ਜ਼ਾਹਰ ਕਲਾ ਨ ਛਪੈ ਛਪਾਈ

ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਬਗ਼ਦਾਦ ਜਾ ਕੇ ਨਗਰ ਤੋਂ ਬਾਹਰ ਡੇਰਾ ਲਾਉਣ ਅਤੇ ਉਨ੍ਹਾਂ ਦੀ ਪੀਰ ਦਸਤਗੀਰ ਨਾਲ ਵਾਰਤਾਲਾਪ ਹੋਣ ਦੀ ਗੱਲ ਕੀਤੀ ਸੀ। ਇਸ ਪਉੜੀ ‘ਚ ਭਾਈ ਗੁਰਦਾਸ ਦੱਸਦੇ ਹਨ ਕਿ ਪੀਰ ਦਸਤਗੀਰ ਨੇ ਗੁਰੂ ਨਾਨਕ ਨਾਲ ਕਾਫੀ ਪ੍ਰਸ਼ਨ-ਉਤਰ ਕੀਤੇ ਅਤੇ ਇਸ ਤਕਰਾਰ ਵਿਚੋਂ ਉਸ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਇਹ ਪੀਰ (ਗੁਰੂ ਨਾਨਕ) ਬਹੁਤ ਅਧਿਆਤਮਕ ਸ਼ਕਤੀ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਇਥੇ ਬਗਦਾਦ ਵਿਚ ਆਪਣੀ ਅਧਿਆਤਮਕ ਸ਼ਕਤੀ ਆਪਣੀ ਵਿਚਾਰ-ਚਰਚਾ ਰਾਹੀਂ ਲੋਕਾਂ ਨੂੰ ਦਿਖਾਈ ਹੈ।

ਪੀਰ ਨੇ ਕਿਹਾ ਕਿ ਇਸ ਪੀਰ (ਬਾਬਾ ਨਾਨਕ) ਦਾ ਕਹਿਣਾ ਹੈ ਕਿ ਲੱਖਾਂ ਹੀ ਧਰਤੀਆਂ ਅਤੇ ਆਕਾਸ਼ ਹਨ ਜੋ ਬੜੀ ਅਸਚਰਜ਼ ਭਰੀ ਗੱਲ ਹੈ। ਇਸ ਪਿੱਛੋਂ ਪੀਰ ਦਸਤਗੀਰ ਨੇ ਬਾਬਾ ਨਾਨਕ ਨੂੰ ਫਿਰ ਪ੍ਰਸ਼ਨ ਕੀਤਾ, ‘ਜੋ ਸ਼ਕਤੀ ਤੁਸੀਂ ਪ੍ਰਾਪਤ ਕੀਤੀ ਹੈ, ਉਹ ਸਾਨੂੰ ਵੀ ਦਿਖਾਉ ਤਾਂ ਕਿ ਅਸੀਂ ਵੀ ਕੁੱਝ ਦੇਖ ਸਕੀਏ।’ ਇਹ ਕਹਿਣ ‘ਤੇ ਬਾਬਾ ਨਾਨਕ ਨੇ ਦਸਤਗੀਰ ਦੇ ਪੁੱਤਰ ਨੂੰ ਨਾਲ ਲਿਆ ਅਤੇ ਉਸ ਨੂੰ ਆਪਣੀਆਂ ਅੱਖਾਂ ਬੰਦ ਕਰਨ ਲਈ ਕਿਹਾ। ਗੁਰੂ ਨਾਨਕ ਨੇ ਉਸ ਨੂੰ ਅੱਖ ਦੇ ਫੋਰ ਵਿਚ ਲੱਖਾਂ ਆਕਾਸ਼ਾਂ ਅਤੇ ਧਰਤੀਆਂ ਦੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਸਾਧ-ਸੰਗਤਿ ਦੇ ਇਕੱਠ ਵਿਚੋਂ ਕੜਾਹ ਪ੍ਰਸ਼ਾਦ ਦਾ ਕੱਚਕੌਲ ਭਰ ਕੇ ਧੁਰੋਂ ਪਤਾਲੋਂ ਲਿਆ ਕੇ ਵਰਤਾਇਆ। ਭਾਈ ਗੁਰਦਾਸ ਆਖਰੀ ਤੁਕ ਵਿਚ ਦੱਸਦੇ ਹਨ ਕਿ ਅਧਿਆਤਮਕ ਸ਼ਕਤੀ ਛੁਪਾਇਆਂ ਵੀ ਛੁਪੀ ਨਹੀਂ ਰਹਿੰਦੀ:
ਪੁਛੇ ਪੀਰ ਤਕਰਾਰ ਕਰਿ
ਏਹੁ ਫਕੀਰੁ ਵਡਾ ਅਤਾਈ।
ਏਥੇ ਵਿਚਿ ਬਗਦਾਦ ਦੇ
ਵਡੀ ਕਰਾਮਾਤਿ ਦਿਖਲਾਈ।
ਪਾਤਾਲਾ ਆਕਾਸ ਲਖਿ
ਓੜਕਿ ਭਾਲੀ ਖਬਰਿ ਸੁਣਾਈ।
ਫੇਰਿ ਦੁਰਾਇਨ ਦਸਤਗੀਰ
ਅਸੀ ਭਿ ਵੇਖਾ ਜੋ ਤੁਹਿ ਪਾਈ।
ਨਾਲਿ ਲੀਤਾ ਬੇਟਾ ਪੀਰ ਦਾ
ਅਖੀ ਮੀਟਿ ਗਇਆ ਹਵਾਈ।
ਲਖ ਆਕਾਸ ਪਤਾਲ ਲਖ
ਅਖਿ ਫੁਰਕ ਵਿਚਿ ਸਭਿ ਦਿਖਲਾਈ।
ਭਰਿ ਕਚਕੌਲ ਪ੍ਰਸਾਦਿ ਦਾ
ਧੁਰੋ ਪਤਾਲੋ ਲਈ ਕੜਾਹੀ।
ਜ਼ਾਹਰ ਕਲਾ ਨ ਛਪੈ ਛਪਾਈ॥੩੬॥
ਧਾਰਮਿਕ ਅਕੀਦੇ ਅਨੁਸਾਰ ਆਮ ਤੌਰ ‘ਤੇ ਤਿੰਨ ਲੋਕ ਮੰਨੇ ਜਾਂਦੇ ਹਨ-ਧਰਤੀ, ਪਾਤਾਲ ਤੇ ਆਕਾਸ਼ ਅਤੇ ਕੁਝ ਮਤਾਂ ਅਨੁਸਾਰ ਸੱਤ ਆਕਾਸ਼ ਤੇ ਸੱਤ ਪਾਤਾਲ ਮੰਨੇ ਜਾਂਦੇ ਹਨ। ਗੁਰੂ ਨਾਨਕ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੀ ਰਚਨਾ ਬੇਅੰਤ ਹੈ। ਇਸ ਧਰਤੀ ਵਾਂਗ ਹੋਰ ਅਨੇਕਾਂ ਧਰਤੀਆਂ ਅਤੇ ਆਕਾਸ਼ ਹਨ। ਇਸ ਲਈ ਕਾਦਰ ਦੀ ਕੁਦਰਤਿ ਬੇਅੰਤ ਹੈ ਜਿਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਉਸ ਕਾਦਰ ਦੀ ਕੁਦਰਤਿ ਬੇਅੰਤ ਹੋਣ ਦਾ ਤੱਥ ਬਾਬੇ ਨਾਨਕ ਨੇ ਜਪੁਜੀ ਵਿਚ ਹੀ ਦ੍ਰਿੜ ਕਰਵਾ ਦਿੱਤਾ ਹੈ, ‘ਕਰਤੇ ਕੇ ਕਰਣੈ ਨਾਹੀ ਸੁਮਾਰੁ’ ਅਤੇ ‘ਧਰਤੀ ਹੋਰੁ ਪਰੇ ਹੋਰੁ ਹੋਰੁ’ ‘ਪਾਤਾਲਾ ਪਾਤਾਲ ਲਖ ਆਗਾਸਾ ਅਗਾਸ’ ਅਤੇ ਉਸ ਦੀ ਕੁਦਰਤਿ ਦਾ ਕੋਈ ਲੇਖਾ-ਜੋਖਾ ਨਹੀਂ ਕੀਤਾ ਜਾ ਸਕਦਾ; ਉਹ ਆਪ ਵੀ ਬੇਅੰਤ ਹੈ ਅਤੇ ਉਸ ਦੀ ਕੁਦਰਤਿ ਵੀ ਬੇਅੰਤ ਹੈ ਜਿਸ ਦਾ ਅੰਦਾਜ਼ਾ ਲਾ ਸਕਣਾ ਮਨੁੱਖੀ ਪਹੁੰਚ ਤੋਂ ਬਾਹਰ ਹੈ।
ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਮਕਸਦ ਧਰਮ ਵਿਚ ਪ੍ਰਧਾਨ ਹੋ ਚੁੱਕੇ ਕਰਮ-ਕਾਂਡ ਪ੍ਰਤੀ ਵਿਚਾਰ-ਚਰਚਾ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਨਾ ਤੇ ਉਨ੍ਹਾਂ ਦੀ ਸੁਰਤਿ ਨੂੰ ਇੱਕ ਅਕਾਲ ਪੁਰਖ ਨਾਲ ਜੋੜ ਕੇ ਸੱਚ ਦੇ ਮਾਰਗ ‘ਤੇ ਲਾਉਣਾ ਸੀ, ਸੰਸਾਰ ਨੂੰ ਧਾਰਮਿਕਤਾ ਦੀ ਅਸਲੀਅਤ ਦਾ ਗਿਆਨ ਦੇਣਾ ਸੀ।
