ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਹ ਨੈਣਾਂ ਦੇ ਤੀਰ ਚਲਾ ਚੁਕੇ ਹਨ ਤੇ ਦਿਲ ਦੀਆਂ ਬਾਤਾਂ ਪਾ ਚੁਕੇ ਹਨ। ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲਿਆਂ ਨੂੰ ਨਸੀਹਤ ਦੇ ਚੁਕੇ ਹਨ ਕਿ ਮੂੰਹ ਦੀਆਂ ਲੁਭਾਉਣੀਆਂ ਲੱਜਤਾਂ ਵਿਚ ਗੁਆਚਣ ਦੀ ਬਜਾਏ, ਇਸ ਦੀਆਂ ਨਿਆਮਤਾਂ ਨੂੰ ਅਪਨਾਉਣ ਅਤੇ ਤਰਕਸੰਗਤੀ ਰਾਹਾਂ ਨੂੰ ਮੰਜ਼ਿਲ-ਮਾਰਗ ਬਣਾਉਣ ਵੰਨੀਂ ਕਦਮ ਜਰੂਰ ਪੁੱਟਣ।
ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰਦਿਆਂ ਨਸੀਹਤ ਕੀਤੀ ਸੀ, ਜ਼ੁਬਾਨ ਵਿਚੋਂ ਨਿਕਲੇ ਕੌੜੇ ਬੋਲ, ਤੀਰ ਨਾਲੋਂ ਤਿੱਖੇ, ਤੋਪ ਦੇ ਗੋਲੇ ਨਾਲੋਂ ਜ਼ਿਆਦਾ ਵਿਨਾਸ਼ਕਾਰੀ ਹੁੰਦੇ ਹਨ। ਹੱਥਾਂ ਦੀ ਦਾਸਤਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦੇ ਹਵਾਲੇ ਨਾਲ ਬਚਪਨੇ ਵਿਚ ਨਿੱਕੀਆਂ ਜਿਹੀਆਂ ਕੋਮਲ ਲੱਤਾਂ ਦਾ ਸੁਡੌਲ ਤੇ ਮਜਬੂਤ ਹੋ ਕੇ ਜੀਵਨ-ਸਫਰ ਦੇ ਅਣਥੱਕ ਸੰਗੀ ਬਣਨ ਤੋਂ ਬਾਅਦ ਬੁਢਾਪੇ ਵਿਚ ਕਮਜੋਰ ਤੇ ਨਿਤਾਣੀਆਂ ਬਣਨ ਦੇ ਸਫਰ ਦੀ ਗੱਲ ਕੀਤੀ ਸੀ। ਪਿਛਲੇ ਲੇਖ ਵਿਚ ਉਨ੍ਹਾਂ ਬੰਦੇ ਦੇ ਪੈਰਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਸੀ ਕਿ ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਹਥਲੇ ਲੇਖ ਵਿਚ ਉਨ੍ਹਾਂ ਮੁੱਖੜੇ ਦੇ ਬਹੁਤ ਸਾਰੇ ਰੂਪ ਕਿਆਸੇ ਹਨ, ਮੁੱਖੜਾ ਹੱਸਮੁੱਖ, ਮੁੱਖੜਾ ਚਿੜਚਿੜਾ। ਮੁੱਖੜਾ ਖੁਸ਼-ਮਿਜ਼ਾਜ, ਮੁੱਖੜਾ ਰੋਂਦੂ। ਮੁੱਖੜਾ ਟਹਿਕਦਾ, ਮੁੱਖੜਾ ਬੁੱਸਕਦਾ। ਮੁੱਖੜਾ ਤ੍ਰੇਲ ਧੋਤਾ, ਮੁੱਖੜਾ ਹੰਝ ਪਰੋਤਾ। ਮੁੱਖੜਾ ਸੱਜਰੀ ਸਵੇਰ, ਮੁੱਖੜਾ ਉਤਰਦਾ ਹਨੇਰ। ਮੁੱਖੜਾ ਮਾਣ ਤੇ ਮੁੱਖੜਾ ਲਾਚਾਰਗੀ। ਜਦ ‘ਏਕ ਚਿਹਰੇ ਪੇ ਹਜਾਰ ਚਿਹਰੇ ਸਜਾ ਲੇਤੇ ਹੈਂ ਲੋਕ’ ਦੀ ਧੁਨ ਫਿਜ਼ੀ ਵਿਚ ਗੁੰਜਦੀ ਤਾਂ ਸੰਦੇਵਨਾ ਮੁਰਝਾ ਜਾਂਦੀ? -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਮੁੱਖੜਾ ਸਰੀਰ ਦਾ ਸਭ ਤੋਂ ਅਜ਼ੀਮ, ਅਹਿਮ ਅਤੇ ਅਹਿਲਾ ਅੰਗ, ਮਨੁੱਖੀ ਮੁਹਾਂਦਰਾ, ਸ਼ਖਸੀਅਤ ਦੇ ਦੀਦਾਰੇ ਅਤੇ ਰੌਸ਼ਨ ਆਭਾ ਦੇ ਝਲਕਾਰੇ। ਮੁੱਖੜਾ ਮਨ ਦਾ ਸ਼ੀਸ਼ਾ, ਅੰਤਰੀਵ ਦਾ ਪ੍ਰਗਟਾਵਾ, ਭਾਵਨਾਵਾਂ ਦਾ ਇਜ਼ਹਾਰ ਅਤੇ ਦਿੱਖ ਵਿਚਲਾ ਦ੍ਰਿਸ਼ਟੀਕੋਣ।
