ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਸੋਚ ਦੇ ਮਾਲਕ ਜਾਵੇਦ ਬੂਟਾ ਦਾ ਜਨਮ ਲਾਹੌਰ (ਪਾਕਿਸਤਾਨ) ਦਾ ਹੈ। ਲੰਮੇ ਅਰਸੇ ਤੋਂ ਉਹ ਵਾਸ਼ਿੰਗਟਨ ਡੀæਸੀæ (ਅਮਰੀਕਾ) ਰਹਿ ਰਿਹਾ ਹੈ। ਉਸ ਨੇ ਪੰਜਾਬੀ ਕਹਾਣੀਆਂ ਅਤੇ ਨਿਬੰਧ ਲਿਖੇ ਹਨ। ਲਿਪੀਅੰਤਰ ਦੇ ਖੇਤਰ ਵਿਚ ਜਾਵੇਦ ਬੂਟਾ ਦਾ ਯੋਗਦਾਨ ਜ਼ਿਕਰਯੋਗ ਹੈ। ਪਾਸ਼ ਦੀ ਚੋਣਵੀਂ ਕਵਿਤਾ ਦੀ ਪੁਸਤਕ ‘ਇਨਕਾਰ’, ਵੀਨਾ ਵਰਮਾ ਦਾ ਕਹਾਣੀ-ਸੰਗ੍ਰਿਹ ‘ਮੁੱਲ ਦੀ ਤੀਵੀਂ’, ਡਾæ ਰਛਪਾਲ ਦੀ ਪੁਸਤਕ ‘ਸ਼ਿਕਰਾ’ (ਕਵਿਤਾ) ਸ਼ਾਹਮੁਖੀ ਵਿਚ ਛਪ ਚੁਕੇ ਹਨ।
ਇਨ੍ਹਾਂ ਤੋਂ ਇਲਾਵਾ ਚੋਣਵੀਆਂ ਹਿੰਦੀ ਕਹਾਣੀਆਂ ਦਾ ਪੰਜਾਬੀ ਅਨੁਵਾਦ (ਸ਼ਾਹਮੁਖੀ ਵਿਚ) ਪ੍ਰਕਾਸ਼ਿਤ ਹੋਇਆ। ਉਸ ਦੀ ਵੱਡੀ ਦੇਣ ਯਸ਼ਪਾਲ ਦੇ ਪ੍ਰਸਿੱਧ ਨਾਵਲ ‘ਝੂਠਾ ਸੱਚ’ (ਦੋਵੇਂ ਭਾਗ) ਦਾ ਪੰਜਾਬੀ ਅਨੁਵਾਦ ਸ਼ਾਹਮੁਖੀ ਵਿਚ ਛਪਣਾ ਹੈ। ਹਥਲੇ ਲੇਖ ਵਿਚ ਉਨ੍ਹਾਂ ਦੋਹਾਂ ਪੰਜਾਬਾਂ ਦੀ ਪੰਜਾਬੀ ਵਿਚ ਲਗਾਤਾਰ ਵਧ ਰਹੇ ਪਾੜੇ ਬਾਰੇ ਸਰੋਕਾਰ ਜ਼ਾਹਰ ਕੀਤਾ ਹੈ ਕਿ ਇਕ ਪਾਸੇ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਉਪਰ ਉਰਦੂ-ਫਾਰਸੀ ਦਾ ਗਲਬਾ ਵਧ ਰਿਹਾ ਹੈ ਤਾਂ ਦੂਜੇ ਪਾਸੇ ਭਾਰਤੀ ਪੰਜਾਬ ਵਿਚ ਹਿੰਦੀ ਦਾ। -ਸੰਪਾਦਕ
ਜਾਵੇਦ ਬੂਟਾ
ਸ਼ਾਹਮੁਖੀ ਤੋਂ ਲਿਪੀਅੰਤਰ: ਸੁਰਿੰਦਰ ਸੋਹਲ
ਮਾਂ-ਬੋਲੀ ਪੰਜਾਬੀ ਦੇ ਪਾੜ ਵਾਲੀ ਗੱਲ ਮੈਨੂੰ ਵਾਰ ਵਾਰ ਹੁੱਝਾਂ ਮਾਰਦੀ ਐ। ਅਕੈਡਮੀ ਆਫ ਦੀ ਪੰਜਾਬ ਇਨ ਨਾਰਥ ਅਮੈਰਿਕਾ (ਅਪਨਾ) ਦੀ ਉਸਾਰੀ ਦਾ ਮੁੱਢਲਾ ਟੀਚਾ ਈ ਪੰਜਾਬੀ ਪਿਛੋਕੜ ਦੀ ਸਾਂਭ-ਸੰਭਾਲ, ਇਹਦਾ ਵਿਕਾਸ, ਸਾਂਝ, ਮਤਲਬ ਹਰ ਪੱਖ ਤੋਂ ਇਹਦੀ ਸੇਵਾ ਕਰਨਾ ਸੀ। ‘ਅਪਨਾ’ ਦੀ ਛੱਤਰ ਛਾਂਵੇਂ ਕਾਨਫਰੰਸਾਂ, ਸੈਮੀਨਾਰ, ਨਿੱਕੀਆਂ-ਵੱਡੀਆਂ ਬੈਠਕਾਂ ਤੇ ਕਵੀ-ਦਰਬਾਰ ਸਜੇ। ਸੰਗੀਤ ਇਕੱਠ ਵਿਚ ਸੁਰਾਂ ਗੂੰਜੀਆਂ ਅਤੇ ਨਾਟਕ ਵੀ ਖੇਡੇ ਗਏ। ਪੰਜਾਬੀ ਦੀਆਂ ਦੋਹਾਂ ਲਿਪੀਆਂ, ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਕਿਤਾਬਾਂ ਦੇ ਉਲੱਥੇ ਛਪੇ। ਇਨ੍ਹਾਂ ਬੈਠਕਾਂ ਵਿਚ ਸਾਰੇ ਪੰਜਾਬ ਤੋਂ ਅੱਡ ਜੱਗ ਦੇ ਹੋਰਾਂ ਦੇਸਾਂ ਜਿਵੇਂ ਸਵੀਡਨ, ਇੰਗਲੈਂਡ ਅਤੇ ਕੈਨੇਡਾ ਵਗੈਰਾ ਤੋਂ ਵੀ ਪੰਜਾਬੀ ਸੂਝਵਾਨ ਅਤੇ ਪੰਜਾਬੀ ਪਿਆਰੇ ਬੜੇ ਚਾਅ ਨਾਲ ਹੁੰਮ-ਹੁੰਮਾ ਕੇ ਰਲਤ ਕਰਦੇ।
