ਗੁਰਚਰਨ ਸਿੰਘ ਜੈਤੋ
ਫੋਨ: 331-321-1759
ਹਿਟਲਰ ਨੇ ਦੂਜੀ ਵਿਸ਼ਵ ਜੰਗ ਦੀ ਸ਼ੁਰੂਆਤ ਸੱਠ ਲੱਖ ਯਹੂਦੀਆਂ ਨੂੰ ਮੌਤ ਦੇ ਕੈਂਪਾਂ ਵਿਚ ਤਾੜ ਕੇ ਜਿਉਂਦਿਆਂ ਮਾਰ ਕੇ ਕੀਤੀ। ਇਨ੍ਹਾਂ ਕੈਂਪਾਂ ਵਿਚੋਂ ਕਈ ਮਰਦ, ਔਰਤਾਂ ਤੇ ਬੱਚੇ ਮੌਤ ਦੇ ਮੂੰਹੋਂ ਬਚ ਨਿਕਲੇ। ਉਨ੍ਹਾਂ ਦੇ ਬਚ ਨਿਕਲਣ ਦੀਆਂ ਕਹਾਣੀਆਂ ਬੜੀਆਂ ਦੁਖਦਾਈ ਸਨ। ਕੁਝ ਨੇ ਆਪਣੀਆਂ ਹੱਡ ਬੀਤੀਆਂ ਲਿਖੀਆਂ ਜਾਂ ਸੁਣਾਈਆਂ। ਇਹ ਉਨ੍ਹਾਂ ਵਿਚੋਂ ਇਕ ਕਹਾਣੀ ਹੈ।
ਅਗਸਤ ਦਾ ਮਹੀਨਾ, ਸਾਲ 1942, ਥਾਂ-ਪਿਓਤ੍ਰਕਾਓ, ਦੇਸ਼-ਪੋਲੈਂਡ। ਅਸੀਂ ਸਾਰੇ ਫਿਕਰਮੰਦ ਸਾਂ ਤੇ ਸਵੇਰ ਵੀ ਮਾਯੂਸ ਸੀ। ਉਸ ਦਿਨ ਸਾਰੇ ਆਦਮੀ, ਔਰਤਾਂ ਤੇ ਬੱਚਿਆਂ ਨੂੰ ਪਿਓਤ੍ਰਕਾਓ ਦੇ ਵੱਡੇ ਚੌਕ ਵਿਚ ਇਕੱਠਾ ਕਰ ਲਿਆ ਗਿਆ ਸੀ। ਇਹ ਚੌਕ ਯਹੂਦੀਆਂ ਦੀ ਬਸਤੀ ਦੇ ਵਿਚਕਾਰ ਸੀ। ਸਾਰਿਆਂ ਨੂੰ ਕੰਨੋਂ ਕੰਨੀ ਇਹੋ ਪਤਾ ਲਗਿਆ ਸੀ, ਸਾਨੂੰ ਏਥੋਂ ਲੈ ਜਾਣਗੇ। ਅਜੇ ਕੁਝ ਦਿਨ ਪਹਿਲਾਂ ਹੀ ਮੇਰੇ ਪਾਪਾ ਬਿਮਾਰ ਰਹਿਣ ਪਿੱਛੋਂ ਗੁਜ਼ਰ ਗਏ ਸਨ। ਕਹਿੰਦੇ ਨੇ ਕਿ ਟਾਇਫਾਇਡ ਬੁਖ਼ਾਰ ਸੀ ਜਿਹੜਾ ਸਾਰੀ ਬਸਤੀ ਵਿਚ ਫੈਲ ਗਿਆ ਸੀ। ਦਵਾਈ ਬੂਟੀ ਦਾ ਕੋਈ ਵਸੀਲਾ ਨਹੀਂ ਸੀ ਰਹਿਣ ਦਿੱਤਾ ਗਿਆ। ਸਭ ਤੋਂ ਵੱਡਾ ਫਿਕਰ ਜੋ ਸਭ ਨੂੰ ਵੱਢ ਵੱਢ ਖਾ ਰਿਹਾ ਸੀ, ਉਹ ਇਹ ਕਿ ਹੁਣ ਸਾਰਾ ਪਰਿਵਾਰ ਵਿਛੜ ਜਾਊ। ਪਤਾ ਨਹੀਂ ਕੌਣ ਕਿੱਥੇ ਜਾਵੇ! ਬੜਾ ਭੈੜਾ ਸਮਾਂ ਸੀ!
