ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਾਰ ਰਾਜਸੀ ਹਸਤੀਆਂ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ, ਅਕਾਲੀ ਵਿਧਾਇਕ ਪਰਗਟ ਸਿੰਘ ਅਤੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ‘ਆਵਾਜ਼-ਏ-ਪੰਜਾਬ’ ਨਾਮੀ ਨਵੇਂ ਰਾਜਸੀ ਮੰਚ ਦੇ ਗਠਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਚਾਰ ਆਗੂਆਂ ਨੇ ਇਕ ਸਾਂਝੀ ਤਸਵੀਰ ਜਾਰੀ ਕਰ ਕੇ ਨਵੇਂ ਸਿਆਸੀ ਮੰਚ ਦਾ ਐਲਾਨ ਕੀਤਾ ਹੈ।
ਵਿਧਾਇਕ ਪਰਗਟ ਸਿੰਘ ਨੇ ਇਸ ਮੰਚ ਦੇ ਗਠਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਦਾ ਰਸਮੀ ਐਲਾਨ ਕੁੱਝ ਦਿਨਾਂ ਤੱਕ ਕੀਤਾ ਜਾਵੇਗਾ।
ਇਹ ਨਵਾਂ ਮੰਚ ਉਸ ਸਮੇਂ ਹੋਂਦ ‘ਚ ਆਇਆ ਹੈ ਜਦੋਂ ਆਮ ਆਦਮੀ ਪਾਰਟੀ ਅੰਦਰ ਤੇਜ਼ੀ ਨਾਲ ਟੁੱਟ-ਭੱਜ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਰਾਜ ਦੇ ਸਿਆਸੀ ਦ੍ਰਿਸ਼ ਉਤੇ ਵਾਪਰ ਰਹੀਆਂ ਇਨ੍ਹਾਂ ਰਾਜਨੀਤਕ ਘਟਨਾਵਾਂ ਦਾ ਆਪੋ ਆਪਣੇ ਢੰਗ ਨਾਲ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ‘ਆਪ’ ਵੱਲੋਂ ਵਿਗੜੀ ਹੋਈ ਸਥਿਤੀ ਨੂੰ ਸਾਂਭਣ ਦੇ ਯਤਨ ਕੀਤੇ ਜਾ ਰਹੇ ਹਨ।
ਸੂਤਰਾਂ ਮੁਤਾਬਕ ‘ਆਪ’ ਵਿਚ ਵਾਪਰੀਆਂ ਘਟਨਾਵਾਂ ਅਤੇ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਹੁਣ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਦੀ ‘ਆਪ’ ਵਿਚ ਸ਼ਮੂਲੀਅਤ ਦਾ ਭੋਗ ਪੈ ਗਿਆ ਸੀ ਅਤੇ ‘ਆਪ’ ਵਿਚ ਵਾਪਰੀਆਂ ਘਟਨਾਵਾਂ ਹੀ ਬੈਂਸ ਭਰਾਵਾਂ, ਸਿੱਧੂ ਅਤੇ ਪਰਗਟ ਸਿੰਘ ਨੂੰ ਇਕ ਮੰਚ ਬਣਾਉਣ ਉਚ ਸਹਾਈ ਹੋਈਆਂ ਦੱਸੀਆਂ ਜਾ ਰਹੀਆਂ ਹਨ। ਦਿੱਲੀ ਦੀ ਮੀਟਿੰਗ ਵਿਚ ਇਹੀ ਫੈਸਲਾ ਹੋਇਆ ਕਿ ਜਿਨ੍ਹਾਂ ਧਿਰਾਂ ਨਾਲ ਵਿਚਾਰ ਮਿਲਦੇ ਹਨ, ਉਨ੍ਹਾਂ ਨਾਲ ਸਿਆਸੀ ਗੱਠਜੋੜ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਚਾਰੇ ਆਗੂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਇਸ ਪਾਰਟੀ ਦੇ ਹੋਰ ਆਗੂਆਂ ਦੇ ਵਿਵਹਾਰ ਤੋਂ ਕਾਫੀ ਪ੍ਰੇਸ਼ਾਨ ਸਨ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਵੱਲੋਂ ਰਾਜ ਸਭਾ ਤੋਂ ਅਸਤੀਫਾ ਦਿੱਤੇ ਜਾਣ ਬਾਅਦ ਸ੍ਰੀ ਕੇਜਰੀਵਾਲ ਨਾਲ ਕਈ ਮੀਟਿੰਗਾਂ ਹੋਈਆਂ ਅਤੇ ਇਸ ਨਵੀਂ ਪਾਰਟੀ ‘ਚ ਸਿੱਧੂ ਜੋੜੇ ਦੀ ਸ਼ਮੂਲੀਅਤ ਬਾਰੇ ਵੀ ਗੱਲ ਤੈਅ ਹੋ ਗਈ ਸੀ। ਇਸੇ ਤਰ੍ਹਾਂ ਪਰਗਟ ਸਿੰਘ ਨੇ ਵੀ ਕੇਜਰੀਵਾਲ ਸਮੇਤ ਹੋਰ ਕਈ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸਨ।
ਲੁਧਿਆਣਾ ਤੋਂ ਵਿਧਾਇਕ ਬੈਂਸ ਭਰਾਵਾਂ ਦੀ ‘ਆਪ’ ਵਿਚ ਸ਼ਮੂਲੀਅਤ ਸਬੰਧੀ ਵੀ ਕੁੱਝ ਮਹੀਨੇ ਪਹਿਲਾਂ ਗੱਲਬਾਤ ਚੱਲੀ ਸੀ, ਪਰ ਕਿਸੇ ਤਣ ਪੱਤਣ ਨਹੀਂ ਲੱਗੀ ਸੀ। ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਭਾਜਪਾ ਲੀਡਰਸ਼ਿਪ ਨੂੰ ਨਮੋਸ਼ੀ ‘ਚ ਧੱਕ ਦਿੱਤਾ ਸੀ। ਉਸ ਬਾਅਦ ਪੰਜਾਬ ਦੇ ਲੋਕਾਂ ਵੱਲੋਂ ਸ੍ਰੀ ਸਿੱਧੂ ਵੱਲੋਂ ਸਿਆਸੀ ਭਵਿੱਖ ਸਬੰਧੀ ਲਏ ਜਾਣ ਵਾਲੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਅਤੇ ਜਲੰਧਰ ਛਾਉਣੀ ਤੋਂ ਅਕਾਲੀ ਵਿਧਾਇਕ ਪਰਗਟ ਸਿੰਘ ਵੱਲੋਂ ਵੀ ਬਾਗੀ ਰੁਖ ਅਖਤਿਆਰ ਕੀਤੇ ਜਾਣ ਬਾਅਦ ਹਾਲੇ ਤੱਕ ਭਵਿੱਖ ਦੀ ਰਣਨੀਤੀ ਦਾ ਐਲਾਨ ਨਹੀਂ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਪਰਗਟ ਸਿੰਘ ਨੇ ਵੀ ਬੈਂਸ ਭਰਾਵਾਂ ਅਤੇ ਨਵਜੋਤ ਸਿੱਧੂ ਨੂੰ ਇਕ ਦੂਜੇ ਨੇੜੇ ਲਿਆਂਦਾ ਹੈ। ਬੈਂਸ ਭਰਾਵਾਂ ਵੱਲੋਂ ਪਿਛਲੇ ਢਾਈ ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਖਾਸ ਕਰ ਕੇ ਬਾਦਲ ਪਰਿਵਾਰ ਵਿਰੁੱਧ ਤਿੱਖੀ ਮੁਹਿੰਮ ਵਿੱਢੀ ਹੋਈ ਹੈ। ਰਾਜਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਪਟਿਆਲਾ ਤੋਂ ‘ਆਪ’ ਦੇ ਬਾਗੀ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਹੋਰ ਕਈ ਆਗੂਆਂ ਦੇ ਵੀ ਇਸ ਮੰਚ ਨਾਲ ਜੁੜਨ ਦੇ ਆਸਾਰ ਹਨ।
