ਨਾਂਹ ਕਰ ਦਿੱਤੀ। ਪਹਿਲੇ ਰੁਝੇਵਿਆਂ ਕਾਰਨ ਐਚæ ਕੇæ ਦੂਜੀ ਵਾਰ ਮੇਰੇ ਘਰ ਆਇਆ ਤਾਂ ਯੁਵਕ ਭਲਾਈ ਵਿਭਾਗ ਦੇ ਮੁਖੀ ਤੇ ਮੇਰੇ ਮਿੱਤਰ ਦਲਜੀਤ ਸਿੰਘ ਨੂੰ ਆਪਣੇ ਨਾਲ ਲੈ ਆਇਆ। ਮੇਰੇ ਪਾਸੋਂ ਯੋਗ ਵਿਅਕਤੀ ਦੀ ਭਾਲ ਵਿਚ ਆਈ ਹਾਰ ਦੀ ਗੱਲ ਸੁਣ ਕੇ ਉਹ ਪਲ ਦੀ ਪਲ ਚੁੱਪ ਕਰ ਗਿਆ। ਉਹਦੀ ਥਾਂ ਦਲਜੀਤ ਸਿੰਘ ਮੈਨੂੰ ਕਹਿਣ ਲੱਗਿਆ, Ḕਭਾਅ ਜੀ ਇਹ ਤੁਹਾਨੂੰ ਕਹਿ ਨਹੀਂ ਸਕੇ ਪਰ ਇਹ ਤੁਹਾਨੂੰ ਉਸ ਉਪਾਧੀ ਉਤੇ ਲਿਜਾਣਾ ਚਾਹੁੰਦੇ ਹਨ।’ ਮੇਰੇ ਇਹ ਦੱਸਣ ਉਤੇ ਕਿ ਮੈਂ ਨੌਕਰੀਆਂ ਦੀ ਝਾਕ ਛੱਡ ਚੁੱਕਾ ਹਾਂ ਤੇ ਉਂਜ ਵੀ ਥਰਡ ਕਲਾਸ ਐਮæ ਏæ ਹਾਂ। ਐਚæ ਕੇæ ਨੇ ਕੇਵਲ ਏਨਾ ਹੀ ਕਿਹਾ ਕਿ ਨਿਯੁਕਤੀ ਵਿਚ ਆਉਣ ਵਾਲੀਆਂ ਔਕੜਾਂ ਨਾਲ ਉਹ ਖ਼ੁਦ ਨਜਿਠੇਗਾ ਤੇ ਮੇਰੇ ਕੋਲੋਂ Ḕਹਾਂ’ ਚਾਹੀਦੀ ਹੈ।
ਮੈਂ ਅੰਦਰ ਜਾ ਕੇ ਅਪਣੀ ਬੀਵੀ ਨਾਲ ਗੱਲ ਕੀਤੀ ਤਾਂ ਉਹ ਵੀ ਹੈਰਾਨ ਕਿ ਜਿਸ ਨੇ ਇੱਕ ਦਿਨ ਵੀ ਨਹੀਂ ਪੜ੍ਹਾਇਆ, ਯੂਨੀਵਰਸਿਟੀ ਦਾ ਪ੍ਰੋਫੈਸਰ ਕਿਵੇਂ ਲਾਇਆ ਜਾ ਸਕਦਾ ਹੈ। ਮੈਂ ਐਚæ ਕੇæ ਦੀ ਮਰਜ਼ੀ ਦੱਸੀ ਤਾਂ ਉਹ ਚੁੱਪ ਕਰ ਰਹੀ ਤੇ ਮੈਂ ਹਾਂ ਕਰ ਦਿੱਤੀ। ਐਚæ ਕੇæ ਨੇ ਉਠਣ ਲੱਗਿਆਂ ਮੇਰੇ ਕੋਲੋਂ ਤਿੰਨ ਅਜਿਹੇ ਵਿਅਕਤੀਆਂ ਦੇ ਨਾਂ ਮੰਗੇ ਜਿਹੜੇ ਮੇਰੇ ਕੰਮ ਨੂੰ ਜਾਣਦੇ ਸਨ। ਮੈਂ ਡਾਕਟਰ ਅਮਰੀਕ ਸਿੰਘ, ਕੁਲਦੀਪ ਨਈਅਰ ਤੇ ਖੁਸ਼ਵੰਤ ਸਿੰਘ ਦੇ ਨਾਂ ਲਏ ਤੇ ਉਹ Ḕਠੀਕ ਹੈ’ ਕਹਿ ਕੇ ਤੁਰ ਗਿਆ।
ਮੈਨੂੰ ਨਿਯੁਕਤੀ ਪੱਤਰ ਮਿਲਿਆ ਤਾਂ ਮੈਂ ਯੂਨੀਵਰਸਟੀ ਵਿਚ ਉਸ ਦੇ ਦਫ਼ਤਰ ਉਸ ਨੂੰ ਮਿਲਣ ਗਿਆ। ਐਚæ ਕੇæ ਨੇ ਅਪਣੇ ਬਰੀਫ਼ ਕੇਸ ਵਿਚੋਂ ਅਮਰੀਕ ਸਿੰਘ, ਕੁਲਦੀਪ ਨਈਅਰ ਤੇ ਖੁਸ਼ਵੰਤ ਸਿੰਘ ਦੀਆਂ ਚਿੱਠੀਆਂ ਮੈਨੂੰ ਦਿਖਾਈਆਂ। ਪਹਿਲੇ ਦੋ ਨੇ ਮੇਰੀ ਰੱਜ ਕੇ ਸਿਫਾਰਸ਼ ਕੀਤੀ ਸੀ ਪਰ ਖੁਸ਼ਵੰਤ ਸਿੰਘ ਨੇ ਪੋਸਟ ਕਾਰਡ ਉਤੇ ਕੇਵਲ ਇੱਕ ਹੀ ਲਾਈਨ ਲਿਖੀ ਸੀ, Ḕਆਈ ਨੋ ਗੁਲਜ਼ਾਰ ਸਿੰਘ ਸੰਧੂ ਐਜ਼ ਏ ਫਰੈਂਡ, ਅਬਾਊਟ ਹਿਜ਼ ਟੀਚਿੰਗ ਏਬਿਲਟੀ ਯੂ ਹੈਵ ਟੂ ਆਸਕ ਸਮ ਵਨ ਐਲਸ।’ ਮੈਂ ਤਿੰਨੋਂ ਚਿੱਠੀਆਂ ਪੜ੍ਹ ਲਈਆਂ ਤਾਂ ਐਚ ਕੇ ਨੇ ਮੇਰੀਆਂ ਅੱਖਾਂ ਵਿਚ ਝਾਕਦਿਆਂ ਮਾਣ ਨਾਲ ਕਿਹਾ, Ḕਮੈਂ ਚੋਣ ਕਮੇਟੀ ਨੂੰ ਏਨਾ ਹੀ ਕਿਹਾ ਕਿ ਜਿਸ ਨੂੰ ਖੁਸ਼ਵੰਤ ਸਿੰਘ ਦੋਸਤ ਮੰਨਦਾ ਹੈ, ਉਸ ਤੋਂ ਚੰਗਾ ਹੋਰ ਕੌਣ ਮਿਲੇਗਾ ਸਾਨੂੰ?