“ਭਾਵੇਂ ਕੁਝ ਵੀ ਹੋ ਜਾਵੇ, ਤੂੰ ਆਪਣੀ ਉਮਰ ਨਹੀਂ ਕਿਸੇ ਨੂੰ ਦੱਸਣੀ।” ਮੇਰੇ ਵੱਡੇ ਭਰਾ ਇਸੀਡੋਰ ਨੇ ਮੇਰੇ ਕੰਨ ਵਿਚ ਇਹ ਗੱਲ ਪੱਕੀ ਕੀਤੀ ਸੀ, “ਆਖੀਂ ਕਿ ਤੂੰ ਸੋਲਾਂ ਸਾਲਾਂ ਦਾ ਏਂ।”
ਮੇਰਾ ਕੱਦ ਤੇ ਸਿਹਤ ਕਿਸੇ ਗਿਆਰਾਂ ਸਾਲ ਵਾਲੇ ਬੱਚੇ ਦਾ ਨਹੀਂ ਸੀ। ਮੈਂ ਵਾਹਵਾ ਤਕੜਾ ਸਾਂ ਇਸ ਲਈ ਇਹ ਗੱਲ ਅਗਲੇ ਨੂੰ ਜਚ ਹੀ ਜਾਣੀ ਸੀ। ਇੰਜ ਮੈਂ ਕਿਸੇ ਕੰਮ ‘ਤੇ ਵੀ ਲੱਗ ਸਕਦਾ ਸਾਂ। ਹੋ ਸਕਦੈ ਆਉਣ ਵਾਲਾ ਸੰਕਟ ਟਲ ਜਾਵੇ! ਏਨੇ ਵਿਚ ਇਕ ਫੌਜੀ ਪੱਥਰਾਂ ਵਾਲੀ ਸੜਕ ‘ਤੇ ਆਪਣੇ ਬੂਟਾਂ ਨਾਲ ਖੜਾਕ ਕਰਦਾ ਪਹੁੰਚ ਗਿਆ। ਉਹਨੇ ਮੈਨੂੰ ਸਾਹਮਣਿਓਂ ਸਿਰ ਤੋਂ ਪੈਰਾਂ ਤਕ ਨੀਝ ਲਾ ਕੇ ਦੇਖਿਆ ਤੇ ਮੇਰੀ ਉਮਰ ਪੁੱਛੀ।
“ਸੋਲਾਂ ਸਾਲ।”
ਉਸ ਨੇ ਮੈਨੂੰ ਖੱਬੇ ਪਾਸੇ ਜਾਣ ਲਈ ਇਸ਼ਾਰਾ ਕੀਤਾ ਜਿੱਥੇ ਮੇਰੇ ਤਿੰਨ ਭਰਾ ਤੇ ਹੋਰ ਜਵਾਨ ਬੰਦੇ ਖੜ੍ਹੇ ਸਨ। ਮੇਰੀ ਮਾਂ ਨੂੰ ਸੱਜੇ ਪਾਸੇ ਜਾਣ ਦਾ ਇਸ਼ਾਰਾ ਕੀਤਾ ਗਿਆ ਜਿਥੇ ਹੋਰ ਕਈ ਔਰਤਾਂ, ਬੱਚੇ, ਬੁੱਢੇ ਤੇ ਬਿਮਾਰ ਲੋਕ ਖੜ੍ਹੇ ਸਨ। ਮੈਂ ਇਸੀਡੋਰ ਦੇ ਕੰਨ ਵਿਚ ਕਿਹਾ, “ਇਹ ਕੀææ?” ਉਸ ਨੇ ਕੋਈ ਜਵਾਬ ਨਾ ਦਿੱਤਾ। ਮੈਂ ਆਪਣੀ ਮਾਂ ਵਾਲੇ ਪਾਸੇ ਦੌੜ ਗਿਆ ਤੇ ਕਿਹਾ ਕਿ ਮੈਂ ਤਾਂ ਏਧਰ ਈ ਖੜ੍ਹਾ ਹੋਵਾਂਗਾ!
“ਏਥੋਂ ਚਲਾ ਜਾਹ। ਜਾਹ ਪਾਸੇ ਹੋ। ਏਥੇ ਕੋਈ ਬਖੇੜਾ ਨਾ ਖੜ੍ਹਾ ਕਰ ਦੇਈਂ। ਜਾਹ ਜਾ ਕੇ ਆਪਣੇ ਭਰਾਵਾਂ ਕੋਲ ਖੜ੍ਹਾ ਹੋ ਜਾ।” ਮਾਂ ਨੇ ਮੈਨੂੰ ਪਹਿਲਾਂ ਕਦੇ ਵੀ ਇੰਜ ਨਹੀਂ ਸੀ ਝਿੜਕਿਆ। ਮੈਂ ਸਮਝ ਗਿਆ ਕਿ ਉਹ ਮੈਨੂੰ ਬਚਾ ਕੇ ਰਖਣਾ ਚਾਹੁੰਦੀ ਸੀ। ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਪਹਿਲੀ ਵਾਰੀ ਜੇ ਉਸ ਨੇ ਮੈਨੂੰ ਅਜ ਝਿੜਕਿਆ ਸੀ ਤਾਂ ਕੋਈ ਗੱਲ ਜ਼ਰੂਰ ਸੀ। ਪਰ ਉਸ ਨੇ ਕੋਈ ਗੁੱਸਾ ਤਾਂ ਨਹੀਂ ਸੀ ਕੀਤਾ। ਉਹੀ ਪਲ ਸਨ ਜਦੋਂ ਮੈਂ ਉਹਨੂੰ ਆਖਰੀ ਵਾਰ ਦੇਖਿਆ!
