ਮਹਾਨ ਗਦਰੀ ਦੇਸ਼ ਭਗਤ-ਬਾਬਾ ਹਰਦਿੱਤ ਸਿੰਘ ਲੰਮਾ ਜੱਟਪੁਰਾ

ਚਰਨ ਸਿੰਘ ਮਾਹੀ (ਲੁਧਿਆਣਾ)
ਫੋਨ: 91-99143-64728
ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਦੇ ਮਨਾਂ ਵਿਚ ਇਹ ਸ਼ੰਕਾ ਜਰੂਰ ਪੈਦਾ ਹੋਈ ਹੋਵੇਗੀ ਕਿ ਪਦਾਰਥਵਾਦੀ ਅੰਨੀ ਦੌੜ ਵਿਚ ਆਉਣ ਵਾਲੀ ਪੀੜ੍ਹੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਪਰਵਾਨਿਆਂ ਨੂੰ ਕਿਤੇ ਭੁੱਲ ਹੀ ਨਾ ਜਾਵੇ। ਆਖਰ ਉਨ੍ਹਾਂ ਦੀ ਇਹ ਸ਼ੱਕ ਸੱਚ ਸਾਬਤ ਹੋਈ। ਅੱਜ ਦੇ ਲੀਡਰ ਉਨ੍ਹਾਂ ਕੌਮੀ ਪਰਵਾਨਿਆਂ ਦੇ ਸਦਕਾ ਕੁਰਸੀਆਂ ਦਾ ਅਨੰਦ ਮਾਣ ਰਹੇ ਹਨ ਪਰ ਉਹ ਕੌਮੀ ਪਰਵਾਨਿਆਂ ਨੂੰ ਸੱਚ-ਮੁੱਚ ਹੀ ਭੁੱਲ ਚੁਕੇ ਹਨ। ਕੈਨੇਡਾ ਦੀ ਧਰਤੀ ਤੋਂ ਗਦਰ ਪਾਰਟੀ ਦੀ ਸੰਗਰਾਮੀ ਲੜਾਈ ਵਿੱਢਣ ਵਾਲੇ ਗਦਰੀ ਯੋਧਿਆਂ ਦੀ ਲੰਮੀ ਕਤਾਰ ਵਿਚੋਂ ਇਕ ਸਨ, ਗਦਰੀ ਦੇਸ਼ ਭਗਤ ਬਾਬਾ ਹਰਦਿੱਤ ਸਿੰਘ ਲੰਮਾ ਜੱਟਪੁਰਾ।

ਗਦਰੀ ਦੇਸ਼ ਭਗਤ ਬਾਬਾ ਹਰਦਿੱਤ ਸਿੰਘ ਦਾ ਜਨਮ ਸ਼ ਭਗਵਾਨ ਸਿੰਘ ਦੇ ਘਰ ਮਾਤਾ ਪ੍ਰਤਾਪ ਕੌਰ ਦੀ ਕੁੱਖੋਂ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਨਗਰ ਲੰਮਾ ਜੱਟਪੁਰਾ (ਜ਼ਿਲ੍ਹਾ ਲੁਧਿਆਣਾ) ਵਿਚ ਹੋਇਆ। ਇਤਿਹਾਸ ਮੁਤਾਬਕ ਇਸ ਜਗ੍ਹਾ ਗੁਰੂ ਜੀ 21 ਦਿਨ ਰਹੇ ਸਨ। ਉਨ੍ਹਾਂ ਨੂਰੇ ਮਾਹੀ ਨੂੰ ਸਰਹਿੰਦ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਮੰਗਵਾਈ ਅਤੇ ਜ਼ੁਲਮੀ ਰਾਜ ਦੀ ਜੜ੍ਹ ਪੱਟੀ।
ਬਾਬਾ ਹਰਦਿੱਤ ਸਿੰਘ 1902 ਵਿਚ ਹਾਂਗਕਾਂਗ ਗਏ। ਉਥੋਂ 1906 ਵਿਚ ਵੈਨਕੂਵਰ (ਕੈਨੇਡਾ) ਗਏ ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ਗਦਰ ਪਾਰਟੀ ਬਣਾਈ। ਗੁਰਦੁਆਰਾ ਸਾਹਿਬ ਤੇ ਸਮਸ਼ਾਨਘਾਟ ਵਿਚ ਆਪਣੇ ਹੱਕਾਂ ਲਈ ਗਦਰ ਸੰਘਰਸ਼ ਕੀਤਾ ਤੇ ਜਿੱਤ ਪ੍ਰਾਪਤ ਕੀਤੀ। ਉਹ 16 ਮੈਂਬਰੀ ਕਮੇਟੀ ਦੇ ਮੈਂਬਰ ਬਣੇ। ਗਦਰ ਪਾਰਟੀ ਨੇ ਪਹਿਲਾ ਦਫਤਰ ਸੈਨ ਫਰਾਂਸਿਸਕੋ ਵਿਚ ਬਣਾਇਆ ਅਤੇ ਯੁਗਾਂਤਰ ਆਸ਼ਰਮ ਤੋਂ ਗਦਰ ਨਾਂ ਦਾ ਅਖਬਾਰ ਕੱਢਿਆ ਜਿਸ ਦੇ ਸੰਪਾਦਕ ਲਾਲਾ ਹਰਦਿਆਲ ਤੇ ਕਰਤਾਰ ਸਿੰਘ ਸਰਾਭਾ ਸਨ। 1915 ਵਿਚ ਬਾਬਾ ਹਰਦਿੱਤ ਸਿੰਘ ਨੂੰ ਬਰਮਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਜਿਥੇ ਮੂਲਵੈਲ ਜੇਲ੍ਹ ਵਿਚ ਕੈਦ ਰੱਖਿਆ ਗਿਆ। ਉਥੋਂ ਬਰਮੀ ਕੈਦੀਆਂ ਦੀ ਮਦਦ ਨਾਲ ਜੇਲ੍ਹ ਦੀ ਕੰਧ ਟੱਪ ਕੇ ਸਾਥੀਆਂ ਹਰਨਾਮ ਸਿੰਘ ਤੇ ਕਪੂਰ ਸਿੰਘ ਮੋਹੀ ਸਮੇਤ ਫਰਾਰ ਹੋ ਗਏ ਪਰ ਰਾਹ ਦੀ ਜਾਣਕਾਰੀ ਨਾ ਹੋਣ ਕਾਰਨ ਫੜ੍ਹੇ ਗਏ।
13 ਮਾਰਚ 1916 ਨੁੰ ਮਾਡਲੇ ਕੇਸ ਦੀ ਸੁਣਵਾਈ ਹੋਈ ਜਿਸ ਵਿਚ 16 ਕੈਦੀ ਸਨ। ਇਨ੍ਹਾਂ ਵਿਚ ਪੰਜ ਨੂੰ ਫਾਂਸੀ ਹੋਈ। ਬਾਕੀ ਗਿਆਰਾਂ ਵਿਚੋਂ ਅੱਠ ਨੂੰ ਜਾਇਦਾਦ ਜ਼ਬਤ ਤੇ ਉਮਰ ਕੈਦ ਅਤੇ ਬਾਕੀ ਤਿੰਨ ਨੂੰ ਰਿਹਾ ਕਰ ਦਿੱਤਾ ਗਿਆ। ਅੰਗਰੇਜ਼ ਹਕੂਮਤ ਨੇ ਅਗਸਤ 1916 ਨੂੰ ਪੋਰਟ ਬਲੇਅਰ ਦੀ ਜੇਲ੍ਹ ਭੇਜ ਦਿੱਤਾ। ਉਨ੍ਹਾਂ ਨੂੰ 7 ਸਾਲ ਦੀ ਕੈਦ ਦੀ ਸਜ਼ਾ ਹੋਈ। ਇਕ ਵਾਰ ਪੋਰਟ ਬਲੇਅਰ ਦਾ ਚੀਫ ਕਮਿਸ਼ਨਰ ਦੌਰੇ ‘ਤੇ ਗਿਆ ਅਤੇ ਉਹ ਬਾਬਾ ਹਰਦਿੱਤ ਸਿੰਘ ਦੇ ਨਾਰੀਅਲ ਦੇ ਬਾਗ ਅਤੇ ਕਾਰੋਬਾਰ ਦੇਖ ਕੇ ਹੈਰਾਨ ਹੋ ਗਿਆ। ਜਦੋਂ ਬਾਬਾ ਹਰਦਿੱਤ ਸਿੰਘ ਨੂੰ ਸਲੂਟ ਮਾਰਨ ਲਈ ਕਿਹਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਬਰਾਬਰੀ ਦਾ ਹੱਕ ਲੈਣ ਲਈ ਤਾਂ ਅਮੀਰਕਾ ਵਰਗੀ ਸਵਰਗ ਦੀ ਜ਼ਿੰਦਗੀ ਨੂੰ ਛੱਡ ਕੇ ਨਰਕ ਦੀ ਜ਼ਿੰਦਗੀ ਨੂੰ ਕਬੂਲ ਕੀਤਾ ਹੈ। ਜੇ ਇਥੇ ਆ ਕੇ ਵੀ ਗੁਲਾਮੀ ਕੱਟਣੀ ਹੈ ਤਾਂ ਕੀ ਫਾਇਦਾ! ਵਿਦੇਸ਼ੀ ਕੱਪੜੇ ਦੇ ਬਾਈਕਾਟ ਦੀ ਲਹਿਰ ਚੱਲੀ ਤਾਂ ਕੈਦੀਆਂ ਨੇ ਵਿਦੇਸ਼ੀ ਕੱਪੜੇ ਉਤਾਰ ਕੇ ਅੱਗ ਲਾਈ ਜਿਸ ਕਰਕੇ ਕੈਦੀਆਂ ਨੂੰ ਅੰਡੇਮਾਨ (ਕਾਲੇ ਪਾਣੀ) ਭੇਜਿਆ ਗਿਆ।
5 ਮਾਰਚ 1939 ਨੂੰ ਉਹ ਸਰਕਾਰ ਦੇ ਹੁਕਮ ਅਨੁਸਾਰ ਰਿਹਾ ਹੋ ਕੇ ਆਪਣੇ ਪਿੰਡ ਲੰਮਾ ਜੱਟਪੁਰਾ ਆ ਗਏ। ਤਿੰਨ ਸਾਲ ਤੱਕ ਘਰ ਵਿਚ ਨਜ਼ਰਬੰਦ ਰੱਖੇ ਗਏ। ਪਿੰਡ ਵਿਚ ਰਹਿ ਕੇ ਬਾਬਾ ਹਰਦਿੱਤ ਸਿੰਘ ਨੇ ਕਾਂਗਰਸ ਪਾਰਟੀ ਤੇ ਕਿਸਾਨ ਕਮੇਟੀ ਬਣਾਈ ਜਿਸ ਦੇ ਉਹ ਜ਼ਿਲ੍ਹਾ ਪ੍ਰਧਾਨ ਬਣਾਏ ਗਏ। ਉਨ੍ਹਾਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ। 9 ਸਤੰਬਰ 1963 ਨੂੰ ਉਹ ਪਿੰਡ ਲੰਮਾ ਜੱਟਪੁਰਾ ਵਿਚ ਚਲਾਣਾ ਕਰ ਗਏ। ਉਨ੍ਹਾਂ ਨੇ ਕਰੀਬ 22 ਸਾਲ ਤੱਕ ਆਜ਼ਾਦੀ ਸੰਗਰਾਮ ਲਈ ਜੇਲ੍ਹਾਂ ਕੱਟੀਆਂ ਤੇ ਕਾਲੇ ਪਾਣੀ ਦੀ ਸਜ਼ਾ ਵੀ ਕੱਟੀ।
ਪਰ ਅਫਸੋਸ ਕਿ ਉਸ ਮਹਾਨ ਗਦਰੀ ਦੇਸ਼ ਭਗਤ ਦੀ ਪਿੰਡ ਵਿਚ ਕੋਈ ਢੁਕਵੀਂ ਯਾਦਗਾਰ ਨਹੀਂ ਬਣੀ। ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਵੀ ਸਰਕਾਰ ਵਲੋਂ 15 ਅਗਸਤ ਜਾਂ 26 ਜਨਵਰੀ ਨੂੰ ਸੱਦਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਕੋਈ ਮਾਣ-ਸਤਿਕਾਰ ਦਿੱਤਾ ਗਿਆ। ਭਾਵੇਂ ਸਰਕਾਰਾਂ ਦੇਸ਼ ਭਗਤਾਂ, ਸ਼ਹੀਦਾਂ ਦੇ ਪਿੰਡਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਤਾਂ ਕਰਦੀਆਂ ਆਈਆਂ ਹਨ ਪਰ ਸਭ ਗੰਧਲੀ ਸਿਆਸਤ ਦੀ ਭੇਟ ਚੜ੍ਹ ਜਾਂਦਾ ਹੈ।
ਪਿਛਲੇ ਕਈ ਸਾਲਾਂ ਤੋਂ ਪਿੰਡ ਵਿਚ ਗਦਰੀ ਦੇਸ਼ ਭਗਤ ਬਾਬਾ ਹਰਦਿੱਤ ਸਿੰਘ ਦੀ ਯਾਦਗਾਰ ਕਮੇਟੀ ਬਣੀ ਹੋਈ ਹੈ ਜੋ ਨਗਰ ਪੰਚਾਇਤ ਅਤੇ ਐਨæਆਰæਆਈæ ਭਰਾਵਾਂ ਦੀ ਮਦਦ ਨਾਲ ਪਿੰਡ ਵਿਚ ਹਰ ਸਾਲ 9 ਸਤੰਬਰ ਨੂੰ ਸ਼ਰਧਾਂਜਲੀ ਸਮਾਗਮ ਤੇ ਨਾਟਕ ਮੇਲਾ ਕਰਵਾਉਂਦੀ ਹੈ। ਭਾਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮਾਸਟਰ ਕਮਿੱਕਰ ਸਿੰਘ ਦੇ ਯਤਨਾਂ ਸਦਕਾ ਬਾਬਾ ਹਰਦਿੱਤ ਸਿੰਘ ਦੀ ਫੋਟੋ ਲੱਗੀ ਹੋਈ ਹੈ ਪਰ ਨਗਰ ਨਿਵਾਸੀ ਸਕੂਲ ਵਿਚ ਜਾਂ ਕਿਸੇ ਢੁਕਵੀਂ ਜਗ੍ਹਾ ਉਨ੍ਹਾਂ ਦੀ ਯਾਦਗਾਰ ਬਣਾਉਣਾ ਚਾਹੁੰਦੇ ਹਨ। ਦੇਖੋ ਇਹ ਮੰਗ ਕਦੋਂ ਪੂਰੀ ਹੁੰਦੀ ਹੈ।