ਤਾਰੇ ਨੇ ਲਈ ਬੇਅੰਤ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ

ਚੰਡੀਗੜ੍ਹ: ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਅਦਾਲਤ ਦੀ ਸੁਣਵਾਈ ਦੌਰਾਨ ਉਸ ਨੇ ਯੂæਟੀæ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਦਿੱਤੇ ਤਿੰਨ ਪੰਨਿਆਂ ਦੇ ਹੱਥ ਲਿਖਤ ਪੱਤਰ ਵਿਚ ਮੰਨਿਆ ਹੈ ਕਿ ਬੇਅੰਤ ਸਿੰਘ ਨੂੰ ਕਤਲ ਕਰਨ ਵੇਲੇ ਉਹ ਮਨੁੱਖੀ ਬੰਬ ਦਿਲਾਵਰ ਸਿੰਘ ਦੇ ਨਾਲ ਸੀ। ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਅਦਾਲਤ ਅੱਗੇ ਆਪਣਾ ਦੋਸ਼ ਕਬੂਲ ਕੀਤਾ ਹੈ।

ਇਸ ਤੋਂ ਪਹਿਲਾਂ ਉਹ ਕੇਸ ਨਾ ਲੜਨ ਦਾ ਦਾਅਵਾ ਪੇਸ਼ ਕਰਦਾ ਰਿਹਾ ਹੈ। ਦੱਸਣਯੋਗ ਹੈ ਕਿ ਬੇਅੰਤ ਸਿੰਘ ਦੀ ਸਿਵਲ ਸਕੱਤਰੇਤ ਮੂਹਰੇ 31 ਅਗਸਤ 1995 ਨੂੰ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ।
ਤਾਰਾ ਨੇ ਅਦਾਲਤ ਨੂੰ ਦਿੱਤੇ ਹੱਥ ਲਿਖਤ ਪੱਤਰ ਵਿਚ ਕਿਹਾ ਹੈ ਕਿ ਬੇਅੰਤ ਸਿੰਘ ਨੂੰ ਮਾਰਨ ਵੇਲੇ ਉਹ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਦੇ ਨਾਲ ਸੀ। ਉਸ ਨੂੰ ਬੇਅੰਤ ਸਿੰਘ ਨੂੰ ਮਾਰਨ ਦਾ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ, ਪਰ ਬੰਬ ਧਮਾਕੇ ਵਿਚ ਮਾਰੇ ਗਏ ਦੂਜੇ ਬੇਕਸੂਰ ਬੰਦਿਆਂ ਦਾ ਦੁੱਖ ਜ਼ਰੂਰ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਦਾ ਫੈਸਲਾ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਸਿਧਾਂਤਾਂ ਮੁਤਾਬਕ ਹੀ ਲਿਆ ਗਿਆ ਸੀ। ਪੱਤਰ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਭਰ ਵਿਚ ਸਿੱਖਾਂ ਉਤੇ ਹੋਏ ਅਤਿਆਚਾਰ, ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਅਤੇ ਸਿੱਖ ਨੌਜਵਾਨਾਂ ਨੂੰ ਦਿੱਤੇ ਤਸੀਹਿਆਂ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਨੂੰ ਢਹਿ-ਢੇਰੀ ਕਰਨ ਦੀ ਕਾਰਵਾਈ ਨੇ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਸੀ।
ਉਸ ਨੇ ਦੋਸ਼ ਲਾਇਆ ਕਿ ਖਾੜਕੂਵਾਦ ਵੇਲੇ ਪੁਲਿਸ ਆਮ ਲੋਕਾਂ ਨੂੰ ਡਾਕੂ ਲੁਟੇਰੇ ਦੇ ਭੇਸ ਵਿਚ ਲੁੱਟਦੀ ਰਹੀ ਸੀ ਅਤੇ ਇਸ ਲਈ ਬਦਨਾਮ ਨੌਜਵਾਨ ਸਿੱਖਾਂ ਨੂੰ ਕੀਤਾ ਜਾਂਦਾ ਸੀ। ਇਹ ਵਰਤਾਰਾ ਲੰਬਾ ਸਮਾਂ ਚੱਲਦਾ ਰਿਹਾ। ਪੱਤਰ ਵਿਚ ਥਾਂ-ਥਾਂ ਆਪਣੀ ਦਲੀਲ ਦੇ ਹੱਕ ਵਿਚ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਅਦਾਲਤ ਵੱਲੋਂ ਪੱਤਰ ਦੀਆਂ ਕਾਪੀਆਂ ਸੀæਬੀæਆਈæ ਅਤੇ ਬਚਾਅ ਪੱਖ ਦੇ ਵਕੀਲਾਂ ਨੂੰ ਦਿੱਤੀਆਂ ਗਈਆਂ ਹਨ। ਪੱਤਰ ਦੇ ਅੰਤ ਵਿਚ ਖਾਲਿਸਤਾਨ ਜ਼ਿੰਦਾਬਾਦ ਅਤੇ ਭਾਈ ਦਿਲਾਵਰ ਸਿੰਘ ਦੇ ਨਾਅਰੇ ਲਿਖੇ ਗਏ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੇਸ ਦੇ ਦੋ ਹੋਰ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਵੀ ਬੇਅੰਤ ਸਿੰਘ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਚੁੱਕੇ ਹਨ। ਬੇਅੰਤ ਕਤਲ ਕੇਸ ਦਾ ਫੈਸਲਾ ਹੋ ਚੁੱਕਾ ਹੈ ਅਤੇ ਅੱਠ ਦੋਸ਼ੀਆਂ ਨੂੰ ਅੱਠ ਸਾਲ ਪਹਿਲਾਂ ਸਜ਼ਾ ਹੋ ਸੁਣਾਈ ਜਾ ਚੁੱਕੀ ਹੈ ਅਤੇ ਨੌਵਾਂ ਮੁਲਜ਼ਮ ਤਾਰਾ ਉਸ ਵੇਲੇ ਜੇਲ੍ਹ ‘ਚੋਂ ਫਰਾਰ ਹੋਣ ਕਰ ਕੇ ਉਸ ਨੂੰ ਸੁਣਵਾਈ ਤੋਂ ਬਾਹਰ ਰੱਖ ਲਿਆ ਗਿਆ ਸੀ। ਤਾਰਾ ਦੇ ਵਕੀਲ ਨੇ ਦੱਸਿਆ ਕਿ ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਲਈ ਮੁਕਰਰ ਕੀਤੀ ਗਈ ਹੈ।