-ਜਤਿੰਦਰ ਪਨੂੰ
ਬਹੁਤਾ ਪਿੱਛੇ ਅਸੀਂ ਨਹੀਂ ਜਾਣਾ ਚਾਹੁੰਦੇ, ਇਸ ਨਾਲ ਪਾਠਕ ਬੋਰ ਹੋਣ ਲੱਗਣਗੇ, ਉਨ੍ਹਾਂ ਕੁਝ ਹਫਤਿਆਂ ਤੱਕ ਗੱਲ ਸੀਮਤ ਰੱਖਾਂਗੇ, ਜਿਨ੍ਹਾਂ ਵਿਚ ਨਵੀਂ ਉਠੀ ਆਮ ਆਦਮੀ ਪਾਰਟੀ (ਆਪ) ਵਿਚ ਕੀ ਦਾ ਕੀ ਹੋ ਗਿਆ ਹੈ? ਉਦੋਂ ਕਹੀ ਗਈ ਸਾਡੀ ਗੱਲ ਸੁਣ ਕੇ ਜਿਨ੍ਹਾਂ ਨੂੰ ਇਹ ਲੱਗਾ ਸੀ ਕਿ ਇਹ ਬੰਦਾ ਸਾਡੇ ਰਾਹ ਵਿਚ ਕੰਡੇ ਬੀਜਣ ਵਾਲਿਆਂ ਦਾ ਆੜੀ ਬਣਿਆ ਪਿਆ ਹੈ, ਉਹੀ ਲੋਕ ਹੁਣ ਆਪ ਹੱਦਾਂ ਟੱਪ ਕੇ ਗੱਲਾਂ ਕਰਦੇ ਪਏ ਹਨ ਤੇ ਹੁਣ ਅਸੀਂ ਹੈਰਾਨ ਹੋ ਰਹੇ ਹਾਂ।
ਹਾਲੇ ਡੇਢ ਮਹੀਨਾ ਪਹਿਲਾਂ ਅਸੀਂ ਜੁਲਾਈ ਦੇ ਦੂਸਰੇ ਹਫਤੇ ਇਹ ਦੋ ਪੈਰੇ ਲਿਖੇ ਸਨ:
“ਸਾਨੂੰ ਇਹ ਗੱਲ ਮੰਨ ਲੈਣ ਵਿਚ ਹਰਜ ਨਹੀਂ ਜਾਪਦਾ ਕਿ ਆਮ ਲੋਕਾਂ ਵਿਚ ਇਸ ਨਵੀਂ ਪਾਰਟੀ ਲਈ ‘ਇੱਕ ਵਾਰ ਇਸ ਨੂੰ ਪਰਖਣ ਦਾ ਮੌਕਾ’ ਦੇਣ ਦੀ ਭਾਵਨਾ ਜਾਪਦੀ ਹੈ, ਤੇ ਇਹ ਆਮ ਲੋਕਾਂ ਦਾ ਹੱਕ ਹੈ, ਪਰ ਇਹ ਭਾਵਨਾ ਇਸ ਕਰ ਕੇ ਨਹੀਂ ਕਿ ਇਸ ਪਾਰਟੀ ਨੇ ਕੁਝ ਕਰ ਕੇ ਵਿਖਾਇਆ ਹੈ। ਲੋਕਾਂ ਵਿਚ ਇਸ ਤਰ੍ਹਾਂ ਦੀ ਭਾਵਨਾ ਦਾ ਕਾਰਨ ਭਾਰਤੀ ਰਾਜਨੀਤੀ ਅਤੇ ਖਾਸ ਤੌਰ ਉਤੇ ਪੰਜਾਬ ਦੀ ਰਾਜਨੀਤੀ ਦੀਆਂ ਅਗਵਾਨੂੰ ਪਹਿਲੀਆਂ ਮੁੱਖ ਪਾਰਟੀਆਂ ਵੱਲ ਨਾਰਾਜ਼ਗੀ ਦੀ ਓੜਕ ਤੋਂ ਪੈਦਾ ਹੋਈ ਹੈ। ਏਦਾਂ ਦੀ ਨਾਰਾਜ਼ਗੀ ਅਸੀਂ ਚਾਲੀ ਕੁ ਸਾਲ ਪਹਿਲਾਂ ਐਮਰਜੈਂਸੀ ਤੋਂ ਬਾਅਦ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ‘ਸੰਪੂਰਨ ਇਨਕਲਾਬ’ ਦਾ ਨਾਅਰਾ ਦੇਣ ਵਾਲਿਆਂ ਦੇ ਹੱਕ ਵਿਚ ਵੀ ਵੇਖੀ ਸੀ, ਪਰ ਸਿੱਟਾ ਵਧੀਆ ਨਹੀਂ ਸੀ ਨਿਕਲਿਆ। ਉਹ ਲਹਿਰ ਦੁੱਧ ਦੇ ਉਬਾਲੇ ਵਾਂਗ ਚੜ੍ਹੀ ਸੀ, ਰਾਜ ਕਰ ਰਹੀ ਇੱਕ ਪਾਰਟੀ ਨੂੰ ਪਾਸੇ ਕਰ ਕੇ ਕਿਸੇ ਸਿਧਾਂਤਕ ਸਾਂਝ ਤੋਂ ਬਗੈਰ ਬਣੇ ਅਣਘੜਤ ਗੱਠਜੋੜ ਦੀ ਸਰਕਾਰ ਦੇ ਬਣਨ ਤੱਕ ਹੀ ਨਿਭੀ ਤੇ ਫਿਰ ਖੱਖੜੀਆਂ ਦਾ ਇਹੋ ਜਿਹਾ ਖਿਲਾਰਾ ਬਣ ਗਈ ਸੀ, ਜਿਸ ਦੀ ਟੁੱਟ-ਭੱਜ ਦੌਰਾਨ ਪੁਰਾਣੇ ਜਨਸੰਘ ਨੂੰ ਕੁੰਜ ਬਦਲ ਕੇ ਅਜੋਕੀ ਭਾਰਤੀ ਜਨਤਾ ਪਾਰਟੀ ਦੇ ਰੂਪ ਵਿਚ ਉਭਰਨਾ ਸੌਖਾ ਹੋ ਗਿਆ ਸੀ।”
“ਅੱਜ ਫਿਰ ਓਸੇ ਤਰ੍ਹਾਂ ਕਾਂਗਰਸ ਮਰਨੇ ਪਈ ਹੈ, ਅਕਾਲੀ-ਭਾਜਪਾ ਗੱਠਜੋੜ ਤੋਂ ਲੋਕਾਂ ਨੂੰ ਕੋਈ ਆਸ ਵਰਗੀ ਗੱਲ ਨਹੀਂ ਜਾਪਦੀ ਤੇ ਅੱਕੀਂ-ਪਲਾਹੀਂ ਹੱਥ ਮਾਰਦੇ ਲੋਕਾਂ ਸਾਹਮਣੇ ਉਹ ਪਾਰਟੀ ਪੇਸ਼ ਹੋ ਰਹੀ ਹੈ, ਜਿਹੜੀ ਬੱਕਰੀ ਤੇ ਸ਼ੇਰ ਨੂੰ ਇੱਕੋ ਘਾਟ ਉਤੇ ਪਾਣੀ ਪਿਆਉਣ ਦਾ ਅਣਹੋਣਾ ਸੁਫਨਾ ਵਿਖਾਉਂਦੀ ਹੈ। ਵਿਧਾਨ ਸਭਾ ਚੋਣਾਂ ਹੁਣ ਨੇੜੇ ਆ ਗਈਆਂ ਹਨ, ਪਰ ਪੰਜਾਬ ਦੇ ਲੋਕਾਂ ਸਾਹਮਣੇ ਧੁੰਦ ਅਤੇ ਧੂੰਆਂ ਅਜੇ ਤੱਕ ਛਟ ਨਹੀਂ ਰਿਹਾ। ਕੇਜਰੀਵਾਲ ਬਾਰੇ ਬਹੁਤ ਜ਼ਿਆਦਾ ਜਜ਼ਬਾਤੀ ਹੋ ਕੇ ਖਿੱਚੇ ਗਏ ਸੱਜਣਾਂ ਕੋਲ ਵੀ ਭਵਿੱਖ ਦਾ ਨਕਸ਼ਾ ਨਹੀਂ, ਹਰ ਗੱਲ ਲਈ ਇੱਕੋ ਨੁਸਖਾ ਮੌਜੂਦ ਹੈ ਕਿ ਕੇਜਰੀਵਾਲ ਦੀ ਅਗਵਾਈ ਸਭ ਮਸਲੇ ਹੱਲ ਕਰ ਦੇਵੇਗੀ। ਏਡਾ ਭਰੋਸਾ ਕਰਨਾ ਤਾਂ ਔਖਾ ਹੈ।”