1997 ਵਿਚ ‘ਅਪਨਾ’ ਨੇ ਅਮਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਡੀæਸੀæ ਵਿਚ ਇਕ ਪੰਜਾਬੀ ਕਾਨਫਰੰਸ ਦਾ ਪ੍ਰਬੰਧ ਕੀਤਾ। ਸੂਝਵਾਨਾਂ ਨੇ ਪ੍ਰਾਹੁਣਿਆਂ ਨਾਲ ਪੰਜਾਬੀ ਦੇ ਵੱਖ ਵੱਖ ਮੁੱਦਿਆਂ ਉਤੇ ਆਪਣੇ ਵਿਚਾਰ ਸਾਂਝੇ ਕੀਤੇ। ਚੰਡੀਗੜ੍ਹ ਤੋਂ ਆਏ ਇਕ ਸੂਝਵਾਨ ਨੇ ਪੰਜਾਬੀਅਤ ਬਾਰੇ ਇਕ ਲੇਖ ਪੜ੍ਹਿਆ। ਲੇਖ ਅਜੇ ਮੁਕਿਆ ਈ ਸੀ ਕਿ ਹਾਲ ਵਿਚ ਮੱਠਾ ਮੱਠਾ ਜਿਹਾ ਰੌਲਾ ਖਿੰਡ ਗਿਆ। ਤੇ ਕੁਝ ਸੱਜਣਾਂ ਨੇ ਸਵਾਲ ਵੀ ਪਾ ਦਿੱਤਾ-ਪ੍ਰੋæ ਸਾਹਿਬ ਇਹਦਾ ਹੁਣ ਪੰਜਾਬੀ ਵਿਚ ਤਰਜਮਾ ਕਰਕੇ ਵੀ ਸੁਣਾ ਦਿਉ। ਇਹਦੇ ਬਾਅਦ ਇਸ ਮੁੱਦੇ ਉਤੇ ਵਿਚਾਰ-ਵਟਾਂਦਰਾ ਵਾਹਵਾ ਭਖਿਆ। ਭਾਵੇਂ ਮੈਂ ਇਹ ਵਿਚਾਰ-ਵਟਾਂਦਰਾ ਧਿਆਨ ਨਾਲ ਏਸ ਪਾਰੋਂ ਨਹੀਂ ਸੁਣ ਸਕਿਆ ਕਿਉਂ ਜੋ ਪ੍ਰਾਹੁਣਿਆਂ ਲਈ ਦੁਪਹਿਰ ਦੇ ਰੋਟੀ-ਟੁੱਕ ਦਾ ਪ੍ਰਬੰਧ ਮੇਰੇ ਜ਼ਿੰਮੇ ਵੀ ਸੀ, ਪਰ ਪਹਿਲੀ ਹੁੱਝ ਮੈਨੂੰ ਏਸ ਵਿਚਾਰ-ਵਟਾਂਦਰੇ ਦੇ ਸੇਕ ਨੇ ਈ ਮਾਰੀ।
ਯੂ ਐਸ ਏ ਵਿਚ ਵਾਸ਼ਿੰਗਟਨ ਡੀæਸੀæ ਜੱਗ ਦੇ ਵੱਖੋ-ਵੱਖ ਸਭਿਆਚਾਰਾਂ ਦਾ ਬੜਾ ਵੱਡਾ ਗੜ੍ਹ ਐ। ਮੇਰੀ ਜਾਣਕਾਰੀ ਮੂਜਬ ਪੂਰੇ ਨਾਰਥ ਅਮਰੀਕਾ ਵਿਚ ਕੈਨੇਡਾ ਤੋਂ ਬਾਅਦ ਵਾਸ਼ਿੰਗਟਨ ਡੀæਸੀæ ਈ ਪੰਜਾਬੀ ਰਹਿਤਲ ਦੀ ਹਿਲ-ਜੁਲ ਦਾ ਵੱਡਾ ਖੇਤਰ ਐ, ਜਿੱਥੇ ਪੰਜਾਬੀ ਦੀਆਂ ਕਿੰਨੀਆਂ ਈ ਸੰਸਥਾਵਾਂ ਆਪੋ ਆਪਣੇ ਢੰਗ ਨਾਲ ਵੱਖ-ਵੱਖ ਪੱਖਾਂ ਤੋਂ ਪੰਜਾਬੀ ਦੀ ਸੇਵਾ ਕਰ ਰਹੀਆਂ ਨੇ। ਵਾਸ਼ਿੰਗਟਨ ਡੀæਸੀæ ਮੈਟਰੋਪਾਲਿਟਨ (ਵਾਸ਼ਿੰਗਟਨ ਡੀæਸੀæ ਦੇ ਨਾਲ ਲਗਦੀਆਂ ਸਟੇਟਾਂ-ਮੈਰੀਲੈਂਡ ਅਤੇ ਵਰਜੀਨੀਆ ਦਾ ਕੁਝ ਇਲਾਕਾ ‘ਵਾਸ਼ਿੰਗਟਨ ਮੈਟਰੋਪਾਲਿਟਨ’ ਅਖਵਾਉਂਦਾ ਐ) ਦੇ ਇਲਾਕੇ ਵਿਚ ਪੂਰੇ ਪੰਜਾਬ ਦੇ ਵੱਖੋ-ਵੱਖ ਥਾਓਂ ਆਏ ਪੰਜਾਬੀਆਂ ਦੀ ਢੇਰ ਵਸੋਂ ਐ। ਲੂਣ, ਮਿਰਚ, ਆਟੇ-ਦਾਲ ਵਾਲੀਆਂ ਦੇਸੀ ਹੱਟੀਆਂ ‘ਤੇ ਭਾਅ-ਤਾਅ ਪੁਛਦਿਆਂ ਸ਼ਾਦੀ-ਵਿਆਹ ਵਿਚ ਨੱਚਣ-ਗਾਉਣ ਤੇ ਮਰਨ-ਜੰਮਣ ਵੇਲੇ ਇਕ ਦੂਜੇ ਨਾਲ ਦੁੱਖ-ਸੁੱਖ ਸਾਂਝਾ ਕਰਦਿਆਂ ਜਾਂ ਕਿਸੇ ਮੇਲ-ਮੁਲਾਕਾਤ ਵੇਲੇ ਪੰਜਾਬੀ ਦੇ ਵੰਨ-ਸੁਵੰਨੇ ਰੰਗ-ਢੰਗ ਵੇਖਣ ਅਤੇ ਉਚਾਰਣ ਸੁਣਨ ਲਈ ਤਾਂ ਮਿਲਦੇ ਨੇ ਪਰ ਕਦੇ ਵੀ ਕਿਸੇ ‘ਪੰਜਾਬੀ ਵਿਚ ਤਰਜਮੇ’ ਵਾਲੀ ਗੱਲ ਇਕ ਦੂਜੇ ਨੂੰ ਨਹੀਂ ਆਖੀ। ਭਾਵੇਂ ਉਹ ਚੜ੍ਹਦੇ ਪੰਜਾਬ ਦੇ ਕਿਸੇ ਵੀ ਪਿੰਡ-ਸ਼ਹਿਰ ਤੋਂ ਆਈ ‘ਅਮਰ ਕੌਰ’ ਹੋਵੇ ਜਾਂ ਲਹਿੰਦੇ ਪੰਜਾਬ ਦੇ ਕਿਸੇ ਵੀ ਇਲਾਕੇ ਤੋਂ ਆਈ ਹੋਈ ‘ਸ਼ਹਿਨਾਜ਼ ਬੀਬੀ’ ਹੋਵੇ। ਹਾਂ, ਇਕ ਪੱਖੋਂ ਦੋਵੇਂ ਈ ਅੜ ਖਲੋਂਦੇ ਨੇ, ਉਹ ਐ ਪੰਜਾਬੀ ਲਿਪੀ ਦਾ ਭੰਬਲਭੂਸਾ, ਭੁਲੇਖਾ ਜਾਂ ਜਾਣਕਾਰੀ ਦੀ ਥੋੜ। ਮੇਰੀ ਜਾਚੇ ਜਾਣਕਾਰੀ ਦਾ ਘਾਟਾ ਈ ਆਖਣਾ ਜਚਦਾ ਐ। ਜਾਣਕਾਰੀ ਦੀ ਏਸ ਥੋੜ ਬਾਰੇ ਇਕ ਉਚੇਚੀ ਹੱਡਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾਂ। ਉਂਜ ਤਾਂ ਇਹੋ ਜਿਹੀਆਂ ਬਥੇਰੀਆਂ ਹੱਡਬੀਤੀਆਂ ਨੇ।
ਕੁਝ ਵਰ੍ਹੇ ਪਹਿਲਾਂ ਵਰਜੀਨੀਆ ਵਿਚ ‘ਇਕ ਪੰਜਾਬੀ’ (ਸੰਸਥਾ ਦਾ ਨਾਂ) ਵਾਲਿਆਂ ਨੇ ਪੰਜਾਬੀ ਮੇਲੇ ਦਾ ਪ੍ਰਬੰਧ ਕੀਤਾ। ਹਜ਼ਾਰਾਂ ਦੇ ਲੇਖੇ ਨਾਲ ਜ਼ਨਾਨੀਆਂ, ਮਰਦਾਂ ਅਤੇ ਨਿਆਣਿਆਂ ਨੇ ਏਸ ਮੇਲੇ ਵਿਚ ਆ ਕੇ ਮੌਜਾਂ ਲੁੱਟੀਆਂ। ਅਸਾਂ ਅਕੈਡਮੀ ਆਫ ਦੀ ਪੰਜਾਬ ਇਨ ਨਾਰਥ ਅਮੈਰਿਕਾ (ਅਪਨਾ) ਵਲੋਂ ਮੇਲੇ ਦੇ ਪ੍ਰਬੰਧਕਾਂ ਅੱਗੇ ਬੇਨਤੀ ਕੀਤੀ ਤਾਂ ਇਕ ਫੱਟੇ ਦੀ ਥਾਂ ਸਣੇ ਛਤਰੀ ਮੁਫਤੋ-ਮੁਫਤ ਮਿਲ ਗਈ। ਅਸਾਂ ਪੰਜਾਬੀ ਦੀਆਂ ਦੋਹਾਂ ਲਿਪੀਆਂ ਵਿਚ ਛਪੀਆਂ ਕਿਤਾਬਾਂ ਅਤੇ ਪੰਜਾਬੀ ਸੰਗੀਤ ਦੀਆਂ ਸੀਡੀਆਂ ਨਾਲ ਫੱਟਾ ਸਜਾ ਦਿੱਤਾ। ਇੱਕਾ-ਦੁੱਕਾ ਲੋਕ ਸੀਡੀਆਂ ਮੁੱਲ ਲੈਂਦੇ ਰਹੇ ਅਤੇ ਪੰਜਾਬੀ ਦੀਆਂ ਦੋਹਾਂ ਲਿਪੀਆਂ ਵਿਚ ਛਪੀਆਂ ਕਿਤਾਬਾਂ ਉਤੇ ਓਪਰੀ ਜਿਹੀ ਝਾਤ ਮਾਰ ਕੇ ਮਾੜਾ-ਮੋਟਾ ਸਵਾਲ ਵੀ ਪਾਉਂਦੇ ਤੇ ਫਿਰ ਮੇਲੇ ਦੀ ਰੌਣਕ ਵਿਚ ਰੁੱਝ ਜਾਂਦੇ। ਇਕ ਸੱਜਣ ਨੇ ਬੜੀ ਅਪਣੱਤ ਨਾਲ ‘ਅਪਨਾ’ ਬਾਰੇ ਪੁੱਛ-ਪ੍ਰਤੀਤ ਕੀਤੀ ਅਤੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ, “ਮੇਰੀਆਂ ਪੰਜਾਬੀ ਕਵਿਤਾ ਦੀਆਂ ਦੋ ਕਿਤਾਬਾਂ ਵੀ ਜਲੰਧਰੋਂ ਛਪੀਆਂ ਨੇ।” ਓਸ ਸੱਜਣ ਨੇ ਸ਼ਾਹਮੁਖੀ ਲਿਪੀ ਵਿਚ ਛਪੀਆਂ ਪੰਜਾਬੀ ਦੀਆਂ ਕਿਤਾਬਾਂ ਵੱਲ ਸੈਨਤ ਕਰਦਿਆਂ ਪੁੱਛਿਆ, “ਤੁਸੀਂ ਉਰਦੂ ਦੀਆਂ ਕਿਤਾਬਾਂ ਵੀ ਵੇਚ ਰਏ ਓ?” ਉਨ੍ਹਾਂ ਨੂੰ ਦੱਸਿਆ, “ਇਹ ਉਰਦੂ ਦੀਆਂ ਨਹੀਂ, ਪੰਜਾਬੀ ਦੀਆਂ ਕਿਤਾਬਾਂ ਨੇ, ਸ਼ਾਹਮੁਖੀ ਲਿਪੀ ਵਿਚ।” ਅਤੇ ਉਸ ਸੱਜਣ ਨੂੰ ਕਿਤਾਬ ਪੜ੍ਹ ਕੇ ਵੀ ਸੁਣਾਈ। ਭੋਰਾ ਵਿਚਾਰ-ਵਟਾਂਦਰਾ ਵੀ ਹੋਇਆ। ਪਰ ਉਹ ਸੱਜਣ ਗੁਰਮੁਖੀ ਲਿਪੀ ਨੂੰ ਈ ਪੰਜਾਬੀ ਮੰਨਣ ਉਤੇ ਅੜੇ ਰਹੇ। ਸ਼ਾਹਮੁਖੀ ਲਿਪੀ ਵਿਚ ਲਿਖੀ ਪੰਜਾਬੀ ਨੂੰ ਉਰਦੂ ਈ ਆਖਦੇ ਰਹੇ। ਪੰਜਾਬੀ ਮੰਨਣ ਲਈ ਰਾਜ਼ੀ ਨਾ ਹੋਏ। ਪੰਜਾਬੀ ਦੀਆਂ ਦੋ ਲਿਪੀਆਂ ਵਾਲੀ ਗੱਲ ਉਨ੍ਹਾਂ ਦੇ ਪੱਲੇ ਈ ਨਾ ਪਈ। ਇਹ ਮਸਲਾ ਸ਼ਾਹਮੁਖੀ ਅਤੇ ਗੁਰਮੁਖੀ ਲਿਪੀ ਵਿਚ ਮਾਂ ਬੋਲੀ ਪੜ੍ਹਨ-ਲਿਖਣ ਵਾਲੀਆਂ ਦੋਹਾਂ ਧਿਰਾਂ ਦਾ ਏ। ਸ਼ਾਹਮੁਖੀ ਲਿਪੀ ਵਿਚ ਪੰਜਾਬੀ ਪੜ੍ਹਨ-ਲਿਖਣ ਵਾਲੇ ਵੀ ਪੰਜਾਬੀ ਦੀ ਗੁਰਮੁਖੀ ਲਿਪੀ ਨੂੰ ਪੰਜਾਬੀ ਨਹੀਂ, ਗੁਰਮੁਖੀ ਆਖਦੇ ਨੇ, ਜਿਵੇਂ ਪੰਜਾਬੀ ਦੀ ਗੁਰਮੁਖੀ ਲਿਪੀ ਪੜ੍ਹਨ ਵਾਲੇ ਸ਼ਾਹਮੁਖੀ ਲਿਪੀ ਨੂੰ ਪੰਜਾਬੀ ਨਹੀਂ, ਉਰਦੂ ਆਖਦੇ ਹਨ।
ਦੋਹਾਂ ਲਿਪੀਆਂ ਦਾ ਰੌਲਾ ਕੋਈ ਐਡਾ ਰੌਲਾ ਨਹੀਂ। ਦੋਹਾਂ ਪਾਸਿਆਂ ਦੇ ਸੁਰਤੇ ਸੂਝਵਾਨਾਂ ਨੂੰ ਦੋਹਾਂ ਲਿਪੀਆਂ ਬਾਰੇ ਪੂਰੀ ਪੂਰੀ ਜਾਣਕਾਰੀ ਏ ਪਰ ਦੋਹਾਂ ਮੁਲਕਾਂ ਦੇ ਸਿਆਸੀ ਆਢ੍ਹਿਆਂ ਪਾਰੋਂ ਵੱਡੀ ਗਿਣਤੀ ਜਾਂ ਬਿਨਾ ਰੋਕ-ਟੋਕ ਪੰਜਾਬੀ ਦੀਆਂ ਦੋਹਾਂ ਲਿਪੀਆਂ ਵਿਚ ਛਪੀਆਂ ਕਿਤਾਬਾਂ, ਰਸਾਲਿਆਂ ਦਾ ਅਦਲ-ਬਦਲ ਨਾ ਹੋਣ ਪਾਰੋਂ ਪੰਜਾਬੀ ਦੀਆਂ ਦੋ ਲਿਪੀਆਂ, ਸੋਚ-ਵਿਚਾਰ ਅਤੇ ਲਫਜ਼ਾਲੀ (ਸ਼ਬਦਾਵਲੀ) ਦਾ ਵਖਰੇਵਾਂ ਖਤਰੇ ਦੀ ਟੱਲੀ ਵਜਾਉਂਦਾ ਏ। ਏਸ ਟੱਲੀ ਦੀ ਗੂੰਜ ਪਾਰੋਂ ‘ਅਪਨਾ’ ਦੀ ਛੱਤਰ ਛਾਂਵੇਂ ਲਾਹੌਰੋਂ ਪੰਜਾਬੀ ਦੀ ਸ਼ਾਹਮੁਖੀ ਲਿਪੀ ਅਤੇ ਲੁਧਿਆਣਿਓਂ ਪੰਜਾਬੀ ਦੀ ਗੁਰਮੁਖੀ ਲਿਪੀ, ਮਤਲਬ ਪੰਜਾਬੀ ਦੀਆਂ ਦੋਹਾਂ ਲਿਪੀਆਂ ਵਿਚ ਤਿਮਾਹੀ ਰਸਾਲੇ ‘ਸਾਂਝ’ ਦੇ ਛਪਣ ਦਾ ਮੁੱਢ ਬੰਨ੍ਹਿਆਂ, ਤਾਂ ਜੋ ਦੋਹਾਂ ਪਾਸੇ ਦੇ ਵਿਚਾਰਾਂ ਅਤੇ ਬੋਲੀ ਦੀ ਸਾਂਝ ਪਵੇ ਅਤੇ ਪਾੜ ਦੀ ਵਿੱਥ ਨੂੰ ਮੋਕਲਾ ਹੋਣੋ ਡੱਕਣ ਦਾ ਜਤਨ ਕੀਤਾ ਜਾਏ।
