ਚੰਡੀਗੜ੍ਹ: ਗੁੜਗਾਉਂ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੀ ਜ਼ਮੀਨ ਬਿਲਡਰਾਂ ਨੂੰ ਦੇਣ ਦੇ ਮਾਮਲੇ ਵਿਚ ਸੀæਬੀæਆਈæ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਤਿੰਨ ਸਾਬਕਾ ਪ੍ਰਮੁੱਖ ਸਕੱਤਰਾਂ ਸਮੇਤ ਕੁਝ ਹੋਰ ਸਹਿਯੋਗੀਆਂ ਦੇ 20 ਟਿਕਾਣਿਆਂ ‘ਤੇ ਇਕੋ ਸਮੇਂ ਛਾਪੇ ਮਾਰੇ। ਚੰਡੀਗੜ੍ਹ ਤੋਂ ਇਲਾਵਾ ਸ੍ਰੀ ਹੁੱਡਾ ਦੇ ਰੋਹਤਕ ਅਤੇ ਦਿੱਲੀ ਸਥਿਤ ਰਿਹਾਇਸ਼ਾਂ, ਉਨ੍ਹਾਂ ਦੇ ਸਹਿਯੋਗੀਆਂ ਦੇ ਗੁੜਗਾਉਂ ਅਤੇ ਪੰਚਕੂਲਾ ਵਿਚਲੇ ਨਿਵਾਸ ਸਥਾਨਾਂ ਉਤੇ ਵੀ ਛਾਪੇ ਮਾਰੇ ਗਏ। ਰੋਹਤਕ ਵਿਚ ਕਾਂਗਰਸ ਵਰਕਰਾਂ ਨੂੰ ਜਦੋਂ ਛਾਪੇ ਦਾ ਪਤਾ ਲੱਗਾ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਅਤੇ ਪੁਲਿਸ ਨਾਲ ਤਲਖ਼ੀ ਵੀ ਹੋਈ।
ਜ਼ਿਕਰਯੋਗ ਹੈ ਕਿ ਹੁੱਡਾ ਸਰਕਾਰ ਨੇ ਗੁੜਗਾਉਂ ਜ਼ਿਲ੍ਹੇ ਵਿਚ ਸਨਅਤੀ ਟਾਊਨਸ਼ਿਪ ਕਾਇਮ ਕਰਨ ਲਈ 27 ਅਗਸਤ 2004 ਤੋਂ 24 ਅਗਸਤ 2007 ਤੱਕ ਤਿੰਨ ਪਿੰਡਾਂ ਮਾਨੇਸਰ, ਨੌਰੰਗਪੁਰ ਅਤੇ ਲਖਨੌਲਾ ਦੀ 912 ਏਕੜ ਜ਼ਮੀਨ ਸਸਤੇ ਭਾਅ ਉਪਰ ਐਕੁਆਇਰ ਕਰਨ ਦੀ ਯੋਜਨਾ ਬਣਾਈ ਸੀ। ਸੀæਬੀæਆਈæ ਨੇ ਪਿਛਲੇ ਸਾਲ ਸਤੰਬਰ ਵਿਚ ਦਰਜ ਕੀਤੇ ਕੇਸ ਵਿਚ ਕਿਹਾ ਹੈ ਕਿ ਕਿਸਾਨਾਂ ਨੂੰ ਜ਼ਮੀਨ ਗ੍ਰਹਿਣ ਦਾ ਡਰ ਦਿਖਾਇਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੀ 400 ਏਕੜ ਜ਼ਮੀਨ ਸਸਤੇ ਭਾਅ ‘ਤੇ ਬਿਲਡਰਾਂ ਨੇ ਹਥਿਆ ਲਈ ਸੀ।
ਹਰਿਆਣਾ ਸਰਕਾਰ ਦੇ ਸਨਅਤੀ ਵਿਭਾਗ ਨੇ 24 ਅਗਸਤ 2007 ਵਿਚ ਕਾਫੀ ਜ਼ਮੀਨ ਸਰਕਾਰ ਦੀ ਨੀਤੀ ਦੇ ਉਲਟ ਜਾ ਕੇ ਰਿਲੀਜ਼ ਕਰ ਦਿਤੀ, ਪਰ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਦੇਣ ਦੀ ਥਾਂ ਬਿਲਡਰਾਂ ਨੂੰ ਦੇ ਦਿਤੀ ਗਈ। ਇਸ ਮਾਮਲੇ ਨੂੰ ਲੈ ਕੇ ਕਿਸਾਨ ਰੌਲਾ ਪਾਉਂਦੇ ਰਹੇ। ਅਖੀਰ ਪਿਛਲੇ ਸਾਲ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਸਟੇਅ ਦੇ ਦਿਤਾ। ਭਾਜਪਾ ਸਰਕਾਰ ਨੇ ਪਿਛਲੇ ਸਾਲ ਕੇਸ ਦਰਜ ਕਰ ਕੇ ਇਸ ਨੂੰ ਸੀæਬੀæਆਈæ ਹਵਾਲੇ ਕਰ ਦਿੱਤਾ ਸੀ।