ਅਗਲੀ ਪਉੜੀ ‘ਚ ਭਾਈ ਗੁਰਦਾਸ ਦੱਸਦੇ ਹਨ ਕਿ ਇਸ ਤਰ੍ਹਾਂ ਵਿਚਾਰ-ਚਰਚਾ ਰਾਹੀਂ ਗੁਰੂ ਨਾਨਕ ਨੇ ਗੜ੍ਹ ਬਗਦਾਦ, ਮੱਕਾ, ਮਦੀਨਾ ਆਦਿ ਥਾਂਵਾਂ ‘ਤੇ ਆਪਣੇ ਵਿਚਾਰਾਂ ਰਾਹੀਂ ਲੋਕਾਂ, ਖਾਸ ਕਰ ਧਾਰਮਿਕ ਆਗੂਆਂ ਨੂੰ ਸਹਿਮਤ ਕਰਕੇ, ਆਪਣੇ ਮਾਰਗ ਦੀ ਅਸਲੀਅਤ ਸਮਝਾਈ। ਸਿੱਧਾਂ ਦੀਆਂ ਚੌਰਾਸੀ ਮੰਡਲੀਆਂ, ਛੇ ਦਰਸ਼ਨਾਂ ਦੇ ਭੇਖਾਂ ਨੂੰ ਮੰਨਣ ਵਾਲਿਆਂ ਨੂੰ ਵੀ ਧਰਮ ਨਾਲ ਉਨ੍ਹਾਂ ਵੱਲੋਂ ਜੋੜੇ ਗਏ ਪਾਖੰਡਾਂ ਦਾ ਗੁਰੂ ਨਾਨਕ ਨੇ ਅਹਿਸਾਸ ਕਰਾ ਕੇ ਆਪਣੇ ਵਿਚਾਰਾਂ ਦੀ ਉਤਮੱਤਾ ਨਾਲ ਸਹਿਮਤ ਕੀਤਾ। ਲੱਖਾਂ ਪਾਤਾਲ ਤੇ ਆਕਾਸ਼ ਜਿੱਤ ਲਏ ਅਤੇ ਪੂਰੀ ਧਰਤੀ ਤੇ ਸਾਰਾ ਸੰਸਾਰ ਜਿੱਤ ਲਿਆ। ਭਾਵ ਗੁਰੂ ਨਾਨਕ ਨੇ ਲੋਕਾਂ ਨੂੰ ਧਾਰਮਿਕ ਪਾਖੰਡ ਨਾਲੋਂ ਤੋੜ ਕੇ ਸ਼ਬਦ ਦੇ ਲੜ ਲਾਇਆ। ਇਸ ਤਰ੍ਹਾਂ ਧਰਤੀ ਦੇ ਨੌਂ ਖੰਡਾਂ ਵਿਚ ਉਨ੍ਹਾਂ ਸਤਿਨਾਮ ਦਾ ਜਸ ਫੈਲਾ ਦਿੱਤਾ। ਬਾਬੇ ਨਾਨਕ ਨੇ ਦੇਵਤਿਆਂ, ਦਾਨਵਾਂ, ਰਾਖਸ਼ਾਂ, ਚਿਤ੍ਰ ਗੁਪਤ ਆਦਿ ਸਭਨਾਂ ਨੂੰ ਚਰਨੀਂ ਲਾ ਲਿਆ। ਇੰਦਰ ਦੇ ਦਰਬਾਰ ਦੀਆਂ ਅਪਸਰਾਂ, ਰੂਪ, ਰਾਗਾਂ ਤੇ ਰਾਗਣੀਆਂ ਸਭ ਨੇ ਉਨ੍ਹਾਂ ਦੀ ਵਡਿਆਈ ਕੀਤੀ, ਮੰਗਲ ਦੀ ਧੁਨੀ ਕੀਤੀ। ਸਾਰੇ ਸੰਸਾਰ ‘ਤੇ ਅਨੰਦ ਮੰਗਲਾਚਾਰ ਹੋ ਗਿਆ, ਖੁਸ਼ੀ ਦੀ ਲਹਿਰ ਦੌੜ ਗਈ ਕਿ ਕਲਿਜੁਗ ਵਿਚ ਗੁਰੂ ਨਾਨਕ ਦੁਨੀਆਂ ਨੂੰ ਤਾਰਨ ਆਇਆ ਹੈ। ਹਿੰਦੂ-ਮੁਸਲਮਾਨ ਦੋਵੇਂ ਉਨ੍ਹਾਂ ਅੱਗੇ ਸਿਰ ਝੁਕਾਉਣ ਲੱਗ ਪਏ:
ਗੜ ਬਗਦਾਦੁ ਨਿਵਾਇ ਕੈ
ਮਕਾ ਮਦੀਨਾ ਸਭੇ ਨਿਵਾਇਆ।
ਸਿਧ ਚਉਰਾਸੀਹ ਮੰਡਲੀ
ਖਟਿ ਦਰਸਨਿ ਪਾਖੰਡਿ ਜਿਣਾਇਆ।
ਪਾਤਾਲਾ ਆਕਾਸ ਲਖ ਜੀਤੀ
ਧਰਤੀ ਜਗਤ ਸਬਾਇਆ।
ਜੀਤੇ ਨਵ ਖੰਡ ਮੇਦਨੀ
ਸਤਿ ਨਾਮੁ ਦਾ ਚਕ੍ਰ ਫਿਰਾਇਆ।
ਦੇਵ ਦਾਨੋ ਰਾਕਸਿ ਦੈਤ
ਸਭਿ ਚਿਤਿ ਗੁਪਤਿ ਸਭਿ ਚਰਨੀ ਲਾਇਆ।
ਇੰਦ੍ਰਾਸਣਿ ਅਪਛਰਾ
ਰਾਗ ਰਾਗਨੀ ਮੰਗਲੁ ਗਾਇਆ।
ਭਇਆ ਅਨੰਦ ਜਗਤੁ ਵਿਚਿ
ਕਲਿ ਤਾਰਨ ਗੁਰੁ ਨਾਨਕੁ ਆਇਆ।
ਹਿੰਦੂ ਮੁਸਲਮਾਣਿ ਨਿਵਾਇਆ॥੩੭॥
ਇਸ ਪਉੜੀ ਦਾ ਭਾਵ ਹੈ ਕਿ ਬਾਬੇ ਨਾਨਕ ਨੇ ਸ਼ਬਦ ਵਿਚਾਰ ਰਾਹੀਂ ਬਗਦਾਦ ਤੇ ਮੱਕਾ ਮਦੀਨਾ ਦੇ ਮੁਲਾਣਿਆਂ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਕੇ, ਸਿੱਧ ਮੰਡਲੀਆਂ ਦੇ ਪਖੰਡਾਂ ਨੂੰ ਤਾਰ ਤਾਰ ਕੀਤਾ। ਜਿੱਥੇ ਵੀ ਉਹ ਗਏ, ਉਨ੍ਹਾਂ ਲੋਕਾਂ ਨੂੰ ਧਾਰਮਿਕ ਕਰਮਕਾਂਡ ਵਿਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ, ਉਸ ਅਕਾਲ ਪੁਰਖ ਦੇ ਸੱਚੇ ਨਾਮ ਦਾ ਚੱਕ੍ਰ ਚਲਾਇਆ ਜਿਸ ਕਰਕੇ ਜਗਤ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਹਿੰਦੂ-ਮੁਸਲਮਾਨ ਸਭ ਉਨ੍ਹਾਂ ਦਾ ਸਤਿਕਾਰ ਕਰਨ ਲੱਗੇ।
ਅਠੱਤੀਵੀਂ ਪਉੜੀ ਵਿਚ ਭਾਈ ਗੁਰਦਾਸ ਨੇ ਵਰਣਨ ਕੀਤਾ ਹੈ ਕਿ ਚਾਰ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਕਰਨ ਪਿਛੋਂ ਗੁਰੂ ਨਾਨਕ ਨੇ ਉਦਾਸੀਆਂ ਵਾਲਾ ਭੇਖ ਲਾਹ ਦਿੱਤਾ, ਗ੍ਰਹਿਸਥੀਆਂ ਵਾਲੇ ਬਸਤਰ ਪਹਿਨ ਲਏ ਅਤੇ ਕਰਤਾਰਪੁਰ (ਹੁਣ ਪਾਕਿਸਤਾਨ ਵਿਚ) ਵਿਖੇ ਪੱਕਾ ਟਿਕਾਣਾ ਬਣਾ ਲਿਆ; ਮੰਜੀ ‘ਤੇ ਆਸਣ ਲਾ ਕੇ ਆਪਣੇ ਸਿਧਾਂਤਾਂ ਦਾ ਅਰਥਾਤ ਬਾਣੀ ਦਾ ਪ੍ਰਚਾਰ ਕਰਨ ਲੱਗੇ, ਲੋਕਾਂ ਨੂੰ ਬਾਣੀ ਦੇ ਲੜ ਲਾਇਆ। ਇਥੇ ਕਰਤਾਰਪੁਰ ਵਿਖੇ ਹੀ ਉਨ੍ਹਾਂ ਨੇ ਆਪਣੇ ਪੁੱਤਰਾਂ- ਬਾਬਾ ਸ੍ਰੀ ਚੰਦ ਤੇ ਲੱਖਮੀ ਦਾਸ ਦੀ ਥਾਂ ਭਾਈ ਲਹਿਣਾ (ਗੁਰੂ ਅੰਗਦ) ਨੂੰ ਗੁਰਗੱਦੀ ਸੌਂਪੀ ਅਤੇ ਇਹ ਇੱਕ ਤਰ੍ਹਾਂ ਨਾਲ ਉਲਟੀ ਗੰਗਾ ਵਹਾਉਣਾ ਸੀ (ਆਪਣੀ ਵਿਰਾਸਤ ਪੁੱਤਰਾਂ ਨੂੰ ਨਾ ਸੌਂਪ ਕੇ ਆਪਣੇ ਸਿੱਖ ਨੂੰ ਗੁਰੂ ਦੀ ਪਦਵੀ ਬਖਸ਼ਣੀ ਉਲਟੀ ਗੰਗਾ ਵਹਾਉਣ ਬਰਾਬਰ ਹੀ ਸੀ)। ਇਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਗੁਰੂ ਨਾਨਕ ਨੇ ਗੁਰਗੱਦੀ ਸੌਂਪਣ ਵੇਲੇ ਇਸ ਦਾ ਆਧਾਰ ਯੋਗਤਾ-ਮੂਲਕ ਸਿਧਾਂਤ ਨੂੰ ਬਣਾਇਆ। ਗੁਰੂ ਨਾਨਕ ਇਸ ਸਿਧਾਂਤ ਦਾ ਖੁਲਾਸਾ ਰਾਗ ਮਾਰੂ ਵਿਚ ਇਸ ਤਰ੍ਹਾਂ ਕਰਦੇ ਹਨ ਕਿ ਉਸ ਤਖਤ ਦੇ ਉਤੇ ਉਹੀ ਬੈਠਦਾ ਹੈ ਜੋ ਉਸ ਦੇ ਯੋਗ ਹੁੰਦਾ ਹੈ। ਇਸ ਦੇ ਲਾਇਕ ਕੌਣ ਹੁੰਦਾ ਹੈ, ਰੱਬ ਦਾ ਉਹ ਦਾਸ ਜਾਂ ਸੇਵਕ ਜਿਸ ਦੇ ਪੰਜ ਦੋਸ਼-ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਮੁੱਕ ਗਏ ਹੁੰਦੇ ਹਨ ਤੇ ਜਿਸ ਨੇ ਸ਼ੱਕ ਅਤੇ ਭਰਮ ਦੂਰ ਕੀਤਾ ਹੁੰਦਾ ਹੈ:
ਤਖਤਿ ਬਹੈ ਤਖਤੈ ਕੀ ਲਾਇਕ॥
ਪੰਚ ਸਮਾਏ ਗੁਰਮਤਿ ਪਾਇਕ॥
ਆਦਿ ਜੁਗਾਦੀ ਹੈ ਭੀ ਹੋਸੀ
ਸਹਸਾ ਭਰਮੁ ਚੁਕਾਇਆ॥੧੪॥
(ਪੰਨਾ ੧੦੩੯)
ਭਾਈ ਲਹਿਣੇ ਨੂੰ ਇਸ ਲਈ ਗੁਰੂ ਥਾਪਿਆ ਕਿ ਪੁੱਤਰਾਂ ਨੇ ਗੁਰੂ ਦਾ ਬਚਨ ਨਹੀਂ ਮੰਨਿਆ, ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਦੇ ਖੋਟੇ ਮਨ ਆਕੀ ਅਤੇ ਨੱਸਣ ਵਾਲੇ ਹੋ ਗਏ। ਬਾਬੇ ਨੇ ਕਰਤਾਰਪੁਰ ਬੈਠ ਕੇ ਬਾਣੀ ਉਚਾਰੀ ਤਾਂ ਕਿ ਸੰਸਾਰ ਤੋਂ ਅਗਿਆਨ ਦਾ ਹਨੇਰਾ ਮਿਟ ਜਾਵੇ ਅਤੇ ਗਿਆਨ ਦਾ ਚਾਨਣ ਚਾਰ ਚੁਫੇਰੇ ਨੂੰ ਰੁਸ਼ਨਾ ਦੇਵੇ। ਕਰਤਾਰਪੁਰ ਵਿਚ ਗਿਆਨ ਦੀਆਂ ਗੋਸ਼ਟਾਂ ਹੋਣ ਲੱਗੀਆਂ ਅਰਥਾਤ ਗਿਆਨ ਦੀ ਚਰਚਾ ਸਦਾ ਹੁੰਦੀ ਰਹਿੰਦੀ, ਬਾਣੀ ਦਾ ਕੀਰਤਨ ਹੁੰਦਾ, ਇਕਰਸ ਬਾਣੀ ਦੀ ਧੁਨੀ ਗੂੰਜਣ ਲੱਗੀ। ਸੰਧਿਆ ਵੇਲੇ ਸੋਦਰੁ ਤੇ ਆਰਤੀ ਦਾ ਕੀਰਤਨ ਹੁੰਦਾ ਅਤੇ ਅੰਮ੍ਰਿਤ ਵੇਲੇ ਸੰਗਤਿ ਜਪੁਜੀ ਦਾ ਉਚਾਰਨ ਕਰਦੀ। ਇਸ ਤਰ੍ਹਾਂ ਗੁਰੂ ਦੀ ਸਿੱਖਿਆ ‘ਤੇ ਚੱਲਦਿਆਂ ਅਥਰਵਵਣ ਵੇਦ ਦਾ ਭਾਰ ਲਾਹ ਸੁੱਟਿਆ ਅਰਥਾਤ ਲੋਕਾਂ ਨੇ ਤੰਤ੍ਰਾਂ-ਮੰਤ੍ਰਾਂ ਅਤੇ ਜਾਦੂ ਟੂਣਿਆਂ ਤੋਂ ਖਹਿੜਾ ਛੁਡਾ ਲਿਆ (ਅਥਰਵ ਵੇਦ ਅਤੇ ਇਸ ਨਾਲ ਜੁੜੇ ਜਾਦੂ ਟੂਣਿਆਂ ਤੰਤ੍ਰਾਂ-ਮੰਤ੍ਰਾਂ ਦਾ ਜ਼ਿਕਰ ਭਾਈ ਗੁਰਦਾਸ ਪਹਿਲਾਂ ਕਰ ਚੁੱਕੇ ਹਨ):
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ
ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਈਓਨਿ
ਗੁਰ ਅੰਗਦੁ ਸਿਰਿ ਉਪਰਿ ਧਾਰਾ।
ਪੁਤਰੀ ਕਉਲੁ ਨ ਪਾਲਿਆ
ਮਨਿ ਖੋਟੇ ਆਕੀ ਨਸਿਆਰਾ।
ਬਾਣੀ ਮੁਖਹੁ ਉਚਾਰੀਐ
ਹੁਇ ਰੁਸਨਾਈ ਮਿਟੈ ਅੰਧਾਰਾ।
ਗਿਆਨੁ ਗੋਸਟਿ ਚਰਚਾ ਸਦਾ
ਅਨਹਦਿ ਸਬਦਿ ਉਠੇ ਧੁਨਕਾਰਾ।
ਸੋ ਦਰੁ ਆਰਤੀ ਗਾਵੀਐ
ਅੰਮ੍ਰਿਤ ਵੇਲੇ ਜਾਪੁ ਉਚਾਰਾ।
ਗੁਰਮੁਖਿ ਭਾਰਿ ਅਥਰਬਣਿ ਤਾਰਾ॥੩੮॥
ਰਾਇ ਬਲਵੰਡ ਅਤੇ ਸੱਤੇ ਨੇ ਰਾਮਕਲੀ ਦੀ ਵਾਰ ਵਿਚ ਗੁਰੂ ਨਾਨਕ ਦੇਵ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਜਿਸ ਦਾ ਨਾਮਣਾ ਕਾਦਰ ਕਰਤਾ ਆਪ ਉਚਾ ਕਰੇ, ਉਸ ਨੂੰ ਤੋਲਣ ਲਈ ਕਿਸੇ ਹੋਰ ਪਾਸੋਂ ਕੋਈ ਗੱਲ ਨਹੀਂ ਹੋ ਸਕਦੀ। ਇੱਥੇ ਉਨ੍ਹਾਂ ਦਾ ਭਾਵ ਹੈ ਕਿ ਅਸੀਂ ਵਿਚਾਰੇ ਆਮ ਮਨੁੱਖ ਗੁਰੂ ਦੇ ਉਚੇ ਰੁਤਬੇ ਨੂੰ ਕੀ ਬਿਆਨ ਕਰ ਸਕਦੇ ਹਾਂ? ਦੈਵੀ ਗੁਣ ਜੋ ਮਨੁੱਖ ਦੀ ਆਤਮਕ ਅਵਸਥਾ ਨੂੰ ਉਚਾ ਕਰਦੇ ਹਨ ਇਹ ਆਪਸ ਵਿਚ ਸਕੇ ਭੈਣ-ਭਰਾ ਹਨ ਜਿਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਆਪਣੇ ਅੰਦਰ ਪੈਦਾ ਕਰਨ ਲਈ ਜਤਨ ਕਰਨਾ ਪੈਂਦਾ ਹੈ; ਇਹ ਗੁਣ ਸਤਿਗੁਰੁ ਦੇ ਅੰਦਰ ਰੱਬੀ ਬਖਸ਼ਿਸ਼ ਨਾਲ ਆਪਣੇ ਆਪ ਹੀ ਮੌਜੂਦ ਹਨ। ਇਸ ਉਚੇ ਨਾਮਣੇ ਵਾਲੇ ਗੁਰੂ ਨਾਨਕ ਸਾਹਿਬ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ ਧਰਮ ਦਾ ਰਾਜ ਚਲਾਇਆ। ਅਕਾਲ ਪੁਰਖ ਦੀ ਬਖਸ਼ਿਸ਼ ਕੀਤੀ ਮਤਿ-ਰੂਪੀ ਤਲਵਾਰ ਨਾਲ, ਜ਼ੋਰ ਅਤੇ ਬਲ ਨਾਲ ਭਾਈ ਲਹਿਣਾ ਜੀ ਨੂੰ ਆਤਮਕ ਜ਼ਿੰਦਗੀ ਬਖਸ਼ ਕੇ, ਭਾਈ ਲਹਿਣਾ ਜੀ ਜੋ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀ ਰਹੇ ਸਨ, ਦੇ ਸਿਰ ਗੁਰੂ ਨਾਨਕ ਨੇ ਗੁਰਿਆਈ ਦਾ ਛਤਰ ਰੱਖ ਦਿੱਤਾ। ਆਪਣੇ ਜੀਵਨ ਸਮੇਂ ਅੰਦਰ ਹੀ ਆਪਣੇ ਸਿੱਖ ਅੱਗੇ ਮੱਥਾ ਟੇਕਿਆ ਅਤੇ ਜਿਉਂਦਿਆਂ ਹੀ ਗੁਰਿਆਈ ਦਾ ਤਿਲਕ ਲਹਿਣਾ ਜੀ ਦੇ ਮੱਥੇ ਲਾ ਦਿੱਤਾ ਅਤੇ ਉਨ੍ਹਾਂ ਨੂੰ ਗੁਰੂ ਅੰਗਦ ਕਰਕੇ ਥਾਪਿਆ। ਗੁਰੂ ਨਾਨਕ ਦੀ ਵਡਿਆਈ ਦੀ ਧੁੰਮ ਚਾਰੇ ਦਿਸ਼ਾਵਾਂ ਵਿਚ ਫੈਲੀ ਹੋਈ ਸੀ ਜਿਸ ਦੀ ਬਰਕਤਿ ਸਦਕਾ ਭਾਈ ਲਹਿਣਾ ਦੀ ਧੁੰਮ ਵੀ ਪੈ ਗਈ। ਕਾਰਨ ਇਹ ਸੀ ਕਿ ਸਿਰਫ ਸਰੀਰ ਹੀ ਵਟਿਆ ਸੀ ਪਰ ਗੁਰੂ ਜੁਗਤਿ ਵੀ ਉਹੀ ਸੀ ਅਤੇ ਰੱਬੀ ਜੋਤਿ ਵੀ ਉਹੀ ਸੀ। ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ ਭਾਈ ਲਹਿਣਾ ਨੇ ਉਸ ਨੂੰ ਸਤਿ ਕਰਕੇ ਮੰਨਿਆ, ਗੁਰੂ ਦੇ ਹੁਕਮ ਦੀ ਪਾਲਣਾ ਕੀਤੀ, ਮੰਨਣ ਤੋਂ ਨਾਂਹ ਨਹੀਂ ਕੀਤੀ। ਇਸ ਦੇ ਉਲਟ ਪੁੱਤਰਾਂ ਨੇ ਸਤਿਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ ਅਤੇ ਗੁਰੂ ਵੱਲ ਪਿੱਠ ਕਰਕੇ ਹੁਕਮ ਮੋੜਦੇ ਰਹੇ। ਜੋ ਲੋਕ ਦਿਲ ਵਿਚ ਖੋਟ ਹੋਣ ਕਰਕੇ ਗੁਰੂ ਵੱਲੋਂ ਬੇਮੁਖ ਹੋਏ ਫਿਰਦੇ ਹਨ, ਉਹ ਦੁਨਿਆਵੀ ਧੰਧਿਆਂ ਦੀ ਛੱਟ ਦਾ ਭਾਰ ਚੁੱਕੀ ਫਿਰਦੇ ਹਨ। ਇਹ ਸਭ ਕੁੱਝ ਰੱਬੀ ਭਾਣੇ ਵਿਚ ਵਾਪਰਦਾ ਹੈ, ਜਿਸ ਵਿਚ ਨਾ ਕੋਈ ਹਾਰਨ ਵਾਲਾ, ਨਾ ਕੋਈ ਜਿੱਤਣ ਜੋਗਾ। ਅਕਾਲ ਪੁਰਖ ਨੇ ਭਾਈ ਲਹਿਣੇ ਵਿਚ ਇਹ ਸਮਰੱਥਾ ਆਪ ਪਾਈ ਕਿ ਉਹ ਗੁਰੂ ਦੇ ਹੁਕਮ ਦੇ ਅਨੁਸਾਰੀ ਹੋ ਕੇ ਚੱਲਣ:
ਨਾਉ ਕਰਤਾ ਕਾਦਰੁ ਕਰੇ
ਕਿਉ ਬੋਲੁ ਹੋਵੈ ਜੋਖੀਵਦੈ॥
ਦੇ ਗੁਨਾ ਸਤਿ ਭੈਣ ਭਰਾਵ ਹੈ
ਪਾਰੰਗਤਿ ਦਾਨੁ ਪੜੀਵਦੈ॥
ਨਾਨਕਿ ਰਾਜੁ ਚਲਾਇਆ
ਸਚੁ ਕੋਟੁ ਸਤਾਣੀ ਨੀਵ ਦੈ॥

ਪੁਤ੍ਰੀ ਕਉਲੁ ਨ ਪਾਲਿਓ
ਕਰਿ ਪੀਰਹੁ ਕੰਨ੍ਹ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨ੍ਹਿ
ਬੰਨ੍ਹਿ ਭਾਰਿ ਉਚਾਰਨ੍ਹਿ ਛਟੀਐ॥
(ਪੰਨਾ ੯੬੬-੬੭)
ਸ਼ਿਵਰਾਤ੍ਰੀ ਦਾ ਸਬੰਧ ਸ਼ਿਵਜੀ ਨਾਲ ਜੁੜਿਆ ਹੋਇਆ ਹੈ ਤੇ ਅਚਲ ਵਟਾਲਾ ਜੋਗੀਆਂ ਦਾ ਵੱਡਾ ਕੇਂਦਰ ਰਿਹਾ ਹੈ ਜਿੱਥੇ ਸ਼ਿਵਰਾਤ੍ਰੀ ਦੇ ਮੇਲੇ ‘ਤੇ ਜੋਗੀ ਵੱਡੀ ਗਿਣਤੀ ਵਿਚ ਇਕੱਠੇ ਹੁੰਦੇ ਸਨ। ਗੁਰੂ ਨਾਨਕ ਸ਼ਿਵਰਾਤ੍ਰੀ ਦੇ ਮੇਲੇ ਬਾਰੇ ਸੁਣ ਕੇ ਅਚਲ ਵਟਾਲੇ ਆਏ ਤਾਂ ਕਿ ਜੋਗੀਆਂ ਨਾਲ ਵਿਚਾਰ-ਚਰਚਾ ਕਰ ਸਕਣ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਬਾਬਾ ਅਚਲ ਵਟਾਲੇ ਆਇਆ ਹੈ ਤਾਂ ਉਨ੍ਹਾਂ ਦੇ ਦਰਸ਼ਨਾਂ ਲਈ ਹੁੰਮ ਹੁੰਮਾ ਕੇ ਆਏ। ਮਾਇਆ ਦੀ ਵਰਖਾ ਹੋਣ ਲੱਗੀ ਅਤੇ ਰਿੱਧੀਆਂ, ਸਿੱਧੀਆਂ ਤੇ ਨੌਂ ਨਿੱਧੀਆਂ ਦੂਣ-ਸਵਾਈਆਂ ਹੋਣ ਲਗੀਆਂ। ਜੋਗੀ ਇਹ ਕੌਤਕ ਦੇਖ ਕੇ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਦੇ ਮਨ ਵਿਚ ਗੁਰੂ ਨਾਨਕ ਲਈ ਈਰਖਾ ਪੈਦਾ ਹੋ ਗਈ (ਭਾਵੇਂ ਜੋਗੀ ਲੋਕ ਆਪਣੇ ਆਪ ਨੂੰ ਦੁਨਿਆਵੀ ਲਾਲਚਾਂ ਤੋਂ ਨਿਰਲੇਪ ਮੰਨਦੇ ਹਨ ਪਰ ਉਨ੍ਹਾਂ ਤੋਂ ਬਾਬੇ ਨਾਨਕ ਦੀ ਚੜ੍ਹਤ ਸਹਾਰੀ ਨਾ ਗਈ ਅਤੇ ਈਰਖਾ ਕਰਨ ਲੱਗੇ)। ਰਾਸਧਾਰੀ (ਨ੍ਰਿਤਕਾਰੀ ਕਰਕੇ ਭਜਨ ਗਾਉਣ ਵਾਲੇ ਸਾਧੂ) ਆ ਕੇ ਬਾਬੇ ਨਾਨਕ ਦੇ ਸਾਹਮਣੇ ਰਾਸ ਪਾਉਣ ਲੱਗੇ। ਜੋਗੀਆਂ ਨੂੰ ਇਸ ਦੀ ਵੀ ਈਰਖਾ ਹੋਈ ਕਿ ਉਹ ਜੋਗੀਆਂ ਅੱਗੇ ਰਾਸ ਕਿਉਂ ਨਹੀਂ ਪਾ ਰਹੇ। ਇਸੇ ਈਰਖਾ ਵਿਚ ਜੋਗੀਆਂ ਨੇ ਰਾਸਧਾਰੀਆਂ ਦਾ ਲੋਟਾ ਲੁਕਾ ਦਿੱਤਾ ਜਿਸ ‘ਚ ਉਹ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਸਨ। ਰਾਸਧਾਰੀਆਂ ਨੂੰ ਰਾਸ ਪਾਉਣੀ ਭੁੱਲ ਗਈ ਅਤੇ ਉਨ੍ਹਾਂ ਦਾ ਸਾਰਾ ਧਿਆਨ ਆਪਣਾ ਲੋਟਾ ਲੱਭਣ ਵਿਚ ਲੱਗ ਗਿਆ ਕਿਉਂਕਿ ਉਸ ਵਿਚ ਲੋਕਾਂ ਤੋਂ ਇਕੱਠੀ ਕੀਤੀ ਹੋਈ ਉਗਰਾਹੀ ਸੀ। ਗੁਰੂ ਨਾਨਕ ਅੰਤਰਯਾਮੀ ਸਨ ਅਤੇ ਉਨ੍ਹਾਂ ਨੇ ਲੋਟਾ ਉਥੋਂ ਕੱਢ ਲਿਆ ਜਿੱਥੇ ਜੋਗੀਆਂ ਨੇ ਲੁਕਾਇਆ ਸੀ। ਇਹ ਕੌਤਕ ਦੇਖ ਕੇ ਜੋਗੀ ਹੋਰ ਜ਼ਿਆਦਾ ਖੁਣਸ ਖਾਣ ਲੱਗ ਪਏ:
ਮੇਲਾ ਸੁਣਿ ਸਿਵਰਾਤਿ ਦਾ
ਬਾਬਾ ਅਚਲ ਵਟਾਲੇ ਆਈ।
ਦਰਸਨੁ ਵੇਖਣਿ ਕਾਰਨੇ
ਸਗਲੀ ਉਲਟਿ ਪਈ ਲੋਕਾਈ।
ਲਗੀ ਬਰਸਣਿ ਲਛਮੀ
ਰਿਧਿ ਸਿਧਿ ਨਉ ਨਿਧਿ ਸਵਾਈ।
ਜੋਗੀ ਦੇਖਿ ਚਲਿਤ੍ਰ ਨੋ
ਮਨ ਵਿਚਿ ਰਿਸਕਿ ਘਨੇਰੀ ਖਾਈ।
ਭਗਤੀਆ ਪਾਈ ਭਗਤਿ ਆਣਿ
ਲੋਟਾ ਜੋਗੀ ਲਇਆ ਛਪਾਈ।
ਭਗਤੀਆ ਗਈ ਭਗਤਿ ਭੁਲਿ
ਲੋਟੇ ਅੰਦਰਿ ਸੁਰਤਿ ਭੁਲਾਈ।
ਬਾਬਾ ਜਾਣੀ ਜਾਣ ਪੁਰਖ
ਕਢਿਆ ਲੋਟਾ ਜਹਾ ਲੁਕਾਈ।
ਵੇਖਿ ਚਲਿਤ੍ਰਿ ਜੋਗੀ ਖੁਣਿਸਾਈ॥੩੯॥