ਮੈਨੂੰ ਮੇਰੇ ਭਰਾਵਾਂ ਨਾਲ ਪਸ਼ੂ ਢੋਣ ਵਾਲੇ ਇਕ ਰੇਲ ਦੇ ਡੱਬੇ ਵਿਚ ਜਰਮਨੀ ਲਿਜਾਣ ਵਾਸਤੇ ਤਾੜ ਦਿੱਤਾ ਗਿਆ। ਕਈ ਹਫਤਿਆਂ ਮਗਰੋਂ ਅਸੀਂ ਬਕਨਵਾਲਡ ਨਾਂ ਦੇ ਕੈਂਪ ਪਹੁੰਚ ਗਏ। ਸਾਨੂੰ ਲੋਕਾਂ ਨਾਲ ਭਰੀ ਬੈਰਕ ਵਿਚ ਲਿਜਾਇਆ ਗਿਆ। ਅਗਲੇ ਦਿਨ ਸਾਨੂੰ ਖਾਸ ਵਰਦੀਆਂ ਪਹਿਨਣ ਲਈ ਦਿੱਤੀਆਂ ਗਈਆਂ ਤੇ ਸ਼ਨਾਖਤੀ ਨੰਬਰ ਦਿੱਤੇ ਗਏ। ਹੁਣ ਨਾਮ ਦੀ ਥਾਂ ਸਾਨੂੰ ਉਸੇ ਨੰਬਰ ਨਾਲ ਜਾਣਿਆ ਪਛਾਣਿਆ ਜਾਣਾ ਸੀ।
“ਮੈਨੂੰ ਹਰਮਨ ਕਹਿਣ ਦੀ ਲੋੜ ਨਹੀਂ, ਹੁਣ ਮੈਨੂੰ 94983 ਕਹਿ ਕੇ ਬੁਲਾਇਆ ਕਰੋ।” ਮੈਂ ਆਪਣੇ ਭਰਾਵਾਂ ਨੂੰ ਪੱਕਾ ਕੀਤਾ।
ਮੈਨੂੰ ਪਹਿਲੇ ਦਿਨ ਹੀ ਕੈਂਪ ਦੀ ਸ਼ਮਸ਼ਾਨ ਵਿਚ ਕੰਮ ‘ਤੇ ਲਾ ਦਿੱਤਾ ਗਿਆ। ਮੇਰਾ ਕੰਮ ਹੱਥ ਨਾਲ ਚਲਣ ਵਾਲੀ ਲਿਫਟ ਵਿਚ ਲਾਸ਼ਾਂ ਸੁੱਟਣ ਦਾ ਹੁੰਦਾ ਸੀ। ਇਹ ਕੰਮ ਕਰਦਿਆਂ ਮੈਂ ਵੀ ਆਪਣੇ ਆਪ ਨੂੰ ਇਕ ਲਾਸ਼ ਹੀ ਸਮਝਣ ਲੱਗ ਪਿਆ ਸਾਂ। ਸਖਤ, ਠੋਸ ਤੇ ਬੇਜਾਨ, ਮੇਰਾ ਵਜੂਦ ਸਿਰਫ ਇਕ ਨੰਬਰ ਹੀ ਤਾਂ ਸੀ! ਇਸ ਤੋਂ ਕੁਝ ਦਿਨਾਂ ਪਿਛੋਂ ਸਾਨੂੰ ਸਾਰੇ ਭਰਾਵਾਂ ਨੂੰ ਕੁਝ ਹੋਰ ਲੋਕਾਂ ਨਾਲ ਬਰਲਿਨ ਨੇੜੇ ਕਿਸੇ ਹੋਰ ਕੈਂਪ ਭੇਜ ਦਿੱਤਾ।
ਇਕ ਦਿਨ ਸਵੇਰੇ ਸਵੇਰੇ ਮੈਨੂੰ ਭੁਲੇਖਾ ਪਿਆ ਜਿਵੇਂ ਮੈਂ ਆਪਣੀ ਮਾਂ ਦੀ ਆਵਾਜ਼ ਸੁਣੀ ਹੋਵੇ। “ਬੇਟੇ, ਮੈਂ ਤੈਨੂੰ ਆਪਣਾ ਪਿਆਰ ਭੇਜਾਂਗੀ!” ਇਸ ਸਾਫ ਸੁਣੀ ਆਵਾਜ਼ ਨਾਲ ਮੇਰੀ ਨੀਂਦ ਖੁਲ੍ਹ ਗਈ। ਸੁਪਨਾ ਹੀ ਤਾਂ ਸੀ। ਬੜਾ ਪਿਆਰਾ ਸੁਪਨਾ! ਪਰ ਓਹੋ ਜਿਹੀ ਥਾਂ ਵਿਚ ਪਿਆਰ ਕਿੱਥੇ ਹੋਣਾ ਸੀ? ਉਥੇ ਤਾਂ ਘਿਨਾਉਣਾ ਲਾਸ਼ਾਂ ਸਾਂਭਣ ਵਾਲਾ ਕੰਮ ਸੀ, ਭੁੱਖ ਸੀ ਜਾਂ ਡਰ ਸੀ!
ਕੁਝ ਦਿਨਾਂ ਪਿਛੋਂ ਜਦੋਂ ਮੈਂ ਬੈਰਕਾਂ ਦੇ ਆਲੇ-ਦੁਆਲੇ ਘੁੰਮ ਰਿਹਾ ਸਾਂ, ਨੇੜੇ ਕੰਡਿਆਲੀ ਤਾਰ ਸੀ। ਉਸ ਥਾਂ ਫੌਜੀ ਚੌਕੀਦਾਰਾਂ ਦੀ ਨਿਗ੍ਹਾ ਘੱਟ ਹੀ ਜਾਂਦੀ ਸੀ। ਮੈਂ ਇਕੱਲਾ ਹੀ ਸਾਂ। ਕੰਡਿਆਲੀ ਤਾਰ ਦੇ ਦੂਜੇ ਪਾਸੇ ਮੈਂ ਕੋਈ ਹਿਲਜੁਲ ਦੇਖੀ। ਇਕ ਛੋਟੀ ਜਿਹੀ ਕੁੜੀ ਕੱਕੇ ਵਾਲਾਂ ਵਾਲੀ ਖੜ੍ਹੀ ਸੀ! ਉਹਦੇ ਵਾਲ ਚਮਕੀਲੇ ਤੇ ਘੁੰਗਰਾਲੇ ਸਨ। ਇਕ ਭੋਜ ਦੇ ਰੁੱਖ ਪਿਛੇ ਉਹ ਅਧਲੁਕੀ ਜਿਹੀ ਖੜ੍ਹੀ ਸੀ। ਮੈਂ ਆਲੇ-ਦੁਆਲੇ ਨਿਗ੍ਹਾ ਘੁਮਾਈ ਕਿ ਮੈਨੂੰ ਕੋਈ ਦੇਖ ਤਾਂ ਨਹੀਂ ਸੀ ਰਿਹਾ! ਮੈਂ ਉਸ ਨੂੰ ਜਰਮਨ ਵਿਚ ਹੌਲੀ ਜਿਹੀ ਆਵਾਜ਼ ਮਾਰੀ, “ਤੇਰੇ ਕੋਲ ਕੁਝ ਖਾਣ ਲਈ ਹੈ?”
