ਕਾਮਯਾਬੀ ਜਾਂ ਸਫਲਤਾ ਕੀ ਹੈ? ਇਸ ਬਾਰੇ ਕਈ ਧਾਰਨਾਵਾਂ ਹਨ। ਕੋਈ ਇਸ ਨੂੰ ḔਕਿਸਮਤḔ ਦੀ ਖੇਡ ਕਹਿੰਦਾ ਹੈ, ਕੋਈ ਪਿਛਲੇ ਜਨਮ ਵਿਚ ਕੀਤੇ ਚੰਗੇ ਕੰਮਾਂ ਦਾ ਸਿਲ੍ਹਾ। ਕਿਸੇ ਲਈ ਇਹ ਸਾਧਨਾ ਹੈ। ਕਈ ਵਾਰ ਵਾਰ ਕੋਸ਼ਿਸ਼ਾਂ ਕਰਦੇ ਤੇ ਮਾਰ ਖਾਂਦੇ ਹਨ, ਕਈਆਂ ਦਾ ਬਿਨਾ ਕਿਸੇ ਨਿੱਗਰ ਕੋਸ਼ਿਸ਼ ਦੇ ਟੁੱਲ ਲੱਗ ਜਾਂਦਾ ਹੈ। ਸੁੱਖ ਸਹੂਲਤਾਂ ਮਾਣਨ ਵਾਲੇ ਕਈ ਮੁੰਡੇ-ਕੁੜੀਆਂ, ਨਿਕੰਮੇ ਸਿੱਧ ਹੋ ਰਹੇ ਹਨ। ਢੇਰੀ ਢਾਹ ਕੇ ਬੈਠ ਜਾਂਦੇ ਹਨ, ਨਸ਼ਈ ਬਣ ਜਾਂਦੇ ਹਨ ਤੇ ਖੁਦਕਸ਼ੀਆਂ ਦੇ ਰਾਹ ਪੈ ਰਹੇ ਹਨ।
ਕੀ ਕਾਰਨ ਹੈ ਕਿ ਰੀਓ ਓਲੰਪਿਕਸ ਵਿਚ ਭਾਰਤ ਵਲੋਂ ਪੀ ਵੀ ਸਿੰਧੂ ਤੇ ਸਾਕਸ਼ੀ ਮਲਿਕ ਹੀ ਮੈਡਲ ਜਿੱਤਦੀਆਂ ਹਨ। ਸਕੂਲ ਵਿਚੋਂ ਕਮਜੋਰ ਬੱਚੇ ਵਜੋਂ ਗਰਦਾਨਿਆ ਗਿਆ ਅਮਰੀਕਾ ਦਾ ਤੈਰਾਕ ਮਾਈਕਲ ਫੈਲਪਸ, ਓਲੰਪਿਕ ਖੇਡਾਂ ਵਿਚ, ਟੋਕਰਾ ਭਰ ਕੇ ਸੋਨੇ ਦੇ ਤਮਗੇ ਕਿਉਂ ਲੈ ਸਕਿਆ? ਇਨ੍ਹਾਂ ਗੱਲਾਂ ਦਾ ਹੀ ਜਵਾਬ ਆਪਣੇ ਇਸ ਲੇਖ ਵਿਚ ਚਿੰਤਕ ਅਵਤਾਰ ਗੋਂਦਾਰਾ ਦਿੰਦਿਆਂ ਕਹਿੰਦੇ ਹਨ ਕਿ ਪ੍ਰਤੀਬੱਧਤਾ, ਅਭਿਆਸ ਅਤੇ ਲਗਾਤਾਰਤਾ। ਹਾਸਿਲ ਮੌਕਿਆਂ ਦੇ ਨਾਲ ਨਾਲ ਜੇ ਇਨ੍ਹਾਂ ਵਿਚੋਂ ਇੱਕ ਵੀ ਗਾਇਬ ਹੋ ਜਾਵੇ ਤਾਂ ਮਨਇੱਛਤ ਸਿੱਟੇ ਨਹੀਂ ਨਿਕਲ ਸਕਦੇ। -ਸੰਪਾਦਕ
ਅਵਤਾਰ ਗੋਂਦਾਰਾ
ਫੋਨ: 559-375-2589
ਉਦੇਸ਼ ਛੋਟਾ ਹੋਵੇ ਜਾਂ ਵੱਡਾ, ਹਾਸਲ ਕਰ ਕੇ ਹਰ ਕੋਈ ਕਾਮਯਾਬ ਹੋਣਾ ਚਾਹੁੰਦਾ ਹੈ। ਕਾਮਯਾਬੀ ਦਾ ਆਪਣਾ ਹੀ ਸੁਆਦ ਹੈ। ਕੁਝ ਪਲਾਂ ਵਾਸਤੇ ਜਾਂ ਸਮੇਂ ਲਈ ਇਹ ਨਸ਼ਾ ਵੀ ਦਿੰਦਾ ਹੈ ਪਰ ਐਸੀ ਕਾਮਯਾਬੀ ਸ਼ਾਇਦ ਹੀ ਕੋਈ ਹੋਵੇ, ਜਿਸ ਦਾ ਨਸ਼ਾ ਕਦੇ ਉਤਰੇ ਹੀ ਨਾ। ਇਸ ਲਈ ਉਦੇਸ਼, ਕੋਸ਼ਿਸ਼ ਅਤੇ ਕਾਮਯਾਬੀ ਦੀ ਲੁਕਣਮੀਚੀ ਚਲਦੀ ਰਹਿੰਦੀ ਹੈ। ਬੰਦਾ ਇੱਕ ਕਾਮਯਾਬੀ ਤੋਂ ਦੂਜੀ ਤੱਕ ਰਵਾਂ ਰਹਿੰਦਾ ਹੈ। ਕੋਈ ਐਸਾ ਕੰਮ ਸੁਣਿਆ ਨਹੀਂ ਜਿਸ ਦੀ ਕਾਮਯਾਬੀ ਮਗਰੋਂ ਫਿਰ ਕੁਝ ਕਰਨ ਦੀ ਲੋੜ ਨਾ ਜਾਪੇ।