ਮੁੱਖੜੇ ਦੇ ਕਈ ਰੂਪ ਤੇ ਰੰਗ। ਇਹ ਰੰਗ ਕੌਮੀਅਤ, ਇਲਾਕੇ, ਜੀਨਜ਼, ਸਭਿਅਤਾ ਅਤੇ ਸਮਾਜਿਕ ਸਰੋਕਾਰਾਂ ‘ਤੇ ਨਿਰਭਰ ਕਰਦੇ। ਗੋਰਾ-ਨਿਛੋਹ, ਭੂਰਾ, ਤਾਂਬੇ ਰੰਗਾ, ਸਾਂਵਲਾ, ਕਾਲਾ, ਗੰਧਮੀ ਆਦਿ ਕਈ ਰੰਗਾਂ ਦੇ ਮੁੱਖੜੇ। ਪਰ ਮੁੱਖੜੇ ਦਾ ਰੰਗ ਨਹੀਂ ਸਗੋਂ ਦੇਖਣ ਵਾਲੀ ਅੱਖ ਵਿਚਲਾ ਸੁਹੱਪਣ ਹੁੰਦਾ ਜੋ ਮੁੱਖੜੇ ਵਿਚੋਂ ਮੋਹ-ਮੁਹੱਬਤ ਦਾ ਚਸ਼ਮਾ, ਮਮਤਾਈ ਜਲਧਾਰਾ ਜਾਂ ਕੁਰੱਖਤਾ ਨੂੰ ਮਹਿਸੂਸਦਾ।
ਮੁੱਖੜੇ ਦਾ ਰੂਪ, ਸੰਭਾਵੀ ਪਛਾਣ। ਗੋਰੇ, ਕਾਲੇ, ਚੀਨੀ, ਯੂਰਪੀ, ਏਸ਼ੀਆਈ ਆਦਿ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਚਿਹਰਿਆਂ ਵਿਚੋਂ ਕੁਝ ਹੱਦ ਤੱਕ ਪਛਾਣ ਸਕਦੇ ਹੋ।
ਮੁੱਖੜਾ ਜਿਥੇ ਮਨੁੱਖ ਦਾ ਮਸਤਕ ਦੁਆਰ ਏ ਉਥੇ ਉਹ ਅੱਖਾਂ, ਭਰਵੱਟੇ, ਨੱਕ, ਮੂੰਹ, ਮੁੱਛਾਂ, ਠੋਡੀ, ਦਾਹੜੀ ਦਾ ਵੀ ਰੈਣ ਬਸੇਰਾ। ਇਨ੍ਹਾਂ ਅੰਗਾਂ ਦੀ ਸੁਨੱਖੀ ਤੇ ਸਮਰੂਪ ਹੋਂਦ ਹੀ ਮੁੱਖੜੇ ਨੂੰ ਸੁਹੱਪਣ ਪ੍ਰਦਾਨ ਕਰਦੀ।
ਮੁੱਖੜਾ ਮਾਨਸਿਕ ਅਵਸਥਾ ਦਾ ਪੈਮਾਨਾ। ਖੁਸ਼ੀ ਵਿਚ ਨੂਰੋ-ਨੂਰ, ਉਦਾਸੀ ਵਿਚ ਪਲਿੱਤਣ ਭਾਰੂ, ਨਿਰਾਸ਼ਾ ਵਿਚ ਉਤਰਿਆ ਹੋਇਆ ਜਦ ਕਿ ਸਫਲਤਾ-ਸਨਮਾਨ ਮੌਕੇ ਚੜ੍ਹਦੀ ਕਲਾ ਦਾ ਪ੍ਰਤੀਕ, ਮਿਲਾਪ ਸਮੇਂ ਮੋਹ-ਤਰੰਗਾ, ਵਿਛੋੜੇ ਵੇਲੇ ਮੁੱਖ ਤੋਂ ਉਡਦੀਆਂ ਹਵਾਈਆਂ, ਪੀੜਾ ‘ਚ ਪਸੀਜਦਾ ਅਤੇ ਹਾਸੇ ਮੌਕੇ ਹੁਲਾਸ-ਮਈ।
ਮੁੱਖੜਾ ਪੜ੍ਹਨਾ, ਮਨੁੱਖੀ ਸੁਭਾਅ ਦੀਆਂ ਪਰਤਾਂ ਫਰੋਲਣਾ, ਆਦਤਾਂ ਦੀ ਚੀਰ-ਫਾੜ ਅਤੇ ਮਾਨਵੀ ਗੁਣਾਂ ਦੀ ਫੋਲਾ-ਫਰਾਲੀ। ਮੁੱਖੜੇ ਦੀਆਂ ਕਈ ਪਰਤਾਂ। ਕਈ ਵਾਰ ਸੋਹਣੇ ਮੁਖੜਿਆਂ ‘ਚ ਛੁਪੀਆਂ ਸ਼ਰਾਰਤਾਂ, ਹੁਸੀਨ ਚਿਹਰਿਆਂ ‘ਤੇ ਕੋਝਾਪਣ ਅਤੇ ਚਮਕਦੇ ਮੁੱਖੜਿਆਂ ਦੀ ਜੂਹ ਵਿਚ ਪਸਰਿਆ ਹਨੇਰਾ ਜੋ ਫਰੇਬ, ਮੱਕਾਰੀ ਤੇ ਮਖੌਟਾਧਾਰੀਆਂ ਦੀ ਪੁਸ਼ਤ-ਪਨਾਹੀ ਕਰਦਾ। ਮੁੱਖੜੇ ‘ਚੋਂ ਡਲ੍ਹਕਦਾ ਨੂਰ, ਅਕੀਦਤ। ਇਸ ਦੀ ਇਬਾਦਤ ਵਿਚੋਂ ਸੁੱਖਨ ਤੇ ਸਹਿਜ ਦਾ ਪਰਸ਼ਾਦ ਅਤੇ ਸਹਿਹੋਂਦ ਤੇ ਸਹਿਯੋਗ ਵਿਚੋਂ ਮਾਨਵੀ ਗੁਣਾਂ ਦਾ ਝੂੰਗਾ। ਅਜਿਹੇ ਚਿਹਰੇ ਇਨਸਾਨੀਅਤ ਦਾ ਮਾਣ ਅਤੇ ਗੁਰੂਆਂ, ਪੀਰਾਂ, ਸ਼ਹੀਦਾਂ ਤੇ ਕਰਮਯੋਗੀਆਂ ਦਾ ਸਨਮਾਨ।
