ਜਨਵਰੀ ਵਿਚ ਹੋਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਅਗਲੇ ਵਰ੍ਹੇ ਜਨਵਰੀ ਦੇ ਤੀਜੇ ਜਾਂ ਚੌਥੇ ਹਫ਼ਤੇ ਹੋਣਗੀਆਂ ਅਤੇ ਚੋਣ ਜ਼ਾਬਤਾ ਦਸੰਬਰ ਵਿਚ ਲੱਗੇਗਾ। ਇਥੇ ਵਿਧਾਨ ਸਭਾ ਚੋਣਾਂ ਲਈ ਵੋਟ ਸੂਚੀਆਂ ਦੀ ਸੁਧਾਈ ਦਾ ਅਮਲ ਸ਼ੁਰੂ ਹੋਣ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਿਜੈ ਕੁਮਾਰ ਸਿੰਘ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਇਸ ਮਹੀਨੇ ਦੇ ਤੀਜੇ ਹਫ਼ਤੇ ਦੌਰਾਨ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਉਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨੌਜਵਾਨਾਂ ਦੀਆਂ ਵੋਟਾਂ ਘੱਟ ਬਣੀਆਂ ਹਨ,

ਇਸ ਲਈ ਹੁਣ ਸ਼ੁਰੂ ਕੀਤੀ ਮੁਹਿੰਮ ਦੌਰਾਨ ਨੌਜਵਾਨਾਂ ਦੀਆਂ ਵੋਟਾਂ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਪੰਜਾਬ ਵਿਚ 18 ਸਾਲ ਤੋਂ ਉਪਰਲੀ ਉਮਰ ਦੇ ਨੌਜਵਾਨ ਜਿਨ੍ਹਾਂ ਦੀਆਂ ਵੋਟਾਂ ਬਣਨੀਆਂ ਚਾਹੀਦੀਆਂ ਹਨ, ਦੀ ਗਿਣਤੀ 11 ਲੱਖ 50 ਹਜ਼ਾਰ 357 ਹੈ। ਇਨ੍ਹਾਂ ਵਿਚੋਂ 95 ਹਜ਼ਾਰ 22 ਵੋਟਾਂ ਹੀ ਬਣੀਆਂ ਹਨ। ਇਸ ਤਰ੍ਹਾਂ ਨਾਲ 10 ਲੱਖ ਤੋਂ ਜ਼ਿਆਦਾ ਨੌਜਵਾਨਾਂ ਦੀਆਂ ਵੋਟਾਂ ਬਣਨ ਵਾਲੀਆਂ ਹਨ। ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਵਿਦਿਅਕ ਸੰਸਥਾਵਾਂ ਵਿਚ ਵਿਸ਼ੇਸ਼ ਕੈਂਪ ਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸੂਬੇ ਦੀ ਕੁੱਲ ਵਸੋਂ 2 ਕਰੋੜ 95 ਲੱਖ 23 ਹਜ਼ਾਰ 569 ਹੈ। ਇਸ ਵਿਚੋਂ 18 ਸਾਲ ਤੋਂ ਉਪਰਲੀ ਉਮਰ ਦੇ ਪੁਰਸ਼ਾਂ ਤੇ ਔਰਤਾਂ ਦੀ ਗਿਣਤੀ ਇਕ ਕਰੋੜ 99 ਲੱਖ 49 ਹਜ਼ਾਰ 125 ਦੇ ਕਰੀਬ ਹੈ। ਇਸੇ ਸਮੇਂ ਇਕ ਕਰੋੜ 92 ਲੱਖ 14 ਹਜ਼ਾਰ 509 ਦੀਆਂ ਵੋਟਾਂ ਬਣੀਆਂ ਹੋਈਆਂ ਹਨ ਤੇ ਇਹ ਅੰਕੜਾ 96æ32 ਫ਼ੀਸਦੀ ਬਣਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਚੰਡੀਗੜ੍ਹ ਭਾਵੇਂ ਪੰਜਾਬ ਦੀ ਰਾਜਧਾਨੀ ਹੈ, ਪਰ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਕਾਰਨ ਉਥੋਂ ਦੇ ਵੋਟਰ ਪੰਜਾਬ ਦੀਆਂ ਚੋਣਾਂ ਲਈ ਯੋਗ ਨਹੀਂ ਮੰਨੇ ਜਾਂਦੇ।