ਲਿਖਤਾਂ ਦੀ ਜਾਂਚ-ਪੜਤਾਲ ਦਾ ਕੰਮ ਮੇਰੇ ਜ਼ਿੰਮੇ ਸੀ। ਲੇਖ ਪੜ੍ਹ ਪੜ੍ਹ ਮੇਰਾ ਸਿਰ ਭੌਂ ਜਾਂਦਾ। ਚੜ੍ਹਦੇ ਪੰਜਾਬ ਤੋਂ ਆਈਆਂ ਲਿਖਤਾਂ ਵਿਚੋਂ ਆਰਟੀਕਲਾਂ ਦੀ ਗੱਲ ਤਾਂ ਇਕ ਪਾਸੇ ਰੱਖੋ, ਪਿੰਡ ਦੀ ਕਹਾਣੀ ਜਾਂ ਆਮ ਬੰਦੇ ਦੀ ਗੱਲਬਾਤ ਵਿਚ ਠੁਕਵੀਂ ਹਿੰਦੀ ਤੇ ਸੰਸਕ੍ਰਿਤ ਦੀ ਰੱਜਵੀਂ ਵਰਤੋਂ। ਉਵੇਂ ਈ ਲਹਿੰਦੇ ਪੰਜਾਬ ਤੋਂ ਆਈਆਂ ਲਿਖਤਾਂ ਵਿਚ ਵੀ ਉਰਦੂ-ਫਾਰਸੀ ਦੀ ਬੇਲੋੜੀ ਵਰਤੋਂ।
ਸਾਨੂੰ ਲਿਖਤਾਂ ਮੋੜਨੀਆਂ ਵੀ ਪੈਂਦੀਆਂ ਸਨ ਅਤੇ ਲਿਖਾਰੀਆਂ ਦੇ ਰੋਸ ਨੂੰ ਵੀ ਜਰਨਾ ਪੈਂਦਾ ਸੀ। ਮੈਂ ਏਸ ਗੱਲ ਨਾਲ ਪੂਰਾ ਪੂਰਾ ਸਹਿਮਤ ਆਂ ਜੋ ਬੋਲੀਆਂ ਵਿਚ ਨਵੀਂ ਸ਼ਬਦਾਵਲੀ ਦੀ ਲੋੜ ਹੁੰਦੀ ਐ, ਜਿਹਦੇ ਪਾਰੋਂ ਬੋਲੀਆਂ ਨਿਸਰਦੀਆਂ ਨੇ। ਨਹੀਂ ਤਾਂ ਛੱਪੜ ਦੇ ਪਾਣੀ ਵਾਂਗ ਬੋਅ ਮਾਰਨ ਲੱਗ ਪੈਂਦੀਆਂ ਨੇ, ਪਰ ਆਪਣੇ ਭੰਡਾਰ ਵਿਚ ਰੱਖੇ ਲਫਜ਼ਾਂ ਨੂੰ ਅੱਖੋਂ ਓਹਲੇ ਕਰਕੇ ਦੂਸਰੀਆਂ ਬੋਲੀਆਂ ਦੇ ਭਾਰੇ ਭਾਰੇ ਲਫਜ਼ਾਂ ਨੂੰ ਬੰਦਾ ਏਸ ਪਾਰੋਂ ਵਰਤਣ ਲੱਗ ਪਵੇ ਕਿ ਮੈਂ ਬਹੁਤ ਵੱਡਾ ਜਾਣਕਾਰੂ ਆਂ, ਕੁਝ ਫੱਬਦਾ ਨਹੀਂ। ਅੰਗਰੇਜ਼ੀ ਬੋਲੀ ਨੂੰ ਈ ਦੇਖ ਲਉ। ਹਰ ਵਰ੍ਹੇ ਇਦ੍ਹੇ ਵਿਚ ਨਵੇਂ ਲਫਜ਼ਾਂ ਦਾ ਵਾਧਾ ਹੁੰਦਾ ਏ। ਪਰ ਐਹ ਨਵੇਂ ਲਫਜ਼ ਪੁਰਾਣੇ ਲਫਜ਼ਾਂ ਦੀ ਥਾਂ ਉਤੇ ਮੱਲ ਨਈਂ ਮਾਰਦੇ ਬਲਕਿ ਪਹਿਲਿਆਂ ਲਫਜ਼ਾਂ ਦੇ ਨਾਲ ਆਪਣੀ ਥਾਂ ਬਣਾਉਂਦੇ ਨੇ ਅਤੇ ਇਨ੍ਹਾਂ ਨੂੰ ਵਰਤਣ ਵਾਲੇ ਰਲਾ-ਮਿਲਾ ਕੇ ਇਨ੍ਹਾਂ ਦੀ ਵਰਤੋਂ ਕਰਕੇ ਬੋਲੀ ਦੀ ਫੱਬ ਵਿਚ ਵਾਧਾ ਕਰਦੇ ਨੇ।
ਕਈ ਦਹਾਕੇ ਪਹਿਲਾਂ ਨਾ ਤਾਂ ਕੰਪਿਊਟਰ ਦੀ ਆਮ ਵਰਤੋਂ ਸੀ ਤੇ ਨਾ ਈ ਮੋਬਾਇਲ ਫੋਨ ਦਾ ਨਾਂ-ਨਿਸ਼ਾਨ ਸੀ। ਹੁਣ ਅਸੀਂ ਭਾਵੇਂ ਓਵੇਂ ਦਾ ਓਵੇਂ ਜਾਂ ਭੋਰਾ ਛਾਂਗ ਕੇ ਜਾਂ ਉਚਾਰਣ ਵਿਚ ਫੇਰ ਪਾ ਕੇ ਆਪਣੀ ਮਾਂ-ਬੋਲੀ ਪੰਜਾਬੀ ਦਾ ਅੰਗ ਬਣਾ ਲਿਆ ਏ, ਕਿਉਂ ਜੇ ਇਹਦੀ ਲੋੜ ਹੈ ਸੀ, ਪਰ ਜੇ ਅਸੀਂ ਜੰਝ, ਵਰਤਣ, ਪੰਧ, ਮੀਂਹ, ਚੁੰਮੀ, ਛਾਂ, ਮੁੜ੍ਹਕਾ ਦੀ ਥਾਂ ਦੂਜੀਆਂ ਬੋਲੀਆਂ ਦੇ ਸ਼ਬਦਾਂ ਦੀ ਵਰਤੋਂ ਕਰੀਏ ਤਾਂ?
