ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
ਅਮਰੀਕਾ ਦੀ ਇਮੀਗਰੇਸ਼ਨ ਨੇ ਚਰਨੇ ਨੂੰ ਦਸ ਸਾਲ ਲਈ ਡਿਪੋਰਟ ਕਰ ਦਿਤਾ ਸੀ। ਯਾਰਾਂ-ਦੋਸਤਾਂ ਨੇ ਧਰਵਾਸਾ ਦਿੰਦਿਆਂ ਮੋਢੇ ‘ਤੇ ਹੱਥ ਰੱਖਿਆ ਸੀ, “ਚਰਨਿਆ! ਫਿਕਰ ਨਾ ਕਰ, ਅਸੀਂ ਇਥੇ ਹੈਗੇ ਆਂ, ਤੇ ਤੇਰੀ ਘਰਵਾਲੀ ਜੱਸੀ ਇਥੋਂ ਦੀ ਸਿਟੀਜ਼ਨ ਹੈ, ਉਹ ਤੈਨੂੰ ਆਪੇ ਇਥੇ ਪੱਕੇ ਤੌਰ ‘ਤੇ ਸੱਦ ਲਵੇਗੀ। ਸਾਲ-ਛਿਮਾਹੀ ਤੈਨੂੰ ਮਿਲ ਆਇਆ ਕਰੂ।” ਚਰਨੇ ਦੇ ਮਿੱਤਰ ਇਹ ਕਹਿ ਕੇ ਭਾਵੇਂ ਆਪਣਾ ਫਰਜ਼ ਪੂਰਾ ਕਰ ਗਏ ਹੋਣ, ਪਰ ਚਰਨੇ ਲਈ ਜਹਾਜ਼ ਵੱਲ ਕਦਮ ਪੁੱਟਣ ਦੀ ਸ਼ਕਤੀ ਮੁੱਕ ਚੁੱਕੀ ਸੀ। ਉਹ ਜੱਸੀ ਅਤੇ ਆਪਣੇ ਇਕ ਸਾਲ ਦੇ ਪੁੱਤਰ ਨੂਰ ਨੂੰ ਬੁੱਕਲ ਵਿਚ ਲੈ ਕੇ ਧਾਹੀਂ ਰੋਇਆ। ਉਸ ਨੂੰ ਲੱਗਾ, ਰੱਬ ਨੇ ਸਭ ਕੁਝ ਦੇ ਕੇ ਫਿਰ ਖੋਹ ਲਿਆ ਹੈ।
ਚਰਨਾ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਪੰਦਰਾਂ ਕਿੱਲਿਆਂ ਦਾ ਮਾਲਕ ਚਰਨੇ ਦਾ ਪਿਉ ਕਰੰਟ ਲੱਗਣ ਕਰ ਕੇ ਇਸ ਜਹਾਨੋਂ ਤੁਰ ਗਿਆ ਸੀ। ਛੋਟਾ ਹੋਣ ਕਰ ਕੇ ਜ਼ਮੀਨ ਚਰਨੇ ਦੇ ਚਾਚੇ ਮਾਮਲੇ ‘ਤੇ ਵਾਹੁਣ ਲੱਗ ਪਏ। ਚਰਨੇ ਦੀ ਮਾਂ ਲਈ ਰੰਡੇਪੇ ਦੇ ਦਿਨ ਕੱਟਣੇ ਬਹੁਤ ਔਖੇ ਸਨ, ਪਰ ਉਹ ਧੀਆਂ ਤੇ ਪੁੱਤ ਲਈ ਡਟੀ ਰਹੀ। ਜਿਸ ਮਾਂ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ, ਉਸ ਨੂੰ ਸ਼ਰੀਕਾਂ ਅੱਗੇ ਪੱਲੇ ਅੱਡਣੇ ਪੈ ਗਏ।
ਚਰਨਾ ਆਪਣੀਆਂ ਭੈਣਾਂ ਨਾਲ ਪਿੰਡ ਦੇ ਸਕੂਲੇ ਪੜ੍ਹਦਾ ਸੀ। ਪਤਾ ਨਹੀਂ ਕਿਸ ਨੇ ਚਰਨੇ ਦੇ ਚਾਚੇ ਦੇ ਪੁੱਤਾਂ ਦੇ ਕੰਨ ਵਿਚ ਕਹਿ ਦਿੱਤਾ ਕਿ ਜੇ ਚਰਨਾ ਮਰ ਜਾਵੇ ਤਾਂ ਪੰਦਰਾਂ ਕਿੱਲੇ ਜ਼ਮੀਨ ਤੁਹਾਡੀ। ਉਸ ਦਿਨ ਤੋਂ ਦੋਵਾਂ ਨੇ ਚਰਨੇ ਨੂੰ ਮਾਰਨ ਦੀ ਸਕੀਮ ਬਣਾਉਣੀ ਸ਼ੁਰੂ ਕਰ ਦਿਤੀ। ਅਜੇ ਉਹ ਸੋਲਾਂ ਸਾਲਾਂ ਦਾ ਸੀ ਜਦੋਂ ਉਨ੍ਹਾਂ ਨੇ ਨਹਿਰ ਵਿਚ ਨਹਾਉਣ ਦੇ ਬਹਾਨੇ ਚਰਨੇ ਨੂੰ ਘਰੋਂ ਸੱਦ ਕੇ ਡੂੰਘੇ ਪਾਣੀ ‘ਚ ਧੱਕਾ ਦੇ ਦਿਤਾ। ਪਰ ਕਿਸੇ ਫੌਜੀ ਰਾਹਗੀਰ ਨੇ ਉਸ ਨੂੰ ਬਚਾ ਲਿਆ ਤੇ ਘਰੇ ਛੱਡ ਕੇ ਆਇਆ। ਚਰਨੇ ਨੇ ਮਾਂ ਨੂੰ ਦੱਸ ਦਿਤਾ ਕਿ ਉਸ ਨੂੰ ਕਾਕੇ ਤੇ ਪੀਤੇ ਨੇ ਧੱਕਾ ਦਿਤਾ ਸੀ।
ਵੀਹ ਸਾਲ ਦੀ ਉਮਰ ਤੱਕ ਚਰਨੇ ਉਤੇ ਕਾਕੇ ਹੋਰਾਂ ਕਈ ਹਮਲੇ ਕੀਤੇ। ਅਖੀਰ ਚਰਨੇ ਦਾ ਮਾਮਾ ਉਸ ਨੂੰ ਨਾਨਕੇ ਲੈ ਆਇਆ, ਪਰ ਮਾਂ ਤਾਂ ਚਰਨੇ ਤੋਂ ਬਿਨਾਂ ਅੰਨ੍ਹੀ ਹੋਣ ਵਰਗੀ ਹੋ ਗਈ। ਮਾਮਾ ਫਿਰ ਚਰਨੇ ਨੂੰ ਪਿੰਡ ਛੱਡ ਗਿਆ। ਹੁਣ ਮਾਂ ਨੇ ਚਰਨੇ ਨੂੰ ਦਲੇਰੀ ਤੇ ਅਣਖ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿਤਾ, ਤਾਂ ਜੋ ਆਪਣੀ ਰਾਖੀ ਆਪ ਕਰ ਸਕੇ। ਵੱਡੀਆਂ ਭੈਣਾਂ ਨੇ ਚਰਨੇ ਨੂੰ ਸਿੰਘਾਂ ਦੀਆਂ ਬਹਾਦਰੀ ਭਰੀਆਂ ਸਾਖੀਆਂ ਸੁਣਾ ਕੇ ਉਸ ਦਾ ਹੌਸਲਾ ਬੁਲੰਦ ਕੀਤਾ। ਹੁਣ ਉਹ ਕਾਕੇ ਤੇ ਪੀਤੇ ਨਾਲ ਸਿੱਧਾ ਲੜਨ ਲਈ ਤਿਆਰ ਹੋ ਗਿਆ ਸੀ।
ਚਰਨੇ ਦੀ ਖੜ੍ਹੀ ਮੁੱਛ ਦੇਖ ਕੇ ਸ਼ਰੀਕ ਕੰਨ ਭੰਨਣ ਲੱਗ ਪਏ। ਜੇ ਚਰਨਾ ਇਕੱਲਾ ਪੁੱਤ ਸੀ ਤਾਂ ਉਧਰ ਕਾਕਾ ਤੇ ਪੀਤਾ ਵੀ ਇਕੱਲੇ-ਇਕੱਲੇ ਪੁੱਤ ਸਨ। ਹੁਣ ਉਨ੍ਹਾਂ ਨੂੰ ਵੀ ਖਬਰ ਹੋ ਗਈ ਸੀ ਕਿ ਜੇ ਚਰਨਾ ਮਾਰਨਾ ਹੈ ਤਾਂ ਇਕ ਆਪਣਾ ਵੀ ਮਰਵਾਉਣਾ ਪਊ। ਸ਼ਾਇਦ ਉਨ੍ਹਾਂ ਨੂੰ ਸਮਝ ਆ ਗਈ ਸੀ। ਇਸ ਕਰ ਕੇ ਸ਼ਰੀਕੇ ਵਿਚ ਅੱਗ ਭੜਕਣ ਤੋਂ ਪਹਿਲਾਂ ਹੀ ਸਿਆਣਪ ਦਾ ਪਾਣੀ ਪਾ ਕੇ ਬੁਝਾ ਦਿਤੀ। ਚਰਨਾ 22 ਸਾਲ ਦਾ ਹੋਇਆ ਤਾਂ ਉਸ ਦਾ ਰਿਸ਼ਤਾ ਮਾਮੇ ਨੇ ਆਪਣੇ ਕਿਸੇ ਫੌਜੀ ਮਿੱਤਰ ਦੀ ਧੀ ਨਾਲ ਕਰ ਦਿਤਾ। ਵਿਆਹ ਅਗਲੇ ਸਾਲ ਦਾ ਰੱਖ ਲਿਆ। ਚਰਨਾ ਵਿਆਹ ਤੋਂ ਭੱਜਦਾ ਸੀ। ਉਹ ਕਹਿੰਦਾ, ਪਹਿਲਾਂ ਤਿੰਨਾਂ ਭੈਣਾਂ ਦਾ ਵਿਆਹ ਕਰਨਾ ਹੈ, ਉਹ ਤਾਂ ਸਭ ਤੋਂ ਛੋਟਾ ਹੈ; ਪਰ ਤਿੰਨੇ ਭੈਣਾਂ ਅਜੇ ਪੜ੍ਹਦੀਆਂ ਸਨ। ਮਾਂ ਚਰਨੇ ਦਾ ਵਿਆਹ ਕਰ ਕੇ ਉਸ ਨੂੰ ਗ੍ਰਹਿਸਥੀ ਮੋਹ ਵਿਚ ਪਾ ਕੇ ਦੂਰ ਨਹੀਂ ਸੀ ਜਾਣ ਦੇਣਾ ਚਾਹੁੰਦੀ, ਪਰ ਚਰਨਾ ਪਿੰਡ ਛੱਡਣਾ ਚਾਹੁੰਦਾ ਸੀ।