ਕਦੇ ਕਦਾਈਂ ਕਰੂਪ ਮੁੱਖੜੇ ਵਿਚੋਂ ਜਦ ਬੰਦਿਆਈ ਦਾ ਸੇਕ ਨਿਕਲਦਾ ਹੋਵੇ ਤਾਂ ਇਸ ਦਾ ਸੁਹੱਪਣ ਕਈ ਸਦੀਆਂ ਸੰਵਾਰ ਜਾਂਦਾ।
ਮੁੱਖੜੇ ਦਾ ਰੰਗ, ਰੂਪ, ਨੈਣ-ਨਕਸ਼ ਮਾਪਿਆਂ ਦੀ ਦੇਣ। ਪਰ ਸ਼ਕਲ ਵਿਚੋਂ ਖੂਬਸੂਰਤ ਸੀਰਤ ਉਗਾਉਣੀ, ਰੰਗ ਵਿਚੋਂ ਖੂਬਸੂਰਤੀ ਉਪਜਾਉਣੀ ਅਤੇ ਨੈਣ-ਨਕਸ਼ਾਂ ਵਿਚੋਂ ਮਾਨਵੀ ਅਕੀਦਿਆਂ ਦੀ ਇਬਾਰਤ ਬਣਨਾ ਤਾਂ ਮਨੁੱਖ ਦੇ ਵੱਸ ਹੁੰਦਾ। ਦਰਅਸਲ ਬਾਹਰੀ ਚਿਹਰਾ ਮਖੌਟਾ ਹੁੰਦਾ ਅਤੇ ਚਿਹਰੇ ਦੇ ਅੰਦਰ ਛੁਪਿਆ ਚਿਹਰਾ ਹੀ ਅਸਲੀ ਚਿਹਰਾ। ਬਾਹਰੀ ਚਿਹਰਾ ਕੁਦਰਤ ਦੀ ਦੇਣ ਜਦ ਕਿ ਅੰਦਰਲਾ ਚਿਹਰਾ ਮਨੁੱਖੀ ਕਮਾਈ।
ਜਦ ਕੋਈ ਵਿਅਕਤੀ ਮੁੱਖੜੇ ਉਪਰ ਨਿਜੀ ਮੁਫਾਦ ਅਨੁਸਾਰ ਮਖੌਟੇ ਪਹਿਨਣ ਲੱਗ ਪਵੇ ਤਾਂ ਉਸ ਦੇ ਅੰਦਰਲਾ ਮਨੁੱਖ ਮਰ ਜਾਂਦਾ ਅਤੇ ਉਹ ਹੈਵਾਨ ਹੋ ਜਾਂਦਾ ਹੈ।
ਅਜੋਕੇ ਵਕਤਾਂ ਦਾ ਕੇਹਾ ਸੱਚ ਹੈ ਕਿ ਅਸੀਂ ਹਾਂ ਮਖੌਟਾਧਾਰੀ। ਆਪਣੀ ਅਸਲੀਅਤ ਤੋਂ ਡਰਦੇ, ਕਮੀਨਗੀ, ਜਲਾਲਤ, ਕੋਝ ਅਤੇ ਕਰੂਰਤਾ ਨੂੰ ਲੇਪਣਾਂ ਨਾਲ ਲੁਕਾਉਂਦੇ ਅਤੇ ਸੁੱਚੇ ਹੋਣ ਦਾ ਭਰਮ ਉਪਜਾਉਂਦੇ। ਸੱਚ ਤੋਂ ਡਰਦੇ ਲੋਕ, ਹਰ ਰੋਜ਼ ਆਪਣੇ ਹੀ ਸਾਹਾਂ ਦੀ ਸੂਲੀ ਚੜ੍ਹਦੇ।
ਮੁੱਖੜੇ ਵਿਚੋਂ ਮੋਹ-ਵੰਤੀ ਆਭਾ ਝੱਲਕਦੀ ਤਾਂ ਇਹ ਪਿਆਰ-ਛੋਹਾਂ ਲੋਚਦਾ, ਗਲ ਲੱਗਣ ਨੂੰ ਅਹੁਲਦਾ, ਆਪਣੇ ਦੇ ਸਪਰਸ਼ ਵਿਚੋਂ ਚੁੰਬਕੀ-ਤਰੰਗਾਂ ਮਾਣਦਾ ਅਤੇ ਜੀਵਨ-ਪਿੰਡੇ ‘ਤੇ ਸੂਹੀ ਫੁਲਕਾਰੀ ਤਾਣਦਾ।
ਮਾਂ ਜਦ ਆਪਣੇ ਲਾਡਲੇ ਦਾ ਮੁੱਖੜਾ ਪਲੋਸਦੀ, ਮੁੱਖੜੇ ਨੂੰ ਗੋਦ ਵਿਚ ਲੈ ਕੇ ਚੁੰਮਦੀ-ਚੱਟਦੀ ਤਾਂ ਰੱਬ ਵੀ ਉਸ ਦੀ ਪਰਿਕਰਮਾ ਕਰਦਾ ਅਤੇ ਇਸ ਪਿਆਰ-ਪਰੁੱਚੇ ਪਲਾਂ ਰਾਹੀਂ ਆਪਣੇ ਆਪ ਨੂੰ ਵਿਸਥਾਰਦਾ। ਮਾਂ ਲਈ ਮੁੱਖੜੇ ਦੇ ਸੁਹੱਪਣ ਦੇ ਅਸੀਮ ਅਰਥ ਪਰ ਉਸ ਲਈ ਬੱਚਾ ਅਹਿਮ। ਮਾਂ, ਮਨੁੱਖ ਦੀ ਹੋਵੇ, ਜਾਨਵਰਾਂ, ਪਸ਼ੂ-ਪੰਛੀਆਂ ਦੀ ਹੋਵੇ ਜਾਂ ਧਰਤ, ਜਗਤ ਮਾਂ ਹੋਵੇ।
ਆਪਣੇ ਜਵਾਨ ਪੁੱਤ ਦੇ ਸਿਰ ਸੱਜਿਆ ਚੀਰਾ ਤੇ ਸੋਂਹਦਾ ਸਿਹਰਾ, ਨਵੀਂ ਸ਼ੁਰੂਆਤ ਦਾ ਸ਼ੁਭ ਆਗਮਨ। ਮਾਪਿਆਂ ਵਲੋਂ ਆਪਣੀ ਲਾਡਲੀ ਦੇ ਚਿਹਰੇ ਨੂੰ ਹੱਥਾਂ ‘ਚ ਲੈ ਕੇ ਹੰਝੂ ਪੂੰਝਣਾ ਅਤੇ ਭਿੱਜੇ ਦੀਦਿਆਂ ਨਾਲ ਵਿਦਾ ਕਰਨਾ, ਅਲਵਿਦਾਇਗੀ ਦਾ ਦਰਦ ਪਰ ਅੰਤਰੀਵ ਵਿਚ ਨਵਾਂ ਘਰ ਵਸਾਉਣ ਦੀ ਖੁਸ਼ੀ ਅਤੇ ਜੀਵਨ ‘ਚ ਚਾਨਣੀ ਰੰਗ ਮਾਣਨ ਦੀ ਕਾਮਨਾ ਭਾਰੂ।
ਸੋਹਣੇ ਮੁੱਖੜੇ ਨੂੰ ਨਿਹਾਰਨ ਦਾ ਆਪਣਾ ਵਜਦ ਤੇ ਮਸਤੀ। ਇਹ ਮਾਪਿਆਂ, ਪਤਨੀ, ਭੈਣ-ਭਰਾ, ਪ੍ਰੇਮਿਕਾ ਵਲੋਂ ਹੋਵੇ ਜਾਂ ਨਵੀਂ ਪਹਿਲਕਦਮੀ, ਪ੍ਰਾਪਤੀ ਜਾਂ ਪਲੇਠੇ ਉਦਮ ਨੂੰ ਮਿੱਤਰ-ਪਿਆਰਿਆਂ ਵਲੋਂ ਮਿਲਿਆ-ਮਾਣ ਹੋਵੇ। ਨਿਹਾਰਦੇ ਸਮੇਂ ਅਸੀਂ ਮੁੱਖੜੇ ਰਾਹੀਂ ਉਸ ਦੇ ਮਨ-ਧਰਾਤਲ ‘ਚ ਉਤਰਦੇ, ਉਸ ‘ਚ ਪੈਦਾ ਹੋ ਰਹੀਆਂ ਤਬਦੀਲੀਆਂ, ਉਥਲ-ਪੁਥਲ ਜਾਂ ਗਿਣਤੀਆਂ-ਮਿਣਤੀਆਂ ਵਿਚੋਂ ਸਮੁੱਚਾ ਬਿੰਬ ਉਲੀਕਦੇ ਅਤੇ ਸੋਚ-ਜੂਹ ਵਿਚੋਂ ਸੰਭਾਵੀ ਨਤੀਜਿਆਂ ਨੂੰ ਤਸਦੀਕਦੇ।
ਮੁੱਖੜੇ ‘ਤੇ ਚਿੰਤਾ ਦੀਆਂ ਲਕੀਰਾਂ ਉਗਦੀਆਂ ਤਾਂ ਇਹ ਮਨੁੱਖ ‘ਚੋਂ ਗੁੰਮ ਰਹੀ ਮਨੁੱਖਤਾ, ਕੁਦਰਤ ਤੋਂ ਦੂਰੀ, ਕੁਦਰਤੀ ਨਿਆਮਤਾਂ ਦੀ ਬੇ-ਅਦਬੀ ਅਤੇ ਰੋਬੋਟ ਬਣੇ ਮਾਨਵ ਦੀ ਵਿਨਾਸ਼ਕਾਰੀ ਬਿਰਤੀ ਕਰਕੇ ਪੈਦਾ ਹੋਈ ਫਿਕਰਮੰਦੀ ਕਾਰਨ, ਚਿੰਤਨ ਤੇ ਚੇਤਨਾ ਦੇ ਸੁਮੇਲ ਰਾਹੀਂ ਕੁਝ ਚੰਗੇਰਾ ਤੇ ਸਾਰਥਿਕ ਸਿਰਜਣ ਦੇ ਆਹਰ ਵਿਚ ਰੁੱਝਦੀਆਂ।
ਮੁੱਖੜੇ ਦੀਆਂ ਰੇਖਾਵਾਂ, ਮਨੁੱਖ ਲਈ ਮਾਨਵਤਾ ਦਾ ਸਫਰ ਹੋਣ ਤਾਂ ਇਨ੍ਹਾਂ ਵਿਚ ਸੁਖਾਵਾਂਪਣ, ਸਹਿਜ ਅਤੇ ਸੁੰਦਰਤਾ ਦਾ ਵਾਸਾ ਹੁੰਦਾ। ਜੇ ਭਟਕਣਾ ਹੋਵੇ ਤਾਂ ਖੁਦ ਤੋਂ ਦੂਰੀ ਅਤੇ ਸਰਪੱਟ ਦੌੜ ਦੀ ਹੌਂਕਣੀ।
ਮੁੱਖੜਾ ਸੁੰਦਰਤਾ, ਸਵਰੂਪ, ਸੂਰਤ, ਸੁਹਜ, ਸਿਆਣਪ, ਸੂਖਮਤਾ, ਸਦ-ਭਾਵਨਾ ਅਤੇ ਸਦਾ-ਬਹਾਰ ਖੇੜਿਆਂ ਦੀ ਕਰਮ ਭੂਮੀ ਹੋਵੇ ਤਾਂ ਜੀਵਨ ਦੇ ਹਰ ਪਲ ਨੂੰ ਮਾਣਨ ਵਿਚ ਲੱਜਤ, ਹਰ ਰੰਗ ‘ਚ ਨਿਵੇਕਲਾਪਣ, ਹਰ ਪਹਿਰ ਵਿਚ ਜਿਊਣ-ਹੁਲਾਸ, ਹਰ ਮੋੜ ‘ਤੇ ਮਿਲਦੀ ਆਸ, ਪੈਰਾਂ ਵਿਚ ਸਫਰ ਦਾ ਚਾਅ ਅਤੇ ਬੋਲਾਂ ਵਿਚ ਸੁਗਮੀ ਸਦਾਅ।
ਮੰਗਵੇਂ ਮੁੱਖੜੇ ਵਾਲੇ ਲੋਕ ਵਿਕਾਊ। ਵਿਕਣ ਕਾਰਨ ਹੀ ਮੁੱਖੜੇ ਦੀ ਇਬਾਦਤ ਵਿਚੋਂ ਮਨਫੀ ਨੇ ਅਰਥ। ਭਲਾ! ਅਰਥ ਵਿਹੂਣੇ ਵਰਤਾਰੇ ਨੂੰ ਕੀ ਨਾਮ ਦਿਓਗੇ?
ਮੁੱਖੜਾ ਹੱਸਮੁੱਖ, ਮੁੱਖੜਾ ਚਿੜਚਿੜਾ। ਮੁੱਖੜਾ ਖੁਸ਼-ਮਿਜ਼ਾਜ, ਮੁੱਖੜਾ ਰੋਂਦੂ। ਮੁੱਖੜਾ ਟਹਿਕਦਾ, ਮੁੱਖੜਾ ਬੁੱਸਕਦਾ। ਮੁੱਖੜਾ ਤ੍ਰੇਲ ਧੋਤਾ, ਮੁੱਖੜਾ ਹੰਝ ਪਰੋਤਾ। ਮੁੱਖੜਾ ਸੱਜਰੀ ਸਵੇਰ, ਮੁੱਖੜਾ ਉਤਰਦਾ ਹਨੇਰ। ਮੁੱਖੜਾ ਦੁੱਧ ਦਾ ਕਟੋਰਾ, ਮੁੱਖੜਾ ਕਾਂਜੀ ਦਾ ਕਸੋਰਾ। ਮੁੱਖੜਾ ਗੱਲਾਂ ਦੇ ਸ਼ਗੂਫੇ, ਮੁੱਖੜਾ ਚੁੱਪ ਦੇ ਫਲੂਸੇ। ਮੁੱਖੜਾ ਬਹਾਰ, ਮੁੱਖ ਉਜਾੜ। ਮੁੱਖੜਾ ਚਿਰਾਗ, ਮੁੱਖੜਾ ਵੈਰਾਗ। ਮੁੱਖੜਾ ਸਾਊ, ਮੁੱਖੜਾ ਸ਼ਰਾਰਤੀ। ਮੁੱਖੜਾ ਨਿਰਲੇਪ, ਮੁੱਖੜਾ ਸੁਆਰਥੀ। ਮੁੱਖੜਾ ਸਾਂਝ, ਮੁੱਖੜਾ ਖੁਦਗਰਜੀ। ਮੁੱਖੜਾ ਮਾਣ ਤੇ ਮੁੱਖੜਾ ਲਾਚਾਰਗੀ।
ਅੰਬਰ ਵਰਗੇ ਮੁੱਖੜੇ ‘ਤੇ ਸੂਰਜੀ-ਲੋਅ, ਤਾਰਿਆਂ ਦਾ ਜਲੋਅ ਅਤੇ ਚੰਦਰਮਾ ਦੇ ਟਿੱਕੇ ਦਾ ਲਗਨ, ਹੁੰਦਾ ਏ ਨਵੀਆਂ ਸੋਚਾਂ, ਸੁਪਨਿਆਂ, ਸੱਧਰਾਂ ਅਤੇ ਸਾਰਥਿਕਤਾ ਦਾ ਸੰਗਮ। ਮਸਤਕ ਵਿਚ ਜਦ ਚਾਨਣ ਦੀ ਕਲਮ ਲਾਈ ਜਾਂਦੀ ਤਾਂ ਰੋਸ਼ਨੀ ਦਾ ਬਿਰਖ ਮੌਲਦਾ ਜਿਸ ਦੀ ਸੰਗਤ ਮਾਣਨ ਲਈ ਹਰ ਅਜ਼ੀਜ਼ ਕਾਹਲਾ।
ਮੁੱਖੜੇ ਦੀ ਅਹਿਮੀਅਤ ਨੂੰ ਜੀਵਨ-ਜਾਚ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਸ ਦੇ ਵਸੀਹ ਅਰਥ ਸਾਹਮਣੇ ਆਉਂਦੇ ਹਨ। ਗੁਰਬਾਣੀ ਦੇ ਫੁਰਮਾਨ “ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ” ਨੂੰ ਜੇਕਰ ਅਸੀਂ ਆਪਣੇ ਅੰਤਰ-ਆਤਮਾ ਵਿਚ ਵਸਾ ਲਈਏ ਤਾਂ ਜੀਵਨ ਦਾ ਮੁੱਖੜਾ ਨਿਖਰ ਆਵੇਗਾ।
ਕਈ ਮੁੱਖੜਿਆਂ ਤੋਂ ਜਦ ਨਕਾਬ ਉਤਰਦੀ ਤਾਂ ਬਹੁਤ ਕੁਝ ਬੇਪਰਦ ਹੁੰਦਾ ਜੋ ਪਾਕੀਜ਼ਗੀ ਨੂੰ ਲੀਰਾਂ ਕਰ, ਇਕ ਨਮੋਸ਼ੀ ਸਮਾਜ ਦੇ ਨਾਂਵੇਂ ਕਰ ਦਿੰਦਾ।
ਸੁੰਦਰ ਮੁੱਖੜਿਆਂ ‘ਤੇ ਤੇਜਾਬ ਜਾਂ ਅੱਗਾਂ ਰਾਹੀਂ ਕਰੂਪਤਾ ਉਪਜਾਉਣ ਵਾਲੇ ਕਮੀਨੇ ਲੋਕ। ਖੂਬਸੂਰਤੀ ਸਾਹਵੇਂ ਆਪਣੇ ਮਨ ਦੀ ਬਦਸੂਰਤੀ ਦਿਖਾਉਣਾ, ਉਨ੍ਹਾਂ ਦੀ ਕਾਇਰਤਾ ਜੋ ਉਨ੍ਹਾਂ ਦੀ ਬਣ ਜਾਂਦੀ ਸੱਥਰ-ਸਬੂਰੀ।
