ਰੁੱਸੇ ਹੋਏ ਫੱਗਣ ਦੀ ਕਹਾਣੀ ਫਾਗੁਨ

ਕੁਲਦੀਪ ਕੌਰ
ਫੋਨ: +91-98554-04330
ਫਿਲਮ ‘ਫਾਗੁਨ’ 1973 ਵਿਚ ਰਿਲੀਜ਼ ਹੋਈ। ਇਸ ਫਿਲਮ ਦੀ ਕਹਾਣੀ ਰੰਗਦਾਰ ਮਹਿੰਗੀ ਸਾੜ੍ਹੀ ਦੁਆਲੇ ਘੁੰਮਦੀ ਹੈ। ਨਿਰਦੇਸ਼ਕ ਰਾਜਿੰਦਰ ਸਿੰਘ ਬੇਦੀ ਸਾੜ੍ਹੀ ਦੇ ਸੰਕੇਤ ਰਾਹੀ ਅਮੀਰਾਂ ਦੀ ਗਰੀਬਾਂ ਪ੍ਰਤੀ ਤੰਗਨਜ਼ਰੀ ਨੂੰ ਖੂਬਸੂਰਤ ਤਰੀਕੇ ਨਾਲ ਪੇਸ਼ ਕਰਦਾ ਹੈ। ਬਹੁਤ ਵਾਰ ਇਹ ਤੰਗਨਜ਼ਰੀ ਅਮੀਰਾਂ ਦੇ ਆਪਣੇ ਬੌਣੇ ਕਿਰਦਾਰਾਂ ਦੀ ਨੁਮਾਇਸ਼ ਹੋ ਨਿਬੜਦੀ ਹੈ। ਫਿਲਮ ਵਿਚ ਹੋਲੀ ਦੇ ਦਿਨ ਮਹਿੰਗੀ ਸਾੜ੍ਹੀ ‘ਤੇ ਡਿਗਿਆ ਰੰਗ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਜਾਂਦਾ ਹੈ। ਹੋਲੀ ਪੂਰੀ ਜ਼ਿੰਦਗੀ ਲਈ ਬਦਰੰਗ ਹੋ ਜਾਂਦੀ ਹੈ।

ਰਾਜਿੰਦਰ ਸਿੰਘ ਬੇਦੀ ਦੇ ਲਿਖੇ ਅਫਸਾਨਿਆਂ ਵਾਂਗ ਇਸ ਫਿਲਮ ਵਿਚ ਵੀ ਕਿਰਦਾਰਾਂ ਦੇ ਮਨੋਵਿਗਿਆਨਕ ਸੰਸਿਆਂ, ਗੁੰਝਲਾਂ ਅਤੇ ਪਛਤਾਵਿਆਂ ਦਾ ਮਾਰਮਿਕ ਚਿਤਰਨ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਸਾਧਾਰਨ ਹੋਣ ਦੇ ਬਾਵਜੂਦ ਸਾਧਾਰਨ ਨਹੀਂ, ਸਗੋਂ ਇਸ ਦੀਆਂ ਪੇਚੀਦਗੀਆਂ ਜ਼ਿੰਦਗੀ ਦੇ ਅਣਕਿਆਸੇ ਮੋੜਾਂ ਦੁਆਰਾ ਮਨੁੱਖੀ ਸਮਰੱਥਾ ‘ਤੇ ਭਾਰੂ ਹੋਣ ਦੀ ਬਾਤ ਪਾਉਂਦੀਆਂ ਹਨ। ਫਿਲਮ ਦੀ ਕਹਾਣੀ ਅਨੁਸਾਰ, ਖਾਨਦਾਨੀ ਰਈਸ ਪਿਉ ਸ਼ਾਮਰਾਉ ਅਤੇ ਮਾਂ ਅਨਸੂਈਆ ਇਸ ਗੱਲ ਤੋਂ ਸਖਤ ਨਾਰਾਜ਼ ਹਨ ਕਿ ਉਨ੍ਹਾਂ ਦੀ ਬੇਟੀ ਸ਼ਾਂਤਾ ਦਾਮੁਲੇ (ਵਹੀਦਾ ਰਹਿਮਾਨ) ਵੱਡੇ-ਵੱਡੇ ਰਈਸਾਂ ਅਤੇ ਨਵਾਬਾਂ ਦੇ ਰਿਸ਼ਤਿਆਂ ਨੂੰ ਠੁਕਰਾ ਕੇ ਮਾਮੂਲੀ ਲੇਖਕ ਗੋਪਾਲ (ਧਰਮਿੰਦਰ) ਨਾਲ ਵਿਆਹ ਕਰਵਾ ਲੈਂਦੀ ਹੈ। ਆਮਦਨ ਦਾ ਕੋਈ ਪੱਕਾ ਜ਼ਰੀਆ ਨਾ ਹੋਣ ਕਾਰਨ ਗੋਪਾਲ ਨੂੰ ਆਪਣੇ ਸਹੁਰਿਆਂ ਦੇ ਘਰ ਹੀ ਰਹਿਣਾ ਪੈਂਦਾ ਹੈ ਜਿਥੇ ਮੌਕਾ-ਬੇਮੌਕਾ ਉਸ ਦਾ ਸਹੁਰਾ ਪਰਿਵਾਰ ਉਸ ਦੀ ਬੇਇਜ਼ਤੀ ਕਰਦਾ ਰਹਿੰਦਾ ਹੈ।
ਹੋਲੀ ਮੌਕੇ ਸਾਰੇ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਹੈ, ਗੋਪਾਲ ਅੱਜ ਦੁੱਗਣਾ ਖੁਸ਼ ਹੈ ਕਿਉਂਕਿ ਉਸ ਦੀ ਕਿਤਾਬ ‘ਅਗਲਾ ਕਦਮ’ ਛਪ ਚੁੱਕੀ ਹੈ। ਉਹ ਇਹ ਖੁਸ਼ੀ ਸਭ ਤੋਂ ਪਹਿਲਾ ਆਪਣੀ ਪਤਨੀ ਨਾਲ ਸਾਂਝੀ ਕਰਨੀ ਚਾਹੁੰਦਾ ਹੈ। ਪਤਨੀ ਹੋਲੀ ਦੀ ਖੁਸ਼ੀ ਵਿਚ ਆਪਣੀ ਬੇਸ਼ਕੀਮਤੀ ਸਾੜ੍ਹੀ ਪਾ ਕੇ ਆਪਣੀਆਂ ਸਹੇਲੀਆਂ ਨਾਲ ਹੋਲੀ ਖੇਡ ਰਹੀ ਹੈ। ਗੋਪਾਲ ਉਸ ਉਤੇ ਪਿਚਕਾਰੀ ਨਾਲ ਰੰਗ ਪਾਉਂਦਾ ਹੈ। ਕੁਝ ਮਿੰਟਾਂ ਲਈ ਪਤਨੀ ਇਸ ਪਲ ਨੂੰ ਮਾਣਦੀ ਹੈ, ਪਰ ਅਚਾਨਕ ਉਸ ਦੀ ਨਜ਼ਰ ਆਪਣੇ ਪਿਉ ਦੀਆਂ ਅੱਖਾਂ ‘ਤੇ ਪੈਂਦੀ ਹੈ ਜਿਹੜੀਆਂ ਗੋਪਾਲ ਦੀ ਇਸ ਹਰਕਤ ਕਾਰਨ ਗੁੱਸੇ ਨਾਲ ਭਰੀਆਂ ਹੋਈਆਂ ਹਨ। ਪਤਨੀ ਇਹੀ ਗੁੱਸਾ ਅਤੇ ਨਾਪਸੰਦਗੀ ਆਪਣੇ ਬਾਕੀ ਰਿਸ਼ਤੇਦਾਰਾਂ ਦੀਆਂ ਅੱਖਾਂ ਵਿਚ ਵੀ ਦੇਖਦੀ ਹੈ। ਇਕ ਪਲ ਲਈ ਉਸ ਉਤੇ ਆਪਣੀ ਔਕਾਤ ਭਾਰੂ ਹੋ ਜਾਂਦੀ ਹੈ ਅਤੇ ਉਹ ਗੁੱਸੇ ਵਿਚ ਅੰਨ੍ਹੀ ਹੋਈ ਗੋਪਾਲ ਨੂੰ ਆਖਦੀ ਹੈ- ‘ਉਸ ਚੀਜ਼ ਕੋ ਖਰਾਬ ਕਰਨੇ ਕਾ ਕਿਆ ਹੱਕ ਹੈ ਤੁਮੇ ਜੋ ਤੁਮ ਖਰੀਦ ਕਰ ਦੇ ਨਹੀਂ ਸਕਤੇ’। ਗੋਪਾਲ ਉਸੇ ਸਮੇਂ ਘਰ ਛੱਡ ਦਿੰਦਾ ਹੈ।
ਗੋਪਾਲ ਆਪਣਾ ਨਾਮ ਬਦਲ ਕੇ ਲਿਖਣਾ ਸ਼ੁਰੂ ਕਰ ਦਿੰਦਾ ਹੈ, ਚਾਰ ਸਾਲ ਦਿਨ-ਰਾਤ ਇਕ ਕਰ ਕੇ ਕਈ ਮਹਿੰਗੀਆਂ ਸਾੜ੍ਹੀਆਂ ਅਤੇ ਤੋਹਫੇ ਇਕੱਠੇ ਕਰਦਾ ਹੈ, ਪਰ ਉਸ ਦੀ ਬਸਤੀ ਵਿਚ ਲੱਗੀ ਅੱਗ ਕਾਰਨ ਸਭ ਜਲ ਕੇ ਸੁਆਹ ਹੋ ਜਾਂਦਾ ਹੈ। ਉਹ ਘਰ ਜਾਣ ਦਾ ਫੈਸਲਾ ਫਿਰ ਅੱਗੇ ਪਾ ਦਿੰਦਾ ਹੈ।
ਉਧਰ ਗੋਪਾਲ ਦੇ ਘਰ ਛੱਡਣ ਤੋਂ ਬਾਅਦ ਸ਼ਾਂਤਾ ਦਾਮੁਲੇ ਬੇਟੀ ਨੂੰ ਜਨਮ ਦਿੰਦੀ ਹੈ। ਉਸ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਹੋਰ ਵੀ ਇਕੱਲੀ ਹੋ ਜਾਂਦੀ ਹੈ। ਉਹ ਫੱਗਣ ਦੇ ਮਹੀਨੇ ਵਾਪਰੀ ਉਸ ਘਟਨਾ ਲਈ ਆਪਣੇ-ਆਪ ਨੂੰ ਕੋਸਦੀ ਹੈ। ਸਾਲ-ਦਰ-ਸਾਲ ਬੀਤਦੇ ਜਾਂਦੇ ਹਨ। ਉਸ ਦੀ ਬੇਟੀ ਸੰਤੋਸ਼ ਤੋਸ਼ੀ (ਜਯਾ ਬੱਚਨ) ਜਵਾਨ ਹੋ ਜਾਂਦੀ ਹੈ ਅਤੇ ਡਾਕਟਰ ਸੁਮਨ (ਵਿਜੇ ਅਰੋੜਾ) ਨਾਲ ਵਿਆਹ ਕਰਵਾ ਲੈਂਦੀ ਹੈ। ਪਹਿਲਾਂ-ਪਹਿਲ ਉਸ ਨੂੰ ਬੇਟੀ-ਜਵਾਈ ਦਾ ਪਿਆਰ ਚੰਗਾ ਲੱਗਦਾ ਹੈ, ਪਰ ਹੌਲੀ-ਹੌਲੀ ਉਹ ਉਨ੍ਹਾਂ ਦੀ ਜ਼ਿੰਦਗੀ ਦੀ ਬਹਾਰ ਵਿਚੋਂ ਆਪਣਾ ਗੁਆਚਾ ਪਿਆਰ ਲੱਭਣ ਦੀ ਕੋਸ਼ਿਸ ਕਰਨ ਲੱਗਦੀ ਹੈ। ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਉਸ ਨੂੰ ਆਪਣਾ ਵਿਸ਼ਾਲ ਘਰ ਛੱਡ ਕੇ ਬੇਟੀ-ਜਵਾਈ ਨਾਲ ਜਾਣਾ ਪੈਂਦਾ ਹੈ। ਉਸ ਦੁਆਰਾ ਉਨ੍ਹਾਂ ਦੀ ਜ਼ਿੰਦਗੀ ਵਿਚ ਕੀਤੀ ਬੇਲੋੜੀ ਦਖਲਅੰਦਾਜ਼ੀ ਨੂੰ ਉਸ ਦੀ ਬੇਟੀ ਤਾਂ ਮਾਂ ਦਾ ਪਿਆਰ ਕਹਿ ਕੇ ਟਾਲ ਦਿੰਦੀ ਹੈ, ਪਰ ਡਾਕਟਰ ਹੋਣ ਕਾਰਣ ਸੁਮਨ ਨੂੰ ਉਸ ਦੀ ਸਮੱਸਿਆ ਝੱਟ ਸਮਝ ਵਿਚ ਆ ਜਾਂਦੀ ਹੈ। ਉਹ ਘਰ ਦੇ ਕਿਸੇ ਪੁਰਾਣੇ ਹਮਦਰਦ ਦੀ ਸਹਾਇਤਾ ਨਾਲ ਗੋਪਾਲ ਅਤੇ ਸ਼ਾਂਤਾ ਦਾ ਪੁਨਰ-ਮਿਲਾਪ ਕਰਵਾ ਦਿੰਦਾ ਹੈ। ਇਉਂ ਲੇਟ ਹੀ ਸਹੀ, ਪਰ ਉਨ੍ਹਾਂ ਦੀ ਜ਼ਿੰਦਗੀ ਵਿਚ ਫੱਗਣ ਦੀ ਪੁਨਰ-ਆਮਦ ਹੋ ਜਾਂਦੀ ਹੈ।
ਇਸ ਫਿਲਮ ਦੀ ਚਰਚਾ ਇਸ ਫਿਲਮ ਦੇ ਸੰਗੀਤ ਕਰ ਕੇ ਖੂਬ ਹੋਈ। ਫੱਗਣ ਮਹੀਨੇ ਨੂੰ ਵਿਛੜਿਆਂ ਨੂੰ ਮੇਲਣ ਵਾਲਾ ਮੰਨਿਆ ਜਾਂਦਾ ਹੈ, ਪਰ ਮਜਰੂਹ ਸੁਲਤਾਨਪੁਰੀ ਦੇ ਲਿਖੇ ਗਾਣਿਆਂ ਵਿਚ ਲਗਾਤਾਰ ਵੱਜਦੀ ਬਿਰਹਾ ਦੀ ਹੂਕ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਗੀਤ ‘ਪੀਆ ਸੰਗ ਖੇਲੋ ਹੋਲੀ’ ਨੂੰ ਵਹੀਦਾ ਰਹਿਮਾਨ ਦੇ ਬੇਜੋੜ ਨਾਚ ਨੇ ਜ਼ਿੰਦਾ ਕਰ ਦਿਤਾ ਹੈ। ਇਹ ਗੀਤ ਹੋਲੀ ਨਾਲ ਸਬੰਧਿਤ ਸਦੀਆਂ ਤੋਂ ਗੁਣਗੁਣਾਈਆਂ ਜਾਂਦੀਆਂ ਲੋਕ ਧੁਨਾਂ ‘ਤੇ ਆਧਾਰਿਤ ਸਨ। ਸਚਿਨ ਦੇਵ ਬਰਮਨ ਨੇ ਇਸ ਫਿਲਮ ਲਈ ਖਾਸ ਤੌਰ ‘ਤੇ ਸ਼ਾਸਤਰੀ ਸੰਗੀਤ ‘ਤੇ ਹੀ ਕੇਂਦਰਿਤ ਕੀਤਾ ਹੈ ਜਿਸ ਨਾਲ ਫਿਲਮ ਦੇਖਣ ਨਾਲੋਂ ਸੁਣਨ ਵਜੋਂ ਜ਼ਿਆਦਾ ਵਧੀਆ ਬਣ ਸਕੀ ਹੈ।