ਮੈਂ ਕੇਂਦਰੀ ਸਰਕਾਰ ਦੇ ਖੇਤੀ ਤੇ ਪਿੰਡ ਵਿਕਾਸ ਮੰਤਰਾਲੇ ਵਿਚ ਸੰਪਾਦਕ, ਜਨ ਸੰਚਾਰ ਅਧਿਕਾਰੀ ਤੇ ਨਿਰਦੇਸ਼ਕ ਰਹਿਣ ਉਪਰੰਤ ਚੰਡੀਗੜ੍ਹ ਆ ਕੇ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਰਹਿ ਚੁੱਕਾ ਸਾਂ ਪਰ ਜੋ ਮਾਣ ਮੈਨੂੰ ਪ੍ਰਫੈਸਰ ਬਣਨ ‘ਤੇ ਮਿਲਿਆ, ਉਹ ਹੋਰ ਕਿਧਰੇ ਨਹੀਂ। ਅੱਜ ਵੀ ਕਈ ਅਣਜਾਣ ਚਿਹਰੇ ਮੇਰੇ ਗੋਡੀਂ ਹੱਥ ਲਾਉਂਦੇ ਹਨ ਤਾਂ ਮੇਰੀ ਚੁੱਪ ਵੇਖ ਕੇ ਕਹਿੰਦੇ ਹਨ, Ḕਅਸੀਂ ਵੀ ਉਸ ਵਿਭਾਗ ਵਿਚ ਪੜ੍ਹਦੇ ਸਾਂ, ਜਿਸ ਦੇ ਤੁਸੀਂ ਮੁਖੀ ਰਹੇ ਹੋ।’
ਮੈਂ ਵਿਚਲੀ ਗੱਲ ਵੀ ਦੱਸ ਦਿਆਂ ਕਿ ਮੈਨੂੰ ਆਪਣੇ ਵਿਸ਼ੇ ਦੀ ਥਿਊਰੀ ਉਕਾ ਹੀ ਨਹੀਂ ਸੀ ਆਉਂਦੀ। ਪਰ ਮੈਂ ਅਸਲੀ ਗੱਲਾਂ ਤੇ ਨਿੱਜੀ ਅਨੁਭਵ ਨਾਲ ਵਿਦਿਆਰਥੀਆਂ ਨੂੰ ਪ੍ਰਭਾਵਤ ਕਰਦਾ। ਐਚæ ਕੇæ ਨੂੰ ਸ਼ਰਧਾਂਜਲੀ ਦੇਣ ਵਾਲੇ ਉਸ ਦੇ ਵਿਦਿਆਰਥੀਆਂ ਦੇ ਬਿਆਨ ਵੀ ਮੇਰੇ ਵਿਦਿਆਰਥੀਆਂ ਵਲੋਂ ਮੈਨੂੰ ਮਿਲੇ ਮਾਣ ਸਨਮਾਨ ਵਰਗੇ ਹਨ। ਜੇ ਐਚæ ਕੇæ ਮੈਨੂੰ ਪ੍ਰੋਫੈਸਰ ਨਾ ਲਾਉਂਦਾ ਤਾਂ ਵਰਤਮਾਨ ਵਾਈਸ ਚਾਂਸਲਰ ਜਸਪਾਲ ਸਿੰਘ ਨੇ ਮੈਨੂੰ ਜਾਨਣ ਦੇ ਬਾਵਜੂਦ ਪ੍ਰੋਫੈਸਰ ਆਫ਼ ਐਮੀਨੈਂਸ ਨਹੀਂ ਸੀ ਲਾਉਣਾ ਤੇ ਨਾ ਹੀ ਉਹ ਫੈਲੋਸ਼ਿਪ ਪ੍ਰਦਾਨ ਕਰਨੀ ਸੀ ਜਿਸ ਨੇ ਜੀਵਨ ਭਰ ਮੇਰੇ ਨਾਲ ਨਿਭਣਾ ਹੈ।
ਮੈਂ ਐਚ ਕੇ ਨੂੰ ਆਪਣੀ ਨਿਯੁਕਤੀ ਤੋਂ ਪਹਿਲਾਂ ਕੇਵਲ ਇੱਕ ਵਾਰੀ ਤਾਰਾ ਦੇਵੀ (ਹਿਮਾਚਲ) ਵਿਖੇ ਐਨæ ਸੀæ ਸੀæ ਕੈਂਪ ਵਿਚ ਮਿਲਿਆ ਸਾਂ।