ਮੈਂ ਏਥੇ ਆਪਣੀ ਭੁੱਲ ਦੀ ਗੱਲ ਵੀ ਕਰਨੀ ਚਾਹੁੰਨਾ। ਜੇ ਮੈਂ ‘ਸਾਂਝ’ ਲਈ ਆਈਆਂ ਉਨ੍ਹਾਂ ਪੰਜਾਬੀ ਲਿਖਤਾਂ ਦੀ ਭੋਰਾ ਸਾਂਭ-ਸੰਭਾਲ ਕਰ ਲੈਂਦਾ, ਜਿਨ੍ਹਾਂ ਵਿਚ ਹਿੰਦੀ, ਉਰਦੂ, ਸੰਸਕ੍ਰਿਤ, ਫਾਰਸੀ ਦਾ ਬੇਲੋੜਾ ਰਜਵਾਂ ਰਲ਼ਾ ਸੀ ਤਾਂ ਤੁਹਾਡੀ ਜਾਣਕਾਰੀ ਲਈ ਕੁਝ ਮਿਸਾਲਾਂ ਲਾਜ਼ਮੀ ਤੁਹਾਡੇ ਮੂਹਰੇ ਰੱਖਦਾ।
ਪਿਛਲੇ ਵਰ੍ਹੇ ਦੀ ਗੱਲ ਐ। ਪੰਜਾਬੀ ਸੇਵਕਾਂ ਦੀ ਇਕ ਸੰਸਥਾ ਨੇ ਚੜ੍ਹਦੇ ਪੰਜਾਬ ਤੋਂ ਆਏ ਇਕ ਕਹਾਣੀਕਾਰ, ਨਾਟਕਕਾਰ ਅਤੇ ਕਵੀ ਦੇ ਆਦਰ ਵਿਚ ਇਕ ਇਕੱਠ ਕੀਤਾ, ਜਿਹੜਾ ਸਲਾਹੁਣਯੋਗ ਸੀ। ਮੈਨੂੰ ਸੱਦਾ ਮਿਲਿਆ। ਮੈਨੂੰ ਏਸ ਆਦਰ ਪਾਰੋਂ ਢੇਰ ਖੁਸ਼ੀ ਹੋਈ, ਭਾਵੇਂ ਲਹਿੰਦੇ ਪੰਜਾਬ ਦੇ ਦੋ ਈ ਪੰਜਾਬੀ ਪਿਆਰਿਆਂ ਨੂੰ ਸੱਦਿਆ ਗਿਆ ਸੀ (ਏਸ ਮੁੱਦੇ ਉਤੇ ਫੇਰ ਕਦੇ ਗੱਲਬਾਤ ਕਰਾਂਗਾ)। ਪੰਜਾਬੀ ਪਿਆਰਿਆਂ, ਪ੍ਰਾਹੁਣੇ ਨੂੰ ਰੱਜਵਾਂ ਆਦਰ ਦਿੱਤਾ ਅਤੇ ਉਹਦੀਆਂ ਰੱਜ ਕੇ ਸਿਫਤਾਂ ਕੀਤੀਆਂ, ਜਿਹਦਾ ਉਹ ਹੱਕਦਾਰ ਵੀ ਸੀ। ਇਕ ਸੱਜਣ ਜਿਹੜੇ ਪੰਜਾਬੀ ਦੇ ਪੀæਐਚਡੀ ਨੇ, ਪੰਜਾਬੀ ਦੇ ਠੁਕਵੇਂ ਸੇਵਕ ਨੇ, ਪੰਜਾਬੀ ਦੀ ਇਕ ਸੰਸਥਾ ਦੇ ਆਗੂ ਵੀ ਨੇ, ਉਹ ਇਕੱਠ ਦੇ ਕਰਤਾ-ਧਰਤਾ ਸਨ। ਉਹ ਪੰਜਾਬੀ ਦੀਆਂ ਦੋਹਾਂ ਲਿਪੀਆਂ-ਸ਼ਾਹਮੁਖੀ ਅਤੇ ਗੁਰਮੁਖੀ ਬਾਰੇ ਗੱਲ ਕਰਦਿਆਂ ਪੰਜਾਬੀ ਲਫਜ਼ ਦੀ ਵਰਤੋਂ ਈ ਨਹੀਂ ਕਰਦੇ ਸਨ, ਉਨ੍ਹਾਂ ਦਾ ਸੁਭਾਅ ਕੁਝ ਇੰਜ ਦਾ ਸੀ ਜਿਵੇਂ ਉਹ ਫਾਰਸੀ ਤੇ ਜਰਮਨ, ਦੋ ਵੱਖ ਵੱਖ ਬੋਲੀਆਂ ਦੀ ਗੱਲ ਰਹੇ ਹੋਣ। ਇਸ ਸੁਭਾਅ ਨੇ ਮੈਨੂੰ ਡਾਢੀ ਭਰਵੀਂ ਹੁੱਝ ਮਾਰੀ। ਮੇਰੇ ਦਿਮਾਗ ਵਿਚ ਖਤਰੇ ਦੀ ਟੱਲੀ ਦੀ ਥਾਂ ਖਤਰੇ ਦੇ ਟੱਲ ਖੜਕਣ ਲੱਗ ਪਏ। ਮੈਥੋਂ ਰਹਿ ਨਾ ਹੋਇਆ। ਮੈਂ ਉਨ੍ਹਾਂ ਨੂੰ ਟੋਕ ਦਿੱਤਾ। ਇਕ ਅਖਾਣ ਐ-ਜਿਹੜਾ ਬੋਲੇ ਓਹੀ ਕੁੰਡਾ ਖੋਲ੍ਹੇ। ਉਨ੍ਹਾਂ ਆਪਣੀ ਗੱਲ ਓਥੇ ਹੀ ਟੁੱਕ ਦਿੱਤੀ ਅਤੇ ਮੈਨੂੰ ਸੱਦ ਕੇ ਮਾਈਕ ਮੇਰੇ ਹੱਥ ਫੜ੍ਹਾ ਦਿੱਤਾ। ਖ਼ੈਰ! ਇਹ ਉਨ੍ਹਾਂ ਦਾ ਵੱਡਾਪਨ ਸੀ।
ਪਰ ਵਿਚਾਰਨ ਜੋਗ ਗੱਲ ਇਹ ਐ ਪਈ ਜੇ ਐਡਾ ਪੜ੍ਹਿਆ-ਲਿਖਿਆ ਤੇ ਜਾਣਕਾਰੀ ਵਾਲਾ ਬੰਦਾ ਵੀ ਜਦੋਂ ਮਾਂ-ਬੋਲੀ ਪੰਜਾਬੀ ਦੀ ਗੁਰਮੁਖੀ ਲਿਪੀ ਅਤੇ ਸ਼ਾਹਮੁਖੀ ਲਿਪੀ ਬਾਰੇ ਗੱਲ ਕਰਦਾ ਐ ਤਾਂ ਦੋ ਬੋਲੀਆਂ ਦੀ ਲਿਸ਼ਕ ਪੈਂਦੀ ਐ, ਫਿਰ ਆਮ ਬੰਦਾ ਕਿਹੜੇ ਖਾਤੇ ਵਿਚ ਆਉਂਦਾ ਐ।
ਕੁਝ ਵਰ੍ਹਿਆਂ ਤੋਂ ਚੜ੍ਹਦੇ ਪੰਜਾਬ ਦਾ ਇਕ ਪੰਜਾਬੀ ਪਿਆਰਾ ਸੱਜਣ ਮੈਨੂੰ ਵਾਰ ਵਾਰ ਠਕੋਰਦਾ ਸੀ, “ਮੈਨੂੰ ਸ਼ਾਹਮੁਖੀ ਲਿਪੀ ਵਿਚ ਪੰਜਾਬੀ ਪੜ੍ਹਨੀ ਸਿਖਾ ਦਿਉ।” ਮੈਂ ਕਦੇ ਮਾਸਟਰੀ ਵਾਲਾ ਕੰਮ ਨਹੀਂ ਸੀ ਕੀਤਾ। ਪਰ ਇਹ ਪੰਜਾਬੀ ਦੀ ਸੇਵਾ ਵਾਲਾ ਮੁੱਦਾ ਸੀ। ਦੋ ਸਾਥੀ ਹੋਰ ਸਾਡੇ ਨਾਲ ਪੰਜਾਬੀ ਦੀ ਸ਼ਾਹਮੁਖੀ ਲਿਪੀ ਸਿੱਖਣ ਲਈ ਆ ਰਲੇ। ਦੋ ਜਣਿਆਂ ਨੂੰ ਪੰਜਾਬੀ, ਗੁਰਮੁਖੀ ਲਿਪੀ ਵਿਚ ਲਿਖਣੀ-ਪੜ੍ਹਨੀ ਆਉਂਦੀ ਸੀ ਅਤੇ ਤੀਸਰੇ ਸੱਜਣ ਦੀ ਪੰਜਾਬੀ ਬਾਰੇ ਜਾਣਕਾਰੀ ਤਾਂ ਵਧੇਰੀ ਸੀ ਪਰ ਉਹ ਛੜੀ ਹਿੰਦੀ ਪੜ੍ਹ-ਲਿਖ ਸਕਦੇ ਸਨ। ਪੰਜਾਬੀ ਦੀ ਕੋਈ ਵੀ ਲਿਪੀ ਉਹ ਨਹੀਂ ਲਿਖ-ਪੜ੍ਹ ਸਕਦੇ ਸਨ।
ਖ਼ੈਰ! ਸਬਕ ਬਣਾਉਂਦਿਆਂ ਮੈਂ ਲਫਜ਼ਾਲੀ ਦੀ ਵਰਤੋਂ ਵੱਲ ਖ਼ਾਸ ਧਿਆਨ ਰੱਖਦਿਆਂ ਲਫਜ਼ਾਲੀ ਦੀ ਚੋਣ ਪੰਜਾਬੀ ਦੇ ਕਲਾਸਿਕ ਵਿਚੋਂ ਅਤੇ ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਝਬਦੇ ਬਾਅਦ ਵਾਲੇ ਦੋਹਾਂ ਬੰਨਿਆਂ ਦੇ ਸਾਹਿਤ ਵਿਚੋਂ ਕੀਤੀ, ਪਰ ਫੇਰ ਵੀ ਮੇਰੀ ਹੈਰਾਨੀ ਵਿਚ ਵਾਧਾ ਈ ਹੁੰਦਾ ਰਿਹਾ, ਜਦੋਂ ਮੈਥੋਂ ਸਵਾਲ ਪੁੱਛੇ ਜਾਂਦੇ ਸਨ, “ਭਈ ਐਹ ਪੰਜਾਬੀ ਦੇ ਲਫਜ਼ ਨੇ?”
ਮੇਰੀ ਜੰਮ-ਪਲ ਲਾਹੌਰ ਦੀ ਐ। ਸਬਕ ਬਣਾਉਂਦਿਆਂ ਮੈਂ ਲਾਹੌਰ ਅਤੇ ਉਹਦੇ ਆਲੇ-ਦੁਆਲੇ ਵਿਚ ਪ੍ਰਚਲਤ ਆਮ ਬੋਲੀ ਦੀ ਚੋਣ ਵੀ ਕੀਤੀ। ਪਰ ਮੇਰੀ ਹੈਰਾਨੀ ਕੋਈ ਖ਼ਾਸ ਘਟੀ ਨਾ। ਹਾਂ, ਇਹ ਲਾਜ਼ਮੀ ਆਖਿਆ ਜਾਂਦਾ ਸੀ, “ਅਸੀਂ ਆਪਣੇ ਵੱਡਿਆਂ ਤੋਂ ਇਹ ਬੋਲੀ ਲਾਜ਼ਮੀ ਸੁਣੀ ਐ, ਪਰ ਹੁਣ ਅਸੀਂ ਇਹਦੀ ਵਰਤੋਂ ਨਹੀਂ ਕਰਦੇ। ਦੁੱਖ ਵਾਲੀ ਗੱਲ ਐਹ ਏ ਜੋ ਅਗਲੀ ਪੀੜ੍ਹੀ ਦੀ ਬੋਲੀ ਵਿਚ ਹਿੰਦੀ-ਉਰਦੂ ਦਾ ਰਲ਼ਾ ਆਮ ਜਿਹੀ ਗੱਲ ਐ।”
ਵੰਡ ਤੋਂ ਪਹਿਲਾਂ ਲਾਹੌਰ ਪੰਜਾਬੀ ਸਾਹਿਤ ਅਤੇ ਰਹਿਤਲ ਦਾ ਧੁਰਾ ਸੀ। ਇਹਦੇ ਭੰਡਾਰ ਵਿਚ ਸਾਰੇ ਪੰਜਾਬ ਦੀ ਲਫਜ਼ਾਲੀ ਦਾ ਬੀਅ ਇਕੱਠਾ ਹੋ ਕੇ ਪੁੰਗਰਦਾ ਸੀ ਅਤੇ ਮੁੜ ਸਾਰੇ ਪੰਜਾਬ ਵਿਚ ਵਰਤੀਂਦਾ ਸੀ। ਮੈਂ ਵੰਡ ਤੋਂ ਪਹਿਲਾਂ ਦਾ ਜਿਹੜਾ ਥੋੜ੍ਹਾ-ਬਹੁਤਾ ਸਾਹਿਤ ਪੜ੍ਹਿਆ ਐ-ਕਹਾਣੀ, ਨਾਵਲ ਜਾਂ ਕਵਿਤਾ ਪੜ੍ਹਦਿਆਂ ਦਿਲ-ਦਿਮਾਗ਼ ਵਿਚ ਕਦੇ ਵੀ ਤੁਣਕਾ ਨਹੀਂ ਵਜਦਾ ਸੀ ਕਿ ਇਹਦਾ ਲਿਖਾਰੀ ਕਿਹੜਾ ਐ? ਹਿੰਦੂ ਲਿਖਾਰੀ ਐ, ਮੁਸਲਮਾਨ ਲਿਖਾਰੀ ਐ ਜਾਂ ਸਿੱਖ ਲਿਖਾਰੀ ਐ। ਛੜੀ ਇੱਕੋ ਗੱਲ ਸਿੱਧ ਹੁੰਦੀ ਸੀ- ਇਹਦਾ ਲਿਖਾਰੀ ਪੱਕਾ-ਪੀਢਾ ਪੰਜਾਬੀ ਐ। ਹੁਣ ਅਜੋਕੀ ਲਿਖਤ ਪੜ੍ਹਦਿਆਂ ਝਟ ਇਹ ਤੁਣਕਾ ਵੱਜਦਾ ਐ ਤੇ ਇਹ ਵੀ ਸਿੱਧ ਹੋ ਜਾਂਦਾ ਐ ਬਈ ਇਹਦਾ ਲਿਖਾਰੀ ਚੜ੍ਹਦੇ ਪੰਜਾਬ ਤੋਂ ਤੇ ਇਹਦਾ ਲਿਖਾਰੀ ਲਹਿੰਦੇ ਪੰਜਾਬ ਤੋਂ ਐ। ਇਹ ਬੜੇ ਜ਼ੁਲਮ ਵਾਲੀ ਅਤੇ ਦਿਲ ਚੀਰਵੀਂ ਗੱਲ ਐ।
