ਸ੍ਰੀਨਗਰ: ਕਸ਼ਮੀਰ ਵਿਚ ਸ਼ਾਂਤੀ ਦੇ ਯਤਨਾਂ ਲਈ ਗਏ ਸਰਬ ਪਾਰਟੀ ਵਫਦ ਬਾਰੇ ਵੱਖਵਾਦੀਆਂ ਵੱਲੋਂ ਸਖਤ ਰੁਖ ਅਖ਼ਤਿਆਰ ਕਰਨ ਨਾਲ ਫਿਲਹਾਲ ਵਾਦੀ ਵਿਚ ਹਾਲਾਤ ਸੁਧਰਨ ਦੇ ਆਸਾਰ ਘੱਟ ਨਜ਼ਰ ਆ ਰਹੇ ਹਨ। ਇਸ ਵਫਦ ਦੇ ਦੌਰੇ ਸਮੇਂ ਹੀ ਸੁਰੱਖਿਆ ਬਲਾਂ ਅਤੇ ਵਿਖਾਵਾਕਾਰੀਆਂ ਵਿਚ ਝੜਪਾਂ ਜਾਰੀ ਰਹੀਆਂ ਜਿਸ ਕਾਰਨ ਮੌਤਾਂ ਦੀ ਗਿਣਤੀ ਵਧ ਕੇ 75 ਹੋ ਗਈ ਹੈ। ਇਹ ਸੰਘਰਸ਼ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ।
ਸਰਕਾਰ ਵੱਲੋਂ ਹਾਲਾਤ ਦਾ ਸਾਹਮਣਾ ਕਰਨ ਲਈ ਸਰਬ ਪਾਰਟੀ ਵਫਦ ਭੇਜ ਕੇ ਗਰਮਖਿਆਲੀਆਂ ਨੂੰ ਗੱਲਬਾਤ ਦਾ ਸੱਦਾ ਦਿਤਾ ਗਿਆ ਸੀ। ਹੁਰੀਅਤ ਆਗੂਆਂ ਵੱਲੋਂ ਵਫ਼ਦ ਦੇ ਕੁਝ ਮੈਂਬਰਾਂ ਲਈ ਆਪਣੇ ਘਰਾਂ ਦੇ ਦਰ ਭੇੜੇ ਰੱਖਣ ਤੋਂ ਨਾਰਾਜ਼ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਰਵੱਈਆ ਜਮਹੂਰੀਅਤ, ਇਨਸਾਨੀਅਤ ਅਤੇ ਕਸ਼ਮੀਰੀਅਤ ਖਿਲਾਫ਼ ਸੀ। ਸਰਬ ਪਾਰਟੀ ਵਫ਼ਦ ਵਿਚ 20 ਪਾਰਟੀਆਂ ਦੇ 26 ਸੰਸਦ ਮੈਂਬਰ ਸ਼ਾਮਲ ਸਨ। ਹਾਲਾਂਕਿ ਗ੍ਰਹਿ ਮੰਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਮਿਸ਼ਨ ਅਸਫਲ ਨਹੀਂ ਹੋਇਆ।
ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹੁਰੀਅਤ ਦੇ ਆਗੂਆਂ ਨੂੰ ਵਫ਼ਦ ਨਾਲ ਗੱਲਬਾਤ ਕਰਨ ਲਈ ਸੱਦਾ ਦਿਤਾ ਸੀ, ਪਰ ਇਨ੍ਹਾਂ ਆਗੂਆਂ ਨੇ ਸਰਬ ਪਾਰਟੀ ਵਫਦ ਦੇ ਪ੍ਰਤੀਨਿਧਾਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਵੱਖਵਾਦੀ ਆਗੂਆਂ ਵਿਚ ਮੀਰਵਾਇਜ਼ ਉਮਰ ਫਾਰੂਕ, ਯਾਸੀਨ ਮਲਿਕ ਅਤੇ ਸੱਯਦ ਅਲੀ ਗਿਲਾਨੀ ਸ਼ਾਮਲ ਹਨ। ਉਧਰ, ਸਰਬ ਪਾਰਟੀ ਵਫ਼ਦ ਨੂੰ ਵੱਖਵਾਦੀਆਂ ਵੱਲੋਂ ਮਿਲੇ ਠੰਢੇ ਹੁੰਗਾਰੇ ਤੋਂ ਨਾਰਾਜ਼ ਕੇਂਦਰ ਸਰਕਾਰ ਵੱਲੋਂ ਹੁਣ ਆਪਣਾ ਰੁਖ਼ ਸਖ਼ਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਵੱਖਵਾਦੀਆਂ ਦੇ ਪਾਸਪੋਰਟ ਜ਼ਬਤ ਕੀਤੇ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਵਿਦੇਸ਼ ਦੌਰਿਆਂ ਲਈ ਸਫ਼ਰ ਦਸਤਾਵੇਜ਼ ਮੁਹੱਈਆ ਕਰਵਾਉਣ ਤੋਂ ਨਾਂਹ ਕੀਤੀ ਜਾ ਸਕਦੀ ਹੈ। ਕੇਂਦਰ ਨੇ ਕਿਹਾ ਹੈ ਕਿ ਅੱਠ ਜੁਲਾਈ ਨੂੰ ਹਿਜ਼ਬੁਲ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਵਾਦੀ ਵਿਚ ਗੜਬੜ ਫੈਲਾਉਣ ਲਈ ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ਨੂੰ ਸਖ਼ਤ ਸੁਨੇਹਾ ਦਿਤਾ ਜਾਵੇਗਾ। ਦੂਜੇ ਪਾਸੇ ਕਸ਼ਮੀਰ ਵਾਦੀ ਵਿਚ ਹਿੰਸਾ ਜਾਰੀ ਹੈ ਜਿਸ ਦੌਰਾਨ ਪੱਥਰਬਾਜ਼ਾਂ ਅਤੇ ਸਲਾਮਤੀ ਦਸਤਿਆਂ ਦਰਮਿਆਨ ਹੋਈਆਂ ਝੜਪਾਂ ਕਾਰਨ ਅਨੰਤਨਾਗ ਵਿਚ ਦੋ ਹੋਰ ਨੌਜਵਾਨ ਦੀ ਮੌਤ ਹੋ ਗਈ। ਸ੍ਰੀਨਗਰ ਜ਼ਿਲ੍ਹੇ ਵਿਚੋਂ ਕਰਫ਼ਿਊ ਭਾਵੇਂ ਹਟਾ ਲਿਆ ਗਿਆ ਹੈ, ਪਰ ਵੱਖਵਾਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਵਾਦੀ ‘ਚ ਜਨਜੀਵਨ ਪ੍ਰਭਾਵਿਤ ਹੈ।