ਉਸ ਨੂੰ ਮੇਰੀ ਗੱਲ ਦੀ ਸਮਝ ਨਹੀਂ ਸੀ ਆਈ। ਮੈਂ ਕੰਡਿਆਲੀ ਤਾਰ ਦੇ ਥੋੜਾ ਹੋਰ ਨੇੜੇ ਹੋ ਕੇ ਪੋਲਿਸ਼ ਬੋਲੀ ਵਿਚ ਮੁੜ ਆਪਣਾ ਸਵਾਲ ਦੁਹਰਾਇਆ। ਉਹ ਇਕ ਕਦਮ ਅਗੇ ਆਈ। ਮੈਂ ਲਮਢੀਂਗ ਜਿਹਾ ਲੱਗ ਰਿਹਾ ਸਾਂ। ਆਪਣੇ ਪੈਰਾਂ ਦੁਆਲੇ ਮੈਂ ਲੀਰਾਂ ਲਪੇਟੀਆਂ ਹੋਈਆਂ ਸਨ। ਮੁੰਨਿਆ ਹੋਇਆ ਸਿਰ, ਮੇਰੇ ਕਪੜੇ ਵੀ ਮੈਲੇ-ਕੁਚੈਲੇ। ਬੜਾ ਡਰਾਉਣਾ ਜਿਹਾ ਲੱਗ ਰਿਹਾ ਹੋਵਾਂਗਾ। ਪਰ ਉਸ ਕੁੜੀ ਦੇ ਚਿਹਰੇ ‘ਤੇ ਕੋਈ ਡਰ ਨਹੀਂ ਸੀ ਦਿਸ ਰਿਹਾ ਮੈਨੂੰ। ਉਹਦੀਆਂ ਅੱਖਾਂ ਵਿਚ ਮੈਂ ਜੀਵਨ ਦੀ ਲਿਸ਼ਕ ਦੇਖੀ। ਉਸ ਨੇ ਆਪਣੀ ਊਨੀ ਜੈਕਟ ਵਿਚੋਂ ਇਕ ਸੇਬ ਕੱਢਿਆ ਤੇ ਤਾਰ ਦੇ ਉਤੋਂ ਦੀ ਮੇਰੇ ਵੱਲ ਵਗਾਹ ਮਾਰਿਆ। ਮੈਂ ਝੱਟ ਸੇਬ ਜੁੱਪ ਲਿਆ ਤੇ ਦੌੜਨ ਲੱਗਾ। ਦੌੜਦਿਆਂ ਮੈਨੂੰ ਸੁਣਿਆ, “ਮੈਂ ਕਲ੍ਹ ਫੇਰ ਆਵਾਂਗੀ।”
ਉਸ ਦਿਨ ਪਿਛੋਂ ਮੈਂ ਹਰ ਰੋਜ਼ ਤਾਰ ਕੋਲ ਉਸੇ ਥਾਂ ਉਸੇ ਵੇਲੇ ਆਉਂਦਾ ਰਿਹਾ ਤੇ ਉਹ ਵੀ ਹਰ ਰੋਜ਼ ਮੇਰੇ ਲਈ ਕੁਝ ਨਾ ਕੁਝ ਖਾਣ ਲਈ ਲੈ ਕੇ ਆਉਂਦੀ ਰਹੀ। ਕਦੇ ਡਬਲ ਰੋਟੀ ਦਾ ਟੁਕੜਾ, ਉਸ ਤੋਂ ਵੀ ਚੰਗਾ ਕਦੇ ਸੇਬ। ਅਸੀਂ ਕਦੇ ਵੀ ਇਕ ਦੂਜੇ ਨਾਲ ਗੱਲ ਕਰਨ ਦੀ ਜੁਰਅਤ ਨਹੀਂ ਸੀ ਕੀਤੀ ਜਾਂ ਰੁਕ ਕੇ ਕੁਝ ਕਹਿਣ ਸੁਣਨ ਲਈ, ਸਮਾਂ ਚੋਰੀ ਕਰਨ ਦੀ ਕੋਸ਼ਿਸ਼æææ। ਸਾਡਾ ਇਕੱਠੇ ਫੜੇ ਜਾਣ ਦਾ ਮਤਲਬ ਸਿੱਧਾ, ਦੋਹਾਂ ਦੀ ਮੌਤ ਸੀ! ਮੈਨੂੰ ਉਸ ਬਾਰੇ ਕੁਝ ਨਹੀਂ ਸੀ ਪਤਾ, ਸਿਵਾਏ ਇਸ ਦੇ ਕਿ ਉਸ ਨੂੰ ਪੋਲਿਸ਼ ਬੋਲੀ ਸਮਝ ਆਉਂਦੀ ਸੀ। ਉਹਦਾ ਨਾਂ ਕੀ ਸੀ? ਕੀ ਉਹ ਮੇਰੇ ਲਈ ਆਪਣੀ ਜਾਨ ਖਤਰੇ ਵਿਚ ਪਾ ਰਹੀ ਸੀ? ਉਮੀਦ ਨੂੰ ਉਡੀਕਣ ਦਾ ਸਮਾਂ ਵੀ ਸਾਡੇ ਕੋਲ ਨਹੀਂ ਸੀ! ਦੂਜੇ ਪਾਸੇ ਉਹ ਕੁੜੀ ਮੈਨੂੰ ਡਬਲ ਰੋਟੀ ਤੇ ਸੇਬ ਲਿਆ ਕੇ ਕੀ ਸਾਬਤ ਕਰਨਾ ਚਾਹੁੰਦੀ ਸੀ! ਕੁਝ ਸਮਝ ਨਹੀਂ ਸੀ ਆ ਰਿਹਾ ਮੈਨੂੰ ਕਿ ਆਖਰ ਇਹ ਗੋਰਖ ਧੰਦਾ ਹੈ ਕੀ!
ਕੋਈ ਸੱਤ ਅੱਠ ਮਹੀਨਿਆਂ ਪਿੱਛੋਂ ਮੈਨੂੰ ਮੇਰੇ ਭਰਾਵਾਂ ਨਾਲ ਕੋਲਿਆਂ ਨਾਲ ਭਰੀ ਗੱਡੀ ਵਿਚ ਬਹਾ ਕੇ ਉਹ ਸਾਨੂੰ ਚੈਕੋਸਲਾਵੀਆ ਦੇ ਕਿਸੇ ਕੈਂਪ ਵਿਚ ਲੈ ਗਏ। ਮੈਨੂੰ ਅਜ ਵੀ ਚੰਗੀ ਤਰ੍ਹਾਂ ਯਾਦ ਹੈ, ਉਸ ਨੂੰ ਮੈਂ ਉਸ ਦਿਨ ਕਿਹਾ ਸੀ, “ਕਲ੍ਹ ਨਾ ਆਈਂ। ਅਸੀਂ ਏਥੋਂ ਚਲੇ ਜਾਵਾਂਗੇ।” ਏਨਾ ਕਹਿ ਕੇ ਮੈਂ ਬੈਰਕਾਂ ਵੱਲ ਮੂੰਹ ਕਰਕੇ ਦੌੜ ਆਇਆ ਸਾਂ! ਉਸ ਨੂੰ ਮੈਂ ਅਲਵਿਦਾ ਵੀ ਨਹੀਂ ਸੀ ਕਿਹਾ। ਉਹ ਸੇਬਾਂ ਵਾਲੀ ਕੁੜੀ, ਜਿਸ ਦਾ ਨਾਂ ਮੈਂ ਕਦੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਸੀ ਕੀਤੀ!