ਅਨਪੜ੍ਹ ਪੜ੍ਹਨਾ ਚਾਹੁੰਦਾ ਹੈ, ਪੜ੍ਹਿਆ-ਲਿਖਿਆ ਬਾਰੁਜਗਾਰ ਹੋਣਾ ਚਾਹੁੰਦਾ ਹੈ, ਬਾਰੁਜਗਾਰ ਕੁਝ ਸਮੇਂ ਬਾਅਦ ਤਰੱਕੀ ਦੇ ਉਪਰਲੇ ਡੰਡੇ ਦੀ ਤਾਕ ਵਿਚ ਰਹਿੰਦਾ ਹੈ। ਗਰੀਬ ਅਮੀਰੀ ਦੇ ਸੁਫਨੇ ਦੇਖਦਾ ਹੈ। ਅੱਜ ਜੋ ਡਾਰeਿਵਰ ਹੈ, ਭਵਿੱਖ ਵਿਚ ਉਹ ਟਰੱਕ ਮਾਲਕੀ ਦੀ ਰੀਝ ਲਈ ਫਿਰਦਾ ਹੈ। ਸਟੋਰ ‘ਤੇ ਕੰਮ ਕਰਨ ਵਾਲੇ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕਈ ਸਟੋਰਾਂ ਦਾ ਮਾਲਕ ਬਣ ਜਾਵੇ। ਫਾਰਮਾਂ ‘ਤੇ ਕੰਮ ਕਰਨ ਵਾਲਿਆਂ ਦਾ ਦਿਲ ਜੇ ਫਰੋਲੀਏ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਵਿਚ ਸੌਗੀ ਜਾਂ ਆਲੂਆਂ ਦੇ Ḕਬਾਦਾਸ਼ਾਹḔ ਬਣਨ ਦੀ ਰੀਝ ਉਸਲਵੱਟੇ ਲੈ ਰਹੀ ਹੁੰਦੀ ਹੈ। ਗਲੀਆਂ ਵਿਚ ਖੁਦੋ-ਖੂੰਡੀ ਖੇਡ ਰਹੇ ਬੱਚੇ ਓਲੰਪੀਅਨ ਬਣਨ ਦਾ ਸੁਫਨਾ ਦੇਖਦੇ ਹਨ। ਕਈ ਪੱਤਰਕਾਰ ਜਿਨ੍ਹਾਂ ਨੂੰ ਲੇਖ ਅਤੇ ਫੀਚਰ ਦੇ ਫਰਕ ਦੀ ਤਮੀਜ਼ ਨਹੀਂ ਹੁੰਦੀ, ਉਨ੍ਹਾਂ ਦੀ ਰੀਝ ਅਖਬਾਰ ਦਾ ਮੁੱਖ ਸੰਪਾਦਕ-ਮਾਲਕ ਬਣਨ ਦੀ ਹੁੰਦੀ ਹੈ। ਇਨ੍ਹਾਂ ਰੀਝਾਂ ‘ਤੇ ਕੋਈ ਪਾਬੰਦੀ ਵੀ ਨਹੀਂ ਹੋ ਸਕਦੀ।
ਕਾਮਯਾਬੀ ਬਾਰੇ ਸਾਡੀਆਂ ਬਹੁਤ ਸਾਰੀਆਂ ਧਾਰਨਾਵਾਂ ਹਨ। ਕੋਈ ਇਸ ਨੂੰ ḔਕਿਸਮਤḔ ਦੀ ਖੇਡ ਕਹਿੰਦਾ ਹੈ, ਕੋਈ ਪਿਛਲੇ ਜਨਮ ਵਿਚ ਕੀਤੇ ਚੰਗੇ ਕੰਮਾਂ ਦਾ ਸਿਲ੍ਹਾ। ਕਿਸੇ ਲਈ ਇਹ ਸਾਧਨਾ ਹੈ। ਕਈ ਵਾਰ ਵਾਰ ਕੋਸ਼ਿਸ਼ਾਂ ਕਰਦੇ ਤੇ ਮਾਰ ਖਾਂਦੇ ਹਨ, ਕਈਆਂ ਦਾ ਬਿਨਾ ਕਿਸੇ ਨਿੱਗਰ ਕੋਸ਼ਿਸ਼ ਦੇ ਟੁੱਲ ਲੱਗ ਜਾਂਦਾ ਹੈ। ਕਾਮਯਾਬ ਹੋਣ ਦੀ ਇਸ ਹੋੜ ਦਾ ਕਈ ਚਲਾਕ ਬੰਦੇ ਬੜਾ ਲਾਹਾ ਲੈਂਦੇ ਹਨ। ਉਹ ਨੁਸਖੇ ਦਿੰਦੇ ਹਨ ਕਿ ਕਿਹੜਾ ḔਸੁਭḔ ਸਮਾਂ ਜਾਂ ਦਿਨ ਹੈ, ਜਿਸ ਵੇਲੇ ਇੱਛਤ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਕਿਹੜਾ ਨਗ ਪਹਿਨੋ? ਉਹ ਪੁੰਨ-ਦਾਨ ਦੀ ਵੀ ਸਲਾਹ ਦਿੰਦੇ ਹਨ। ਇਸ ਤਰ੍ਹਾਂ ਦੇ ਵਹਿਮਾਂ-ਭਰਮਾਂ ਖਿਲਾਫ ਖੜ੍ਹਨ ਵਾਲੇ ਸਿੱਖ ਧਰਮ ਦੇ ਪੈਰੋਕਾਰ ਵੀ ਕਾਮਯਾਬ ਹੋਣ ਲਈ ਪੜ੍ਹਨ ਦੀ ਬਜਾਏ Ḕਪਾਠ ਸੁਖਦੇḔ ਹਨ।