________________________________________________
‘ਆਵਾਜ਼-ਏ-ਪੰਜਾਬ’ ਭਗੌੜਿਆਂ ਦਾ ਟੋਲਾ: ਬਾਦਲ
ਲੰਬੀ: ਨਵੇਂ ਬਣੇ ‘ਆਵਾਜ਼-ਏ-ਪੰਜਾਬ’ ਫਰੰਟ ਨੂੰ ਮੌਕਾਪ੍ਰਸਤ ਲੀਡਰਾਂ ਦਾ ਟੋਲਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਸਿਆਸੀ ਪਿੜ ਵਿਚ ਇਕ ਫਰੰਟ ਤੋਂ ਵੱਧ ਇਸ ਦਾ ਕੋਈ ਵਜੂਦ ਨਹੀਂ ਹੈ ਅਤੇ ਇਸ ਦਾ ਸੂਬੇ ਦੀ ਸਿਆਸਤ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਫਰੰਟ ‘ਭਗੌੜੇ’ ਲੀਡਰਾਂ ਦੀ ਉਪਜ ਹੈ, ਜੋ ਸੱਤਾ ਵਿਚ ਆਉਣ ਦੀ ਲਾਲਸਾ ਵਿਚ ਅਜਿਹਾ ਰਾਹ ਅਪਣਾ ਰਹੇ ਹਨ ਜਦਕਿ ਅਕਾਲੀ-ਭਾਜਪਾ ਗੱਠਜੋੜ ਨੇ ਦਹਾਕਿਆਂ ਤੋਂ ਸਮਰਪਤ ਭਾਵਨਾ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਇਸ ਫਰੰਟ ‘ਤੇ ਚੁਟਕੀ ਲੈਂਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਅਜਿਹੇ ਕਈ ਹੋਰ ਫਰੰਟ ਖੁੰਬਾਂ ਵਾਂਗ ਪੈਦਾ ਹੋਣਗੇ, ਪਰ ਲੋਕਾਂ ਵੱਲੋਂ ਸਿਰਫ ਗੱਠਜੋੜ ਨੂੰ ਹੀ ਸਮਰਥਨ ਦਿੱਤਾ ਜਾਵੇਗਾ।
____________________________
ਮਾੜੇ ਸਿਸਟਮ ਦਾ ਟਾਕਰਾ ਕਰੇਗਾ ਮੰਚ: ਪਰਗਟ ਸਿੰਘ
ਜਲੰਧਰ: ਸੂਬੇ ਦੀ ਸਿਆਸਤ ਵਿਚ ‘ਆਵਾਜ਼-ਏ-ਪੰਜਾਬ’ ਰਾਹੀਂ ਚੌਥਾ ਬਦਲ ਦੇਣ ਵੱਲ ਪਹਿਲਕਦਮੀ ਕਰਨ ਵਾਲੇ ਫੋਰਮ ਦੇ ਪ੍ਰਮੁੱਖ ਮੈਂਬਰ ਪਰਗਟ ਸਿੰਘ ਨੇ ਕਿਹਾ ਕਿ ਇਹ ਧਿਰ ਸੂਬੇ ਦੇ ਭ੍ਰਿਸ਼ਟ ਹੋ ਚੁੱਕੇ ਸਿਸਟਮ ਨੂੰ ਸਾਫ ਕਰਨ ਲਈ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ, ਬੈਂਸ ਭਰਾ ਤੇ ਉਨ੍ਹਾਂ ਦੀ ਮੀਟਿੰਗ ਹੋਈ ਸੀ। ਇਸੇ ਮੀਟਿੰਗ ਵਿਚ ਹੀ ‘ਆਵਾਜ਼-ਏ-ਪੰਜਾਬ’ ਨਾਂ ਦਾ ਫੋਰਮ ਬਣਾਉਣ ਬਾਰੇ ਤੈਅ ਹੋਇਆ।