ਅੰਦਰੂਨੀ ਬਗਾਵਤ ਆਮ ਆਦਮੀ ਪਾਰਟੀ ਲਈ ਬਣੀ ਵੰਗਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਕਸੂਤੀ ਹਾਲਤ ਵਿਚ ਫਸ ਗਈ ਹੈ। ਪਾਰਟੀ ਵੱਲੋਂ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਵੱਡੇ ਪੱਧਰ ‘ਤੇ ਬਗਾਵਤ ਸ਼ੁਰੂ ਹੋ ਗਈ ਹੈ। ‘ਆਪ’ ਦੇ ਬਾਗੀ ਆਗੂ ਹਰਦੀਪ ਸਿੰਘ ਕਿੰਗਰਾ ਵੱਲੋਂ ਇਕ ਤੋਂ ਬਾਅਦ ਇਕ ਖੁਲਾਸੇ ਵੀ ਪਾਰਟੀ ਲਈ ਮੁਸੀਬਤ ਬਣ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਦੀ ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ ਨੇ ਛੋਟੇਪੁਰ ਨੂੰ ਕੱਢਣ ਵਾਲੇ ਪੱਤਰ ਉਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ

ਅਤੇ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਨੂੰ ‘ਆਪ’ ਵਿਚ ਸ਼ਾਮਲ ਕਰਨ ਉੱਤੇ ਵੀ ਵੱਖਰੀ ਰਾਇ ਪ੍ਰਗਟ ਕੀਤੀ ਸੀ। ਸੰਕਟ ਵਿਚ ਘਿਰੀ ਕੇਂਦਰੀ ਲੀਡਰਸ਼ਿਪ ਫਿਲਹਾਲ ਬਾਗੀਆਨਾ ਬਿਆਨਾਂ ਉਤੇ ਕਾਰਵਾਈ ਕਰਨ ਤੋਂ ਸੰਕੋਚ ਕਰ ਰਹੀ ਹੈ ਕਿਉਂਕਿ ਪਹਿਲਾਂ ਹੀ ਦਿੱਲੀ ਦੇ ਆਗੂਆਂ ਦੇ ਪੰਜਾਬ ਉਤੇ ਦਾਬੇ ਦੇ ਦੋਸ਼ਾਂ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ।
ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਛੋਟੇਪੁਰ ਦੇ ਮਾਮਲੇ ‘ਚ ਇੰਨੇ ਸਖਤ ਪ੍ਰਤੀਕਰਮ ਦੀ ਉਮੀਦ ਕਿਸੇ ਨੂੰ ਨਹੀਂ ਸੀ। ਪੰਜਾਬ ਭਰ ਵਿਚੋਂ ਵੱਖ-ਵੱਖ ਘਟਨਾਵਾਂ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਵਿਰੋਧੀਆਂ ਦੇ ਦੋਸ਼ਾਂ ਵਿਚ ਫਸੀ ‘ਆਪ’ ਨੂੰ ਇਸ ਕਰ ਕੇ ਵੱਡੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸ ਨੇ ਸਿਆਸਤ ਵਿਚ ਨੈਤਿਕ ਕਦਰਾਂ ਕੀਮਤਾਂ ਬਹਾਲ ਕਰਨ ਦੇ ਦਾਅਵੇ ਨਾਲ ਸਿਆਸਤ ਵਿਚ ਪੈਰ ਧਰਿਆ ਸੀ। ਹੁਣ ਤੱਕ ਪਾਰਟੀ ਦੇ ਦਿੱਲੀ ‘ਚ ਤਿੰਨ ਮੰਤਰੀ ਗੰਭੀਰ ਦੋਸ਼ਾਂ ਕਾਰਨ ਕੱਢੇ ਜਾ ਚੁੱਕੇ ਹਨ ਅਤੇ 11 ਵਿਧਾਇਕਾਂ ਖਿਲਾਫ਼ ਗੰਭੀਰ ਦੋਸ਼ ਲੱਗੇ ਹਨ। ਅਜਿਹੀ ਸਥਿਤੀ ਵਿਚ ਹੋਰਨਾਂ ਤੋਂ ਵੱਖ ਪਾਰਟੀ ਦੀ ਛਵੀ ਨੂੰ ਕਾਇਮ ਰੱਖਣਾ ਮੁਸ਼ਕਲ ਬਣਦਾ ਜਾ ਰਿਹਾ ਹੈ।