ਇੱਕ ਸੱਜਣ ਨੇ ਬੜਾ ਲੰਮਾਂ ਫੋਨ ਕਰ ਕੇ ਸਾਨੂੰ ਕੌੜ-ਫਿੱਕ ਬੋਲੀ ਕਿ ਜੇ ਤੇਰੀ ਸਮਝ ਵਿਚ ਕੇਜਰੀਵਾਲ ਉਤੇ ਵੀ ਭਰੋਸਾ ਕਰਨਾ ਔਖਾ ਹੈ ਤਾਂ ਫਿਰ ਆਪਣੇ ਸਿਰ ਦਾ ਇਲਾਜ ਕਰਵਾ। ਇਸ ਹਫਤੇ ਉਹੀ ਸੱਜਣ ਪੱਤਰਕਾਰਾਂ ਨੂੰ ਇਹ ਕਹਿੰਦਾ ਸੁਣਿਆ ਗਿਆ ਕਿ ਕੇਜਰੀਵਾਲ ਸਿੱਧਾ ਕੁਝ ਨਹੀਂ ਲੈਂਦਾ, ਪਰ ਦਿੱਲੀ ਵਾਲੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵਰਗੇ ਲੋਕ ਪੰਜਾਬ ਵਿਚ ਪੈਸੇ ਇਕੱਠੇ ਕਰਨ ਵਾਸਤੇ ਖਿਲਾਰੇ ਹੋਏ ਸਨ। ਹੁਣ ਉਹ ਆਪਣੀ ਓਸੇ ਪਾਰਟੀ ਤੇ ਪਾਰਟੀ ਦੀ ਲੀਡਰਸ਼ਿਪ ਬਾਰੇ ਏਨਾ ਕੁਝ ਬੋਲ ਰਿਹਾ ਹੈ ਕਿ ਸੁਣਨ ਵਾਲਿਆਂ ਨੂੰ ਉਹ ਭਾਜਪਾ ਦਾ ਕੋਈ ਬੁਲਾਰਾ ਜਾਪਦਾ ਹੈ। ਸਾਡੀ ਜਾਚੇ ਉਹ ਉਦੋਂ ਵੀ ਗਲਤ ਲੋਕਾਂ ਵਿਚ ਸ਼ਾਮਲ ਸੀ ਤੇ ਹਾਲੇ ਵੀ ਠੀਕ ਨਹੀਂ ਹੋਇਆ।
ਉਹ ਸੱਜਣ ਤੇ ਉਹਦੇ ਵਰਗੇ ਹੋਰ ਕਈ ਸੱਜਣ ਉਸ ਲਿਖਤ ਤੋਂ ਸਿਰਫ ਇੱਕ ਹਫਤਾ ਪਹਿਲਾਂ ਜੁਲਾਈ ਦੇ ਪਹਿਲੇ ਹਫਤੇ ਦੀ ਲਿਖਤ ਦੋਬਾਰਾ ਪੜ੍ਹ ਲੈਂਦੇ ਤਾਂ ਸਾਡੀ ਗੱਲ ਦਾ ਭੇਦ ਸਮਝ ਆ ਜਾਣਾ ਸੀ। ਉਸੇ ਲੇਖ ਵਿਚ ਅਸੀਂ ਲਿਖ ਦਿੱਤਾ ਸੀ ਕਿ “ਹਰ ਡਿਸਿਪਲਿਨ ਤੋਂ ਸੱਖਣੀ ਭਾਜੜ ਜਿਹੀ ਵਿਚ ਦੌੜਦੀ ਭੀੜ ਵਰਗੀ ਇਹ ਪਾਰਟੀ ਇਸ ਵਕਤ ਕਿਸੇ ਦਲ ਤੋਂ ਵੱਧ ‘ਮੁਲਖਈਆ’ ਜਾਪਦੀ ਹੈ। ਪਿਛਲੇ ਸਮਿਆਂ ਵਿਚ ਜਦੋਂ ਕਦੇ ਜੰਗਾਂ ਹੁੰਦੀਆਂ ਸਨ ਤਾਂ ਉਦੋਂ ਕਈ ਵਾਰੀ ਕੁਝ ਲੋਕ ਫੌਜ ਦਾ ਹਿੱਸਾ ਨਾ ਹੁੰਦੇ ਹੋਏ ਵੀ ਆਪਣੇ ਆਪ ਉਨ੍ਹਾਂ ਫੌਜਾਂ ਨਾਲ ਉਠ ਤੁਰਦੇ ਸਨ ਤੇ ਬਾਕਾਇਦਾ ਫੌਜੀਆਂ ਤੋਂ ਵੱਧ ਲਲਕਾਰੇ ਮਾਰਦੇ ਹੁੰਦੇ ਹਨ। ਇਸ ਤਰ੍ਹਾਂ ਤੁਰਦੀ ਭੀੜ ਲਈ ਉਦੋਂ ‘ਮੁਲਖਈਆ’ ਦਾ ਲਫਜ਼ ਵਰਤਿਆ ਜਾਂਦਾ ਸੀ। ਜਿੱਦਾਂ ਦਾ ਦ੍ਰਿਸ਼ ਇਸ ਵਕਤ ਆਮ ਆਦਮੀ ਪਾਰਟੀ ਵਿਚ ਦਿਸਦਾ ਹੈ, ਉਸ ਤੋਂ ਮੁਲਖਈਏ ਦਾ ਝਉਲਾ ਜਿਹਾ ਪੈਂਦਾ ਹੈ।”
ਹੁਣ ਇਹ ਗੱਲ ਸੱਚੀ ਸਾਬਤ ਹੋ ਰਹੀ ਹੈ, ਪਰ ਅਜੇ ਉਹ ਪੜਾਅ ਨਹੀਂ ਆਇਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਕਾਂਗਰਸ ਮੁਕਤ ਭਾਰਤ’ ਵਾਂਗ ਇਹ ਕਿਹਾ ਜਾਵੇ ਕਿ ਆਮ ਆਦਮੀ ਪਾਰਟੀ ਦਾ ‘ਝਾੜੂ’ ਉਸ ਦੇ ਆਪਣੇ ਘਰ ਵਿਚ ਫਿਰ ਗਿਆ ਹੈ। ਇਹ ਗੱਲ ਕਹੀ ਜਾ ਸਕਦੀ ਹੈ ਕਿ ਪੰਜਾਬ ਵਿਚ ਉਸ ਦੇ ਪੈਰ ਉਖੜ ਰਹੇ ਹਨ। ਪੁਰਾਣੇ ਸਮਿਆਂ ਦੇ ਮੁਲਖਈਏ ਵਰਗਾ ਇਕੱਠਾ ਕੀਤਾ ‘ਭਾਨਮਤੀ ਦਾ ਕੁਨਬਾ’ ਹੌਲੀ-ਹੌਲੀ ਖਿੱਲਰਦਾ ਮਹਿਸੂਸ ਹੋਣ ਲੱਗਾ ਹੈ, ਪਰ ਭਾਜਪਾ ਦੇ ਪਿੱਛੇ ਖੜੋਤੇ ਹਿੰਦੂਤੱਵ ਦੇ ਸਿਧਾਂਤਕ ਸਮੱਰਥਕਾਂ ਨੇ ਇਸ ਦਾ ਭੋਗ ਹਾਲੇ ਨਹੀਂ ਪੈਣ ਦੇਣਾ। ਸੁਣਿਆ ਹੈ, ਉਹ ਸਮਝਦੇ ਹਨ ਕਿ ਭਾਰਤ ਨੂੰ ਪੱਕੀ ਤਰ੍ਹਾਂ ‘ਕਾਂਗਰਸ ਮੁਕਤ’ ਕਰਨ ਲਈ ਮੁੱਖ ਧਾਰਾ ਵਿਚ ਦੋ ਵੱਡੀਆਂ ਕੌਮੀ ਪਾਰਟੀਆਂ ਦੀ ਹੋਂਦ ਚਾਹੀਦੀ ਹੈ ਤੇ ਦੂਸਰੀ ਪਾਰਟੀ ਵਜੋਂ ਉਹ ਇਸ ਨਵੀਂ ਪਾਰਟੀ ਵੱਲ ਵੇਖਦੇ ਹਨ। ਆਪਣੀ ਨਿੱਕਰਧਾਰੀ ਪਲਟਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਗੋਆ ਵਿਚ ਖੁਦ ਤੋਰ ਦਿੱਤੀ ਸੀ, ਕਿਉਂਕਿ ਉਥੇ ਕਾਂਗਰਸ ਦਿੱਸਦੀ ਨਹੀਂ ਤੇ ਭਾਜਪਾ ਦੇ ਮੁਕਾਬਲੇ ਦੀ ਦੂਸਰੀ ਧਿਰ ਖੜੀ ਕਰਨ ਲਈ ਉਹ ਆਪਣੇ ਏਜੰਡੇ ਉਤੇ ਚੱਲ ਰਹੇ ਸਨ, ਪਰ ਨਰਿੰਦਰ ਮੋਦੀ ਵੱਲੋਂ ਕੌੜੀ ਅੱਖ ਹੋਈ ਵੇਖ ਕੇ ਉਨ੍ਹਾਂ ਨੇ ਕਾਂਟਾ ਬਦਲਣਾ ਚਾਹਿਆ ਸੀ। ਏਥੇ ਆ ਕੇ ਉਸ ਰਾਜ ਵਿਚ ਆਰ ਐਸ ਐਸ ਦਾ ਮੁਖੀ ਬਗਾਵਤ ਕਰ ਗਿਆ ਤੇ ਭਾਜਪਾ ਦੀ ‘ਸਿਧਾਂਤਕ ਮਾਤਾ ਸ਼੍ਰੀ’ ਮੰਨੇ ਜਾਂਦੇ ਆਰ ਐਸ ਐਸ ਨੂੰ ਗੋਆ ਵਿਚ ਸਥਿਤੀ ਨੂੰ ਕੂਹਣੀ ਮੋੜ ਦੇਣ ਵਿਚ ਹੱਦੋਂ ਬਾਹਰੀ ਔਖ ਹੋ ਰਹੀ ਹੈ। ਪੰਜਾਬ ਵਿਚ ਭਾਜਪਾ ਵਿਚਲੇ ਪੱਕੇ ਸੰਘ-ਭਗਤ ਅਜੇ ਤੱਕ ਉਪਰੋਂ ਪਾਰਟੀ ਨਾਲ ਤੇ ਅੰਦਰੋਂ ਕੇਜਰੀਵਾਲ ਵੱਲ ਹਨ, ਕਿਉਂਕਿ ਅਜੇ ਤੱਕ ਗੋਆ ਵਾਲੀ ਨਵੀਂ ਹਦਾਇਤ ਉਨ੍ਹਾਂ ਨੂੰ ਨਹੀਂ ਪਹੁੰਚੀ, ਪਹੁੰਚ ਗਈ ਤਾਂ ਅਸਰ ਪਤਾ ਲੱਗੇਗਾ।
ਜਿੱਥੋਂ ਤੱਕ ਪੰਜਾਬ ਦੀ ਮੌਜੂਦਾ ਸਥਿਤੀ ਦਾ ਸਬੰਧ ਹੈ, ਹੁਣ ਨਕਸ਼ਾ ਇੱਕ ਦਮ ਉਲਝਣ ਵਾਲਾ ਜਾਪਣ ਲੱਗਾ ਹੈ ਤੇ ਅਗਲੇ ਦਿਨਾਂ ਵਿਚ ਕਈ ਰੰਗ ਪਲਟੇਗਾ। ਅਕਾਲੀ ਦਲ ਇਸ ਨਾਲ ਉਤੋਂ ਖੁਸ਼ ਹੈ ਕਿ ਉਲਝਣ ਵਧ ਜਾਣ ਨਾਲ ਸਾਡਾ ਦਾਅ ਫਿਰ ਲੱਗ ਸਕਦਾ ਹੈ, ਪਰ ਅੰਦਰੋਂ ਇਹ ਕੰਬਣੀ ਛਿੜ ਰਹੀ ਹੈ ਕਿ ਜਿਵੇਂ ਲੋਕਾਂ ਵਿਚ ਤਿੱਖਾ ਵਿਰੋਧ ਹੈ, ਪੁਰਾਣੇ ਟਕਸਾਲੀ ਅਕਾਲੀ ਵਰਕਰ ਵੀ ਪਰਿਵਾਰਾਂ ਸਮੇਤ ਪਾਰਟੀ ਦੇ ਖਿਲਾਫ ਭੁਗਤਣ ਨੂੰ ਤਿਆਰ ਸੁਣੀਂਦੇ ਹਨ, ਉਸ ਨਾਲ ਜਿਹੜੀ ਵੀ ਧਿਰ ਬਦਲ ਪੇਸ਼ ਕਰਦੀ ਦਿਖਾਈ ਦਿੱਤੀ, ਉਧਰ ਨੂੰ ਵਹਿਣ ਵਗ ਸਕਦਾ ਹੈ। ਕਾਂਗਰਸ ਲੀਡਰਸ਼ਿਪ ਵੀ ਇਸ ਤੋਂ ਫਿਕਰ ਵਿਚ ਹੈ। ਉਨ੍ਹਾਂ ਨੂੰ ਨਵਜੋਤ ਸਿੱਧੂ ਦੀ ਉਡੀਕ ਸੀ ਕਿ ਉਹ ਸਾਡੇ ਤਰਲੇ ਮੰਨ ਕੇ ਇਸ ਪਾਸੇ ਆ ਜਾਵੇਗਾ ਤੇ ਉਸ ਨੇ ਕਈ ਦਿਨਾਂ ਤੱਕ ਇਨ੍ਹਾਂ ਨਾਲ ਗੱਲਬਾਤ ਵੀ ਜਾਰੀ ਰੱਖੀ ਸੀ, ਪਰ ਸ਼ੁੱਕਰਵਾਰ ਦੇ ਦਿਨ ਉਹ ਇਸ ਤਰ੍ਹਾਂ ਦੀ ਛੜ ਮਾਰ ਕੇ ਪਰੇ ਹੋ ਗਿਆ ਕਿ ਹੁਣ ਉਸ ਨੂੰ ਪੁਚਕਾਰਨਾ ਵੀ ਸੰਭਵ ਨਹੀਂ। ਪਿਛਲੇ ਦਿਨਾਂ ਵਿਚ ਨਵਜੋਤ ਸਿੰਘ ਸਿੱਧੂ ਕੁਝ ਨਹੀਂ ਸੀ ਬੋਲਦਾ, ਪਰ ਨਵਜੋਤ ਕੌਰ ਜਦੋਂ ਵੀ ਬੋਲਦੀ ਤਾਂ ਲੁਕਵੇਂ ਇਸ਼ਾਰੇ ਛੱਡ ਜਾਂਦੀ ਸੀ। ਪਹਿਲਾਂ ਉਸ ਨੇ ਇਹ ਕਿਹਾ ਕਿ ਭਾਜਪਾ ਨੇ ਅਕਾਲੀਆਂ ਦੀ ਸਾਂਝ ਨਹੀਂ ਤੋੜਨੀ ਤਾਂ ਸਾਨੂੰ ਉਧਰ ਝਾਕਣ ਦੀ ਲੋੜ ਨਹੀਂ। ਇਸ ਨਾਲ ਭਾਜਪਾ ਉਤੇ ਕਾਟਾ ਵੱਜ ਗਿਆ। ਫਿਰ ਉਸ ਨੇ ਬੁੱਧਵਾਰ ਨੂੰ ਬਿਆਨ ਦਿੱਤਾ ਕਿ ਅਮਰਿੰਦਰ ਸਿੰਘ ਦਾ ਪਿਛਲਾ ਰਾਜ ਵੀ ਬਹੁਤ ਮਾੜਾ ਸੀ ਤੇ ਹੁਣ ਵੀ ਆਸ ਨਹੀਂ ਕਰਨੀ ਚਾਹੀਦੀ। ਇਸ ਨਾਲ ਕਾਂਗਰਸ ਉਤੇ ਕਾਟਾ ਮਾਰ ਗਈ। ਵੀਰਵਾਰ ਜਦੋਂ ਉਸ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਇਸ ਰਾਜ ਦੇ ਲੋਕਾਂ ਦਾ ਭਲਾ ਇਸ ਲਈ ਨਹੀਂ ਕਰ ਸਕਦੀ ਕਿ ਉਸ ਨੇ ਪੰਜਾਬ ਦੀ ਅਗਵਾਈ ਲਈ ਗੈਰ ਪੰਜਾਬੀ ਧਾੜ ਏਥੇ ਭੇਜ ਦਿੱਤੀ ਹੈ, ਤਾਂ ਅਗਲੀ ਗੱਲ ਸਾਫ ਹੋ ਗਈ ਕਿ ਸਿੱਧੂ ਜੋੜੀ ਨੇ ਹੁਣ ਇਸ ਪਾਰਟੀ ਵੱਲ ਵੀ ਨਹੀਂ ਜਾਣਾ, ਫਿਰਨੀ ਉਤੇ ਨਵੀਂ ਟੱਪਰੀ ਖੜੀ ਕਰਨ ਵਾਲੇ ਹਨ।
ਹੁਣ ਇਹ ਸਾਰਾ ਕੁਝ ਸਾਫ ਹੋ ਗਿਆ ਹੈ। ਲੁਧਿਆਣੇ ਦੇ ਬੈਂਸ ਭਰਾਵਾਂ ਨੂੰ ਉਨ੍ਹਾਂ ਦੇ ਅੱਖੜ ਸੁਭਾਅ ਕਾਰਨ ਆਪਣੇ ਨਾਲ ਲੈਣ ਤੋਂ ਹਰ ਕੋਈ ਝਿਜਕਦਾ ਸੀ, ਪਰ ਉਸ ਸ਼ਹਿਰ ਵਿਚ ਉਨ੍ਹਾਂ ਦਾ ਅਕਸ ਔਕੜ ਦੀ ਘੜੀ ਲੋਕਾਂ ਦੀ ਮਦਦ ਕਰਨ ਦਾ ਵੀ ਸੁਣੀਂਦਾ ਹੈ। ਇੱਕ ਵੱਡੇ ਬੁੱਧੀਜੀਵੀ ਨੇ ਤਾਂ ਉਨ੍ਹਾਂ ਨੂੰ ‘ਲੁਧਿਆਣੇ ਦੇ ਰਾਬਿਨਹੁੱਡ’ ਕਹਿ ਦਿੱਤਾ ਸੀ। ਨਿਬੇੜੇ ਦੀ ਘੜੀ ਲੋਕ ਕੀ ਫੈਸਲਾ ਕਰਨਗੇ, ਇਸ ਵੇਲੇ ਕਹਿਣਾ ਔਖਾ ਹੈ। ਅਕਾਲੀ ਦਲ, ਭਾਜਪਾ ਤੇ ਕਾਂਗਰਸ ਤਿੰਨੇ ਧਿਰਾਂ ਨਵਜੋਤ ਸਿੱਧੂ ਬਾਰੇ ਕਹਿੰਦੀਆਂ ਹਨ ਕਿ ਉਸ ਨੂੰ ਜਿਸ ਕਤਲ ਕੇਸ ਦੀ ਸਜ਼ਾ ਹੋਈ ਹੈ, ਉਹ ਤੁਰਤ ਸੁਣਵਾਈ ਲਈ ਪੇਸ਼ ਹੋ ਸਕਦਾ ਹੈ। ਇਸ ਦਾ ਅਸਲੀ ਅਰਥ ਇਹ ਹੈ ਕਿ ਉਨ੍ਹਾ ਵਿਚੋਂ ਕੋਈ ਇੱਕ ਧਿਰ ਏਦਾਂ ਦੀ ਅਰਜ਼ੀ ਦੇਣ ਵਾਲੀ ਹੈ। ਉਹੋ ਸਿੱਧੂ ਉਨ੍ਹਾਂ ਨਾਲ ਚਲਾ ਜਾਂਦਾ ਤਾਂ ਜਿਵੇਂ ਪਿਛਲੇ ਸਾਲਾਂ ਵਿਚ ਬਾਦਲ ਪਿਤਾ-ਪੁੱਤਰ ਉਸ ਦੀ ਢਾਲ ਬਣਦੇ ਰਹੇ ਸਨ, ਇਸ ਵਾਰੀ ਕਾਂਗਰਸ ਨੇ ਬਣਨਾ ਸੀ, ਪਰ ਉਸ ਦੇ ਵੱਖਰਾ ਮੋਰਚਾ ਬਣਾਉਣ ਮਗਰੋਂ ਸਾਰੇ ਜਣੇ ਕਤਲ ਕੇਸ ਦੀ ਕਾਂਵਾਂ ਰੌਲੀ ਪਾਉਣਗੇ। ਤੀਸਰਾ ਇੱਕੋ ਜਣਾ ਪਰਗਟ ਸਿੰਘ ਇਹੋ ਜਿਹਾ ਰਹਿ ਜਾਂਦਾ ਹੈ, ਜਿਸ ਦੇ ਖਿਲਾਫ ਕੁਝ ਕਹਿਣਾ ਇਨ੍ਹਾਂ ਲੋਕਾਂ ਲਈ ਔਖਾ ਹੈ।
ਦੋ ਸਤੰਬਰ ਨੂੰ ਚੌਥੇ ਮੰਚ ਦਾ ਐਲਾਨ ਹੁੰਦੇ ਸਾਰ ਜਿਵੇਂ ਮੁੱਖ ਮੰਤਰੀ ਬਾਦਲ ਨੇ ਸੰਭਲ ਕੇ ਪ੍ਰਤੀਕਰਮ ਦੇਣ ਦੀ ਆਪਣੀ ਆਦਤ ਦੀ ਥਾਂ ਕਾਹਲੀ ਵਿਚ ਇਨ੍ਹਾਂ ਨੂੰ ‘ਭਗੌੜਿਆਂ ਦਾ ਟੋਲਾ’ ਕਿਹਾ ਹੈ, ਉਸ ਤੋਂ ਲੱਗਦਾ ਹੈ ਕਿ ਜਿੱਦਾਂ ਦੀ ਹਲਚਲ ਇਹ ਮੋਰਚਾ ਮਚਾਉਣੀ ਚਾਹੁੰਦਾ ਸੀ, ਸ਼ੁਰੂ ਹੋ ਗਈ ਹੈ। ਇਹ ਕਹਾਵਤ ਭੁੱਲ ਜਾਣੀ ਚਾਹੀਦੀ ਹੈ ਕਿ ‘ਲਾਲ ਭੰਗੂੜੇ ਵਿਚ ਵੀ ਪਛਾਣੇ ਜਾਂਦੇ ਹਨ’, ਸਗੋਂ ਇਹ ਉਡੀਕਣਾ ਚਾਹੀਦਾ ਹੈ ਕਿ ਲੋਕ ਇਸ ਨਵੇਂ ਮੰਚ ਦੀ ਉਠਾਣ ਲਈ ਕੀ ਹੁੰਗਾਰਾ ਭਰਦੇ ਹਨ। ਸਿਆਸਤ ਦੀ ਇਸ ਭੰਨ-ਤੋੜ ਦੌਰਾਨ ਕਾਹਲੇ ਸਿੱਟੇ ਕੱਢਣ ਦੀ ਥਾਂ ਅਗਲੇ ਹਫਤਿਆਂ ਉਤੇ ਅੱਖ ਰੱਖਣੀ ਪਵੇਗੀ, ਜਦੋਂ ਜਨਤਕ ਮਾਨਸਿਕਤਾ ਦੇ ਵਹਿਣ ਦੀ ਦਸ਼ਾ ਤੇ ਦਿਸ਼ਾ ਦੋਵੇਂ ਸਾਹਮਣੇ ਆਉਣਗੀਆਂ।