ਬੀਬੇ ਮੁੱਖੜੇ ‘ਤੇ ਮਾਸੂਮੀਅਤ, ਕੋਮਲਤਾ, ਸਫਾਫਪੁਣਾ ਅਤੇ ਸਾਦਗੀ ਦਾ ਸੁਹੱਪਣ। ਇਸ ਕਰਕੇ ਬੀਬੇ ਚਿਹਰਿਆਂ ਵਾਲੇ ਵਿਅਕਤੀ ਉਚੇ ਰੁੱਤਬਿਆਂ ਦਾ ਮਾਣ ਬਣਦੇ। ਬੀਬੀਆਂ ਦਾਹੜੀਆਂ ਅਤੇ ਬੀਬੇ ਮੁਹਾਂਦਰੇ ਵਾਲਿਆਂ ਦਾ ਸੁੱਚੀ ਜਿੰਦਗੀ ਜਿਊਣ ਦੇ ਅਰਥ ਕਮਾਉਣਾ ਹੀ ਉਨ੍ਹਾਂ ਦਾ ਸਰਮਾਇਆ।
ਕਦੇ ਆਪਣੇ ਚਿਹਰੇ ਨੂੰ ਸ਼ੀਸ਼ੇ ਵਿਚੋਂ ਪੜ੍ਹਨਾ। ਇਸ ਦਾ ਅਨੁਵਾਦ ਤੇ ਅਰਥ ਕਰਨਾ। ਫਿਰ ਪਤਾ ਲੱਗੇਗਾ ਕਿ ਤੁਹਾਡੀ ਕਹਿਣੀ ਤੇ ਕਥਨੀ ਵਿਚ ਕਿੰਨਾ ਕੁ ਫਰਕ ਏ, ਅੰਦਰਲੀ ਚੁੱਪ ਅਤੇ ਬਾਹਰੀ ਬੋਲ-ਬਾਣੀ ਦਾ ਕੀ ਅੰਤਰ ਹੈ ਜਾਂ ਤੁਹਾਡੇ ਲਈ ਸ਼ਖਸੀ ਤੇ ਸਮਾਜੀ ਸਰੋਕਾਰਾਂ ਦੇ ਕੀ ਅਰਥ ਨੇ?
ਜਦ ‘ਏਕ ਚਿਹਰੇ ਪੇ ਹਜਾਰ ਚਿਹਰੇ ਸਜਾ ਲੇਤੇ ਹੈਂ ਲੋਕ’ ਦੀ ਧੁਨ ਫਿਜ਼ੀ ਵਿਚ ਗੁੰਜਦੀ ਤਾਂ ਸੰਦੇਵਨਾ ਮੁਰਝਾ ਜਾਂਦੀ? ਯਾਦ ਰੱਖਣਾ! ਹੱਸਦੇ ਚਿਹਰੇ ‘ਚ ਰਿਸ ਸਕਦੀ ਏ ਪੀੜਾ, ਖਾਮੋਸ਼ ਚਿਹਰਿਆਂ ਦੇ ਅੰਤਰੀਵ ‘ਚ ਮੱਚ ਸਕਦੀ ਏ ਖਲਬਲੀ, ਚਾਨਣ ਵੰਡਦੇ ਮੁੱਖੜਿਆਂ ਵਿਚ ਛੁਪਿਆ ਹੋ ਸਕਦਾ ਏ ਹਨੇਰ ਅਤੇ ਪੈੜਾਂ ਨਿਹਾਰਦੇ ਮੁੱਖੜੇ ਦੇ ਗਵਾਚ ਸਕਦੇ ਨੇ ਨਕਸ਼। ਦੁਆਵਾਂ ਮੰਗਦੇ ਚਿਹਰਿਆਂ ਦੀ ਝੋਲੀ ‘ਚ ਕੋਈ ਨਹੀਂ ਪਾਉਂਦਾ ਖੈਰ ਅਤੇ ਆਪਣੇ ਵਿਚੋਂ ਹੀ ਤਲਾਸ਼ਣਾ ਪੈਂਦਾ ਏ ਖੁਦਾ ਰੂਪੀ ਪਹਿਰ।
ਖੁਦ ਦਾ ਮੁੱਖੜਾ ਸੰਵਾਰਨ, ਨਿਖਾਰਨ ਅਤੇ ਨਿਹਾਰਨ ਵਾਲਿਓ! ਕਦੇ ਸਮਾਜ ਨੂੰ ਸ਼ੀਸ਼ੇ ਵਿਚੋਂ ਤੱਕਿਆ ਏ, ਪੌਣ ਦੀ ਪੀੜਾ ਨੂੰ ਹੰਢਾਇਆ ਏ? ਕਦੇ ਤਿੜਕਦੇ ਰਿਸ਼ਤਿਆਂ, ਸਿਸਕਦੇ ਸਬੰਧਾਂ, ਵਿਲਕਦੀਆਂ ਸਾਂਝਾਂ, ਡਰਦੀਆਂ ਦੁਆਵਾਂ, ਡੁੱਬਦੀਆਂ ਆਸ਼ਾਵਾਂ, ਚੀਖਦੇ ਦਰਿਆਵਾਂ, ਧਰਤ ਮਾਂ ਦੀਆਂ ਆਹਾਂ, ਡੌਲਿਓਂ ਟੁੱਟੀਆਂ ਬਾਹਾਂ ਅਤੇ ਕੁੱਖਾਂ ‘ਤੇ ਪੈਂਦੀਆਂ ਬਲਾਵਾਂ ਬਾਰੇ ਮਨ ਦੇ ਚਿੱਤਰਪਟ ‘ਤੇ ਕੁਝ ਚਿੱਤਵਿਆ ਏ? ਇਸ ਕੁਹਜ ਅਤੇ ਮਲੀਨਤਾ ਨੂੰ ਧੋਣ ਲਈ ਸੁਪਨਾ ਲਿਆ ਏ, ਕਿਸੇ ਤਦਬੀਰ ਦਾ ਦਰ ਖੜਕਾਇਆ ਏ ਜਾਂ ਆਪਣੀ ਹੋਣੀ ਦੀ ਉਡੀਕ ਵਿਚ ਸਾਹਾਂ ‘ਚ ਸਿਵੇ ਹੀ ਬਾਲ ਰਹੇ ਹੋ?