ਇਹ ਬੋਲੀ ਵਿਚ ਪੈਣ ਵਾਲਾ ਪਾੜ ਛੜਾ ਬੋਲੀ ਦਾ ਪਾੜ ਈ ਨਹੀਂ ਏਸ ਪਾੜ ਪਾਰੋਂ ਹੋਰ ਵੀ ਬੜੇ ਪਾੜ ਤੇ ਪੁਆੜੇ ਉਸਰ ਸਕਦੇ ਨੇ। ਬਲਕਿ ਉਸਰੇ ਵਿਖਾਲੀ ਪਏ ਦੇਂਦੇ ਨੇ। ਪੰਜਾਬੀ ਤਵਾਰੀਖ਼ ਦੀ ਖਿੱਚ-ਧੂਹ ਪੰਜਾਬੀ ਰਹਿਤਲ ਦਾ ਪਾੜ, ਪੰਜਾਬੀਅਤ ਦਾ ਪਾੜ, ਪੰਜਾਬੀ ਸੋਚ-ਵਿਚਾਰ ਅਤੇ ਭਲਕ ਦਾ ਪਾੜ, ਪੰਜਾਬੀ ਬੋਲੀ ਨੂੰ ਜੱਫਾ ਅਤੇ ਅਪਨਾਉਣ ਤੋਂ ਲੱਜ।
ਇਹਦੇ ਵਿਚ ਕੋਈ ਸ਼ੱਕ-ਸ਼ੁਬ੍ਹਾ ਨਹੀਂ ਜੋ ਚੜ੍ਹਦੇ-ਲਹਿੰਦੇ ਪੰਜਾਬ ਵਿਚ ਤੇ ਪੰਜਾਬੋਂ ਬਾਹਰ ਬੈਠੇ ਸੁਰਤੇ ਪੰਜਾਬੀ ਸੂਝਵਾਨ ਮਾਂ-ਬੋਲੀ ਪੰਜਾਬੀ ਵਿਚ ਉਸਰਦੇ ਏਸ ਪਾੜ ਬਾਰੇ ਡਾਢੇ ਸੁਚੇਤ ਨੇ। ਮੇਰੀ ਜਾਚੇ ਛੜਾ ਸੁਚੇਤ ਹੋਣ ਨਾਲ ਕੰਮ ਨਹੀਂ ਸਰਦਾ। ਕੋਈ ਪੱਕਾ-ਪੀਢਾ ਪੈਰ ਪੁੱਟਣ ਦੀ ਲੋੜ ਵੀ ਐ। ਪੰਜਾਬ ਦੇ ਦੋਹਾਂ ਭਾਗਾਂ ਵਿਚ ਬੈਠੇ ਪੰਜਾਬੀ ਸੂਝਵਾਨਾਂ ਦੀ ਮਜਬੂਰੀ ਦੀ ਭਰਵੀਂ ਸਮਝ ਆਉਂਦੀ ਐ, ਜੋ ਦੋਹਾਂ ਸਰਕਾਰਾਂ ਦੇ ਸਿਆਸੀ ਆਢ੍ਹਿਆਂ ਪਾਰੋਂ ਕਿਤਾਬਾਂ, ਰਸਾਲਿਆਂ ਦਾ ਵਟਾਂਦਰਾ ਤੇ ਆਪੋ ਵਿਚ ਰਾਬਤਾ ਨਾ ਹੋਣ ਦੇ ਬਰਾਬਰ ਐ। ਜੇ ਦੋਹਾਂ ਸਰਕਾਰਾਂ ਦੀ ਮੱਤ ਟਿਕਾਣੇ ਆ ਜਾਏ, ਕਿਤਾਬਾਂ ਦਾ ਵਟਾਂਦਰਾ ਹੋਣ ਲੱਗ ਪਵੇ, ਆਵਾਜਾਈ ਦੀ ਸੌਖ ਹੋ ਜਾਏ, ਰਾਬਤਿਆਂ ਦੀ ਡੋਰ ਪੱਕੀ ਹੋ ਜਾਏ ਤਾਂ ਇਹ ਮੁੱਦਾ ਆਪਣੇ ਆਪ ਹੱਲ ਹੋ ਜਾਏ, ਪਰ ਹਾਲ ਦੀ ਘੜੀ ਤਾਂ ਏਸ ਮੁੱਦੇ ਲਈ ਪੰਜਾਬੋਂ ਬਾਹਰ ਬੈਠੇ ਪੰਜਾਬੀਆਂ ਨੂੰ ਇਹ ਜ਼ਿੰਮਵਾਰੀ ਚੁੱਕਣ ਦੀ ਲੋੜ ਐ। ਉਹ ਏਸ ਲਈ ਕਿ ਉਨ੍ਹਾਂ ਲਈ ਤਾਂ ਇਹੋ ਜਿਹੀ ਕੋਈ ਮਜਬੂਰੀ ਨਹੀਂ। ਬੋਲੀ ਦੇ ਪਾੜ ਨੂੰ ਡੱਕਾ ਲਾਉਣ ਅਤੇ ਪੂਰਨ ਦਾ ਕੰਮ ਤਾਂ ਅਸੀਂ ਰਲ-ਮਿਲ ਬੈਠ ਕੇ ਵਿਚਾਰ-ਵਟਾਂਦਰੇ ਨਾਲ ਆਪਣੀ ਵਿਤ ਮੂਜਬ ਸਾਂਝੇ ਜਤਨਾਂ ਨਾਲ ਕਰ ਸਕਦੇ ਆਂ। ਜੇ ਗ਼ਦਰੀ ਬਾਬੇ ਆਜ਼ਾਦੀ ਦੀ ਲੜਾਈ ਦੇਸੋਂ ਬਾਹਰ ਬੈਠ ਕੇ ਲੜ ਸਕਦੇ ਨੇ ਤਾਂ ਸਾਨੂੰ, ਜਿਹੜੇ ਪੰਜਾਬੀ ਅਤੇ ਪੰਜਾਬੀਅਤ ਦੇ ਨਾਅਰੇ ਮਾਰਨੇ ਆਂ, ਵੱਖੋ-ਵੱਖ ਪੰਜਾਬੀ ਦੀਆਂ ਸੰਸਥਾਵਾਂ ਬਣਾ ਕੇ ਪੰਜਾਬੀ ਸੇਵਕ ਦੀ ਦਾਅਵੇਦਾਰੀ ਦੇ ਝੰਡੇ ਚੁੱਕੀ ਫਿਰਨੇ ਆਂ, ਤਾਂ ਰਲ਼ ਕੇ ਏਸ ਮੁੱਦੇ ਵਾਸਤੇ ਲੜਦਿਆਂ ਏਸ ਪਾੜ ਨੂੰ ਡੱਕਣ ਅਤੇ ਪੂਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਜਤਨ ਕਰਦਿਆਂ ਮੌਤ ਪੈਂਦੀ ਐ?