ਉਧਰ, ਹਰਦੀਪ ਸਿੰਘ ਕਿੰਗਰਾ ਵਾਰ-ਵਾਰ ਦਾਅਵਾ ਕਰ ਰਹੇ ਹਨ ਕਿ ਪਾਰਟੀ ਫੰਡਾਂ ਵਿਚ ਵੱਡੀ ਗੜਬੜ ਕੀਤੀ ਗਈ ਹੈ ਅਤੇ ਉਹ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਫੰਡਾਂ ਦੀ ਪੜਤਾਲ ਦੀ ਮੰਗ ਕਰਨਗੇ। ਸ੍ਰੀ ਕਿੰਗਰਾ ਨੇ ਇਕ ਸਟਿੰਗ ਦੀ ਆਡੀਓ ਸੁਣਾ ਕੇ ਦਾਅਵਾ ਕੀਤਾ ਕਿ ਲੁਧਿਆਣਾ ਵਿਚ ਲਾਇਆ ਇੰਚਾਰਜ ਅਮਰੀਸ਼ ਤ੍ਰਿਖਾ ਸਮਰਾਲਾ ਦੇ ਇਕ ਵਿਅਕਤੀ ਪਰਮਜੀਤ ਸਿੰਘ ਢਿੱਲੋਂ ਤੋਂ ਕੌਮੀ ਸੰਗਠਨ ਦੇ ਮੁਖੀ ਦੁਰਗੇਸ਼ ਪਾਠਕ ਨਾਲ ਮੀਟਿੰਗ ਕਰਵਾਉਣ ਲਈ ਪੰਜ ਲੱਖ ਰੁਪਏ ਫੀਸ ਮੰਗ ਰਿਹਾ ਹੈ। ਸ੍ਰੀ ਕਿੰਗਰਾ ਨੇ ਦੱਸਿਆ ਕਿ ਮਾਰਚ 2016 ਵਿਚ ਤਰਨ ਤਾਰਨ ਖੇਤਰ ਦੇ ਵਲੰਟੀਅਰਾਂ ਨੇ ਪਾਰਟੀ ਦੇ ਕੌਮੀ ਲੀਡਰ ਆਸ਼ੂਤੋਸ਼ ਨੂੰ 16 ਲੱਖ ਰੁਪਏ ਦੀ ਥੈਲੀ ਭੇਟ ਕੀਤੀ ਸੀ ਪਰ ਉਸ ਦਾ ਪਾਰਟੀ ਕੋਲ ਕੋਈ ਹਿਸਾਬ ਨਹੀਂ।
__________________________________
ਲੋਕ ਰਾਇ ਨਾਲ ਅਗਲਾ ਫੈਸਲਾ ਕਰਾਂਗਾ: ਛੋਟੇਪੁਰ
ਅੰਮ੍ਰਿਤਸਰ: ‘ਆਪ’ ਦੇ ਸੂਬਾਈ ਕਨਵੀਨਰ ਦੇ ਅਹੁਦੇ ਤੋਂ ਹਟਾਏ ਸੁੱਚਾ ਸਿੰਘ ਛੋਟੇਪੁਰ ਨੇ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਮਗਰੋਂ ਐਲਾਨ ਕੀਤਾ ਕਿ ਉਹ ਪਾਰਟੀ ਵਾਲੰਟੀਅਰਾਂ ਨਾਲ ਮਿਲਣ ਦੀ ਮੁਹਿੰਮ ਸ਼ੁਰੂ ਕਰਨਗੇ। ਇਸ ਮੁਹਿੰਮ ਦੌਰਾਨ ਜੋ ਲੋਕ ਰਾਇ ਬਣੇਗੀ, ਉਸ ਮੁਤਾਬਕ ਅਗਲੀ ਰਣਨੀਤੀ ਉਲੀਕੀ ਜਾਵੇਗੀ। ਗੁਰੂ ਘਰ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਸ੍ਰੀ ਛੋਟੇਪੁਰ ਨੇ ਆਖਿਆ ਕਿ ਪਾਰਟੀ ਵੱਲੋਂ ਗੰਭੀਰ ਦੋਸ਼ ਲਾਉਣ ਮਗਰੋਂ ਅਹੁਦੇ ਤੋਂ ਹਟਾਉਣ ਦੇ ਫੈਸਲੇ ਨੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੇ ਉਸ ਨੂੰ ਸਿਆਸੀ ਤੌਰ ‘ਤੇ ਖਤਮ ਕਰਨ ਦਾ ਯਤਨ ਕੀਤਾ। ਇਸ ਕਾਰਨ ਉਹ ਕਈ ਦਿਨ ਪ੍ਰੇਸ਼ਾਨ ਰਹੇ, ਪਰ ਇਸ ਦੌਰਾਨ ਮੀਡੀਆ ਅਤੇ ਕੁਝ ਵਾਲੰਟੀਅਰਾਂ ਵੱਲੋਂ ਕੀਤੇ ਖੁਲਾਸਿਆਂ ਨੇ ਉਨ੍ਹਾਂ ਦੀ 40 ਸਾਲ ਦੀ ਮਿਹਨਤ ਨਾਲ ਕਾਇਮ ਕੀਤੀ ਸਾਖ ਨੂੰ ਢਾਹ ਲੱਗਣ ਤੋਂ ਬਚਾਅ ਲਿਆ। ਉਨ੍ਹਾਂ ਨਾਲ ‘ਆਪ’ ਦੇ ਸੱਤ ਜ਼ੋਨ ਕੋਆਰਡੀਨੇਟਰ ਅਤੇ ਸਾਬਕਾ ਕੋਆਰਡੀਨੇਟਰ ਵੀ ਸਨ, ਜਿਨ੍ਹਾਂ ਚੰਡੀਗੜ੍ਹ ਵਿਚ ਦਿੱਲੀ ਵਾਲਿਆਂ ਨਾਲੋਂ ਨਾਤਾ ਤੋੜਨ ਦਾ ਐਲਾਨ ਕੀਤਾ ਸੀ। ਇਸ ਐਲਾਨ ਮਗਰੋਂ ਆਪ ਹੁਣ ਪੰਜਾਬ ਵਿਚ ਦੋ ਹਿੱਸਿਆਂ ਵਿਚ ਵੰਡੀ ਗਈ ਹੈ।
___________________________________
ਘੁੱਗੀ ਬਣੇ ‘ਆਪ’ ਪੰਜਾਬ ਦੇ ਨਵੇਂ ਕਨਵੀਨਰ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਫਿਲਮਾਂ ਤੋਂ ਸਿਆਸਤ ਵਿਚ ਆਏ ਪ੍ਰਸਿੱਧ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਸੁੱਚਾ ਸਿੰਘ ਛੋਟੇਪੁਰ ਦੀ ਥਾਂ ਪੰਜਾਬ ਇਕਾਈ ਦਾ ਨਵਾਂ ਕਨਵੀਨਰ ਨਿਯੁਕਤ ਕਰ ਦਿੱਤਾ ਹੈ। ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀæਏæਸੀæ) ਵੱਲੋਂ ਸ੍ਰੀ ਘੁੱਗੀ ਦੇ ਨਾਮ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦਾ ਮੁਖੀ ਬਣਾਇਆ ਹੈ। ਦੱਸਣਯੋਗ ਹੈ ਕਿ ਪਾਰਟੀ ਨੇ ਸ੍ਰੀ ਛੋਟੇਪੁਰ ਨੂੰ ਪੈਸੇ ਲੈਣ ਦਾ ਇਕ ਸਟਿੰਗ ਸਾਹਮਣੇ ਆਉਣ ਤੋਂ ਬਾਅਦ ਕਨਵੀਨਰਸ਼ਿਪ ਤੋਂ ਲਾਹ ਕੇ ਦੋ ਮੈਂਬਰੀ ਜਾਂਚ ਕਮੇਟੀ ਬਣਾਈ ਸੀ। ਇਤਫਾਕਨ ਸ੍ਰੀ ਘੁੱਗੀ ਵੀ ਸ੍ਰੀ ਛੋਟੇਪੁਰ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹਨ। ਪਾਰਟੀ ਵੱਲੋਂ ਸੀਨੀਅਰ ਆਗੂ ਐਚæਐਸ਼ ਫੂਲਕਾ ਨੂੰ ਅੱਖੋਂ-ਪਰੋਖੇ ਕਰ ਕੇ ਹਾਲੇ 7 ਮਹੀਨੇ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਏ ਸ੍ਰੀ ਘੁੱਗੀ ਨੂੰ ਕਨਵੀਨਰ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਪਾਰਟੀ ਪਹਿਲਾਂ ਹੀ ਸ੍ਰੀ ਛੋਟੇਪੁਰ ਦੀ ਕਾਰਵਾਈ ਕਾਰਨ ਝਟਕੇ ਵਿਚ ਹੈ ਅਤੇ ਹੁਣ ਲੀਡਰਸ਼ਿਪ ਫੂਕ-ਫੂਕ ਕੇ ਪੈਰ ਧਰ ਰਹੀ ਹੈ। ਸੂਤਰਾਂ ਅਨੁਸਾਰ ਸ੍ਰੀ ਘੁੱਗੀ ਹਾਈ ਕਮਾਂਡ ਦਾ ਭਰੋਸੇਯੋਗ ਆਗੂ ਹੈ। ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਸ੍ਰੀ ਘੁੱਗੀ ਦੀ ਚੋਣ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਨੂੰ ਆਧਾਰ ਬਣਾ ਕੇ ਕੀਤੀ ਹੈ ਕਿਉਂਕਿ ਘੁੱਗੀ ਬਤੌਰ ਕਲਾਕਾਰ ਨੌਜਵਾਨਾਂ ਵਿਚ ਕਾਫੀ ਮਕਬੂਲ ਹਨ। ਉਹ ਜਦੋਂ ਤੋਂ ਕਾਮੇਡੀ ਖੇਤਰ ਤੋਂ ਫਿਲਮਾਂ ਵਿਚ ਗਏ ਹਨ, ਉਸ ਵੇਲੇ ਤੋਂ ਉਨ੍ਹਾਂ ਦੀ ਨੌਜਵਾਨਾਂ ਵਿਚ ਮਕਬੂਲੀਅਤ ਕਾਫੀ ਵਧ ਗਈ ਹੈ। ਪਿਛਲੇ ਸਮੇਂ ਉਨ੍ਹਾਂ ਦੀ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਆਈ ਫਿਲਮ ‘ਅਰਦਾਸ’ ਵੀ ਖਾਸ ਕਰਕੇ ਨੌਜਵਾਨਾਂ ਵਿੱਚ ਬੜੀ ਚਰਚਿਤ ਰਹੀ ਸੀ।
____________________________
ਛੋਟੇਪੁਰ ਹੁਣ ਕੇਜਰੀਵਾਲ ਅੱਗੇ ਨਾ ਝੁਕਣ: ਖਾਲਸਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਨਾਲ ਸਬੰਧਤ ਪੰਜਾਬ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਜਿਨ੍ਹਾਂ ਨੂੰ ਪਿਛਲੇ ਲਗਪਗ ਡੇਢ ਸਾਲ ਤੋਂ ਮੁਅੱਤਲ ਕਰ ਰੱਖਿਆ ਹੈ, ਨੇ ‘ਆਪ’ ਦੀ ਪੰਜਾਬ ਇਕਾਈ ਦੀ ਕਨਵੀਨਰਸ਼ਿਪ ਤੋਂ ਹਟਾ ਦਿੱਤੇ ਗਏ ਸੁੱਚਾ ਸਿੰਘ ਛੋਟੇਪੁਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਹੁਣ ਕਿਸੇ ਕੀਮਤ ‘ਤੇ ‘ਆਪ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅੱਗੇ ਨਾ ਝੁਕਣ, ਕਿਉਂਕਿ ਦਿੱਲੀ ਵਾਲੇ ਪੰਜਾਬ ਦੇ ਕਿਸੇ ਵੀ ਆਗੂ ਵਿਸ਼ੇਸ਼ ਤੌਰ ‘ਤੇ ਸਿੱਖ ਨੂੰ ਬਰਦਾਸ਼ਤ ਨਹੀਂ ਕਰਦੇ। ਸ਼ ਖਾਲਸਾ ਨੇ ਵਿਚਾਰ ਪ੍ਰਗਟ ਕੀਤਾ ਕਿ ਜਿਸ ਤਰ੍ਹਾਂ ਸ੍ਰੀ ਕੇਜਰੀਵਾਲ ਤੇ ਉਨ੍ਹਾਂ ਦੇ ਯੂæਪੀæ ਤੇ ਬਿਹਾਰ ਦੇ ਸਾਥੀਆਂ ਨੇ ਪੰਜਾਬੀਆਂ ਨੂੰ ਜ਼ਲੀਲ ਕੀਤਾ ਹੈ, ਉਸ ਦਾ ਬਦਲਾ ਲੈਣ ਦਾ ਇਹ ਸੁਨਹਿਰੀ ਮੌਕਾ ਹੈ ਕਿ ਜਦੋਂ ਵੀ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆਉਣ ਤਾਂ ਉਨ੍ਹਾਂ ਵਿਰੁੱਧ ਜ਼ੋਰਦਾਰ ਰੋਸ ਪ੍ਰਗਟ ਕਰਨ ਤਾਂ ਕਿ ਇਨ੍ਹਾਂ ਲੋਕਾਂ ਨੂੰ ਪਤਾ ਚੱਲ ਜਾਏ ਕਿ ਪੰਜਾਬੀਆਂ ਵਿਚ ਅਣਖ ਅਜੇ ਵੀ ਕਾਇਮ ਹੈ।