ਸੁਆਲ ਹੈ ਕਿ ਕਾਮਯਾਬੀ ਲਈ ਕੀ ‘ਕੱਲੀਆਂ ਕੋਸ਼ਿਸ਼ਾਂ ਹੀ ਕਾਫੀ ਹਨ? ਸਾਡੇ ਉਦੇਸ਼ ਅਤੇ ਕੋਸ਼ਿਸ਼ਾਂ ਦਾ ਆਪਸ ਵਿਚ ਕੀ ਰਿਸ਼ਤਾ ਹੈ? ਕੀ ਸਾਡੀਆਂ ਕੋਸ਼ਿਸ਼ਾਂ ਉਦੇਸ਼ ਵੱਲ ਲਿਜਾ ਰਹੀਆਂ ਹਨ? ਇਸ ਨਾਲ ਹੋਰ ਕੀ ਕੁਝ ਚਾਹੀਦਾ ਹੈ। ਸਾਡੇ ਉਦੇਸ਼ ਦਾ ਕੀ ਮਹੱਤਵ ਹੈ? ਉਸ ਦਾ ਸਾਡੀ ਜ਼ਿੰਦਗੀ ਵਿਚ ਕੀ ਥਾਂ ਹੈ? ਕੀ ਸਾਡੀਆਂ ਕੋਸ਼ਿਸ਼ਾਂ ਸਾਰਥਕ ਹਨ ਜਾਂ ਅਸੀਂ ਉਖੜੀਆਂ ਕੁਹਾੜੀਆਂ ਮਾਰ ਰਹੇ ਹਾਂ? ਕਾਮਯਾਬੀ ਨਾਲ ਸਾਡੇ ਨਿਜ ਨੂੰ ਕੀ ਸੁੱਖ ਜਾਂ ਤਸੱਲੀ ਮਿਲੇਗੀ, ਸਮਾਜ ਦਾ ਕੀ ਸੰਵਰੇਗਾ? ਜੇ ਅਜਿਹੇ ਸੁਆਲਾਂ ਦਾ ਸਾਹਮਣਾ ਹੁੰਦਾ ਰਹੇ ਤਾਂ ਸਾਡੀਆਂ ਕਾਮਯਾਬੀਆਂ ਡੂੰਘੀ ਤੇ ਸਥਾਈ ਖੁਮਾਰੀ ਦਾ ਸਬੱਬ ਬਣ ਸਕਦੀਆਂ ਹਨ। ਦਾਅਵੇ ਕਰਨ ਤੋਂ ਪਹਿਲਾਂ ਆਪਣੇ ਸੁਭਾਅ ਅਤੇ ਸੋਮਿਆਂ ਦੀ ਸੀਮਾ ਦਾ ਪਾਸ ਰੱਖਣਾ ਚਾਹੀਦਾ ਹੈ। ਨਹੀਂ ਤਾਂ ਇੱਕ ਦੋਸਤ ਦੇ ਕਹਿਣ ਮੁਤਾਬਿਕ ਉਨ੍ਹਾਂ ਇਕ ਰਿਸ਼ਤੇਦਾਰ ਕੈਲੀਫੋਰਨੀਆ ਪਹੁੰਚਣ ‘ਤੇ ਟਰੱਕ ‘ਤੇ ਲੁਆ ਦਿੱਤਾ। ਥੋੜਾ ਸਮਾਂ ਡਰਾਈਵਰੀ ਕਰਨ ਉਪਰੰਤ ਉਸ ਵਿਚ Ḕਟਰੱਕ ਮਾਲਕḔ ਬਣਨ ਦੀ ਰੀਝ ਉਬਾਲੇ ਖਾਣ ਲੱਗੀ। ਕਰਜਾ ਲੈ ਕੇ ਉਤੋੜਿੱਤੀ ਉਸ ਨੇ ਦੋ ਤਿੰਨ ਟਰੱਕ ਖਰੀਦੇ ਤੇ ਡਰਾਈਵਰ ਤੋਂ ਮਾਲਕ ਵੀ ਬਣ ਗਿਆ। ਪਰ ਔਕਾਤ ਮਾਲਕੀ ਦੇ ਮੇਚ ਨਹੀਂ ਸੀ ਜਾਂ ਇੰਜ ਕਹਿ ਲਓ ਕਿ ਮਾਲਕ ਬਣਨ ਲਈ ਉਸ ਦੀਆਂ ਤਿਆਰੀਆਂ ਊਣੀਆਂ ਸਨ। ਭਾਈਬੰਦ ਰੱਖੇ ਡਰਾਈਵਰ, ਜਿਨ੍ਹਾਂ ਉਸ ਵਾਂਗ ਮਾਲਕ ਬਣਨ ਦੀ ਹੋੜ ਵਿਚ ਉਸ ਦਾ ਇੱਕ ਦੋ ਸਾਲਾਂ ਵਿਚ ਹੀ ਦੀਵਾਲਾ ਕੱਢ ਦਿੱਤਾ। ਆਪਣੀ ਸੀਮਾ ਅਤੇ ਤਿਆਰੀ ਦੀ ਘਾਟ ਨੂੰ ਦੇਖਣ/ਸਮਝਣ ਦੀ ਬਜਾਏ, ਉਹ ਆਪਣੇ ਜੁਆਕਾਂ ਤੇ ਘਰ ਵਾਲੀ ਨਾਲ ਖਹਿਬੜਨ ਲੱਗ ਪਿਆ। ਟਰੱਕ ਵੀ ਗਏ ਤੇ ਅੱਜ ਕੱਲ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ।
ਇਸ ਦੇ ਉਲਟ ਨਰਸਿੰਗ ਕਾਲਜ ਵਿਚ ਪੜ੍ਹਾਉਂਦੀ ਕੁੜੀ ਦਾ ਵੀ ਹਵਾਲਾ ਦਿੱਤਾ ਜਾ ਸਕਦਾ ਹੈ। ਦੂਜਿਆਂ ‘ਤੇ ਦੋਸ਼ ਲਾਉਣ ਦੀ ਬਜਾਏ ਉਸ ਨੇ ਆਪਣੀ ਸੀਮਾ ਨੂੰ ਜਲਦੀ ਹੀ ਜਾਣ ਲਿਆ। ਅਪਹੁੰਚ ਉਦੇਸ਼ ਲਈ ਕੋਸ਼ਿਸ਼ਾਂ ਨੂੰ ਛੱਡ ਦੇਣਾ ਵੀ ਇੱਕ ਤਰ੍ਹਾਂ ਦੀ ਕਾਮਯਾਬੀ ਹੈ, ਇਸ ਨਾਲ ਦੁਨਿਆਵੀ ਬੱਲੇ ਬੱਲੇ ਭਾਵੇਂ ਨਾ ਹੋਵੇ, ਬੰਦਾ ਮਾਇਕ ਜਾਂ ਆਰਥਿਕ ਤੌਰ ‘ਤੇ ਦੀਵਾਲੀਆ ਹੋਣੋਂ ਬਚ ਜਾਂਦਾ ਹੈ। ਉਸ ਨੇ ਇਹੀ ਰਾਹ ਅਖਤਿਆਰ ਕੀਤਾ। ਉਹ ਵਧੀਆ ਟੀਚਰ ਸੀ ਅਤੇ ਨਰਸਿੰਗ ਵਿਦਿਆਰਥਣਾਂ ਉਸ ਦੀ ਇੱਜਤ ਕਰਦੀਆਂ ਸਨ। ਹੋਇਆ ਇਹ ਕਿ ਕਾਲਜ ਦੀ ਪ੍ਰਿੰਸੀਪਲ ਦੇ ਸੇਵਾ-ਮੁਕਤ ਹੋਣ ‘ਤੇ, ਸੀਨੀਅਰ ਹੋਣ ਕਰਕੇ, ਉਸ ਨੂੰ ਨਿਗਰਾਨ ਪ੍ਰਿੰਸੀਪਲ ਲਾ ਦਿੱਤਾ ਗਿਆ। ਥੋੜੇ ਦਿਨਾਂ ਵਿਚ ਹੀ ਉਹ ਬੌਂਦਲ ਗਈ। ਟੀਚਰ ਲੇਟ ਆਉਣ ਲੱਗ ਪਏ ਅਤੇ ਵਿਦਿਆਰੀਆਂ ਦਾ ਅਨੁਸ਼ਾਸਨ ਖਿੰਡ ਗਿਆ। ਇਉਂ ਲੱਗਣ ਲਗਾ ਕਿ ਕਾਲਜ ਦਾ ਕੋਈ ਵਾਲੀ ਵਾਰਸ ਹੀ ਨਹੀਂ ਹੈ। ਆਖਰ ਉਸ ਨੇ ਸਿਹਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਪ੍ਰਿੰਸੀਪਲ ਦਾ ਅਹੁਦਾ ਤਿਆਗ ਦਿੱਤਾ। ਜਦੋਂ ਉਸ ਨੂੰ ਇਸ ਬਾਰੇ ਪੁੱਛਿਆ ਕਿ ਪ੍ਰਿੰਸੀਪਲੀ ਕਿਉਂ ਛੱਡੀ, ਲੋਕ ਇਸ ਤਰ੍ਹਾਂ ਦੇ ਅਹੁਦੇ ਲਈ ਸਿਫਾਰਸ਼ਾਂ ਪੁਆਉਂਦੇ ਹਨ, ਤਾਂ ਉਸ ਦਾ ਜੁਆਬ ਸੀ, Ḕਮੈਂ ਕੰਮ ਤਾਂ ਕਰ ਸਕਦੀ ਹਾਂ, ਕਰਵਾ ਨਹੀਂ ਸਕਦੀ। ਮੈਨੂੰ ਕਮਾਂਡ ਕਰਨ ਦਾ ਵੱਲ ਨਹੀਂ।Ḕ ਉਸ ਦਾ ਫੈਸਲਾ ਠੀਕ ਸੀ ਕਿ ਨਾਕਾਮਯਾਬ ਪਿੰ੍ਰਸੀਪਲ ਬਣਨ ਨਾਲੋਂ, ਇੱਕ ਕਾਮਯਾਬ ਟੀਚਰ ਬਣਨਾ ਕਿਤੇ ਵੱਡੀ ਗੱਲ ਹੈ। ਕੋਈ ਕਹਿ ਸਕਦਾ ਹੈ ਕਿ ਉਸ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸਨ। ਇਹੀ ਵੇਲਾ ਹੁੰਦਾ ਹੈ ਜਦੋਂ ਬੰਦੇ ਨੇ ਆਪਣੇ ਉਦੇਸ਼, ਸਮਰਥਾ ਅਤੇ ਸੁਭਾਅ ਵਿਚਲੇ ਰਿਸ਼ਤੇ ਨੂੰ ਤੋਲਣਾ ਹੁੰਦਾ ਹੈ। ਹਰ ਬੰਦਾ, ਹਰ ਕੰਮ ਨਹੀਂ ਕਰ ਸਕਦਾ। ਸ਼ਾਇਦ ਜਿੱਦ ਕਰਨ ਅਤੇ ਕਿਸੇ ਕੰਮ ਲਈ ਪ੍ਰਤੀਬੱਧਤਾ ਵਿਚ ਇਹੀ ਫਰਕ ਹੈ।
ਕਈ ਉਦਾਹਰਣਾਂ ਸਾਡੇ ਆਲੇ-ਦੁਆਲੇ ਰਿਸ਼ਤੇਦਾਰੀਆਂ ਵਿਚ ਆਮ ਮਿਲ ਜਾਣਗੀਆਂ ਕਿ ਲੋਕ ਉਸ ਗੱਲ ਲਈ ਤੀਂਘਦਿਆਂ ਜ਼ਿੰਦਗੀ ਗਾਲ ਲੈਂਦੇ ਹਨ, ਜਿਸ ਲਈ ਉਹ ਬਣੇ ਨਹੀਂ ਹੁੰਦੇ, ਜੋ ਕਰਨ ਲਈ ਉਨ੍ਹਾਂ ਕੋਲ ਸਮਰੱਥਾ ਨਹੀਂ ਹੁੰਦੀ। ਕਾਮਯਾਬੀ ਦੇ ਕੁਝ ਹੋਰ ਨੁਕਤੇ ਸਾਂਝੇ ਕਰਨ ਤੋਂ ਪਹਿਲਾਂ ਇਹ ਦੇਖ ਲਈਏ ਕਿ ਕਾਮਯਾਬੀ ਸਾਡੇ ਲਈ ਹੈ ਕੀ? ਕੈਲੀਫੋਰਨੀਆ ਵਿਚ ਜੇ ਚਾਰ ਭਾਈਬੰਦ ਇਕੱਠੇ ਹੋ ਜਾਣ ਤਾਂ ਕਿਸੇ ਬੰਦੇ ਦੀ ਕਾਮਯਾਬੀ ਨੂੰ ਇਹ ਕਹਿ ਕੇ ਵਡਿਆਇਆ ਜਾਂਦਾ ਹੈ ਕਿ ਉਸ ਦੇ ਕਿੰਨੇ ਟਰੱਕ ਚਲਦੇ ਹਨ, ਉਹ ਕਿੰਨੇ ਮਕਾਨਾਂ ਜਾਂ ਸਬ ਵੇਆਂ ਦਾ ਮਾਲਕ ਹੈ, ਉਸ ਨੇ ਕਿੰਨੀ ਜ਼ਮੀਨ ਖਰੀਦੀ ਹੈ। ਭਾਵੇਂ ਕੰਮ ਸਿਖਾਉਣ ਦੀ ਆੜ ਵਿਚ ਉਹ ਰਿਸ਼ਤੇਦਾਰਾਂ ਅਤੇ ਭਾਈਬੰਦਾਂ ਦਾ ਮਹੀਨਿਆਂਬੱਧੀ ਕਿੰਨਾ ਸ਼ੋਸ਼ਣ ਕਰਦਾ ਹੋਵੇ। ਉਸ ਨੂੰ ਰਾਤ ਨੂੰ ਡੂੰਘੀ ਨੀਂਦ ਨਾ ਆਉਂਦੀ ਹੋਵੇ ਤੇ ਸਦਾ ਉਦਾਸਿਆਂ ਰਹਿੰਦਾ ਹੋਵੇ। ਇਸ ਧਾਰਨਾ ਦੇ ਉਲਟ ਵੀ ਕਈ ਸ਼ਖਸ ਵਿਚਰਦੇ ਹਨ। ਜਿਵੇਂ ਫਰਿਜ਼ਨੋ ਵਾਸੀ ਕਬੱਡੀ ਦਾ ਸਾਬਕਾ ਖਿਡਾਰੀ ਤੇ ਹਰ ਭਾਈਚਾਰਕ ਇਕੱਠ ਵਿਚ ਟੋਪ ਪਾਈ ਫਿਰਦਾ ਦਿਸਦਾ ਕਰਮ ਸਿੰਘ ਸੰਘਾ ਨਾਂ ਦਾ ਸ਼ਖਸ ਹੈ। ਆਪਣੇ ਦੋ ਬੱਚਿਆਂ ਦੇ ਵਿਆਹ ਤੋਂ ਸੁਰਖਰੂ ਹੋ ਕੇ ਉਹ ਮੇਲੀਆਂ ਵਾਂਗ ਰਹਿੰਦਾ ਹੈ। ਜਦੋਂ ਵੀ ਮਿਲੋ ਉਸ ਦੀਆਂ ਬਾਹਾਂ ਤੁਹਾਨੂੰ ਕਲਾਵੇ ਵਿਚ ਲੈਣ ਲਈ ਤੱਤਪਰ ਹੁੰਦੀਆਂ ਹਨ। ਉਸ ਨੇ ਨਾ ਜ਼ਮੀਨ ਖਰੀਦੀ ਹੈ, ਨਾ ਹੀ ਬਹੁਤੇ ਸਟੋਰ। ਇੱਕ ਸਟੋਟ ਦੀ ਮਾਲਕੀ ਤੇ ਬੱਸ। ਬੜੀ ਸਾਦਾ, ਸੁਹਣੀ ਤੇ ਸਾਊ ਸੁਭਾਅ ਜੀਵਨ ਸਾਥਣ ਹੈ। ਪੱਤਰਕਾਰ ਖੁਸ਼ਵੰਤ ਸਿੰਘ ਵਾਂਗ ਉਸ ਦਾ ਕੰਮ ‘ਤੇ ਜਾਣ, ਪੈਗ ਲਾਉਣ ਤੇ ਸੌਣ ਦਾ ਸਮਾਂ ਤੈਅ ਹੈ। ਜਿੱਥੇ ਲੋੜ ਹੋਵੇ, ਉਹ ਵਿੱਤ ਮੂਜਬ ਮਦਦ ਵੀ ਕਰਦਾ ਹੈ। ਉਸ ਦੇ ਇਸ ਮੇਲੀਆਂ ਵਰਗੇ ਚਾਅ ਦਾ ਕਾਰਨ ਪੁੱਛਣ ‘ਤੇ ਉਹ ਕਹਿੰਦਾ ਹੈ, Ḕਬੜਾ ਸਿੱਧਾ ਫਾਰਮੂਲਾ ਹੈ ਜੀ, ਇੱਕ ਦੁਕਾਨ, ਇੱਕ ਰਕਾਨ, ਇੱਕ ਮਕਾਨ।Ḕ ਮਸਲਾ ਤੁਹਾਡੀ ਤਸੱਲੀ ਤੇ ਖੁਸ਼ੀ ਦਾ ਹੈ, ਜੋ ਕਿਸੇ ਦੀ ਨਾਖੁਸ਼ੀ ‘ਤੇ ਨਾ ਟਿਕੀ ਹੋਵੇ। ਇਸ ਕਸੌਟੀ ‘ਤੇ ਉਹ ਕਿੰਨਾ ਪੂਰਾ ਉਤਰਦਾ ਹੈ, ਇਸ ਬਾਰੇ ਕਿਸੇ ਨੂੰ ਕਿੰਤੂ ਹੋ ਸਕਦਾ ਹੈ, ਪਰ ਇਸ ਕਸੌਟੀ ਦੀ ਸਿਆਣਪ ਅਤੇ ਵਾਜ਼ਬੀਅਤ ‘ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਤੁਸੀਂ ਦੁਕਾਨ ਦੇ ਮਾਲਕ ਹੋ ਜਾਂ ਸੌ ਮਕਾਨਾਂ ਦੇ, ਜੇ ਤੁਸੀਂ ਸਦਾ ਖਿਝੇ ਤੇ ਸੜੇ ਰਹਿੰਦੇ ਹੋ, ਉਚਾਟ ਹੋ ਤਾਂ ਤੁਹਾਨੂੰ ਕਾਮਯਾਬ ਮਨੁੱਖ ਨਹੀਂ ਕਿਹਾ ਜਾ ਸਕਦਾ, ਭਾਵੇਂ ਪ੍ਰਾਪਤੀਆਂ ਤੁਹਾਡੀਆਂ ਸੌ ਹੋਣ। ਫੇਰ ਵੀ ਜੇ ਕਾਮਯਾਬ ਹੋਣ ਦੀ ਧਾਰ ਹੀ ਲਈ ਹੈ ਤਾਂ ਕੁਝ ਓਲੰਪੀਅਨਾਂ ਦੀ ਜੀਵਨ-ਜਾਚ ‘ਤੇ ਝਾਤ ਮਾਰਨੀ ਕੁਥਾਂ ਨਹੀਂ ਹੋਵੇਗੀ।
