ਆਰਥਿਕ ਵਿਕਾਸ ਲੀਹੇ ਪਾਉਣ ਲਈ ਸਮੂਹਿਕ ਤਾਲਮੇਲ ਦਾ ਸੱਦਾ

ਹਾਂਗਜ਼ੂ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਆਰਥਿਕ ਵਿਕਾਸ ਨੂੰ ਮੁੜ ਲੀਹ ‘ਤੇ ਲਿਆਉਣ ਲਈ ਜੀ-20 ਮੈਂਬਰ ਦੇਸ਼ਾਂ ‘ਤੇ ਸਮੂਹਿਕ ਤਾਲਮੇਲ ਨਾਲ ਨਿਸ਼ਾਨਾ ਮਿਥ ਕੇ ਕਾਰਵਾਈ ਕਰਨ ‘ਤੇ ਜ਼ੋਰ ਦਿੱਤਾ ਹੈ। ਚੀਨ ਦੇ ਇਸ ਪੂਰਬੀ ਸ਼ਹਿਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਨੇਤਾਵਾਂ ਨੂੰ ਕਿਹਾ ਕਿ ਅਸੀਂ ਉਸ ਸਮੇਂ ਸੰਮੇਲਨ ਕਰ ਰਹੇ ਹਾਂ ਜਦੋਂ ਵਿਸ਼ਵ ਗੁੰਝਲਦਾਰ ਰਾਜਸੀ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੀ ਤੇ ਡੂੰਘੀ ਵਿਚਾਰ ਚਰਚਾ ਕਾਫੀ ਨਹੀਂ।

ਸ੍ਰੀ ਮੋਦੀ ਨੇ ਵਿਸ਼ਵ ਵਿਕਾਸ ਨੂੰ ਮੁੜ ਲੀਹ ‘ਤੇ ਲਿਆਉਣ ਲਈ ਢਾਂਚਾਗਤ ਸੁਧਾਰਾਂ ਲਈ ਏਜੰਡਾ ਪੇਸ਼ ਕਰਦਿਆਂ ਕਿਹਾ ਕਿ ਜੀ-20 ਦੇਸ਼ਾਂ ਨੂੰ ਸਮੂਹਿਕ ਤਾਲਮੇਲ ਨਾਲ ਨਿਸ਼ਾਨੇ ਵਾਲੇ ਏਜੰਡੇ ‘ਤੇ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਵਿੱਤੀ ਪ੍ਰਣਾਲੀ ‘ਚ ਸੁਧਾਰ, ਘਰੇਲੂ ਉਤਪਾਦਨ ਵਿਚ ਬੜਾਵਾ, ਬੁਨਿਆਦੀ ਢਾਂਚੇ ਵਿਚ ਨਿਵੇਸ਼ ਵਧਾਉਣ ਅਤੇ ਮਾਨਵੀ ਪੂੰਜੀ ਦਾ ਇਕ ਪੂਲ ਕਾਇਮ ਕਰਨ ਦੀ ਲੋੜ ਹੈ। ਸਾਡੀਆਂ ਚੁਣੌਤੀਆਂ ਸਾਂਝੀਆਂ ਹਨ ਅਤੇ ਇਸੇ ਤਰ੍ਹਾਂ ਮੌਕੇ ਹਨ। ਉਨ੍ਹਾਂ ਕਿਹਾ ਕਿ ਮਸ਼ੀਨੀ ਸੰਪਰਕ, ਡਿਜੀਟਲ ਇਨਕਲਾਬ ਅਤੇ ਨਵੀਂ ਤਕਨਾਲੋਜੀ ਨਵੀਂ ਪੀੜ੍ਹੀ ਦੇ ਵਿਸ਼ਵ ਵਿਕਾਸ ਦਾ ਆਧਾਰ ਬਣ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਈਵਾਲੀ ਲਈ ਮਜ਼ਬੂਤ ਨੈਟਵਰਕ ਦੀ ਲੋੜ ਹੈ। ਜੀ-20 ਮੈਂਬਰ ਦੇਸ਼ਾਂ ਦਾ ਕੁੱਲ ਵਿਸ਼ਵ ਉਤਪਾਦਨ ਵਿਚ 85 ਫ਼ੀਸਦੀ ਹਿੱਸਾ ਹੈ। ਜੀ-20 ਗਰੁੱਪ ਵਿਚ ਭਾਰਤ ਤੋਂ ਇਲਾਵਾ ਅਰਜਨਟੀਨਾ, ਆਸਟਰੇਲੀਆ, ਬਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਕੋਰੀਆ, ਤੁਰਕੀ, ਬਰਤਾਨੀਆ, ਅਮਰੀਕਾ ਅਤੇ ਯੂਰਪੀਨ ਯੂਨੀਅਨ ਸ਼ਾਮਲ ਹਨ।
__________________________________________
ਚੀਨ ਤੇ ਅਮਰੀਕਾ ਵੱਲੋਂ ਪੈਰਿਸ ਸਮਝੌਤੇ ਨੂੰ ਪ੍ਰਵਾਨਗੀ
ਹਾਂਗਜ਼ੂ: ਵਿਸ਼ਵ ਭਰ ਦੀ 40 ਫੀਸਦੀ ਕਾਰਬਨ ਨਿਕਾਸੀ ਲਈ ਜ਼ਿੰਮੇਵਾਰ ਚੀਨ ਤੇ ਅਮਰੀਕਾ ਨੇ ਸਾਂਝੇ ਤੌਰ ‘ਤੇ ਪੈਰਿਸ ਵਾਤਾਵਰਨ ਤਬਦੀਲੀ ਸਮਝੌਤੇ ਨੂੰ ਸਵੀਕਾਰ ਕਰ ਲਿਆ। ਇਸ ਸਮਝੌਤੇ ਦਾ ਮੰਤਵ ਆਲਮੀ ਤੌਰ ਉਤੇ ਕਾਰਬਨ ਨਿਕਾਸੀ ਵਿਚ ਕਟੌਤੀ ਕਰਨਾ ਹੈ। ਅਮਰੀਕਾ ਤੇ ਚੀਨ ਵੱਲੋਂ ਮਨਜ਼ੂਰੀ ਦੇਣ ਨਾਲ ਇਹ ਸਮਝੌਤਾ ਇਸ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਆਸ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਮੁਲਕ ਦੇ ਆਲਮੀ ਵਾਤਾਵਰਨ ਤਬਦੀਲੀ ਸਮਝੌਤੇ ਵਿਚ ਸ਼ਾਮਲ ਹੋਣ ਸਬੰਧੀ ਦਸਤਾਵੇਜ਼ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੂੰ ਸੌਂਪੇ। ਹਾਂਗਜ਼ੂ ਵਿਚ ਜੀ20 ਮੁਲਕਾਂ ਦੇ ਅਹਿਮ ਸੰਮੇਲਨ ਤੋਂ ਇਕ ਦਿਨ ਪਹਿਲਾਂ ਇਸ ਸਮਝੌਤੇ ਨੂੰ ਅਮਰੀਕਾ ਤੇ ਚੀਨ ਦੀ ਪ੍ਰਵਾਨਗੀ ਮਿਲੀ ਹੈ। ਚੀਨ ਤੇ ਅਮਰੀਕਾ ਵਿਸ਼ਵ ਭਰ ਦੀ 40 ਫੀਸਦੀ ਕਾਰਬਨ ਨਿਕਾਸੀ ਲਈ ਜ਼ਿੰਮੇਵਾਰ ਹਨ।
________________________________________
ਚੀਨ-ਪਾਕਿ ਕਾਰੀਡੋਰ ਦਾ ਮੁੱਦਾ ਸ਼ੀ ਕੋਲ ਉਠਾਇਆ
ਹਾਂਗਜ਼ੂ: ਭਾਰਤ ਨੇ ਚੀਨ ਕੋਲ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਅਤੇ ਉਸ ਖੇਤਰ ‘ਚ ਪਣਪ ਰਹੇ ਅਤਿਵਾਦ ‘ਤੇ ਚਿੰਤਾ ਜ਼ਾਹਿਰ ਕੀਤਾ ਹੈ। ਆਰਥਿਕ ਕਾਰੀਡੋਰ ਮਕਬੂਜ਼ਾ ਕਸ਼ਮੀਰ ਰਾਹੀਂ ਲੰਘੇਗਾ। ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਅਤਿਵਾਦ ਖਿਲਾਫ ਜੰਗ ਰਾਜਸੀ ਗੱਲਾਂ ਤੋਂ ਪ੍ਰੇਰਿਤ ਨਹੀਂ ਹੋਣੀ ਚਾਹੀਦੀ ਸ੍ਰੀ ਮੋਦੀ ਨੇ ਕਿਹਾ ਕਿ ਇਹ ਗੱਲ ਮਹੱਤਵਪੂਰਣ ਹੈ ਕਿ ਅਸੀਂ ਦੁਵੱਲੇ ਸਬੰਧਾਂ ਨੂੰ ਟਿਕਾਊ ਯਕੀਨੀ ਬਣਾਉਣ ਲਈ ਇਕ ਦੂਸਰੇ ਦੀਆਂ ਇੱਛਾਵਾਂ, ਚਿੰਤਾਵਾਂ ਅਤੇ ਰਣਨੀਤਕ ਹਿੱਤਾਂ ਦਾ ਸਤਿਕਾਰ ਕਰੀਏ।
___________________________________________
ਭਾਰਤ ਵੱਲੋਂ ਵੀਅਤਨਾਮ ਨੂੰ 50 ਕਰੋੜ ਡਾਲਰ ਦਾ ਕਰਜ਼ਾ
ਹਨੋਈ: ਭਾਰਤ ਨੇ ਵੀਅਤਨਾਮ ਨਾਲ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ 50 ਕਰੋੜ ਡਾਲਰ ਦਾ ਕਰਜ਼ਾ ਦੇਣ ਦੇ ਨਾਲ 12 ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਚੀਨ ਵੱਲੋਂ ਵਿਵਾਦਤ ਦੱਖਣੀ ਚੀਨ ਸਾਗਰ ‘ਚ ਆਪਣੀ ਤਾਕਤ ਦਿਖਾਉਣ ਅਤੇ ਖੇਤਰੀ ਚੁਣੌਤੀਆਂ ਦੇ ਮੁਕਾਬਲੇ ਲਈ ਭਾਰਤ ਨੇ ਸਾਹਿਲੀ ਗਸ਼ਤੀ ਕਿਸ਼ਤੀਆਂ ਬਣਾਉਣ ਦੇ ਸਮਝੌਤੇ ‘ਤੇ ਵੀ ਸਹੀ ਪਾਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਅਤਨਾਮ ਦੇ ਹਮਰੁਤਬਾ ਨਗੂਏਨ ਸ਼ੁਆਨ ਫੁਕ ਨਾਲ ਕਈ ਵਿਸ਼ਿਆਂ ‘ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਆਪਣੀ ਰਣਨੀਤਕ ਸਬੰਧਾਂ ਨੂੰ ਵਧਾ ਕੇ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ‘ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀਅਤਨਾਮ ਦੇ ਰੂਸ ਅਤੇ ਚੀਨ ਨਾਲ ਅਜਿਹੇ ਸਬੰਧ ਹਨ।