ਅਕਾਲੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਰੈਲੀ ‘ਤੇ ਧਾਵਾ

ਸ੍ਰੀ ਮੁਕਤਸਰ ਸਾਹਿਬ: ਮਲੋਟ ਵਿਚ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਲੋਕ ਸਭਾ ਮੈਂਬਰ ਭਗਵੰਤ ਮਾਨ ਉਪਰ ਅਕਾਲੀ ਆਗੂਆਂ ਵੱਲੋਂ ਕਾਪੇ, ਤਲਵਾਰਾਂ, ਇੱਟਾਂ ਤੇ ਡਾਗਾਂ ਨਾਲ ਹਮਲਾ ਕੀਤਾ ਗਿਆ। ਸ੍ਰੀ ਮਾਨ ਨੂੰ ਬਚਾਉਂਦਿਆਂ ‘ਆਪ’ ਦੇ ਤਕਰੀਬਨ ਦਰਜਨ ਭਰ ਵਰਕਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਮੁਕਤਸਰ ਦੇ ਸਿਵਲ ਹਸਪਤਾਲ ‘ਚ ਦਾਖਲ ਹਨ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਇਕ ਦਿਨ ਪਹਿਲਾਂ ਹੀ ਭਗਵੰਤ ਮਾਨ ਨੂੰ ਜਾਨ ਦਾ ਖਤਰਾ ਦੱਸਦਿਆਂ ਸੰਗਤ ਮੰਡੀ ਤੋਂ ਮੋੜਨ ਦੇ ਬਾਵਜੂਦ ਉਨ੍ਹਾਂ ਦੀ ਸੁਰੱਖਿਆ ਲਈ ਇਥੇ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ ਸੀ।

ਸੰਸਦ ਮੈਂਬਰ ਮਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀ ਅਕਾਲੀ ਆਗੂ ਗ੍ਰਿਫਤਾਰ ਨਾ ਕੀਤੇ ਗਏ ਤਾਂ ਰਾਜ ਭਰ ਵਿਚ ਧਰਨੇ ਦਿੱਤੇ ਜਾਣਗੇ। ‘ਆਪ’ ਵੱਲੋਂ ਮਲੋਟ ਦੀ ਦਾਣਾ ਮੰਡੀ ਵਿਚ ਪ੍ਰਸ਼ਾਸਨ ਤੋਂ ਪ੍ਰਵਾਨਗੀ ਬਾਅਦ ਇਹ ਰੈਲੀ ਕੀਤੀ ਜਾ ਰਹੀ ਸੀ ਅਤੇ ਇਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਲੰਬੀ ਵਿਖੇ ਸੰਗਤ ਦਰਸ਼ਨ ਕਰ ਰਹੇ ਸਨ। ਰੈਲੀ ਨੂੰ ਬਲਦੇਵ ਸਿੰਘ ਆਜ਼ਾਦ, ਐਮæਪੀæ ਪ੍ਰੋæ ਸਾਧੂ ਸਿੰਘ ਤੇ ਹੋਰ ਆਗੂਆਂ ਦੇ ਸੰਬੋਧਨ ਤੋਂ ਬਾਅਦ ਐਮæਪੀæ ਭਗਵੰਤ ਮਾਨ ਨੇ ਆਪਣੀ ਤਕਰੀਰ ਸ਼ੁਰੂ ਕੀਤੀ।
ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉਪਰ ਨਸ਼ਾ ਤਸਕਰੀ ਨੂੰ ਲੈ ਕੇ ਚਰਚਿਤ ਟਿੱਪਣੀ ‘ਕਿੱਕਲੀ ਕਲੀਰ ਦੀ’ ਦੀ ਸੁਣਾਉਣ ਉਤੇ ਠੀਕ ਉਸੇ ਵੇਲੇ ਪੰਡਾਲ ਵਿਚ ਪਹਿਲਾਂ ਹੀ ਤਿਆਰ-ਬਰ-ਤਿਆਰ ਬੈਠੇ ਅਕਾਲੀ ਵਰਕਰਾਂ ਨੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਮਿੰਟਾਂ ‘ਚ ਨੌਬਤ ਵੱਢਾ-ਟੁੱਕੀ ਤੱਕ ਆ ਗਈ। ਇਸ ਦੌਰਾਨ ਭਗਵੰਤ ਮਾਨ ਨੇ ਸਟੇਜ ਤੋਂ ਵਾਰ-ਵਾਰ ਪ੍ਰਸ਼ਾਸਨ ਨੂੰ ਸਥਿਤੀ ਸੰਭਾਲਣ ਤੇ ‘ਆਪ’ ਵਰਕਰਾਂ ਨੂੰ ਕਾਨੂੰਨ ਹੱਥ ਵਿਚ ਨਾ ਲੈਣ ਦੀ ਅਪੀਲ ਕੀਤੀ। ਐਨੇ ਨੂੰ ‘ਸੋਈ’ ਦੇ ਕੁਝ ਆਗੂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਟੇਜ ਕੋਲ ਜਾ ਕੇ ਸ੍ਰੀ ਮਾਨ ਉਪਰ ਹੱਲਾ ਬੋਲ ਦਿੱਤਾ ਪਰ ‘ਆਪ’ ਵਾਲੰਟੀਅਰ ਭਗਵੰਤ ਮਾਨ ਨੂੰ ਸਟੇਜ ਤੋਂ ਉਤਾਰ ਕੇ ਲੈ ਗਏ। ਇਸ ਘਟਨਾ ਸਮੇਂ ਪੰਡਾਲ ਵਿਚ ਮੌਜੂਦ ਅੱਧੀ ਕੁ ਦਰਜਨ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣੇ ਰਹੇ।
‘ਆਪ’ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਪੰਡਾਲ ‘ਚ ਪਹਿਲਾਂ ਤੋਂ ਬੈਠੇ ਸੋਈ ਦੇ ਆਗੂਆਂ ਨੂੰ ਬਾਹਰ ਭੇਜਣ ਲਈ ਪੁਲਿਸ ਨੂੰ ਕਿਹਾ ਸੀ, ਪਰ ਪੁਲਿਸ ਕਰਮੀਆਂ ਇਹ ਕਹਿ ਕੇ ਟਾਲਾ ਵੱਟ ਗਏ ਕਿ ਇਹ ਮੁੰਡੇ ਪਹਿਲਾਂ ਅਕਾਲੀ ਦਲ ‘ਚ ਹੁੰਦੇ ਸਨ, ਪਰ ਹੁਣ ਇਹ ‘ਆਪ’ ਵਿਚ ਸ਼ਾਮਲ ਹੋਣ ਆਏ ਹਨ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਇਨ੍ਹਾਂ ਆਗੂਆਂ ਨੇ ਹੀ ਵੱਢਾ ਟੁੱਕੀ ਕੀਤੀ।
ਇਸ ਹਮਲੇ ‘ਚ ਪਿੰਡ ਉਦੇਕਰਨ ਵਾਸੀ ਸੁਖਜਿੰਦਰ ਸਿੰਘ ਅਤੇ ਲੰਬੀ ਦਾ ਸੁਨੀਲ ਕੁਮਾਰ ਸਿਰ ਵਿਚ ਕਾਪੇ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਾਉਣ ਲਈ ‘ਆਪ’ ਨੂੰ ਧਰਨਾ ਲਾਉਣਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਦੀ ਮੂਵੀ ਬਣਾ ਰਹੇ ਕਈ ‘ਆਪ’ ਵਰਕਰਾਂ ਦੇ ਮੋਬਾਈਲ ਵੀ ਅਕਾਲੀ ਵਰਕਰ ਖੋਹ ਕੇ ਲੈ ਗਏ। ਸ੍ਰੀ ਆਜ਼ਾਦ ਨੇ ਦੋਸ਼ ਲਾਇਆ ਕਿ ਪੁਲਿਸ ਅਫਸਰਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਦਰਜਨ ਭਰ ਆਗੂਆਂ ਦੀ ਸੂਚੀ ਪੁਲਿਸ ਨੂੰ ਸੌਂਪੀ ਹੈ।
_____________________________________
ਮਲੋਟ ਹਿੰਸਾ ਲਈ ਬਾਦਲ ਦੋਸ਼ੀ: ਕੈਪਟਨ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮਲੋਟ ਵਿਚ ਆਮ ਆਦਮੀ ਪਾਰਟੀ (ਆਪ) ਦੀ ਰੈਲੀ ਦੌਰਾਨ ਅਕਾਲੀ ਵਰਕਰਾਂ ਵੱਲੋਂ ਕੀਤੀ ਗਈ ਹਿੰਸਾ ਤੇ ਗੁੰਡਾਗਰਦੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਸ਼ੁਰੂ ਵਿਚ ਹੀ ਰੋਕ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਚੋਣ ਹਿੰਸਾ ਪੰਜਾਬ ਲਈ ਸਭ ਤੋਂ ਬੁਰੀ ਗੱਲ ਹੋਵੇਗੀ। ਉਨ੍ਹਾਂ ਇਸ ਹਿੰਸਾ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਸਭ ਕੁਝ ਸ੍ਰੀ ਬਾਦਲ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ ਕਿਉਂਕਿ ਉਹ ਇਸ ਵੇਲੇ ਉਸੇ ਜ਼ਿਲ੍ਹੇ ‘ਚ ਵਿਚਰ ਰਹੇ ਸਨ। ਇਹ ਅਕਾਲੀਆਂ ਅਤੇ ਖਾਸ ਕਰ ਕੇ ਬਾਦਲਾਂ ਵਿਚਾਲੇ ਨਿਰਾਸ਼ਾ ਦਾ ਪ੍ਰਗਟਾਵਾ ਹੈ।
_______________________________________
ਮਲੂਕਾ ਦੇ ਭਤੀਜੇ ਵੱਲੋਂ ਵਕੀਲ ਦੀ ਕੁੱਟ-ਮਾਰ
ਮੋਗਾ: ਡੀæਐਸ਼ਪੀæ ਸਿਟੀ ਦਫਤਰ ਕੋਲ ਮੋਗਾ-ਲੁਧਿਆਣਾ ਮਾਰਗ ‘ਤੇ ਗੱਡੀ ਓਵਰਟੇਕ ਕਰਨ ਦੇ ਮਾਮਲੇ ਉਤੇ ਹੋਏ ਝਗੜੇ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਭਤੀਜੇ ਅਤੇ ਉਸ ਦੇ ਸਾਥੀਆਂ ਨੇ ਸਥਾਨਕ ਵਕੀਲ ਦੀ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਮਾਰਗ ‘ਤੇ ਵਾਹਨਾਂ ਦਾ ਜਾਮ ਲੱਗ ਗਿਆ। ਮੌਕੇ ‘ਤੇ ਪਹੁੰਚੀ ਸਿਟੀ ਪੁਲੀਸ ਨੇ ਅਕਾਲੀ ਮੰਤਰੀ ਦੇ ਭਤੀਜੇ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਉਨ੍ਹਾਂ ਦੀ ਓਡੀ ਕਾਰ ਸਮੇਤ ਹਿਰਾਸਤ ਵਿਚ ਲੈ ਲਿਆ। ਹਸਪਤਾਲ ਵਿਚ ਦਾਖਲ ਵਕੀਲ ਸਤਵੀਰ ਸਿੰਘ ਗਿੱਲ ਅਨੁਸਾਰ ਉਹ ਆਪਣੀ ਕਾਰ ਵਿਚ ਆਪਣੇ ਇਕ ਸਾਥੀ ਨਾਲ ਮੋਗਾ-ਲੁਧਿਆਣਾ ਮਾਰਗ ‘ਤੇ ਜਾ ਰਿਹਾ ਸੀ। ਪਿੱਛੋਂ ਆਈ ਓਡੀ ਕਾਰ ‘ਚ ਸਵਾਰ ਨੌਜਵਾਨਾਂ ਨਾਲ ਉਸ ਦੀ ਗਲਤ ਢੰਗ ਨਾਲ ਓਵਰਟੇਕ ਕਰਨ ਦੇ ਮਾਮਲੇ ‘ਤੇ ਤਕਰਾਰ ਹੋ ਗਈ। ਉਹ ਜਦੋਂ ਆਪਣੀ ਗੱਡੀ ‘ਚੋਂ ਬਾਹਰ ਨਿਕਲਿਆ ਤਾਂ ਕਾਰ ਵਿਚ ਸਵਾਰ ਚਾਰ ਨੌਜਵਾਨਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।