ਬਟਾਲਾ: ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਇਕ ਮਹੀਨੇ ਵਿਚ ਤਕਰੀਬਨ ਇਕ ਦਰਜਨ ਘਟਨਾਵਾਂ ਵਾਪਰੀਆਂ ਹਨ, ਪਰ ਪੁਲਿਸ ਜ਼ਿਆਦਾਤਰ ਵਿਚ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ ਹੈ। ਪਿੰਡ ਕੀੜੀ ਅਫਗਾਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਤਾਜ਼ਾ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਤਰਨ ਤਾਰਨ ਦੇ ਪਿੰਡ ਡਿਬੀਪੁਰ ਦੇ ਗੁਰਦੁਆਰੇ ਵਿਚ ਗੁਰਬਾਣੀ ਦੇ ਗੁਟਕੇ ਦੇ 16 ਅੰਗ ਪਾੜੇ ਗਏ ਸਨ।
ਪਿੰਡ ਕੀੜੀ ਅਫਗਾਨਾ ਦੇ ਸ੍ਰੀ ਗੁਰੂ ਨਾਨਕ ਦੇਵ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਦਿੱਤੇ ਗਏ। ਗੁਰਦੁਆਰੇ ਦੇ ਗ੍ਰੰੰਥੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਸੰਗਤ ਸੂਚਿਤ ਕੀਤਾ। ਕੀੜੀ ਅਫ਼ਗਾਨਾ ਦੇ ਸਰਪੰਚ ਗੁਰਮੀਤ ਸਿੰਘ ਗੋਰਾਇਆ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਗੁਰਦੁਆਰੇ ਦੇ ਗ੍ਰੰਥੀ ਭਾਈ ਕੁਲਬੀਰ ਸਿੰਘ ਦੇ ਬਿਆਨਾਂ ‘ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਵਿਚ ਗੁਰੂ ਗ੍ਰੰਥ ਸਾਹਿਬ ਦੇ 4 ਅੰਗ ਨੁਕਸਾਨੇ ਗਏ, ਜਦੋਂਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦੇ ਕੌਮੀ ਜਨਰਲ ਸਕੱਤਰ ਗਗਨਦੀਪ ਸਿੰਘ ਰਿਆੜ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ 10 ਅੰਗ ਨੁਕਸਾਨੇ ਗਏ ਹਨ।
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਸ਼ਮੀਰ ਸਿੰਘ ਬਰਿਆਰ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਲਾਡੀ ਨੇ ਵੀ ਘਟਨਾ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਪਿੰਡ ਡਿੱਬੀਪੁਰਾ ਦੇ ਗੁਰਦੁਆਰੇ ਵਿਚ ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਹੋਈ ਹੈ। ਗੁਰਦੁਆਰੇ ਵਿਚ ਲੱਗੇ ਸੀæਸੀæਟੀæਵੀæ ਕੈਮਰਿਆਂ ਦੀ ਫੁਟੇਜ ਵਿਚ ਨਜ਼ਰ ਆਉਂਦਾ ਹੈ ਕਿ ਮੱਥਾ ਟੇਕਣ ਆਇਆ ਇਕ ਵਿਅਕਤੀ ਉਥੇ ਗੁਟਕਾ ਰੱਖਦਾ ਹੈ। ਉਸ ਨੇ ਕੱਪੜੇ ਨਾਲ ਮੂੰਹ ਸਿਰ ਲਪੇਟਿਆ ਹੋਇਆ ਸੀ। ਉਸ ਵੱਲੋਂ ਰੱਖੇ ਗੁਟਕੇ ਵਿਚੋਂ 16 ਦੇ ਕਰੀਬ ਪੱਤਰੇ ਗਾਇਬ ਪਾਏ ਗਏ। ਸੀæਸੀæਟੀæਵੀæ ਫੁਟੇਜ ਦੇ ਆਧਾਰ ‘ਤੇ ਬੰਦੇ ਦੀ ਭਾਲ ਕੀਤੀ ਗਈ, ਜੋ ਪਿੰਡ ਦਾ ਹੀ ਇਕ ਦਰਜੀ ਨਿਕਲਿਆ। ਖਬਰ ਸੁਣ ਕੇ ਪੰਥਕ ਜਥੇਬੰਦੀਆਂ ਦੇ ਕਾਰਕੁਨ ਪਿੰਡ ਪੁੱਜਣੇ ਸ਼ੁਰੂ ਹੋ ਗਏ ਅਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ‘ਚ ਆ ਗਿਆ।
______________________________________
ਮੱਕੜ ਵੱਲੋਂ ਪੰਜਾਬ ਦੇ ਹਾਲਾਤ ‘ਤੇ ਚਿੰਤਾ ਪ੍ਰਗਟ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਅਫਗਾਨਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਅਤੇ ਤਰਨ ਤਾਰਨ ਦੇ ਪਿੰਡ ਡਿਬੀਪੁਰ ਦੇ ਗੁਰਦੁਆਰੇ ਵਿਚ ਗੁਰਬਾਣੀ ਦੇ ਗੁਟਕੇ ਦੇ 16 ਅੰਗ ਪਾੜੇ ਜਾਣ ਦੀਆਂ ਘਟਨਾਵਾਂ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਤਰਨ ਤਾਰਨ ਦੇ ਪਿੰਡ ਖਾਰਾ ਇੱਟਾਂ ਵਾਲਾ ਦੇ ਗੁਰਦੁਆਰੇ ਵਿੱਚ ਚੋਰਾਂ ਵੱਲੋਂ ਚੋਰੀ ਦੌਰਾਨ ਸੇਵਾਦਾਰ ਨੂੰ ਜਿਉਂਦਾ ਸਾੜਨ ਦੀ ਘਟਨਾ ਨੂੰ ਮੰਦਭਾਗੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ਅਤੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ ਰਹੀ।
____________________________________
ਅਕਾਲ ਤਖਤ ‘ਤੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਮੁਲਤਵੀ
ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਸਿਖ ਜਥੇਬੰਦੀਆਂ, ਸੰਪਰਦਾਵਾਂ ਤੇ ਸਭਾ ਸੁਸਾਇਟੀਆਂ ਦੀ ਛੇ ਸਤੰਬਰ ਨੂੰ ਸੱਦੀ ਗਈ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੀਟਿੰਗ ਵਿਚ ਪੰਜ ਸਿੰਘ ਸਾਹਿਬਾਨ ਦੀ ਸ਼ਮੂਲੀਅਤ ਹੋਣੀ ਜ਼ਰੂਰੀ ਸੀ, ਪਰ ਤਖਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸਮੂਹ ਜਥੇਬੰਦੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ 10 ਸਤੰਬਰ ਤੱਕ ਆਪਣੇ ਸੁਝਾਅ ਤੇ ਵਿਚਾਰ ਸ੍ਰੀ ਅਕਾਲ ਤਖਤ ਉਤੇ ਲਿਖਤੀ ਰੂਪ ਵਿਚ ਭੇਜਣ। ਦੱਸਣਯੋਗ ਹੈ ਕਿ ਕਈ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਮੀਟਿੰਗ ਦਾ ਵਿਰੋਧ ਕਰਦਿਆ ਆਖਿਆ ਗਿਆ ਸੀ ਕਿ ਸੰਗਤ ਵੱਲੋਂ ਰੱਦ ਕੀਤੇ ਜਥੇਦਾਰਾਂ ਨੂੰ ਪੰਥਕ ਮਾਮਲੇ ਵਿਚਾਰਨ ਅਤੇ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਹੈ।