ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਪੰਜਾਬ ਦੇ ਪ੍ਰਸਿੱਧ ਪਿੰਡ ਸ਼ੰਕਰ ਨੇ ਬੜੇ ਬੜੇ ਧੱਕੜ ਪਹਿਲਵਾਨ ਤੇ ਕਬੱਡੀ ਖਿਡਾਰੀ ਪੈਦਾ ਕੀਤੇ ਹਨ। ਗੁਰਦਾਵਰ, ਧਿਆਨ ਸਿੰਘ ਧਿਆਨਾ (ਪਾਲੇ ਦਾ ਪਿਤਾ) ਸਰਬਣ ਢਾਡੀ, ਧੰਨੋ, ਮੋਹਣ ਸਿੰਘ ਪੁਰੇਵਾਲ, ਥੰਮਣ ਸਿੰਘ, ਨਿਰੰਜਨ ਸਿੰਘ, ਚੈਨ ਸਿੰਘ, ਅਜੈਬ ਸਿੰਘ ਭਲਵਾਨ ਅਤੇ ਕਬੱਡੀ ਵਿਚ ਪਾਲਾ, ਘੁੱਗਾ, ਗੁਰਦਿਆਲ, ਜੈਸੀ, ਲੱਖੀ, ਬੁੱਧੂ, ਅਜੈਬ, ਦੇਬਾ, ਅਮਰਜੀਤ ਅਤੇ ਜਸਵੀਰ ਦੇ ਨਾਂ ਜ਼ਿਕਰਯੋਗ ਹਨ।
ਪਾਲੇ ਨੇ ਪਹਿਲਵਾਨੀ, ਕਬੱਡੀ, ਬਾਕਸਿੰਗ ਤੇ ਰੱਸਾਕਸ਼ੀ ਵਿਚ ਵੱਡੀਆਂ ਮੱਲਾਂ ਮਾਰ ਕੇ ਪਿੰਡ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਰੱਸਾਕਸ਼ੀ ‘ਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਕੇ ਟੋਕੀਓ, ਜਪਾਨ, ਸਾਊਥ ਕੋਰੀਆ, ਸਿੰਘਾਪੁਰ, ਮਲੇਸ਼ੀਆ ਆਦਿ ਮੁਲਕਾਂ ਦੀਆਂ ਟੀਮਾਂ ਨਾਲ ਮੁਕਾਬਲੇ ਲੜੇ।
12 ਅਕਤੂਬਰ 1952 ਨੂੰ ਸ਼ੰਕਰ ਵਿਚ ਜਨਮੇ ਪਾਲੇ ਨੇ 9ਵੀਂ ਪਿਡੋਂ ਕੀਤੀ ਤੇ 10ਵੀਂ ‘ਚ ਸਪੋਰਟਸ ਸਕੂਲ ਜਲੰਧਰ ਜਾ ਦਾਖਲ ਹੋਇਆ। ਉਥੇ ਪ੍ਰਸਿੱਧ ਕਬੱਡੀ ਕੋਚ ਅਜੀਤ ਸਿੰਘ ਮਾਲੜੀ ਦੀ ਛਤਰਛਾਇਆ ਹੇਠ ਪਾਲੇ ਨੇ ਕੁਸ਼ਤੀਆਂ ਸ਼ੁਰੂ ਕਰ ਦਿਤੀਆਂ। ਪਾਲੇ ਦਾ ਪਿਤਾ ਧਿਆਨ ਸਿੰਘ ਉਰਫ ਧਿਆਨਾ ਪਹਿਲਵਾਨ ਵੀ ਚਾਹੁੰਦਾ ਸੀ ਕਿ ਪਾਲਾ ਪਹਿਲਵਾਨ ਬਣੇ। ਪਾਲੇ ਦੇ ਬਾਬੇ ਹੋਰੀਂ ਦੋ ਭਰਾ ਸਨ। ਬਾਬਾ ਪੂਰਨ ਸਿੰਘ ਵੀ ਭਲਵਾਨ ਸੀ। ਬਾਬੇ ਦੇ ਭਰਾ ਨਿਰੰਜਨ ਸਿੰਘ ਦਾ ਬੇਟਾ ਡਾæ ਸੰਤੋਖ ਸਿੰਘ ਤੱਖਰ ਹੁਣ ਕੈਲੀਫੋਰਨੀਆ ਰਹਿੰਦਾ ਹੈ।
ਸੰਨ 1969 ‘ਚ ਪਾਲੇ ਨੇ ਸਪੋਰਟਸ ਸਕੂਲ ਵਿਚ ਕੁਸ਼ਤੀ ਲੜਨੀ ਸ਼ੁਰੂ ਕੀਤੀ। ਪਹਿਲੇ ਸਾਲ ਹੀ ਪੰਜਾਬ ਸਕੂਲ ਕੁਸ਼ਤੀ ਮੁਕਾਬਲਿਆਂ ‘ਚ ਪਹਿਲੇ ਥਾਂ ਰਿਹਾ। ਓਪਨ ਵੇਟ ਵਿਚ ਅੰਬਰਸਰੀਆ ਬਿੱਲਾ ਪਹਿਲੇ ਥਾਂ ਰਿਹਾ। ਉਸੇ ਸਾਲ ਦਿੱਲੀ ਹੋਏ ਨੈਸ਼ਨਲ ਮੁਕਾਬਲਿਆਂ ਵਿਚ ਪਾਲੇ ਨੇ ਦਿੱਲੀ ਦੇ ਤਕੜੇ ਪਹਿਲਵਾਨ ਜਗਨ ਨਾਥ ਨੂੰ ਹਰਾਇਆ।
ਪੰਜਾਬ ਪੰਚਾਇਤੀ ਰਾਜ ਦੀਆਂ ਖੇਡਾਂ ‘ਚ ਚਾਰ ਸਾਲ ਮੁਕਾਬਲੇ ਲੜੇ ਤੇ ਗੋਲਡ ਮੈਡਲ ਜਿਤੇ। ਸੰਨ 1970 ‘ਚ ਤਲਵੰਡੀ ਸਾਬੋ, 1971 ‘ਚ ਕਰਿਆਮ (ਨਜ਼ਦੀਕ ਨਵਾਂ ਸ਼ਹਿਰ), 1972 ‘ਚ ਨੂਰਪੁਰ ਬੇਦੀ, 1973 ‘ਚ ਫਿਰ ਤਲਵੰਡੀ ਸਾਬੋ ਵਿਚ ਜੇਤੂ ਰਿਹਾ। ਸ਼ਰੀਂਹ (ਸ਼ੰਕਰ) ਕੁਸ਼ਤੀਆਂ ‘ਚ ਮੇਹਰਦੀਨ ਨੇ ਪਾਲੇ ਤੇ ਜੰਡਿਆਲੇ ਦੇ ਮੋਹਣੇ ਪਹਿਲਵਾਨ ਦੀ ਕੁਸ਼ਤੀ ਕਰਾਈ। ਪਾਲੇ ਨੇ ਮੋਹਣੇ ਨੂੰ ਬੜੇ ਜੋਰ ਨਾਲ ਹਰਾਇਆ। ਗੇਜੀ ਭਲਵਾਨ ਨੂੰ ਕੰਗ ਸਾਬੂ, ਪਟਿਆਲੇ ਵਾਲੇ ਦਵਿੰਦਰ ਨੂੰ ਪੱਦੀ ਜਾਗੀਰ ਤੇ ਹਰਭਜਨ ਸੱਘਵਾਲ ਨੂੰ ਲੱਲੀਆਂ ਛਿੰਜ ‘ਚ ਹਰਾਇਆ।
ਅਗਲੇ ਸਾਲ ਫਿਰ ਪੰਜਾਬ ਦੇ ਸਕੂਲੀ ਮੁਕਾਬਲੇ ਹੁਸ਼ਿਆਰਪੁਰ ਹੋਏ। ਉਥੇ ਵੀ ਪਾਲਾ ਅੰਬਰਸਰ ਦੇ ਪ੍ਰਸਿੱਧ ਪਹਿਲਵਾਨ ਗੁਪਾਲੇ ਨੂੰ ਹਰਾ ਕੇ ਪ੍ਰਥਮ ਰਿਹਾ। ਸਕੂਲਾਂ ਦੀ ਦੂਜੀ ਆਲ ਇੰਡੀਆ ਨੈਸ਼ਨਲ ਲਖਨਊ ਹੋਈ ਤੇ ਮੁਕਾਬਲੇ ‘ਚ ਸਿਲਵਰ ਮੈਡਲ ਜਿੱਤਿਆ। ਸੰਨ 1971 ਦੇ ਪੰਜਾਬ ਦੇ ਸਕੂਲਾਂ ਦੀ ਨੈਸ਼ਨਲਸ਼ਿਪ ਹੁਸ਼ਿਆਰਪੁਰ ਹੋਈ। ਉਥੇ ਕਰਤਾਰ ਤੇ ਕਮਲ ਵੀ ਆਏ ਹੋਏ ਸਨ। ਵੱਖੋ ਵੱਖ ਭਾਰ ਵਰਗ ਵਿਚ ਤਿੰਨੇ ਜੇਤੂ ਰਹੇ। ਕਮਲ ਨੇ 71, ਕਰਤਾਰ ਨੇ 68 ਤੇ ਪਾਲੇ ਨੇ 62 ਕਿਲੋ ਵਰਗ ਵਿਚ ਪਹਿਲੇ ਸਥਾਨ ਲਏ।
ਸੰਨ 1972 ‘ਚ ਅੰਮ੍ਰਿਤਸਰ ਯੂਨੀਵਰਸਿਟੀ ਦੇ ਟਰਾਇਲ ਹੋਏ ਜਿਨ੍ਹਾਂ ‘ਚ ਪਾਲੇ ਨੇ ਕਰਤਾਰ ਪਹਿਲਵਾਨ ਨੂੰ ਹਰਾਇਆ। ਮੁਕਾਬਲਿਆਂ ‘ਚ ਜਾਣ ਤੋਂ ਪਹਿਲਾਂ ਕੈਂਪ ਅੰਮ੍ਰਿਤਸਰ ਲੱਗਾ ਜਿਥੇ ਬਿੱਲਾ, ਕਰਤਾਰ, ਗੁਰਚਰਨ ਤੇ ਅਮਰ ਸਿੰਘ ਵੀ ਸਨ। ਪਾਲੇ ਦੀ ਕਰਤਾਰ ਨਾਲ ਕੁਸ਼ਤੀ ਹੋਈ। ਕਿਸੇ ਨੇ ਕੋਈ ਪੁਆਇੰਟ ਨਾ ਲਿਆ। ਦੋਵੇਂ ਬਰਾਬਰ ਰਹੇ। ਉਸੇ ਸਾਲ ਟੀਮ ਆਸਟ੍ਰੇਲੀਆ ਜਾਣੀ ਸੀ ਤੇ ਉਥੇ ਵਰਲਡ ਯੂਨੀਵਰਸਿਟੀ ਮੁਕਾਬਲੇ ਹੋਣੇ ਸਨ। ਮਸਲਾ ਖੜ੍ਹਾ ਹੋ ਗਿਆ ਕਿ ਦੋਨਾਂ ‘ਚੋਂ ਕਿਸ ਨੂੰ ਲਿਜਾਇਆ ਜਾਵੇ। ਮਸਲਾ ਪਾਲੇ ਨੇ ਹੱਲ ਕੀਤਾ ਅਤੇ ਖੇਡ ਭਾਵਨਾ ਦੀ ਮਿਸਾਲ ਦਿੰਦਿਆਂ ਪਾਲੇ ਨੇ ਸਲਾਹ ਦਿੱਤੀ ਕਿ ਕਰਤਾਰ ਦਾ ਨੰਬਰ ਲਾ ਦਿਓ। ਆਗਰਾ ਯੂਨੀਵਰਸਿਟੀ ਦੇ 68 ਕਿਲੋਗ੍ਰਾਮ ਵਰਗ ਮੁਕਾਬਲਿਆਂ ਵਿਚ ਵੇਦ ਪਹਿਲਵਾਨ ਨੇ ਕਰਤਾਰ ਨੂੰ ਹਰਾ ਦਿਤਾ।
ਸੰਨ 1972 ‘ਚ ਓਪਨ ਨੈਸ਼ਨਲ ਮੁਕਾਬਲੇ ਬਨਾਰਸ ਹੋਏ। ਰਸਾਲ ਸਿੰਘ ਤੇ ਸੱਜਣ ਸਿੰਘ ਪਹਿਲਵਾਨ ਉਥੇ ਆਏ ਹੋਏ ਸਨ। ਪਾਲੇ ਨੇ ਉਥੇ 74 ਕਿਲੋ ਵਰਗ ‘ਚ ਸੀਨੀਅਰ ਨੈਸ਼ਨਲ ਲੜੀ ਤੇ ਤੀਜੇ ਥਾਂ ਰਿਹਾ। ਖਾਲਸਾ ਕਾਲਜ ਵਲੋਂ ਯੂਨੀਵਰਸਿਟੀ ਮੁਕਾਬਲਿਆਂ ਵਿਚ ਹਿੱਸਾ ਲਿਆ। ਭਾਰਤ ਦੇ ਪ੍ਰਸਿੱਧ ਕੋਚ ਸੋਂਧੀ ਸਾਹਿਬ ਦਾ ਛੋਟਾ ਭਰਾ ਜੈਲਾ, ਰਾਣਾ ਅਠੌਲਾ ਤੇ ਸ਼ੰਕਰੀਆ ਜੋਗਾ ਨਾਲ ਸਨ। ਤਿੰਨਾਂ ਨੇ ਯੂਨੀਵਰਸਿਟੀ ਵਿਚੋਂ ਪਹਿਲੀਆਂ ਪੁਜ਼ੀਅਨਾਂ ਲਈਆਂ। ਅਠੌਲੇ ਵਾਲਾ ਰਾਣਾ ਹੁਣ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਰਹਿੰਦਾ ਹੈ।
1972-73 ‘ਚ ਪਾਲਾ ਖਾਲਸਾ ਕਾਲਜ ਜਲੰਧਰ ਚਲੇ ਗਿਆ। ਸੱਘਵਾਲ ਵਾਲੇ ਜਗੀਰ ਸਿੰਘ ਕੋਚ ਤੋਂ ਸਿਖਲਾਈ ਲਈ। ਤਿੰਨ ਸਾਲ ਯੂਨੀਵਰਸਿਟੀ ਦੇ ਮੁਕਾਬਲਿਆਂ ਵਿਚ ਪਹਿਲੀ ਪੁਜੀਸ਼ਨ ਲਈ ਤੇ ‘ਰੋਲ ਆਫ ਆਨਰ’ ਦਾ ਖਿਤਾਬ ਲਿਆ। 1976-77 ‘ਚ ਪਟਿਆਲੇ ਤੋਂ ਐਨæ ਆਈæ ਐਸ਼ ਕੀਤੀ ਜਿਸ ਪਿਛੋਂ ਵੀ ਪਾਲਾ ਘੁਲਦਾ ਰਿਹਾ। ਸ਼ੰਕਰ ਕੁਸ਼ਤੀਆਂ ‘ਚ ਬੰਸੀਆਂ ਵਾਲੇ ਰੇਸ਼ਮ ਨਾਲ ਪਟਕੇ ਦੀ ਕੁਸ਼ਤੀ ਹੋਈ ਤੇ ਬਰਾਬਰ ਰਹੀ। ਨਕੋਦਰ ਮੇਹਰਦੀਨ ਦੇ ਸ਼ਾਗਿਰਦ ਮਿਲਟਰੀ ਦੇ ‘ਭਾਰਤ ਕੇਸਰੀ’ ਕਪੂਰਥਲੀਏ ਹਰਬੰਸ ਭਲਵਾਨ ਨਾਲ ਓਪਨ ਭਾਰ ਪਟਕੇ ਦੀ ਕੁਸ਼ਤੀ ਵਿਚ ਪਾਲਾ ਦੂਜੇ ਥਾਂ ਰਿਹਾ।
ਕੁਸ਼ਤੀਆਂ ਪਿਛੋਂ ਪਾਲਾ ਕਬੱਡੀ ਵੱਲ ਹੋ ਤੁਰਿਆ ਜਿਸ ਦਾ ਸ਼ੌਕ ਉਹਨੂੰ ਸਪੋਰਟਸ ਸਕੂਲ ਵਿਚ ਹੀ ਪੈ ਗਿਆ ਸੀ। ਖਾਲਸਾ ਕਾਲਜ ਜਾ ਕੇ ਕਬੱਡੀ ਖੇਡਣੀ ਸ਼ੁਰੂ ਕਰ ਦਿਤੀ। ਚਾਰ ਸਾਲ ਯੂਨੀਵਰਸਿਟੀ ਖੇਡਿਆ ਅਤੇ ਉਸ ਦੀ ਟੀਮ ਚਾਰੇ ਸਾਲ ਨੈਸ਼ਨਲ ਵਿਚੋਂ ਫਸਟ ਆਉਂਦੀ ਰਹੀ। ਦੂਜੇ ਪਾਸੇ ਬਲਵਿੰਦਰ ਫਿੱਡੂ, ਸ਼ਿਵਦੇਵ, ਅਮਰਜੀਤ ਜਿਹੇ ਤਕੜੇ ਖਿਡਾਰੀ ਹੁੰਦੇ ਸਨ। 3 ਸਾਲ ਲਗਾਤਾਰ ਜਿੱਤਦੇ ਰਹੇ। ਪੰਜਾਬ ਵਲੋਂ ਤਿੰਨ ਨੈਸ਼ਨਲ ਮੁਕਾਬਲੇ ਜਲੰਧਰ ਖੇਡੇ। ਪੰਜਾਬ ਵਿਰੁਧ ਚੰਡੀਗੜ੍ਹ ਟੀਮ ਦੇ ਮੁਕਾਬਲੇ ਵਿਚ ਪਾਲਾ ਚੰਡੀਗੜ੍ਹ ਟੀਮ ਦਾ ਕਪਤਾਨ ਸੀ।
ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਏ ਮੁਕਾਬਲੇ ਵਿਚ ਪਹਿਲਾਂ ਮਹਾਰਾਸ਼ਟਰ ਤੇ ਫਿਰ ਕਰਨਾਟਕ ਨੂੰ ਹਰਾਇਆ। ਕੁਆਰਟਰ ਫਾਈਨਲ ਪੰਜਾਬ ਨਾਲ ਹੋਈ। ਪੰਜਾਬ, ਚੰਡੀਗੜ੍ਹ, ਮੈਸੂਰ ਤੇ ਹੈਦਰਾਬਾਦ ਨੇ ਹਿੱਸਾ ਲਿਆ। ਬੇਇਨਸਾਫੀ ਹੋਣ ਕਰਕੇ ਪਾਲੇ ਹੁਣਾਂ ਦੀ ਟੀਮ ਸੈਮੀ ਫਾਈਨਲ ਵਿਚੋਂ ਵਾਕ-ਆਊਟ ਕਰ ਗਈ। ਪੰਜਾਬ ਸਟਾਇਲ ਓਪਨ ਕਬੱਡੀ ਵਿਚੋਂ ਦੋ ਸਾਲ ਪਹਿਲੇ ਨੰਬਰ ‘ਤੇ ਆਉਂਦੇ ਰਹੇ। ਜਲੰਧਰ ਲਾਗੇ ਕੋਟਲੀ ਥਾਨ ਸਿੰਘ ਹੋਏ ਮੈਚ ਵਿਚ ਪਾਲਾ, ਘੁੱਗਾ, ਚਮਕੌਰ ਤਲਵੰਡੀ ਫੱਤੂ, ਬਲਵੀਰ ਤੀਲ੍ਹੀ, ਅੰਬੀ ਸ਼ੰਕਰ, ਲੱਖੀ ਢਾਡੀ ਸ਼ੰਕਰ, ਸ਼ਿੰਦਾ ਅਟਵਾਲ ਬਹਿਰਾਮ, ਧਰਮੇ ਅਤੇ ਮੋਹਣੇ ਨੇ ਖੇਡ ਦੇ ਜੌਹਰ ਵਿਖਾਏ।
ਦਸੂਹੇ ਹੋਈਆਂ ਪੰਜਾਬ ਪੰਚਾਇਤੀ ਰਾਜ ਖੇਡਾਂ ਵਿਚ ਜਿੱਤ ਪ੍ਰਾਪਤ ਕੀਤੀ। ਸੈਮੀ ਫਾਈਨਲ ਦਾ ਪਹਿਲਾ ਮੈਚ ਹੁਸ਼ਿਆਰਪੁਰ ਨਾਲ ਹੋਇਆ। ਪਹਿਲੇ ਅੱਧ ਵਿਚ ਹੁਸ਼ਿਆਰਪੁਰ ਵਾਲੇ ਜਿੱਤਦੇ ਰਹੇ। ਮੀਂਹ ਪੈਣ ਕਾਰਨ ਮੈਚ ਵਿਚਾਲੇ ਰੋਕਣਾ ਪਿਆ। ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਪਾਲੇ ਹੋਰਾਂ ਧੂੜਾਂ ਪੱਟ ਦਿਤੀਆਂ। ਤਿੰਨਾਂ ਨੰਬਰਾਂ ਨਾਲ ਫਿਰ ਹੁਸ਼ਿਆਰਪੁਰ ਨੂੰ ਜਿੱਤੇ। ਇਧਰੋਂ ਰੇਡਰਾਂ ਵਿਚ ਪਾਲਾ, ਗੁਰਦਿਆਲ, ਮੋਹਣਾ ਤੇ ਸ਼ਿੰਦਾ ਅਟਵਾਲ ਬਹਿਰਾਮ ਅਤੇ ਸਟਾਪਰਾਂ ਵਿਚ ਘੁੱਗਾ, ਕੁਲਦੀਪ ਪੁਰੇਵਾਲ, ਲੱਖੀ ਤੇ ਅੰਬੀ ਸਨ ਜਦਕਿ ਹੁਸ਼ਿਆਰਪੁਰ ਦੀ ਟੀਮ ਵਿਚ ਰਾਵਲ ਮਾਣਕ ਢੇਰੀ, ਕਰਨੈਲ, ਤਾਰੀ ਤੇ ਤੀਰਥੇ ਵਰਗੇ ਤਕੜੇ ਖਿਡਾਰੀ ਸਨ। ਫਾਈਨਲ ਫਰੀਦਕੋਟ ਨਾਲ ਸੀ ਜਿਸ ਦੀ ਟੀਮ ਵਿਚ ਨਵਤੇਜ਼ ਤੇ ਜਗਦੇਵ ਤਕੜੇ ਸਟਾਪਰ ਸਨ। ਪਾਲੇ ਨੂੰ ਉਹ ਇਕ ਵਾਰ ਵੀ ਨਾ ਰੋਕ ਸਕੇ। ਸ਼ੰਕਰ ਖੇਡਾਂ ਵਿਚ ਦਾਦੂਵਾਲ ਨਾਲ ਹੋਏ ਸ਼ੋਅ ਮੈਚ ਵਿਚ ਦਾਦੂਵਾਲ ਦੇ 9 ਅਤੇ ਪਾਲੇ ਹੋਰਾਂ ਦੇ 25 ਨੰਬਰ ਸਨ।
1974 ‘ਚ ਕਬੱਡੀ ਟੀਮ ਨਾਲ ਉਹ ਇੰਗਲੈਂਡ ਗਿਆ। ਰੇਡਰਾਂ ‘ਚ ਪਾਲਾ, ਪ੍ਰੀਤਾ, ਦੇਵੀ ਦਿਆਲ, ਰਸਾਲ ਸਿੰਘ ਰਸਾਲਾ, ਸੱਤਾ ਅੰਬਰਸਰ, ਜੀਤਾ ਸਿਪਾਹੀ, ਗੁਰਦਿਆਲ ਸ਼ੰਕਰ, ਮੋਹਣਾ ਜੰਡਿਆਲਾ, ਭੱਜੀ ਖੁਰਦਪੁਰ, ਹੰਸਾ ਢੰਡੋਵਾਲ, ਜੱਗੀ ਉਗੀ ਚਿੱਟੀ ਤੇ ਸਟਾਪਰਾਂ ਵਿਚ ਘੁੱਗਾ ਸ਼ੰਕਰ, ਪਿੰਦਰ ਫਰੀਦਕੋਟ, ਸੁਰਜੀਤ ਲੁਧਿਆਣਾ ਅਤੇ ਦਰਸ਼ਨ ਲੁਧਿਆਣਾ ਸਨ। ਉਥੇ 6 ਮੈਚ ਖੇਡੇ। ਦੋ ਮੈਚ ਪਾਲੇ ਦੀ ਟੀਮ ਨੇ ਜਿੱਤੇ ਤੇ ਚਾਰ ਇੰਗਲੈਂਡ ਵਾਲਿਆਂ ਨੇ।
ਕਬੱਡੀ ਦੇ ਬਾਬਾ ਬੋਹੜ ਸਰਬਣ ਸਿੰਘ ਬੱਲ ਨੂੰ ਉਹ ਤਕੜਾ ਖਿਡਾਰੀ ਤੇ ਵਧੀਆ ਕੋਚ ਮੰਨਦਾ ਹੈ। ਰੁਸਤਮੇ-ਹਿੰਦ ਪਹਿਲਵਾਨ ਸੁਖਵੰਤ ਸਿੰਘ ਪੱਦੀ ਜਗੀਰ ਵਾਲੇ ਨਾਲ ਵਧੀਆ ਪਰਿਵਾਰਕ ਸਬੰਧ ਹਨ। ਨਡਾਲੇ ਵਾਲਾ ਪ੍ਰੀਤਾ ‘ਆਇਆ ਪ੍ਰੀਤਾ ਗਿਆ ਪ੍ਰੀਤਾ’ ਅਤੇ ਸੰਧਵਾਂ ਵਾਲੇ ਹਰਭਜਨ ਸਿੰਘ ਭੱਜੀ (ਵੇਟ ਲਿਫਟਰ ਤੇ ਕਬੱਡੀ ਖਿਡਾਰੀ) ਨਾਲ ਸਾਲਾਂ ਬੱਧੀ ਪਿਆਰ ਰਿਹਾ। ਕਬੱਡੀ ਕੈਂਚੀ ਦਾ ਥੰਮ੍ਹ ਮੱਲਪੁਰੀਆ ਹਰੀ ਪਾਲੇ ਦੀ ਕਬੱਡੀ ਨੂੰ ਅੱਜ ਵੀ ਯਾਦ ਕਰਦਾ ਹੈ।
ਪਾਲੇ ਨੇ ਵਰਜ਼ਿਸ਼ ਵੀ ਵਾਹਵਾ ਕੀਤੀ। ਰੋਜ਼ ਸਵੇਰੇ ਚਾਰ ਵਜੇ ਉਠ ਖੜਨਾ। ਘੁੱਗਾ ਤੇ ਅਜੈਬ ਵੀ ਨਾਲ ਹੁੰਦੇ। ਰੋਜ਼ਾਨਾ 4-5 ਮੀਲ ਦੌੜਨਾ, ਡੰਡ-ਬੈਠਕਾਂ, ਡੰਬਲ ਫੇਰਨੇ ਤੇ ਰੱਸੇ ਨਾਲ ਟਾਹਲੀ ‘ਤੇ ਚੜ੍ਹਨਾ। ਖੁਰਾਕ ਵਲੋਂ ਵੀ ਕੋਈ ਕਸਰ ਨਾ ਛੱਡੀ। ਰੋਜ਼ ਬਦਾਮਾਂ ਦੀ ਸ਼ਰਦਈ, ਫਲ-ਫਰੂਟ, ਦੁੱਧ ਤੇ ਕਦੇ ਕਦੇ ਮੀਟ। ਕਦੇ ਨਸ਼ਾ ਨਹੀਂ ਕੀਤਾ।
ਪੰਜਾਬ ਵਲੋਂ ਜੈਪੁਰ, ਚੰਡੀਗੜ੍ਹ ਅਤੇ ਆਸਨ ਸੋਲ (ਕਲਕੱਤਾ) ਨੈਸ਼ਨਲ ਖੇਡੀ। ਲਗਾਤਾਰ 3 ਸਾਲ ਯੂਨੀਵਰਸਿਟੀ ਜਿੱਤੀ। ਪਹਿਲੇ ਸਾਲ ਨਕੋਦਰ ਨਾਲ ਫਸਵਾਂ ਨੈਸ਼ਨਲ ਫਾਈਨਲ ਮੁਕਾਬਲਾ ਹੋਇਆ ਤੇ ਦੋ ਨੰਬਰਾਂ ਨਾਲ ਨਕੋਦਰ ਨੂੰ ਜਿੱਤਿਆ।
ਕੁਸ਼ਤੀ ਤੇ ਕਬੱਡੀ ਵਿਚ ਨਾਮਣਾ ਖੱਟਣ ਤੋਂ ਬਾਅਦ ਪਾਲੇ ਨੇ ਬਾਕਸਿੰਗ ਦੇ ਪ੍ਰਸਿੱਧ ਖਿਡਾਰੀ ਚਰਨਜੀਤ ਚੰਦੂ ਦੀ ਛੱਤਰਛਾਇਆ ਹੇਠ ਬਾਕਸਿੰਗ ਸ਼ੁਰੂ ਕਰ ਦਿਤੀ। ਚਾਰ ਸਾਲ ਯੂਨੀਵਰਸਿਟੀ ਦੇ ਗੋਲਡ ਮੈਡਲ ਜਿੱਤੇ। ਇਕ ਸਾਲ ਇੰਟਰ ਯੂਨੀਵਰਸਿਟੀ ਦਾ ਗੋਲਡ ਮੈਡਲ ਜਿੱਤਿਆ ਅਤੇ ਅਗਲੇ ਸਾਲ ਸਿਲਵਰ ਮੈਡਲ ਲਿਆ। ਭਾਰਤੀ ਬਾਕਸਿੰਗ ਦੇ ਚੀਫ ਕੋਚ ਗੁਰਬਖਸ਼ ਸਿੰਘ ਸੰਧੂ ਤੇ ਪ੍ਰਸਿੱਧ ਬਾਕਸਰ ਗੁਰਮੀਤ ਸਿੰਘ ਵੀ ਖਾਲਸਾ ਕਾਲਜ ਦੀ ਦੇਣ ਹੈ।
ਕੁਸ਼ਤੀ ਤੇ ਕਬੱਡੀ ਵਿਚ ਬੇਅੰਤ ਮੱਲਾਂ ਮਾਰਨ ਕਰਕੇ ਪੰਜਾਬ ਸਰਕਾਰ ਤੋਂ 8 ਸਾਲ 800 ਰੁਪਏ ਮਹੀਨਾ ਵਜ਼ੀਫਾ ਲਿਆ। ਇਹ ਵਜ਼ੀਫਾ ਉਹਨੂੰ ਦਿਤਾ ਜਾਂਦਾ ਸੀ ਜਿਸ ਕੋਲ ਯੂਨੀਵਰਸਿਟੀ, ਨੈਸ਼ਨਲ ਜਾਂ ਪੰਜਾਬ ਦੀਆਂ ਵੱਡੀਆਂ ਖੇਡ ਪ੍ਰਾਪਤੀਆਂ ਹੋਣ। ਪਾਲੇ ਨੇ ਤਾਕਤ ਦੀ ਰੱਜ ਕੇ ਨੁਮਾਇਸ਼ ਕੀਤੀ। ਜਿਸ ਪਾਸੇ ਵੀ ਜਾਂਦਾ, ਮੱਲਾਂ ਮਾਰਦਾ। ਟੀਮ ਬਣਾ ਕੇ ਰੱਸਾਕਸ਼ੀ ਸ਼ੁਰੂ ਕੀਤੀ। 1990 ‘ਚ ਟੀਮ ਉਹਦੀ ਕਪਤਾਨੀ ਹੇਠ ਏਸ਼ੀਅਨ ਚੈਂਪੀਅਨਸ਼ਿਪ ਟੋਕੀਓ ਰੱਸਾ ਖਿੱਚਣ ਗਈ। ਪਹਿਲਾ ਮੈਚ ਸਾਊਥ ਕੋਰੀਆ, ਦੂਜਾ ਸਿੰਘਾਪੁਰ ਤੇ ਤੀਜਾ ਮਲੇਸ਼ੀਆ ਨਾਲ ਹੋਇਆ। ਤਿੰਨੇ ਮੈਚ ਜਿੱਤੇ। ਚੌਥੇ ਫਾਈਨਲ ਵਿਚ ਜਪਾਨ ਤੋਂ ਹਾਰੇ। ਆਇਰਲੈਂਡ ਵਰਲਡ ਕੱਪ ਖੇਡਣ ਗਏ ਜਿਥੇ ਇਕ ਮੈਚ ਜਿੱਤੇ ਤੇ ਦੋ ਹਾਰੇ। ਰੱਸਾਕਸ਼ੀ ਟੀਮ ਵਿਚ ਗੁਰਪਾਲ ਸਿੰਘ, ਲਹਿੰਬਰ ਸੱਘਵਾਲ, ਹਰਜਿੰਦਰ ਸਿੰਘ ਖਾਨੋਵਾਲ, ਬਲਵੀਰ ਸਿੰਘ ਕੁੱਕੜ ਪਿੰਡ, ਨਾਨਕ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਦਲਜੀਤ ਸਿੰਘ ਤੇ ਰਣਜੀਤ ਸਿੰਘ ਸਾਥੀ ਹੁੰਦੇ।
1987 ‘ ਚ ਪਾਲੇ ਨੇ ਕੋਚਿੰਗ ਸ਼ੁਰੂ ਕਰ ਦਿਤੀ। ਸ਼ੁਰੂ ‘ਚ ਉਹ ਪਠਾਨਕੋਟ ਨਿਯੁਕਤ ਹੋਇਆ। ਪਹਿਲੇ ਸਾਲ ਟੀਮ ਪੰਜਾਬ ‘ਚੋਂ ਤੀਜੇ ਨੰਬਰ ‘ਤੇ ਰਹੀ। ਹਰਕਮਲ ਤੇ ਗੁਰਮੀਤ ਪਹਿਲੇ ਨੰਬਰ ‘ਤੇ ਰਹੇ। ਗੁਰਮੀਤ ਤੇ ਹਰਦੀਪ ਸੈਕਿੰਡ। ਹਰਦੀਪ ਹੁਣ ਕੈਲੀਫੋਰਨੀਆ ਰਹਿੰਦਾ ਹੈ ਤੇ ਪਾਲੇ ਉਸਤਾਦ ਦੀ ਵਧੀਆ ਕੋਚਿੰਗ ਨੂੰ ਅੱਜ ਵੀ ਯਾਦ ਕਰਦਾ ਹੈ। ਉਹਦੇ ਦੱਸਣ ਅਨੁਸਾਰ ਕੋਚ (ਪਾਲਾ) ਸਮੇਂ ਦਾ ਪਾਬੰਦ ਸੀ ਤੇ ਸ਼ੰਕਰ ਤੋਂ ਜਲੰਧਰ ਕਾਲਜ ਦੇ ਅਖਾੜੇ ਸਾਢੇ ਚਾਰ ਵਜੇ ਸਵੇਰੇ ਸਭ ਤੋਂ ਪਹਿਲਾਂ ਪਹੁੰਚ ਜਾਂਦਾ। ਉਹਦਾ ਰੋਅਬ ਕਾਲਜ ਦੇ ਸਾਰੇ ਪਹਿਲਵਾਨ, ਖਿਡਾਰੀ ਤੇ ਵਿਦਿਆਰਥੀ ਮੰਨਦੇ ਸਨ। ਬੜਾ ਠੰਡਾ, ਸਾਊ ਤੇ ਨਿਧੱੜਕ ਸੀ ਉਹ।
1989 ‘ਚ ਉਹ ਜਲੰਧਰ ਦੇ ਸਪੋਰਟਸ ਸਕੂਲ ‘ਚ ਕੁਸ਼ਤੀ ਕੋਚ ਨਿਯੁਕਤ ਹੋਇਆ। ਉਹਦੀ ਰਹਿਨਮਾਈ ਹੇਠ ਟੀਮ ਲਗਾਤਾਰ 5 ਸਾਲ ਪਹਿਲੇ ਨੰਬਰ ‘ਤੇ ਆਉਂਦੀ ਰਹੀ। ਪ੍ਰਵੀਨ ਕੁਮਾਰ ਕਪੂਰਥਲਾ, ਹਰਦੀਪ, ਮਲਕੀਤ ਕਾਂਜਲੀਵਾਲ, ਨਵਤੇਜ, ਸੁਰਿੰਦਰ, ਰਣਧੀਰ, ਹਰਦੀਪ, ਬਲਵੀਰ, ਰਾਕੇਸ਼ ਕੁਮਾਰ, ਲਖਵਿੰਦਰ ਲੱਖਾ ਗੁਰਦਾਸਪੁਰ, ਮਿੱਤਰਪਾਲ, ਸਰੂਪਾ ਗੁਰਦਾਸਪੁਰ ਤੇ ਕਿੱਕਰ ਸਿੰਘ ਜਿਹੇ ਪਹਿਲਵਾਨ ਸਨ।
ਪਾਲਾ ਕਹਿੰਦਾ ਹੈ ਕਿ ਜੇ ਕੋਚ ਸਹੀ ਢੰਗ ਨਾਲ ਮਿਹਨਤ ਕਰਾਉਣ ਤਾਂ ਤਕੜੇ ਪਹਿਲਵਾਨ ਪੈਦਾ ਕੀਤੇ ਜਾ ਸਕਦੇ ਹਨ। ਇਹ ਵੀ ਕਿਹਾ ਕਿ ਕਈ ਤਾਂ ਐਵੇਂ ਹੀ ਕੋਚਿੰਗ ਦਾ ਠੱਪਾ ਲੁਆ ਲੈਂਦੇ ਹਨ। ਉਹ ਕਦੀ ਅਖਾੜੇ ਵੀ ਨਹੀਂ ਗਏ ਹੁੰਦੇ। ਅਜਿਹੇ ਕੋਚਾਂ ਤੋਂ ਚੰਗੇ ਪਹਿਲਵਾਨਾਂ ਦੀ ਆਸ ਨਹੀਂ ਰੱਖੀ ਜਾ ਸਕਦੀ।
ਪੁਰਾਣੇ ਪਹਿਲਵਾਨਾਂ ਨੂੰ ਪਿਛੇ ਰਹਿ ਕੇ ਨਵਿਆਂ ਨੂੰ ਅੱਗੇ ਆਉਂਣ ਦੇ ਮੌਕੇ ਦੇਣੇ ਚਾਹੀਦੇ ਹਨ। ਜਿੰਨਾ ਚਿਰ ਪਹਿਲਵਾਨੀ ਵਿਚੋਂ ਸਿਆਸਤ ਤੇ ਭਾਈ-ਭਤੀਜਾਵਾਦ ਖਤਮ ਨਹੀਂ ਹੋ ਜਾਂਦੇ, ਉਦੋਂ ਤੱਕ ਮੇਹਰਦੀਨ, ਸੁਖਵੰਤ, ਬਿੱਲਾ, ਬੁੱਧੂ ਜਿਹੇ ਮੱਲ ਨਹੀਂ ਪੈਦਾ ਹੋ ਸਕਦੇ।
ਪੰਜਾਬ ਸਕੂਲ ਕੈਪਾਂ ਵਿਚ ਜਗਦੀਸ਼ ਭੋਲਾ, ਪਰਮਿੰਦਰ ਡੂੰਮਛੇੜੀ, ਜਗਜੀਤ ਸਿੰਘ ਤੇ ਹਰਜੀਤ ਬਰਾੜ ਬਾਜਾਖਾਨਾ ਵੀ ਉਹਦੇ ਕੋਲ ਕੁਸ਼ਤੀਆਂ ਲੜਦੇ ਰਹੇ ਹਨ। ਹਰਜੀਤ ਪਹਿਲਾਂ ਨੈਸ਼ਨਲ ਸਟਾਇਲ ਕਬੱਡੀ ਖੇਡਦਾ ਹੁੰਦਾ ਸੀ। ਪਾਲੇ ਦੇ ਕਹਿਣ ‘ਤੇ ਉਹ ਕੁਸ਼ਤੀਆਂ ਲੜਨ ਲੱਗਾ। ਪੰਜਾਬ ਸਕੂਲ ਕੁਸ਼ਤੀ ਮੁਕਾਬਲਿਆਂ ‘ਚੋਂ ਹਰਜੀਤ ਪਹਿਲਾ ਥਾਂ ਲੈਂਦਾ ਰਿਹਾ। ਹਰਜੀਤ ਫਿਰ ਕਬੱਡੀ ਵੱਲ ਹੋ ਗਿਆ ਤੇ ਕਬੱਡੀ ਦਾ ਸਟਾਰ ਖਿਡਾਰੀ ਬਣਿਆ। ਜਗਦੀਸ਼ ਭੋਲਾ ਸਕੂਲਾਂ ਦੀ ਨੈਸ਼ਨਲ ਵਿਚੋਂ ਪਹਿਲੇ ਸਾਲ ਦੂਜੇ ਨੰਬਰ ‘ਤੇ ਆਇਆ। ਦੂਜੇ ਸਾਲ ਕੱਟਕ ਜਾਣਾ ਸੀ। ਹੋਲੇ-ਮਹੱਲੇ ਦੀਆਂ ਕੁਸ਼ਤੀਆਂ ਵਿਚ ਭੋਲੇ ਦੀ ਕੁਸ਼ਤੀ ਅੰਬਰਸਰੀਏ ਐਂਥਨੀ ਨਾਲ ਹੋਈ। ਭੋਲਾ ਤੀਜੇ ਥਾਂ ਰਿਹਾ। ਪੰਜਾਬ ਸਕੂਲਾਂ ਦੇ ਕੈਂਪਾਂ ਵਿਚ ਪਾਲੇ ਕੋਲ ਪਹਿਲਵਾਨੀ, ਵਾਲੀਬਾਲ, ਹਾਕੀ, ਜਿਮਨਾਸਟਿਕਸ ਅਤੇ ਹੋਰ ਖੇਡਾਂ ਦੇ 150 ਖਿਡਾਰੀ ਸਨ। ਭੋਲਾ ਉਥੇ ਫਸਟ ਆਇਆ ਤੇ ਭਾਰਤ ਦਾ ਤਕੜਾ ਮੱਲ ਬਣਿਆ।
1994 ਤੋਂ 97 ਤੱਕ ਪਾਲੇ ਨੇ ਭਾਰਤੀ ਕੈਂਪਾਂ ਵਿਚ ਰਹਿ ਕੇ ਤਕੜੇ ਖਿਡਾਰੀ ਪੈਦਾ ਕੀਤੇ। 1996 ‘ਚ ਹੋਈ ਪੂਨੇ ਕਾਮਨਵੈਲਥ ਵਿਚ ਖਿਡਾਰੀ ਲੈ ਕੇ ਗਏ। ਭਾਰਤੀ ਕੁਸ਼ਤੀ ਦਾ ਮਹਾਂਰਥੀ ਕੋਚ ਪੀæਆਰæ ਸੋਂਧੀ ਵੀ ਉਸੇ ਕੈਂਪ ‘ਚ ਕੋਚ ਸੀ। ਦੋਵਾਂ ਨੇ ਵਾਹਵਾ ਮਿਹਨਤ ਕਰਾਈ ਤੇ ਭਲਵਾਨਾਂ ਨੇ ਮੱਲਾਂ ਮਾਰੀਆਂ।
ਪੁਰਾਣੀਆਂ ਗੱਲਾਂ ਚੇਤੇ ਕਰਦਿਆਂ ਪਾਲੇ ਨੇ ਦੱਸਿਆ ਕਿ ਇਕ ਵਾਰ ਸਾਲਾਨਾ ਪੇਪਰਾਂ ‘ਚ ਕਿਸੇ ਸਕੂਲ ‘ਚ ਨਕਲ ਵੱਜਦੀ ਦਾ ਪਤਾ ਲੱਗਣ ਕਰਕੇ ਫਲਾਇੰਗ ਅਫਸਰ ਉਹਨੂੰ ਵੀ ਨਾਲ ਲੈ ਗਏ। ਉਥੇ ਦਾ ਡੀæਪੀæਈæਪਾਲੇ ਨੂੰ ਕਹਿਣ ਲੱਗਾ, “ਆਹ ਲਓ 200 ਰੁਪਏ, ਜਾ ਕੇ ਖਾਓ ਪੀਓ।” ਅੱਗੋਂ ਜਵਾਬ ਸੀ, “ਆਹ ਲਓ 200 ਰੁਪਏ ਤੇ ਸਾਨੂੰ ਆਪਣਾ ਕੰਮ ਕਰਨ ਦਿਓ।” ਪਾਲੇ ਨੇ ਜਿੰਦਗੀ ‘ਚ ਕਦੇ ਕੋਈ ਲਾਲਚ ਨਹੀਂ ਕੀਤਾ, ਲੋੜਵੰਦ ਖਿਡਾਰੀਆਂ ਦੀ ਮਦਦ ਵੀ ਕਰ ਦਿੰਦਾ। ਚੱਕਾਂ ਵਾਲੇ ਕਮਲ ਪੰਡਿਤ ਨੂੰ ਖਾਲਸਾ ਕਾਲਜ ਵੀ ਪਾਲਾ ਲੈ ਕੇ ਗਿਆ ਸੀ ਤੇ ਹਰ ਤਰ੍ਹਾਂ ਨਾਲ ਉਹਦੀ ਮਦਦ ਕੀਤੀ।