ਅਜਿਹੇ ਕੈਂਪ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਭਾਰਤ ਸਕਾਊਟਸ ਐਂਡ ਗਾਈਡਜ਼ ਵਿਭਾਗ ਦੀ ਦੇਖ ਰੇਖ ਥੱਲੇ ਲਾਏ ਜਾਂਦੇ ਸਨ ਜਿਸ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਉਹ ਪੰਜਾਬ ਰੈਡ ਕਰਾਸ ਦੇ ਸੈਕਟਰੀ ਦੀ ਹਾਂ ਲੈਂਦੇ ਸਨ ਤੇ ਕਿਸੇ ਵਿਧ ਇਹ ਕੰਮ ਮੇਰੇ ਕੋਲ ਸੀ। ਯੂਨੀਵਰਸਟੀ ਦਾ ਐਨ ਸੀ ਸੀ ਸੰਯੋਜਕ ਬਲਤੇਜ ਮਾਨ ਮੇਰੀ ਹਾਂ ਲੈ ਗਿਆ ਸੀ, ਇਹ ਕਹਿ ਕੇ ਕਿ ਉਸ ਕੈਂਪ ਉਤੇ ਵਾਈਸ ਚਾਂਸਲਰ ਐਚ ਕੇ ਮਨਮੋਹਨ ਸਿੰਘ ਨੇ ਖ਼ੁਦ ਵੀ ਆਉਣਾ ਸੀ।
ਮੈਂ ਵਿਦਿਆਰਥੀਆਂ ਨੂੰ ਆਪਣੇ ਸੰਬੋਧਨੀ ਭਾਸ਼ਨ ਵਿਚ ਹੋਰ ਤਾਂ ਪਤਾ ਨਹੀਂ ਕੀ ਕਿਹਾ ਪਰ ਜੀਵਨ ਦੇ ਅਮਲੀ ਪੱਖਾਂ ‘ਤੇ ਜ਼ੋਰ ਦੇਣ ਲਈ ਜਿਹੜੇ ਦੋ ਸ਼ਿਅਰ ਗੁੰਦੇ ਉਨ੍ਹਾਂ ਨੇ ਉਸ ਨੂੰ ਬੜਾ ਪ੍ਰਭਾਵਤ ਕੀਤਾ ਸੀ:
ਅਮਲ ਸੇ ਜ਼ਿੰਦਗੀ ਬਨਤੀ ਹੈ, ਜੱਨਤ ਭੀ ਜਹਨਮ ਭੀ
ਯੇਹ ਖਾਲੀ ਅਪਨੀ ਫਿਤਰਤ ਮੇਂ, ਨਾ ਨੂਰੀ ਹੈ ਨਾ ਨਾਰੀ ਹੈ।
ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ
ਜਬ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ।
ਪਹਿਲਾ ਸ਼ਿਅਰ ਅਲਾਮਾ ਇਕਬਾਲ ਦਾ ਹੈ ਤੇ ਦੂਜਾ ਮਿਰਜ਼ਾ ਗ਼ਾਲਿਬ ਦਾ। ਮੇਰੇ ਭਾਸ਼ਨ ਸਮੇਂ ਐਚæ ਕੇæ ਮੰਚ ਉਤੇ ਬਿਰਾਜਮਾਨ ਸੀ। ਮੈਂ ਭਾਸ਼ਨ ਦੇ ਕੇ ਉਸ ਦੇ ਬਰਾਬਰ ਆ ਕੇ ਬੈਠਿਆ ਤਾਂ ਉਸ ਨੇ ਮੈਨੂੰ ਆਪਣੇ ਨਾਲ ਵੱਡਾ ਹੋਣ ਦਾ ਅਹਿਸਾਸ ਦਿੱਤਾ ਜਿਹੜਾ ਮੇਰੇ ਘਰ ਆ ਕੇ ਮੈਨੂੰ ਪ੍ਰੋਫੈਸਰੀ ਦੀ ਪੇਸ਼ਕਸ਼ ਕਰਨ ਵੇਲੇ ਵੀ ਪ੍ਰਤੱਖ ਸੀ। ਉਹ ਮੇਰੇ ਜੀਵਨ ਦੇ ਸੁਨਹਿਰੀ ਕਾਲ ਦਾ ਨਾਇਕ ਸੀ।
ਅੰਤਿਕਾ: ਹਰਿਭਜਨ ਸਿੰਘ
ਪਰਾਂ ਨੂੰ ਬੰਨ੍ਹ ਕੇ ਪਰਬਤ ਬੇਬਸੀ ਦਾ
ਹਵਾਵਾਂ ਨੇ ਕਿਹਾ ਪੰਛੀ ਉੜੀ ਜਾ।