ਓਲੰਪਿਕ ਖੇਡਾਂ ਵਿਚ ਕੀਰਤੀਮਾਨ ਸਥਾਪਿਤ ਕਰਨ ਵਾਲੇ ਖਿਡਾਰੀਆਂ ਦੇ ਜੀਵਨ ਦਾ ਜੇ ਲੇਖਾ-ਜੋਖਾ ਕਰੀਏ ਤਾਂ ਉਨ੍ਹਾਂ ਦੀਆਂ ਕਾਫੀ ਗੱਲਾਂ ਸਾਂਝੀਆਂ ਮਿਲ ਜਾਣਗੀਆਂ। ਜੇ ਇਹ ਗੱਲਾਂ ਨਾ ਹੋਣ ਤਾਂ ਖੇਡਾਂ ਤਾਂ ਕੀ, ਜ਼ਿੰਦਗੀ ਦੇ ਕਿਸੇ ਖੇਤਰ ਵਿਚ ਵੀ ਕਾਮਯਾਬੀ ਮਿਲਣਾ ਸੌਖਾ ਨਹੀਂ। ਸਾਰੀਆਂ ਪ੍ਰਾਪਤੀਆਂ ਨੂੰ ਸਿਰਫ ਬਾਹਰਮੁਖੀ ਹਾਲਤਾਂ ਦੇ ਸਿਰ ਮੜੀ ਜਾਣਾ, ਬਹਾਨੇਬਾਜ਼ੀ ਹੈ। ਕਈ ਮਾਂ-ਪਿਉ ਨੂੰ ਗਾਲ੍ਹਾਂ ਕੱਢੀ ਜਾਣਗੇ, ਕਈ ਕਹਿਣਗੇ Ḕਜੀ ਕਿਸਮਤ ਨੇḔ ਸਾਥ ਨਹੀਂ ਦਿੱਤਾ। ਪਰ ਪਤਾ ਸਾਰਿਆਂ ਨੂੰ ਹੈ ਕਿ ਜ਼ਿੰਦਗੀ ਵਿਚ ਸਾਰਾ ਕੁਝ ਪ੍ਰੋਸਿਆ ਹੋਇਆ ਨਹੀਂ ਮਿਲਦਾ। ਮਾੜੇ ਆਲੇ-ਦੁਆਲੇ ਨੂੰ ਬਦਲਣ ਲਈ, ਉਸ ਦੀ ਕਾਇਆ ਕਲਪ ਕਰਨ ਲਈ ਵੀ, ਸ਼ਖਸੀ ਅਤੇ ਸਮੂਹਿਕ ਪਹਿਲਕਦਮੀਆਂ ਦੀ ਲੋੜ ਹੁੰਦੀ ਹੈ। ਉਦਮ ਕਰਨਾ ਪੈਂਦਾ ਹੈ। ਜਰਾ ਸੋਚੋ, ਕੀ ਦਰਿਆ ਆਪਣੇ ਆਪ ਨਹਿਰਾਂ ਵਿਚ ਬਦਲ ਜਾਂਦੇ ਹਨ? ਕੀ ਨਿਵਾਣ ਵੱਲ ਵਹਿ ਰਿਹਾ ਪਾਣੀ, ਆਪਣੇ ਆਪ ਛੱਤ ‘ਤੇ ਪਈ ਟੈਂਕੀ ਵਿਚ ਚੜ੍ਹ ਜਾਂਦਾ ਹੈ?
ਦੇਖਣ ਵਿਚ ਆਉਂਦਾ ਹੈ ਕਿ ਸੁੱਖ ਸਹੂਲਤਾਂ ਮਾਣਨ ਵਾਲੇ ਕਈ ਮੁੰਡੇ-ਕੁੜੀਆਂ, ਨਿਕੰਮੇ ਸਿੱਧ ਹੋ ਰਹੇ ਹਨ। ਢੇਰੀ ਢਾਹ ਕੇ ਬੈਠ ਜਾਂਦੇ ਹਨ, ਨਸ਼ਈ ਬਣ ਜਾਂਦੇ ਹਨ ਤੇ ਖੁਦਕਸ਼ੀਆਂ ਦੇ ਰਾਹ ਪੈ ਰਹੇ ਹਨ। ਫਿਰ ਕੀ ਕਾਰਨ ਹੈ ਕਿ ਸਰਦੇ-ਪੁਜਦੇ ਸਹੂਲਤਾਂ ਵਾਲੇ ਘਰ ਤਾਂ ਹੋਰ ਵੀ ਹੋਣਗੇ, ਭਾਰਤ ਦਾ ਸਿਰਫ ਅਨੁਭਵ ਬਿੰਦਰਾ ਹੀ ਸੋਨੇ ਦਾ ਤਮਗਾ ਜਿੱਤਦਾ ਹੈ? ਸਕੂਲ ਵਿਚੋਂ ਕਮਜੋਰ ਬੱਚੇ ਵਜੋਂ ਗਰਦਾਨਿਆ ਗਿਆ, ਅਮਰੀਕਾ ਦਾ ਤੈਰਾਕ ਮਾਈਕਲ ਫੈਲਪਸ, ਓਲੰਪਿਕ ਖੇਡਾਂ ਵਿਚ, ਟੋਕਰਾ ਭਰ ਕੇ ਸੋਨੇ ਦੇ ਤਮਗੇ ਕਿਉਂ ਲੈ ਸਕਿਆ? ਅਤੇ ਇਸੇ ਤਰ੍ਹਾਂ ਇਨ੍ਹਾਂ ਦੇ ਕਈ ਹੋਰ ਸਾਥੀ।
ਜੇ ਗਹੁ ਨਾਲ ਦੇਖੀਏ ਤਾਂ ਕੀਰਤੀਮਾਨ ਸਥਾਪਤ ਕਰਨ ਵਾਲੇ ਇਨ੍ਹਾਂ ਕਰਮਯੋਗੀਆਂ ਦੇ ਤਿੰਨ ਗੁਣ ਸਾਹਮਣੇ ਆਉਂਦੇ ਹਨ। ਪਹਿਲਾ ਪ੍ਰਤੀਬੱਧਤਾ, ਦੂਜਾ ਅਭਿਆਸ ਅਤੇ ਤੀਜਾ ਲਗਾਤਾਰਤਾ। ਹਾਸਿਲ ਮੌਕਿਆਂ ਦੇ ਨਾਲ ਨਾਲ ਜੇ ਇਨ੍ਹਾਂ ਵਿਚੋਂ ਇੱਕ ਵੀ ਗਾਇਬ ਹੋ ਜਾਵੇ ਤਾਂ ਮਨਇੱਛਤ ਸਿੱਟੇ ਨਹੀਂ ਨਿਕਲ ਸਕਦੇ। ਜੇ ਕੋਈ ਆਪਣੇ ਆਪ ਨੂੰ ਪ੍ਰਤੀਬੱਧ ਸਮਝਦਾ ਹੈ ਪਰ ਅਭਿਆਸੀ ਨਹੀਂ, ਤਾਂ ਗੱਲ ਨਹੀਂ ਬਣਦੀ। ਜੇ ਪਹਿਲੇ ਦੋਨੋਂ ਗੁਣ ਹਨ, ਪਰ ਲਗਾਤਾਰਤਾ ਨਹੀਂ, ਫਿਰ ਵੀ ਕਾਮਯਾਬੀ ਦਾ ਸਿਹਰਾ ਸਿਰ ਨਹੀਂ ਬੱਝਦਾ। ਦਰਅਸਲ, ਪ੍ਰਤੀਬਧਤਾ, ਅਭਿਆਸ ਅਤੇ ਲਗਾਤਾਰਤਾ ਰਾਹੀਂ ਹੀ ਸਾਕਾਰ ਹੁੰਦੀ ਹੈ। ਟੁੱਟਵੇਂ ਅਭਿਆਸ ਵਾਲਾ ਬੰਦਾ, ਆਪਣੇ ਆਪ ਨੂੰ ਪ੍ਰਤੀਬੱਧ ਨਹੀਂ ਅਖਵਾ ਸਕਦਾ, ਚਰਚਾ ਵਿਚ ਉਹ ਭਾਵੇਂ ਕਿੰਨਾ ਰਹਿੰਦਾ ਹੋਵੇ। ਲਗਾਤਾਰ ਤੁਪਕਾ ਤੁਪਕਾ ਪੰਘਰਦੀ ਬਰਫ ਹੀ ਹੌਲੀ ਹੌਲੀ ਖੌਰੂ ਪਾਉਂਦਾ ਹੋਇਆ ਦਰਿਆ ਬਣਦੀ ਹੈ। ਜਰਾ ਸੋਚੋ, ਆਪਣੇ ਬਾਕੀ ਹਾਣੀਆਂ ਵਾਂਗ ਜੇ ਬਿੰਦਰਾ ਚੰਡੀਗੜ੍ਹ ਦੇ ਸੈਕਟਰ-17 ਵਿਚ ਆਵਾਰਾਗਰਦੀ ਕਰਨ, ਕਲੱਬਾਂ ਵਿਚ ਸ਼ਾਮਾਂ ਬਿਤਾਉਣ ਦੇ ਰਾਹ ਪਿਆ ਰਹਿੰਦਾ ਤਾਂ ਉਹ ਇੱਕ ਬੇਨਾਮ ਮੁੰਡਾ ਹੋਣਾ ਸੀ। ਹੋ ਸਕਦਾ ਹੈ, ਉਸ ਨੂੰ ਇਹ ਗੱਲਾਂ ਖਿੱਚਦੀਆਂ ਵੀ ਹੋਣ। ਇੱਥੇ ਹੀ ਪ੍ਰਤੀਬਧਤਾ, ਕੰਪਾਸ ਦਾ ਕੰਮ ਦਿੰਦੀ ਹੈ, ਥਿੜਕਣ ਤੋਂ ਬਚਾਉਂਦੀ ਹੈ। ਪ੍ਰਤੀਬੱਧਤਾ ਪੈਦਾ ਕਿਵੇਂ ਹੋਵੇ, ਇਹ ਜੀਵਨ ਦ੍ਰਿਸ਼ਟੀਕੋਣ ਦਾ ਮਸਲਾ ਹੈ। ਨਿਸ਼ਾਨੇ ਦੀ ਸਪਸ਼ਟਤਾ, ਵਾਜਬੀਅਤ ਅਤੇ ਲਗਾਅ, ਇਸ ਲਈ ਘੱਟੋ ਘੱਟ ਸ਼ਰਤਾਂ ਹਨ। ਬਿੰਦਰਾ ਘੰਟਿਆਂਬੱਧੀ, ਹਰ ਰੋਜ, ਨਿਸ਼ਾਨੇਬਾਜ਼ੀ ਦਾ ਅਭਿਆਸ ਕਰਦਾ ਹੈ। ਉਹ ਆਪਣੀ ਪੜ੍ਹਾਈ ਵਿਚ ਵੀ ਪਿੱਛੇ ਨਹੀਂ ਰਹਿੰਦਾ।
ਇਹੀ ਨਿੱਤਨੇਮ ਅਮਰੀਕੀ ਤੈਰਾਕ ਫੈਲਪਸ ਦਾ ਹੈ। ਆਪਣੇ ਨਿਸ਼ਾਨੇ ਦੀ ਪੂਰਤੀ ਲਈ ਉਹ ਸਿਰਫ ਤਿੰਨ ਕੰਮ ਕਰਦਾ ਹੈ, ਖਾਣਾ-ਪੀਣਾ, ਤੈਰਨਾ ਤੇ ਸੌਣਾ। ਸਕੂਲ ਵਿਚ ਮਾਨਸਿਕ ਤੌਰ ‘ਤੇ ਕਮਜੋਰ ਜਾਣਿਆ ਗਿਆ, ਇਹ ਮੁੰਡਾ, ਮਨੋਰਥ ਦੀ ਇਕਾਗਰਤਾ ਨਾਲ ਹੈਰਾਨ ਕਰਨ ਵਾਲੇ ਸਿੱਟੇ ਕੱਢਦਾ ਹੈ ਅਤੇ ਤਮਗਿਆਂ ਦੇ ਥੱਬੇ ਭਰ ਕੇ ਲੈ ਜਾਂਦਾ ਹੈ।
ਦੇਖਿਆ ਗਿਆ ਹੈ, ਵਿਰੋਧੀ ਸਥਿਤੀਆਂ ਨਾਲ ਸਿੱਝਦਿਆਂ ਕਈ ਜਣੇ ਹਾਰ ਮੰਨ ਜਾਂਦੇ ਹਨ, ਸੰਘਰਸ਼ ਕਰਨ ਦੀ ਥਾਂ, ਖੁਦਕਸ਼ੀ ਕਰਨ ਤੱਕ ਚਲੇ ਜਾਂਦੇ ਹਨ। ਕਈ ਸਾਬਤ ਕਦਮ ਹੋ ਅੱਗੇ ਨਿਕਲ ਜਾਂਦੇ ਹਨ। ਇਸ ਦੀ ਉਦਾਹਰਣ ਵੀ ਜਮਾਇਕਾ ਮੁਲਕ ਦੀ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ ਦੌੜਾਕ ਫਰੇਜਰ ਐਨ ਹੈ। ਪਿਉ ਵਾਹਰੀ ਅਤੇ ਫੜ੍ਹੀ ਲਾਉਣ ਵਾਲੀ ਔਰਤ ਦੀ ਧੀ, ਹਾਲਾਤ ਦੀ ਦਿੱਤੀ ਭਾਂਜ ਨੂੰ ਮੁਕਾਬਲੇ ਦੀ ਦੌੜ ਵਿਚ ਬਦਲ ਦਿੰਦੀ ਹੈ। ਉਸ ਦਾ ਬਚਪਨ ਡਰ ਅਤੇ ਥੁੜ੍ਹ ਵਿਚ ਬੀਤਦਾ ਹੈ। ਸੜਕ ਦੇ ਕਿਨਾਰੇ, ਅਣ ਅਧਿਕਾਰਤ ਥਾਂ ‘ਤੇ ਫੜ੍ਹੀ ਲਾਉਣ ਕਾਰਨ ਮਾਂ ਅਤੇ ਧੀ ਨੂੰ ਪੁਲਿਸ ਦੇ ਛਾਪਿਆਂ ਦੇ ਡਰੋਂ ਵਾਰ ਵਾਰ ਭੱਜਣਾ ਪੈਂਦਾ ਹੈ। ਸਮਾਨ ਜ਼ਬਤ ਹੋਣ ਦੇ ਡਰੋਂ ਐਨ ਬਗਲੀ ਚੁੱਕ ਕੇ ਲੁਕਣ ਲਈ ਇੱਧਰ-ਉਧਰ ਭੱਜਦੀ ਹੈ। ਹੌਲੀ ਹੌਲੀ ਉਹ ਦੌੜਾਂ ਵਿਚ ਹਿੱਸਾ ਲੈਂਦੀ ਹੈ। ਮਜਬੂਰੀ ਵਿਚ ਭੱਜਣ ਦਾ ਅਭਿਆਸ, ਖੇਡਾਂ ਦੀ ਪ੍ਰਾਪਤੀ ਵਿਚ ਬਦਲ ਜਾਂਦਾ ਹੈ। ਕੋਈ ਕਹਿ ਸਕਦਾ ਹੈ, ਇਹ ਤਾਂ ਨਿਜੀ ਪ੍ਰਾਪਤੀਆਂ ਹਨ, ਇਨ੍ਹਾਂ ਨਾਲ ਸਮਾਜ ਨੂੰ ਕੀ ਫਾਇਦਾ? ਗੱਲ ਇਸ ਤਰ੍ਹਾਂ ਨਹੀਂ, ਇਹ ਕਾਮਯਾਬੀਆਂ ਦੂਜਿਆਂ ਲਈ ਪ੍ਰੇਰਣਾ ਬਣਦੀਆਂ ਹਨ। ਖਿਡਾਰੀ ਤੇ ਉਦਮੀ ਬੰਦੇ ਮਨੁੱਖ ਦੀਆਂ ਸੰਭਾਵਨਾਵਾਂ ਦਾ ਰੇਂਜ ਅਤੇ ਆਦਰਸ਼ ਤੈਅ ਕਰਦੇ ਹਨ, ਜਿਨ੍ਹਾਂ ਤੋਂ ਹੋਰਨਾਂ ਨੂੰ ਰੋਸ਼ਨੀ ਅਤੇ ਉਤਸ਼ਾਹ ਮਿਲਦਾ ਹੈ।
ਸਾਰ ਹੈ ਕਿ ਪ੍ਰਤੀਬੱਧਤਾ, ਅਭਿਆਸ ਅਤੇ ਲਗਾਤਾਰਤਾ ਦਾ ਮਹੱਤਵ ਸਿਰਫ ਖੇਡਾਂ, ਸੰਗੀਤ ਅਤੇ ਨ੍ਰਿਤ ਵਿਚ ਹੀ ਨਹੀਂ, ਜੀਵਨ ਦੇ ਹਰ ਸ਼ੋਅਬੇ ਵਿਚ ਹੈ। ਪੰਜਾਬੀਆਂ ਲਈ ਇਨ੍ਹਾਂ ਦੀ ਅਣਸਰਦੀ ਲੋੜ ਹੈ, ਜੋ ਆਮ ਤੌਰ ‘ਤੇ ਝੁੱਟੀ ਲਾ ਕੇ ਕੰਮ ਕਰਦੇ ਹਨ, ਫਿਰ ਢਿੱਲੇ ਪੈ ਜਾਂਦੇ ਹਨ। ਵਾਰ ਵਾਰ ਦਿਲਚਸਪੀਆਂ, ਪਾਰਟੀਆਂ ਬਦਲਦੇ ਹਨ। ਉਹ ਨਿਰੰਤਰਤਾ ਦੀ ਥਾਂ ਭੰਗਣਾ ‘ਤੇ ਜ਼ਿਆਦਾ ਟੇਕ ਰੱਖਦੇ ਹਨ। ਉਕਤ ਨੁਕਤੇ ਕਾਮਯਾਬ ਹੋਣ ਲਈ ਲਾਹੇਵੰਦੇ ਹਨ, ਇਸ ਲਈ ਇਨ੍ਹਾਂ ਨੂੰ ਅਜਮਾ ਲਿਆ ਜਾਣਾ ਚਾਹੀਦਾ ਹੈ। ਤੁਸੀਂ ਜੋ ਮਰਜੀ ਉਦੇਸ਼ ਰਖ ਸਕਦੇ ਹੋ, ਉਨ੍ਹਾਂ ਲਈ ਜੂਝ ਸਕਦੇ ਹੋ; ਇਹ ਤੁਹਾਡਾ ਨਿਜੀ ਮਸਲਾ ਹੈ, ਪਰ ਨਾਲ ਹੀ ਅੰਦਰ ਝਾਤੀ ਮਾਰਦੇ ਰਹਿਣਾ ਚਾਹੀਦਾ ਹੈ ਕਿ ਕਾਮਯਾਬੀ ਕਾਹਦੇ ਲਈ? ਇਸ ਵਿਚ ਤੱਸਲੀ ਅਤੇ ਖੁਸ਼ੀ ਦੀ ਕਿੰਨੀ ਮਿੱਸ ਹੈ?
ਛੇਕੜ ਵਿਚ ਕੁਮਾਰ ਵਿਸਵਾਸ ਦਾ ਟੋਟਕਾ ਵੀ ਸੁਣ ਲਓ: “ਕੁਟੀਆਂ ਕੋਲੋਂ ਲੰਘੇ Ḕਸੋਨ-ਮਿਰਗḔ ਨੂੰ ਲੈਣ ਲਈ ਸੀਤਾ ਆਪਣੇ ਪਤੀ ਰਾਮ ਨੂੰ ਭੇਜਦੀ ਹੈ। ਸੋਨ-ਮਿਰਗ ਲੈਣ ਗਏ ਰਾਮ ਦੀ ਗੈਰਹਾਜਰੀ ਵਿਚ ਉਸ ਨੂੰ ਰਾਵਣ ਲੈ ਜਾਂਦਾ ਹੈ। ਪਰ ਸੋਨੇ ਦੀ ਲੰਕਾ ਵਿਚ ਰਹਿੰਦਿਆਂ ਉਹ Ḕਰਾਮ ਰਾਮḔ ਦਾ ਵਿਰਲਾਪ ਕਰਦੀ ਹੈ।”