ਉਸ ਕੈਂਪ ਵਿਚ ਅਸੀਂ ਤਿੰਨ ਮਹੀਨੇ ਰਹੇ ਹੋਵਾਂਗੇ ਜਦੋਂ ਆਲਮੀ ਜੰਗ ਠੰਢੀ ਪੈਣੀ ਸ਼ੁਰੂ ਹੋ ਗਈ ਤੇ ਮਿੱਤਰ ਫੌਜਾਂ ਨੇੜੇ ਆਉਂਦੀਆਂ ਗਈਆਂ। ਪਰ ਮੈਨੂੰ ਲਗਦਾ ਰਿਹਾ ਕਿ ਕਿਸਮਤ ਮੇਰਾ ਸਾਥ ਛੱਡ ਜਾਏਗੀ। 10 ਮਈ 1945 ਵਾਲੇ ਦਿਨ ਸਵੇਰੇ ਦਸ ਵਜੇ ਮੈਨੂੰ ਉਨ੍ਹਾਂ ਨੇ ਗੈਸ ਚੈਂਬਰ ਵੱਲ ਲੈ ਕੇ ਜਾਣਾ ਸੀ। ਮੌਤ ਵਰਗੀ ਸਵੇਰ ਦੀ ਚੁੱਪ ਵਿਚ ਮੈਂ ਤਿਆਰ ਹੋਣ ਲੱਗ ਪਿਆ। ਉਸ ਤੋਂ ਪਹਿਲਾਂ ਅਨੇਕਾਂ ਵਾਰੀ ਮੌਤ ਮੇਰੇ ਕੋਲੋਂ ਖਹਿ ਕੇ ਲੰਘੀ ਸੀ, ਪਰ ਹਰ ਵਾਰੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਬਚਦਾ ਰਿਹਾ ਸਾਂ! ਪਰ ਇਸ ਵਾਰੀ ਲਗਦਾ ਸੀ ਕਿ ਹੁਣ ਮੈਂ ਨਹੀਂ ਬਚਾਂਗਾ। ਮੈਂ ਆਪਣੇ ਮਾਪਿਆਂ ਨੂੰ ਯਾਦ ਕੀਤਾ। ਘੱਟੋ ਘੱਟ ਇਹ ਤਾਂ ਸੋਚਿਆ ਕਿ ਕੀ ਪਤਾ ਅਸੀਂ ਸਾਰੇ ਮੁੜ ਇਕੱਠੇ ਹੋ ਜਾਈਏ!
ਸਵੇਰੇ ਅੱਠ ਕੁ ਵਜੇ ਰੌਲਾ ਪੈ ਗਿਆ। ਲੋਕ ਕੈਂਪ ਵਿਚ ਏਧਰ-ਓਧਰ ਭੱਜਣ ਲੱਗ ਪਏ। ਮੈਂ ਆਪਣੇ ਭਰਾਵਾਂ ਕੋਲ ਪਹੁੰਚ ਗਿਆ। ਰੂਸੀ ਫੌਜਾਂ ਨੇ ਕੈਂਪ ਨੂੰ ਜਰਮਨਾਂ ਹੱਥੋਂ ਛੁਡਾ ਲਿਆ ਸੀ। ਕੈਂਪ ਦੇ ਲੋਹੇ ਵਾਲੇ ਗੇਟ ਸਪਾਟ ਖੁਲ੍ਹੇ ਪਏ ਸਨ। ਹਰ ਕੋਈ ਓਧਰ ਵੱਲ ਭੱਜਿਆ ਜਾ ਰਿਹਾ ਸੀ। ਮੈਂ ਵੀ ਭੱਜ ਪਿਆ। ਜਿਵੇਂ ਕੋਈ ਚਮਤਕਾਰ ਹੋ ਗਿਆ ਹੋਵੇ, ਅਸੀਂ ਸਾਰੇ ਭਰਾ ਬਚ ਗਏ ਸਾਂ। ਪਰ ਮੈਨੂੰ ਪੱਕਾ ਭਰੋਸਾ ਸੀ ਕਿ ਸਾਡੇ ਬਚ ਜਾਣ ਦਾ ਕਾਰਨ ਉਹ ਸੇਬਾਂ ਵਾਲੀ ਕੁੜੀ ਸੀ। ਜਿੱਥੇ ਬੁਰਿਆਈ ਦਾ ਬੀਅ ਵੱਡਾ ਹੋ ਕੇ ਲਹੂ ਪੀਣਾ ਰੁੱਖ ਬਣ ਚੁਕਿਆ ਹੋਵੇ, ਉਥੇ ਇਕ ਇਨਸਾਨ ਦੀ ਚੰਗਿਆਈ ਨੇ ਮੈਨੂੰ ਮੌਤ ਦੇ ਮੂੰਹੋਂ ਕੱਢ ਲਿਆਂਦਾ ਸੀ। ਮੈਨੂੰ ਉਹ ਉਮੀਦ ਬਖਸ਼ੀ ਜਿਸ ਦੀ ਉਡੀਕ ਵੀ ਨਹੀਂ ਸੀ। ਮੇਰੀ ਮਾਂ ਨੇ ਜਿਹੜਾ ਪਿਆਰ ਭੇਜਿਆ ਸੀ, ਸ਼ਾਇਦ ਓਹੀ ਮੈਨੂੰ ਮਿਲ ਗਿਆ ਸੀ!