ਪਾਲੇ ਨੂੰ ਆਪਣੇ ਪਿੰਡ ‘ਤੇ ਮਾਣ ਹੈ, ਜਿਥੇ ਗੁਰਦਾਵਰ ਵਰਗੇ ਮੱਲ ਪੈਦਾ ਹੋਏ ਜੋ ਪਾਕਿਸਤਾਨ, ਅਫਗਾਨਿਸਥਾਨ, ਇੰਗਲੈਂਡ ਤੇ ਹੋਰ ਦੇਸ਼ਾਂ ਵਿਚ ਘੁਲਣ ਜਾਂਦਾ ਰਿਹੈ। ਕਬੱਡੀ ਖਿਡਾਰੀ ਘੁੱਗੇ ‘ਤੇ ਵੀ ਮਾਣ ਹੈ। ਪਾਲਾ ਤੇ ਘੁੱਗਾ ਕਈ ਸਾਲ ‘ਕੱਠੇ ਕਾਲਜ ਚੈਂਪੀਅਨਸ਼ਿਪ, ਓਪਨ ਪੰਜਾਬ ਤੇ ਸਟੇਟ ਪੰਚਾਇਤੀ ਰਾਜ ਟੂਰਨਾਮੈਂਟ ਖੇਡਦੇ ਰਹੇ। ਕਬੱਡੀ ਵਿਚ ਘੁੱਗੇ ਨੇ ਹਰ ਪਾਸੇ ਘੁੱਗਾ-ਘੁੱਗਾ ਕਰਾਈ। ਘੁੱਗਾ (ਹਰਮਿੰਦਰ ਸਿੰਘ ਤੱਖਰ) ਅੱਜ ਕੱਲ੍ਹ ਵੈਨਕੂਵਰ, ਕੈਨੇਡਾ ਰਹਿੰਦਾ ਹੈ। ਪਾਲੇ ਨੂੰ ਅਫਸੋਸ ਹੈ ਕਿ ਸ਼ੰਕਰ ‘ਚੋਂ ਪਹਿਲਵਾਨ ਤੇ ਕਬੱਡੀ ਖਿਡਾਰੀ ਉਠਣੇ ਘਟ ਗਏ ਹਨ। ਹੁਣ ਨਾ ਅੱਗੇ ਵਾਲਾ ਸ਼ੌਕ ਰਿਹਾ, ਨਾ ਢੋਲ ਵੱਜਦੇ ਹਨ।
ਮਾਤਾ ਚੰਨਣ ਕੌਰ ਦਾ ਪਹਿਲਵਾਨ ਤੇ ਕਬੱਡੀ ਖਿਡਾਰੀ ਪੁੱਤ ਗੁਰਪਾਲ ਸਿੰਘ ਤੱਖਰ ਉਰਫ ਸ਼ੰਕਰੀਆ ਪਾਲਾ 16 ਫਰਬਰੀ 1979 ਨੂੰ ਦੁਸਾਂਝ ਕਲਾਂ ਦੀ ਹਰਦੀਪ ਕੌਰ ਨਾਲ ਵਿਆਹਿਆ ਗਿਆ। ਤਿੰਨ ਬੱਚੇ ਹਨ, ਦੋ ਲੜਕੇ ਤੇ ਇਕ ਲੜਕੀ। ਵੱਡੀ ਲੜਕੀ ਪਰਿਵਾਰ ਸਮੇਤ ਇੰਡੀਆਨਾ ਰਹਿੰਦੀ ਹੈ ਜਦਕਿ ਦੋਵੇਂ ਲੜਕੇ ਉਸ ਕੋਲ ਕੈਲੀਫੋਰਨੀਆ ਰਹਿੰਦੇ ਹਨ। ਦੋ ਭਰਾ ਸਨ। ਛੋਟਾ ਹੁਸ਼ਿਆਰ ਸਿੰਘ ਇਸ ਸਾਲ ਜਨਵਰੀ ਮਹੀਨੇ ਪੂਰਾ ਹੋ ਗਿਆ। ਮਾਤਾ-ਪਿਤਾ ਪਹਿਲਾਂ ਪੂਰੇ ਹੋ ਗਏ ਸਨ। ਪੁਰਾਣੇ ਖਿਡਾਰੀਆਂ ਘੁੱਗਾ, ਬੋਲਾ ਪੱਤੜੀਆ, ਚਮਕੌਰ ਤਲਵੰਡੀ ਫੱਤੂ, ਲਹਿੰਬਰ ਸੱਘਵਾਲ, ਰਾਵਲ ਮਾਣ ਢੇਰੀ, ਹਰਪਾਲ ਸ਼ਾਗਿਰਦ ਤੇ ਹੋਰ ਪਹਿਲਵਾਨਾਂ, ਸ਼ਾਗਰਦਾਂ ਤੇ ਖਿਡਾਰੀਆਂ ਨਾਲ ਜਰੂਰ ਸੰਪਰਕ ਰੱਖਦਾ ਹੈ। ਹਰ ਸਾਲ ਮੰਨਣਹਾਣੇ ਦੀ ਛਿੰਝ ‘ਤੇ ਪਹਿਲਵਾਨਾਂ ਬਾਰੇ ਲਿਖਣ ਵਾਲੇ ਲਿਖਾਰੀਆਂ ਦਾ ਸਨਮਾਨ ਕਰਦਾ ਹੈ। ਸੋਂਧੀ ਕੋਚ ਨਾਲ ਮਿਲ ਕੇ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ। ਬਲਵੀਰ ਸਿੰਘ ਕੰਵਲ ਨੂੰ ਵੀ ਇਨ੍ਹਾਂ ਵਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਗੁਰਪਾਲ ਸਿੰਘ ਪਾਲਾ ਨਵੇਂ ਖਿਡਾਰੀਆਂ ਵਿਚ ਨਸ਼ਿਆਂ ਦੇ ਵਧਦੇ ਰੁਝਾਨ ਬਾਰੇ ਚਿੰਤਤ ਹੈ। ਪਾਲੇ ਦਾ ਫੋਨ ਨੰਬਰ 530-632-2016 ਹੈ।