ਕਦੇ ਬਿਮਾਰੀ ਦੇ ਭੰਨੇ, ਗਰੀਬੀ ਦੇ ਲਤਾੜੇ, ਖੁਦਕੁਸ਼ੀਆਂ ‘ਚ ਉਜਾੜੇ, ਆਪਣਿਆਂ ਦੀ ਉਡੀਕ ਦੇ ਮਾਰੇ, ਅੱਖਰ-ਗਿਆਨ ਤੋਂ ਵਾਂਝੇ, ਪਿਆਰਿਆਂ ਤੋਂ ਵਿਛੜੇ, ਸੂਲੀ ‘ਤੇ ਚੜ੍ਹਾਏ ਗਏ, ਮੌਤ ਤਾਂਘਦੇ ਜਾਂ ਜਿਉਣਾ ਲੋਚਦੇ ਵਿਅਕਤੀਆਂ ਨੂੰ ਤੱਕਣਾ, ਤੁਹਾਨੂੰ ਚਿਹਰੇ ਦੇ ਵਿਕਰਾਲ ਰੂਪਾਂ ਦਾ ਚਾਨਣ ਹੋਵੇਗਾ।
ਮੁੱਖੜੇ ਦੇ ਹਾਵਭਾਵ ਬਹੁਤ ਕੁਝ ਅਣਕਿਹਾ ਕਹਿ ਜਾਂਦੇ ਜਿਨ੍ਹਾਂ ਨੂੰ ਬੋਲ ਨਾ ਮਿਲਦੇ। ਅਜਿਹਾ ਸਮਝਾ ਜਾਂਦੇ ਜਿਸ ਬਾਰੇ ਅਜੋਕੀਆਂ ਸਿਆਣਪਾਂ ਊਣੀਆਂ ਅਤੇ ਅਜਿਹੀ ਸੋਝੀ ਦਿੰਦੇ ਜਿਹੜੀ ਕਿਸੇ ਕਿਤਾਬ ‘ਚ ਨਹੀਂ।
ਖਾਮੋਸ਼ ਮੁੱਖੜੇ ‘ਤੇ ਪਾਬੰਦੀਆਂ, ਪਹਿਰੇ, ਪਾਪ, ਪੀੜਾ ਤੇ ਪਸ਼ਚਾਤਾਪ ਪਰਿਕਰਮਾ ਕਰਦੇ, ਸਾਹਾਂ ਦੀ ਸੰਘੀ ਨੱਪਦੇ ਅਤੇ ਜਿਊਣ ਲਈ ਨਾਬਰ ਆਸਥਾ ਨੂੰ ਲੀਰੋ ਲੀਰ ਕਰਦੇ। ਪਰ ਜਦ ਸੋਚ ਵਿਚ ਸੂਰਜ, ਸਾਹ ਵਿਚ ਦਮ, ਲੱਤਾਂ ਵਿਚ ਤਾਣ ਅਤੇ ਪੈਰਾਂ ਵਿਚ ਕਦਮ ਧਰਨ ਦੀ ਚਾਹਨਾ ਹੋਵੇ ਤਾਂ ਮੰਜ਼ਲਾਂ ਧਾਹ ਕੇ ਮਿਲਦੀਆਂ।
ਮੁੱਖੜੇ ‘ਤੇ ਘਰਾਲਾਂ, ਵਿਛੋੜੇ ਦਾ ਦਰਦ, ਰਾਤ ਨੂੰ ਸਿਲਵਟਾਂ ‘ਚ ਉਲਝੀ ਨੀਂਦ, ਤਨ-ਮਨ ਦੀ ਪੀੜਾ, ਪ੍ਰਦੇਸੀ ਪੁੱਤ ਦੀ ਬੇਆਸ ਉਡੀਕ ਅਤੇ ਸੱਖਣੇ ਘਰ ਦਾ ਵੱਢ ਵੱਢ ਖਾਂਦਾ ਸੰਤਾਪ ਹੀ ਨੈਣਾਂ ਵਿਚਲਾ ਬੇਕਾਬੂ ਹੋਇਆ ਖਾਰਾ ਪਾਣੀ ਹੁੰਦਾ।
ਬਚਪਨ ‘ਚ ਮੁੱਖੜੇ ‘ਤੇ ਕੋਈ ਲਕੀਰ/ਝੁਰੜੀ ਨਹੀਂ ਹੁੰਦੀ। ਉਮਰ ਵੱਧਣ ਨਾਲ ਮੁੱਖ ‘ਤੇ ਕਰਮ-ਰੇਖਾਵਾਂ ਵੀ ਉਗਦੀਆਂ ਅਤੇ ਝੁਰੜੀਆਂ ਵੀ ਮੁੱਖੜੇ ਨੂੰ ਆਪਣੀ ਕਰਮ ਭੂਮੀ ਬਣਾ ਲੈਂਦੀਆਂ। ਇਨ੍ਹਾਂ ਝੁਰੜੀਆਂ ਦੇ ਓਹਲੇ ਵਿਚ ਬਹੁਤ ਕੁਝ ਛੁਪਿਆ ਹੁੰਦਾ ਏ ਜੋ ਵਿਅਕਤੀ ਨੇ ਤਾਅ-ਉਮਰ ਖੁਦ ‘ਤੇ ਹੰਢਾਇਆ ਹੁੰਦਾ।