ਆਜ਼ਾਦ ਹੋਣ ਪਿਛੋਂ ਮੈਂ ਇੰਗਲੈਂਡ ਪਹੁੰਚ ਗਿਆ, ਜਿੱਥੇ ਮੈਂ ਯਹੂਦੀ ਸੰਸਥਾ ਦੀ ਮਦਦ ਨਾਲ ਮੁੰਡਿਆਂ ਵਾਲੇ ਹੋਸਟਲ ਪਹੁੰਚ ਗਿਆ। ਮੇਰੇ ਵਰਗੇ ਮੌਤ ਦੇ ਮੂੰਹੋਂ ਬਚੇ ਹੋਏ ਹੋਰ ਕਈ ਸਨ। ਸਾਨੂੰ ਇਲੈਕਟਰੌਨਿਕਸ ਦੀ ਟਰੇਨਿੰਗ ਦਿੱਤੀ ਗਈ। ਇਸ ਪਿਛੋਂ ਮੈਂ ਅਮਰੀਕਾ ਪਹੁੰਚ ਗਿਆ। ਉਥੇ ਮੇਰਾ ਭਰਾ ਸੈਮ ਪਹਿਲਾਂ ਪਹੁੰਚ ਚੁੱਕਾ ਸੀ। ਕੋਰੀਆ ਨਾਲ ਜੰਗ ਦੇ ਦਿਨਾਂ ਵਿਚ ਮੈਂ ਅਮਰੀਕਨ ਫੌਜ ਵਿਚ ਭਰਤੀ ਹੋ ਚੁੱਕਾ ਸਾਂ ਤੇ ਦੋ ਸਾਲਾਂ ਪਿਛੋਂ ਨਿਊ ਯਾਰਕ ਮੁੜ ਆਇਆ ਸਾਂ। ਅਗਸਤ 1957 ਤਕ ਤਾਂ ਮੈਂ ਆਪਣੀ ਇਲੈਕਟਰੌਨਿਕਸ ਦੀ ਦੁਕਾਨ ਵੀ ਖੋਲ੍ਹ ਚੁੱਕਾ ਸਾਂ ਤੇ ਜੀਵਨ ਵਿਚ ਇਕ ਸਿੱਧਾ ਰਾਹ ਨਜ਼ਰ ਆਉਣ ਲੱਗ ਪਿਆ ਸੀ।
ਇਕ ਦਿਨ ਮੇਰਾ ਦੋਸਤ ਸਿਡ ਮਿਲ ਪਿਆ। ਉਸ ਨੂੰ ਮੈਂ ਇੰਗਲੈਂਡ ਤੋਂ ਜਾਣਦਾ ਸਾਂ। ਉਹ ਕਹਿੰਦਾ, “ਹਰਮਨ ਯਾਰ ਪਰਸੋਂ ਮੈਂ ਇਕ ਕੁੜੀ ਨੂੰ ਮਿਲਣ ਜਾਣੈ। ਉਹਦੀ ਸਹੇਲੀ ਪੋਲੈਂਡ ਤੋਂ ਹੈ, ਉਹ ਵੀ ਨਾਲ ਆਏਗੀ। ਚੱਲ ਆਪਾਂ ਦੋਵੇਂ ਉਨ੍ਹਾਂ ਦੋਹਾਂ ਨਾਲ ਸ਼ਾਮ ਨੂੰ ਗੱਪ-ਸ਼ੱਪ ਕਰਨ ਚਲੀਏ। ਮਤਲਬ ਆਪਾਂ ਡਬਲ ਡੇਟ ‘ਤੇ ਚਲਾਂਗੇ।”
“ਨਹੀਂ ਯਾਰ, ਜਾਣ ਨਾ ਪਛਾਣ। ਇਹ ਕੇਹੀ ਡਬਲ ਡੇਟ। ਮੈਥੋਂ ਨਹੀਂ ਜਾ ਹੋਣਾ।”
ਪਰ ਮੇਰਾ ਦੋਸਤ ਮੇਰੇ ਪਿੱਛੇ ਪਿਆ ਰਿਹਾ ਤੇ ਫੇਰ ਕੁਝ ਦਿਨਾਂ ਪਿਛੋਂ ਅਸੀਂ ਬ੍ਰੌਂਕਸ ਵੱਲ ਉਨ੍ਹਾਂ ਕੁੜੀਆਂ ਨੂੰ ਮਿਲਣ ਚਲੇ ਗਏ। ਸਿਡ ਦੀ ਗਰਲ ਫਰੈਂਡ ਦੀ ਸਹੇਲੀ ਦਾ ਨਾਮ ਰੋਮਾ ਸੀ। ਮੰਨਣਾ ਪਿਆ ਕਿ ਉਹ ਅਚਾਨਕ ਮੁਲਾਕਾਤ ਏਨੀ ਮਾੜੀ ਵੀ ਨਹੀਂ ਸੀ। ਬ੍ਰੌਂਕਸ ਹਸਪਤਾਲ ਵਿਚ ਰੋਮਾ ਇਕ ਨਰਸ ਸੀ। ਉਹ ਬੜੀ ਸੁਹਜ ਤੇ ਸਮਾਰਟ ਸੀ। ਸੁਹਣੀ ਵੀ ਸੀ, ਵਾਲ ਕੱਕੇ ਤੇ ਘੁੰਗਰਾਲੇ ਸਨ। ਅੱਖਾਂ ਨੀਲੀਆਂ ਹਿਰਨੀ ਵਰਗੀਆਂ, ਜਿਸ ਨੂੰ ਦੇਖਣ, ਕੀਲ ਲੈਣ। ਉਨ੍ਹਾਂ ਵਿਚੋਂ ਜੀਵਨ ਦਾ ਸੁਹੱਪਣ ਝਲਕਦਾ ਲਗਦਾ ਸੀ। ਅਸੀਂ ਚਾਰੇ ਕੋਨੀ ਟਾਪੂ ਵੱਲ ਚਲ ਪਏ ਸਾਂ। ਰੋਮਾ ਨਾਲ ਗੱਲਬਾਤ ਕਰਨ ਵਿਚ ਮੈਨੂੰ ਕੋਈ ਔਖਿਆਈ ਮਹਿਸੂਸ ਨਹੀਂ ਹੋਈ, ਉਹਦਾ ਸਾਥ ਵੀ ਸੁਖਾਵਾਂ ਲਗਦਾ ਸੀ। ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਉਹਨੂੰ ਵੀ ਅਚਾਨਕ ਕਿਸੇ ਨਾਲ ਡੇਟ ‘ਤੇ ਜਾਣਾ ਚੰਗਾ ਨਹੀਂ ਸੀ ਲਗਦਾ। ਅਸੀਂ ਦੋਵੇਂ ਸਾਡੇ ਦੂਜੇ ਦੋਹਾਂ ਦੋਸਤਾਂ ਨੂੰ ਹੌਸਲਾ ਦੇਣ ਲਈ ਕਰ ਰਹੇ ਸਾਂ। ਅਸੀਂ ਸੋਹਣੇ ਪੱਥਰਾਂ ਦੀ ਚੌੜੀ ਸੜਕ ‘ਤੇ ਸੁਤੇ-ਸਿਧ ਤੁਰੇ ਜਾ ਰਹੇ ਸਾਂ। ਸਮੁੰਦਰ ਵੱਲੋਂ ਠੰਢੀ ਹਵਾ ਆ ਰਹੀ ਸੀ। ਸੈਰ ਕਰਨ ਪਿਛੋਂ ਅਸੀਂ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਚਲੇ ਗਏ ਜਿਹੜਾ ਸਮੁੰਦਰ ਦੇ ਕੰਢੇ ‘ਤੇ ਈ ਸੀ। ਮੈਨੂੰ ਨਹੀਂ ਯਾਦ ਕਿ ਮੈਂ ਇਸ ਤੋਂ ਪਹਿਲਾਂ ਕਦੇ ਏਨਾ ਸੋਹਣਾ ਸਮਾਂ ਕਿਸੇ ਨਾਲ ਗੁਜ਼ਾਰਿਆ ਹੋਵੇ। ਅਸੀਂ ਸਿਡ ਦੀ ਕਾਰ ਵਿਚ ਬਹਿ ਗਏ। ਰੋਮਾ ਤੇ ਮੈਂ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਸਾਂ। ਯੂਰਪੀਨ ਯਹੂਦੀ ਜਿਹੜੇ ਜੰਗ ਵਿਚੋਂ ਬਚ ਕੇ ਆਏ ਸਨ, ਉਨ੍ਹਾਂ ਕੋਲ ਬਹੁਤ ਕੁਝ ਅਣਕਿਹਾ ਸੀ। ਉਸ ਨੇ ਗੱਲ ਛੇੜੀ, “ਤੂੰ ਜੰਗ ਦੌਰਾਨ ਕਿਥੇ ਸੀ?” ਉਹਨੇ ਹੌਲੀ ਜਿਹੀ ਕਿਹਾ।
“ਕੈਂਪਾਂ ਵਿਚ।” ਜਦੋਂ ਮੈਂ ਇਹ ਕਿਹਾ ਤਾਂ ਘਿਨਾਉਣੀਆਂ ਯਾਦਾਂ ਨੇ ਮੈਨੂੰ ਆ ਘੇਰਿਆ। ਜੀਵਨ ਵਿਚ ਇਕ ਅਜਿਹਾ ਘਾਟਾ ਜਿਹੜਾ ਕਦੇ ਵੀ ਮੇਰੇ ਲਈ ਪੂਰਾ ਨਹੀਂ ਸੀ ਹੋਣਾ, ਮੈਂ ਭੁੱਲਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕੋਈ ਕਿਵੇਂ ਭੁੱਲ ਸਕਦੈ ਇਹੋ ਜਿਹੀਆਂ ਗੱਲਾਂ! ਉਸ ਨੇ ਵੀ ਹਾਂ ਵਿਚ ਸਿਰ ਹਿਲਾਇਆ।
“ਸਾਡਾ ਪਰਿਵਾਰ ਤਾਂ ਬਰਲਿਨ ਤੋਂ ਥੋੜੀ ਦੂਰ ਇਕ ਫਾਰਮ ਵਿਚ ਲੁਕਿਆ ਰਿਹਾ।” ਉਸ ਨੇ ਕਿਹਾ, “ਮੇਰੇ ਪਿਤਾ ਦੇ ਪਾਦਰੀ ਦੋਸਤ ਨੇ ਸਾਨੂੰ ਕੁਝ ਕਾਗਜ਼ ਬਣਾ ਕੇ ਦੇ ਦਿੱਤੇ, ਤਾਂ ਅਸੀਂ ਬਚੇ ਰਹੇ ਪਰæææ।” ਮੈਨੂੰ ਅਹਿਸਾਸ ਹੋਇਆ ਉਸ ਨੇ ਵੀ ਦੁੱਖ ਭੋਗੇ ਹੋਣਗੇ, ਜਿਵੇਂ ਡਰ ਹਮੇਸ਼ਾ ਤੁਹਾਡੇ ਮੋਢਿਆਂ ‘ਤੇ ਚੜ੍ਹਿਆ ਰਹਿੰਦੈ! ਪਰ ਇਸ ਪਲ ਅਸੀਂ ਮੌਤ ਦੇ ਮੂੰਹੋਂ ਬਚ ਕੇ ਆਏ ਹੋਏ ਦੋਵੇਂ ਨਵੀਂ ਦੁਨੀਆਂ ਵਿਚ ਪਹੁੰਚ ਗਏ ਸਾਂ।
“ਸਾਡੇ ਫਾਰਮ ਦੇ ਨੇੜੇ ਈ ਇਕ ਕੈਂਪ ਸੀ।” ਰੋਮਾ ਗੱਲ ਕਰਦੀ ਰਹੀ, “ਮੈਂ ਉਥੇ ਇਕ ਮੁੰਡਾ ਦੇਖਿਆ ਸੀ ਜਿਸ ਨੂੰ ਮੈਂ ਰੋਜ਼ ਇਕ ਸੇਬ ਦਿਆ ਕਰਦੀ ਸੀ।”
ਕੇਹਾ ਅਜੀਬ ਇਤਫਾਕ ਸੀ ਕਿ ਉਸ ਨੇ ਵੀ ਕਿਸੇ ਮੁੰਡੇ ਦੀ ਮਦਦ ਕੀਤੀ ਸੀ। “ਉਹ ਦੇਖਣ ਵਿਚ ਕੇਹੋ ਜਿਹਾ ਸੀ ਭਲਾਂ?” ਮੈਂ ਪੁਛਿਆ।
“ਉਹ ਉਚਾ ਲੰਮਾ, ਪਤਲਾ ਜਿਹਾ ਤੇ ਭੁੱਖਾ ਸੀ। ਮੈਂ ਕੋਈ ਛੇ ਮਹੀਨੇ ਉਸ ਨੂੰ ਕੁਝ ਨਾ ਕੁਝ ਖਾਣ ਲਈ ਦਿੰਦੀ ਰਹੀ।”
ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗ ਪਿਆ। ਮੈਨੂੰ ਸੱਚ ਨਹੀਂ ਸੀ ਆ ਰਿਹਾ! ਇਹ ਕਿਵੇਂ ਹੋ ਸਕਦਾ ਸੀ?
