ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਚੋਣਾਂ ਨੇੜੇ ਆਉਂਦੇ ਵੇਖ ਪੰਜਾਬ ਦੀ ਸਿਆਸਤ ਨਿੱਤ ਨਵੇਂ ਰੰਗ ਵਿਖਾ ਰਹੀ ਹੈ। ਆਮ ਆਦਮੀ ਪਾਰਟੀ ਸਮੇਤ ਰਵਾਇਤੀ ਪਾਰਟੀਆਂ ਨਾਲੋਂ ਟੁੱਟੇ ਆਗੂਆਂ ਵੱਲੋਂ ਧੜਾ-ਧੜ ਬਣਾਏ ਜਾ ਰਹੇ ਦਲਾਂ ਨੇ ਸਿਆਸਤ ਦੀ ਤਾਣੀ ਉਲਝਾ ਦਿਤੀ ਹੈ।
ਅਕਾਲੀ-ਭਾਜਪਾ ਸਰਕਾਰ ਦੇ ਸਾਢੇ ਨੌਂ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਵਧ ਰਹੀ ਨਾਰਾਜ਼ਗੀ ਦੇ ਸਹਾਰੇ ਸੱਤਾ ਦੀ ਮੁੱਖ ਦਾਅਵੇਦਾਰ ਬਣੀ ਆਮ ਆਦਮੀ ਪਾਰਟੀ ਵਿਚਲੀ ਫੁੱਟ ਅਤੇ ਨਵਜੋਤ ਸਿੱਧੂ, ਪ੍ਰਗਟ ਸਿੰਘ ਅਤੇ ਬੈਂਸ ਭਰਾਵਾਂ ਵੱਲੋਂ ਚੌਥਾ ਫਰੰਟ (ਆਵਾਜ਼-ਏ-ਪੰਜਾਬ) ਬਣਾਉਣ ਦੇ ਫੈਸਲੇ ਨਾਲ ਸੂਬੇ ਅੰਦਰ ਨਵੇਂ ਸਿਆਸੀ ਸਮੀਕਰਨ ਪੈਦਾ ਹੋਣ ਦੇ ਆਸਾਰ ਬਣੇ ਗਏ ਹਨ। ਇਸੇ ਦੌਰਾਨ ‘ਆਪ’ ਵਿਚ ਅੰਦਰੂਨੀ ਫੁੱਟ ਨੂੰ ਦੇਖਦਿਆਂ ਅਕਾਲੀ ਦਲ ਨੇ ਟਕਰਾਅ ਵਾਲੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿਤਾ ਹੈ। ਮਲੋਟ ਵਿਚ ਸੰਸਦ ਮੈਂਬਰ ਭਗਵੰਤ ਮਾਨ ਦੀ ਰੈਲੀ ਵਿਚ ਅਕਾਲੀ ਕਾਰਕੁਨਾਂ ਨੇ ਜਿਸ ਤਰ੍ਹਾਂ ਦਾ ਹਮਲਾਵਰ ਰੁਖ਼ ਅਖ਼ਤਿਆਰ ਕੀਤਾ, ਇਸ ਨੇ ਹਾਕਮ ਧਿਰ ਦੀ ਬੇਚੈਨੀ ਸਾਹਮਣੇ ਲਿਆ ਦਿਤੀ ਹੈ। ਉਧਰ, ਕਾਂਗਰਸ ਪਾਰਟੀ ਨੂੰ ਵੀ ਦਲਿਤ ਵੋਟ ‘ਤੇ ਸਿਆਸਤ ਮਹਿੰਗੀ ਪੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਵਿਚ ਆਏ ਗਾਇਕ ਹੰਸ ਰਾਜ ਹੰਸ ਵੱਲੋਂ ਸ਼ਰੇਆਮ ਸਟੇਜ ‘ਤੇ ਜਿਸ ਢੰਗ ਨਾਲ ਪਾਰਟੀ ਦੇ ਆਗੂ ਚਰਨਜੀਤ ਸਿੰਘ ਚੰਨੀ ਤੋਂ ਮਾਈਕ ਖੋਹ ਕੇ ਕਾਂਗਰਸ ਦੀਆਂ ਦਲਿਤ ਨੀਤੀਆਂ ਵਿਰੁੱਧ ਭੜਾਸ ਕੱਢੀ, ਉਸ ਤੋਂ ਇਸ ਆਗੂ (ਹੰਸ ਰਾਜ ਹੰਸ) ਦੇ ਕਾਂਗਰਸ ਨੂੰ ਵੀ ਪਿੱਠ ਵਿਖਾਉਣ ਦੇ ਆਸਾਰ ਬਣ ਰਹੇ ਹਨ। ਨਵੇਂ ਫਰੰਟ ਆਵਾਜ਼-ਏ-ਪੰਜਾਬ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੇ ਕਈ ਵੱਡੇ ਆਗੂਆਂ ਉਨ੍ਹਾਂ ਦੇ ਸੰਪਰਕ ਵਿਚ ਹਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਇਕਾਈ ਦੀ ਕਨਵੀਨਰੀ ਤੋਂ ਲਾਂਭੇ ਕੀਤੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਵੀ ਇਸ ਨਵੇਂ ਫਰੰਟ ਵਿਚ ਜਾਣ ਦੀ ਚਰਚਾ ਹੈ। ਫਿਲਹਾਲ ਉਨ੍ਹਾਂ ਨੇ ਇਹ ਫੈਸਲਾ ਲੋਕ ਰਾਇ ‘ਤੇ ਛੱਡ ਦਿਤਾ ਹੈ।
ਪੰਜਾਬ ਦੀ ਸਿਆਸਤ ਵਿਚ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਬੀæਐਸ਼ਪੀæ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਿਡ ਅਕਾਲੀ ਦਲ ਸਮੇਤ ਅੱਧੀ ਦਰਜਨ ਛੋਟੇ ਮੋਟੇ ਸਿਆਸੀ ਦਲ ਸਰਗਰਮ ਹਨ। ਪੰਜਾਬ ਦੇ ਲੋਕ, ਖਾਸ ਕਰ ਕੇ ਨੌਜਵਾਨਾਂ ਦਾ ਵੱਡਾ ਤਬਕਾ ਕਾਂਗਰਸ ਅਤੇ ਅਕਾਲੀ ਦਲ, ਦੋਵਾਂ ਤੋਂ ਹੀ ਦੁਖੀ ਹੈ। ਇਹ ਨੌਜਵਾਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਵੰਡੀਆਂ ਵੋਟਾਂ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਨੂੰ ਵੀ ਫਾਇਦਾ ਪਹੁੰਚਾਉਣ, ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਜਿੱਤ ਦਾ ਰਾਹ ਸਾਫ ਕਰ ਦਿਤਾ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੇਂ ਫਰੰਟ ਆਵਾਜ਼-ਏ-ਪੰਜਾਬ ਨੂੰ ਸਿਆਸੀ ਧਿਰਾਂ ਵੱਲੋਂ ਛੇਕੇ ਆਗੂਆਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਵੱਲੋਂ ਬੈਂਸ ਭਰਾਵਾਂ, ਸਿੱਧੂ ਜੋੜੀ, ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਸਰਬੱਤ ਖਾਲਸਾ ਜਥੇਬੰਦੀਆਂ ਦੇ ਪੰਥਕ ਪਲੇਟਫਾਰਮ ‘ਤੇ ਆਉਣ ਦਾ ਸੱਦਾ ਦੇਣ ਨਾਲ ਰਵਾਇਤੀ ਧਿਰਾਂ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ।
___________________________________
ਆਪ ਵਿਚ ਬਾਗੀ ਸੁਰਾਂ ਹੋਈਆਂ ਹੋਰ ਉਚੀਆਂ
ਅੰਮ੍ਰਿਤਸਰ: ‘ਆਪ’ ਵੱਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਦੀ ਕਨਵੀਨਰੀ ਤੋਂ ਲਾਂਭੇ ਕਰਨ ਪਿੱਛੋਂ ਪਾਰਟੀ ਵਿਚ ਵੱਡੇ ਪੱਧਰ ‘ਤੇ ਬਗਾਵਤ ਸ਼ੁਰੂ ਹੋ ਗਈ ਹੈ। ਸੂਬੇ ਦੇ ਜ਼ੋਨ ਇੰਚਾਰਜਾਂ ਨੇ ਹਾਈਕਮਾਨ ਦੇ ਇਸ ਫੈਸਲੇ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ। ਪਾਰਟੀ ਦੇ ਤਕਰੀਬਨ 86 ਅਹੁਦੇਦਾਰਾਂ ਤੇ ਕਾਰਕੁਨਾਂ ਨੇ ਇਕਦਮ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ ਹੈ। ਅਸਤੀਫਾ ਦੇਣ ਵਾਲਿਆਂ ਵਿਚ ਜ਼ੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਸਮੇਤ ਸੂਬਾਈ ਪੱਧਰ ਦੇ ਪੰਜ ਅਹੁਦੇਦਾਰ, ਵੱਖ-ਵੱਖ ਵਿੰਗਾਂ ਦੇ 9 ਜ਼ੋਨ ਇੰਚਾਰਜ ਅਤੇ 34 ਸੈਕਟਰ ਇੰਚਾਰਜ ਵੀ ਸ਼ਾਮਲ ਹਨ। ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਇਸ ਨਵੀਂ ਪਾਰਟੀ ਲਈ ਨਮੋਸ਼ੀ ਬਣੇ ਹੋਏ ਹਨ। ਉਧਰ, ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਘੁੱਗੀ ਨੂੰ ਸੂਬਾਈ ਕਨਵੀਨਰ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਸ਼ ਛੋਟੇਪੁਰ ਨਾਲ ਜੁੜੇ ਪੰਜ ਜ਼ੋਨਾਂ ਦੇ ਕੋਆਰਡੀਨੇਟਰਾਂ ਦੀ ਥਾਂ ਨਵੇਂ ਆਗੂ ਨਿਯੁਕਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿਤੀ ਗਈ ਹੈ। ਪਾਰਟੀ ਵਿਚੋਂ ਬਾਗੀ ਹੋਏ ਐਚæਐਸ਼ ਕਿੰਗਰਾ ਵੱਲੋਂ ਨਸ਼ਰ ਕੀਤੇ ਸਟਿੰਗ ‘ਚ ਸ਼ਾਮਲ ਲੁਧਿਆਣੇ ਦੇ ਆਬਜ਼ਰਵਰ ਅਮਰੀਸ਼ ਤ੍ਰਿਖਾ ਦੀ ਦਿੱਲੀ ਦੀ ਟਿਕਟ ਕੱਟਣ ਦੇ ਨਾਲ ਹੀ ਬਾਕੀ 12 ਆਬਜ਼ਰਵਰਾਂ ਦਾ ਵੀ ਬਿਸਤਰਾ ਗੋਲ ਕਰਨ ਦਾ ਫੈਸਲਾ ਕੀਤਾ ਹੈ।