ਦਾਦੀ ਮਾਂ ਦੇ ਮੁੱਖੜੇ ‘ਤੇ ਝੁਰੜੀਆਂ ਦੀ ਚਿੱਤਰਕਾਰੀ, ਲੰਘੀਆਂ ਬਹਾਰਾਂ ਤੇ ਪੱਤਝੜਾਂ ਦਾ ਪ੍ਰਮਾਣ, ਗਰਮ-ਸਰਦ ਰੁੱਤਾਂ ਦੀ ਕਲਾਕਾਰੀ, ਜੀਵਨੀ ਦੁੱਖਾਂ-ਸੁੱਖਾਂ ਦੀ ਪੇਸ਼ਕਾਰੀ, ਸੁਹਜ-ਸਿਆਣਪ ਤੇ ਸਾਧਨਾ ਦਾ ਸਿਰਲੇਖ ਅਤੇ ਹੱਥੀਂ ਖੁਣੇ ਮਸਤਕ ਲੇਖ।
ਸਿਆਣੇ ਲੋਕ ਹਰ ਰੋਜ਼ ਸਵੇਰੇ-ਸ਼ਾਮ ਸ਼ੀਸ਼ੇ ਮੂਹਰੇ ਆਪਣੇ ਚਿਹਰੇ ਨਾਲ ਸੰਵਾਦ ਰਚਾਉਂਦੇ, ਇਸ ਦੀ ਸੁੰਦਰਤਾ ਦੀ ਬਰਕਰਾਰੀ ਲਈ ਉਚੇਚ ਕਰਦੇ, ਇਸ ਦੀ ਧਰਾਤਲ ਵਿਚ ਸੁੱਚੀਆਂ ਸੋਚਾਂ ਅਤੇ ਮਾਨਵੀ ਕਰਮਾਂ ਦੀ ਖੈਰਾਤ ਪਾਉਂਦੇ। ਇਸ ਦੇ ਪਿੰਡੇ ‘ਤੇ ਖੇੜਿਆਂ, ਹਾਸਿਆਂ ਅਤੇ ਮੁਸਕਣੀ ਦਾ ਚਿਰੰਜੀਵੀ ਲਿਬਾਸ ਪਾਉਂਦੇ। ਯਾਦ ਰਹੇ! ਮੁੱਖੜੇ ਦੀ ਚਿਰ-ਸਦੀਵੀ ਸੁੰਦਰਤਾ ਲਈ ਨਿਰੰਤਰ ਯਤਨ ਤਾਂ ਕਰਨੇ ਹੀ ਪੈਂਦੇ।
ਮੁੱਖੜਾ ਜਦ ਸੂਰਤ ਤੋਂ ਸੀਰਤ, ਕੁਹਜ ਤੋਂ ਸੁਹਜ, ਕੌੜ ਤੋਂ ਹਲੀਮੀ, ਤੁਅੱਸਬੀ ਤੋਂ ਤੇਜੱਸਵੀ, ਤਲਖੀ ਤੋਂ ਨਿਰਮਾਣਤਾ, ਦੁਰਕਾਰਨ ਤੋਂ ਆਕਰਸ਼ਣ, ਆਕੜਨ ਤੋਂ ਨਿਵਣ, ਦੁਰਅਸੀਸ ਤੋਂ ਅਸੀਸ ਅਤੇ ਸੰਕੀਰਨਤਾ ਤੋਂ ਸੰਜੀਦਗੀ ਦੇ ਸਫਰ ਨੂੰ ਆਪਣੇ ਵਿਚ ਸਮਾਉਂਦਾ ਤਾਂ ਮੁੱਖੜੇ ਦੁਆਲੇ ਸਿਰਜਿਆ ਜਾਂਦਾ ਆਭਾ-ਮੰਡਲ।
ਸੁਹਾਵਣੇ ਮੁੱਖੜੇ ਅਤੇ ਜਿੰæਦਾਦਿਲੀ ਨਾਲ ਜੀਵਨ-ਦੁਸ਼ਵਾਰੀਆਂ ਨੂੰ ਖੁਸ਼ਆਮਦੀਦ ਕਹਿਣ ‘ਤੇ, ਪਗਡੰਡੀਆਂ ਦਾ ਰਾਹ ਬਣਨਾ ਤੇ ਸੁਪਨਿਆਂ ਦਾ ਸੱਚ ਹੋਣਾ ਬਹੁਤ ਅਸਾਨ ਹੁੰਦਾ ਏ। ਅਜਿਹਾ ਮੁੱਖੜੇ ਦੀ ਸੰਧੂਰੀ ਰੰਗਤ ਆਪਣੇ ਆਪ ਹੀ ਦਰਸਾਉਂਦੀ ਏ। ਸ਼ਾਲਾ! ਸੰਦਲੀ ਪਲਾਂ ਵਰਗਾ ਸੰਧੂਰੀ ਮੁੱਖੜਾ, ਜੀਵਨ-ਸਤਰੰਗੀ ਨੂੰ ਰੁਸ਼ਨਾਉਂਦਾ ਰਹੇ।