“ਕੀ ਤੈਨੂੰ ਇਕ ਦਿਨ ਉਸ ਨੇ ਕਿਹਾ ਸੀ ਕਲ੍ਹ ਤੋਂ ਨਾ ਆਈਂ, ਅਸੀਂ ਏਥੋਂ ਚਲੇ ਜਾਵਾਂਗੇ?”
ਰੋਮਾ ਨੇ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ।
“ਹਾਂ, ਉਹ ਮੈਂ ਸਾਂ!”
ਮੈਂ ਤਾਂ ਖ਼ੁਸ਼ੀ ਵਿਚ ਪਾਗਲ ਹੋਣ ਵਾਲਾ ਹੋ ਗਿਆ! ਮੈਨੂੰ ਇਤਬਾਰ ਨਹੀਂ ਸੀ ਆ ਰਿਹਾ, “ਮੇਰਾ ਪਿਆਰæææ!”
“ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ।” ਰੋਮਾ ਨੂੰ ਮੈਂ ਕਿਹਾ। ਤੇ ਮੈਂ ਆਪਣੇ ਆਪ ਨੂੰ ਕਿਵੇਂ ਵੀ ਰੋਕ ਨਹੀਂ ਸੀ ਸਕਿਆ ਤੇ ਉਥੇ ਕਾਰ ਦੀ ਪਿਛਲੀ ਸੀਟ ‘ਤੇ ਬੈਠਿਆਂ ਹੀ ਮੈਂ ਉਸ ਨੂੰ ਵਿਆਹ ਦੀ ਪੇਸ਼ਕਸ਼ ਕਰ ਦਿੱਤੀ। ਉਸ ਵੇਲੇ ਮੈਂ ਇਕ ਪਲ ਵੀ ਉਡੀਕਣਾ ਨਹੀਂ ਸੀ ਚਾਹੁੰਦਾ।
“ਤੇਰਾ ਦਿਮਾਗ ਠੀਕ ਐ?” ਰੋਮਾ ਨੇ ਕਿਹਾ। ਪਰ ਉਸ ਨੇ ਆਉਂਦੇ ਐਤਵਾਰ ਮੈਨੂੰ ਆਪਣੇ ਮਾਂ ਪਿਓ ਨੂੰ ਮਿਲਣ ਵਾਸਤੇ ਆਪਣੇ ਘਰ ਆਉਣ ਲਈ ਵੀ ਕਹਿ ਦਿੱਤਾ। ਮੈਂ ਰੋਮਾ ਬਾਰੇ ਬੜਾ ਕੁਝ ਜਾਣਨ ਲਈ ਉਤਸੁਕ ਸਾਂ, ਪਰ ਸਭ ਤੋਂ ਜ਼ਰੂਰੀ ਗੱਲ ਵੀ ਮੈਨੂੰ ਪਤਾ ਸੀ, ਉਹਦੀ ਦ੍ਰਿੜਤਾ, ਉਹਦੀ ਚੰਗਿਆਈ! ਕਈ ਮਹੀਨੇ ਜਾਨ ਹਥੇਲੀ ‘ਤੇ ਰੱਖ ਕੇ, ਉਹ ਮੈਨੂੰ ਕੰਡਿਆਲੀ ਵਾੜ ਕੋਲ ਆ ਕੇ ਮੇਰੇ ਅੰਦਰ ਜੀਵਨ ਦੀ ਉਮੀਦ ਜਗਾਉਂਦੀ ਰਹੀ ਸੀ! ਹੁਣ ਮੈਂ ਉਸ ਨੂੰ ਜਦੋਂ ਦੁਬਾਰਾ ਲੱਭ ਲਿਆ ਸੀ ਤਾਂ ਉਸ ਨੂੰ ਕਿਵੇਂ ਵੀ ਜਾਣ ਨਹੀਂ ਸੀ ਦੇਣਾ ਚਾਹੁੰਦਾ! ਉਸ ਦਿਨ ਉਸ ਨੇ ‘ਹਾਂ’ ਕਹਿ ਵੀ ਦਿੱਤਾ ਸੀ ਤੇ ਮੈਂ ਵੀ ਆਪਣਾ ਵਾਅਦਾ ਨਿਭਾਇਆ। ਪੰਜਾਹ ਸਾਲ ਹੋ ਗਏ, ਸਾਡਾ ਵਿਆਹ ਹੋਇਆਂ, ਦੋ ਬੱਚੇ ਤੇ ਤਿੰਨ ਦੋਹਤੇ, ਪੋਤੇæææਮੈਂ ਕਦੇ ਵੀ ਉਸ ਨੂੰ ਆਪਣੇ ਤੋਂ ਦੂਰ ਨਹੀਂ ਸੀ ਹੋਣ ਦਿੱਤਾ।
—
ਹਰਮਨ ਤੇ ਰੋਮਾ, ਮਿਆਮੀ ਬੀਚ, ਫਲੋਰਿਡਾ ਵਿਚ ਰਹਿੰਦੇ ਨੇ। ਇਨ੍ਹਾਂ ਦੇ ਜੀਵਨ ‘ਤੇ ਬਣੀ ਫਿਲਮ ‘ਦ ਫੈਂਸ’ ਵੀ ਕਾਫੀ ਮਸ਼ਹੂਰ ਹੋ ਚੁੱਕੀ ਹੈ।