ਚਰਨੇ ਨੇ ਆਪਣੇ ਮਿੱਤਰ ਸੁੱਖੇ ਨਾਲ ਅਮਰੀਕਾ ਜਾਣ ਦੀ ਸਲਾਹ ਬਣਾ ਲਈ। ਦੋਵਾਂ ਨੇ ਚੋਰੀ-ਚੋਰੀ ਪਾਸਪੋਰਟ ਬਣਾ ਲਿਆ। ਚਰਨੇ ਨੇ ਮਾਮੇ ਦੀਆਂ ਮਿੰਨਤਾਂ ਕਰ ਕੇ ਉਸ ਨੂੰ ਮਨਾ ਲਿਆ ਤੇ ਮਾਂ ਨੂੰ ਕਹਿ ਕੇ ਪੈਸੇ ਲੈ ਲਏ। ਫਿਰ ਚਰਨਾ ਤੇ ਸੁੱਖਾ ਤਿੰਨ ਮਹੀਨੇ ਕਈ ਮੁਲਕਾਂ ਦੇ ਬਾਰਡਰ ਟੱਪਦੇ, ਮੈਕਸੀਕੋ ਦੇ ਬਾਰਡਰ ਉਤੇ ਫੜੇ ਗਏ। ਆਪਣੇ ਮੁਲਕ ਵਿਚ ਜਾਨ ਨੂੰ ਖਤਰਾ ਆਖ ਕੇ ਅਮਰੀਕਾ ਦਾਖਲ ਹੋ ਗਏ ਤੇ ਫਿਰ ਜ਼ਮਾਨਤਾਂ ਉਤੇ ਰਿਹਾ ਹੋ ਗਏ।
ਅਮਰੀਕਾ ਵਿਚ ਉਨ੍ਹਾਂ ਨੇ ਕੋਈ ਕੰਮ ਅਜਿਹਾ ਨਹੀਂ ਛੱਡਿਆ ਜੋ ਕੀਤਾ ਨਾ ਹੋਵੇ। ਦੋ ਸਾਲ ਤਾਂ ਧੱਕੇ ਹੀ ਖਾਂਦੇ ਰਹੇ। ਅਖੀਰ ਟਰੱਕ-ਵਾਸ਼ ‘ਤੇ ਲੱਗ ਗਏ ਤੇ ਉਥੇ ਸਾਲ ਭਰ ਟਿਕੇ ਰਹੇ। ਫਿਰ ਜਿਵੇਂ ਗਿਆਨ ਵਿਚ ਵਾਧਾ ਹੋਇਆ, ਸਟੋਰਾਂ ਵੱਲ ਤੁਰ ਪਏ। ਉਥੇ ਪੇਪਰਾਂ ਤੋਂ ਬਿਨਾ ਕੋਈ ਕੰਮ ਨਾ ਦੇਵੇ। ਲੋਕਾਂ ਨਾਲ ਬਥੇਰੀਆਂ ਰਿਸ਼ਤੇਦਾਰੀਆਂ ਕੱਢੀਆਂ, ਪਰ ‘ਡੁੱਬਦੀ ਨੂੰ ਕੌਣ ਬਚਾਵੇ’ ਵਾਂਗ ਗੋਤੇ ਖਾਂਦੇ ਫਿਰਦੇ ਰਹੇ। ਕਿਸੇ ਨੇ ਕਿਸੇ ਪੰਜਾਬੀ ਵਕੀਲ ਦੀ ਦੱਸ ਪਾ ਦਿੱਤੀ। ਦੋਵੇਂ ਉਸ ਨੂੰ ਮਿਲੇ, ਉਸ ਨੇ ਜੋ ਕੁਝ ਮੰਗਿਆ, ਇਨ੍ਹਾਂ ਦੇ ਦਿਤਾ। ਪੇਪਰਾਂ ਦੀ ਦੌੜ ਵਿਚ ਸੁੱਖਾ ਤਾਂ ਪਾਸ ਹੋ ਗਿਆ, ਪਰ ਚਰਨਾ ਅਜੇ ਰਾਹ ਵਿਚ ਹੀ ਸੀ। ਫਿਰ ਸੁੱਖੇ ਨੇ ਸਟੋਰ ‘ਤੇ ਕੰਮ ਲੱਭ ਲਿਆ ਤੇ ਰਾਤ ਦੀ ਡਿਊਟੀ ਚਰਨੇ ਨੂੰ ਆਪਣੇ ਸਟੋਰ ਉਤੇ ਲਾ ਦਿਤੀ। ਤਾਲ ਨਾਲ ਤਾਲ ਫਿਰ ਮਿਲਣ ਲੱਗ ਗਈ। ਸਾਰੇ ਡਾਲਰ ਸੁੱਖੇ ਦੇ ਖਾਤੇ ਵਿਚ ਜਮ੍ਹਾਂ ਕਰਵਾਉਣ ਲੱਗੇ। ਦੋਵਾਂ ਨੇ ਪਿੰਡ ਕੋਈ ਡਾਲਰ ਨਾ ਭੇਜਿਆ। ਥੋੜ੍ਹੇ ਡਾਲਰ ਜੋੜ ਕੇ ਦੋਵਾਂ ਨੇ ਵੱਡੀ ਵੈਨ ਖਰੀਦੀ। ਲਾਸ ਏਂਜਲਸ ਤੋਂ ਸਾਮਾਨ ਖਰੀਦ ਕੇ ਸਟੋਰਾਂ ‘ਤੇ ਵੇਚਣ ਲੱਗੇ। ਅੱਜ ਕੁਝ ਹੋਰ, ਕੱਲ੍ਹ ਕੁਝ ਹੋਰ, ਦਿਨੋ-ਦਿਨ ਤਰੱਕੀ ਹੋਣ ਲੱਗੀ।
ਕੰਮ ਚੱਲਿਆ ਦੇਖ ਕੇ ਕਿਸੇ ਨੇ ਸੁੱਖੇ ਨੂੰ ਰਿਸ਼ਤਾ ਕਰਵਾ ਦਿਤਾ। ਉਸ ਦਾ ਵਿਆਹ ਹੋ ਗਿਆ। ਚਰਨਾ ਪਿੰਡ ਮੰਗਿਆ ਹੋਇਆ ਸੀ। ਮਾਮਾ ਜ਼ੋਰ ਪਾਉਂਦਾ ਕਿ ਕੁੜੀ ਨੂੰ ਆਪਣੇ ਕੋਲ ਬੁਲਾ ਲੈ, ਇਥੇ ਵਿਆਹ ਕਰਵਾ ਲਈਂ। ਚਰਨਾ ਮਾਮੇ ਨੂੰ ‘ਹਾਂ’ ਕਰ ਦਿੰਦਾ। ਸਮਾਂ ਲੰਘਿਆ, ਦੋਵਾਂ ਦੇ ਖਾਤੇ ਵਿਚ ਚੰਗੇ ਡਾਲਰ ਹੋਏ ਤਾਂ ਸਾਂਝਾ ਸਟੋਰ ਲੈ ਲਿਆ। ਸੁੱਖਾ ਤੇ ਉਸ ਦੀ ਘਰਵਾਲੀ ਪਿੰਕੀ, ਦੋਵੇਂ ਸਟੋਰ ਉਤੇ ਹੁੰਦੇ, ਤੇ ਚਰਨਾ ਸਟੋਰਾਂ ‘ਤੇ ਸਾਮਾਨ ਵੇਚਦਾ। ਚਰਨੇ ਨੇ ਵਾਰੀ ਵਾਰੀ ਆਪਣੀਆਂ ਤਿੰਨਾਂ ਭੈਣਾਂ ਦੇ ਵਿਆਹ ਕੀਤੇ। ਤਿੰਨੇ ਆਪਣੇ ਘਰ ਰੰਗੀਂ ਵੱਸਣ ਲੱਗੀਆਂ। ਮਾਂ ਇਕੱਲੀ ਦੁੱਖਾਂ ਦੇ ਗਲੋਟੇ ਲਾਹੁਣ ਲੱਗੀ। ਚਰਨੇ ਨੇ ਸੁੱਖੇ ਨੂੰ ਆਖ ਕੇ ਮਾਂ ਦੇ ਪੇਪਰ ਭਰਾ ਲਏ, ਮਾਂ ਨੂੰ ਵੀਜ਼ਾ ਮਿਲ ਗਿਆ। ਉਹ ਚਰਨੇ ਕੋਲ ਆ ਗਈ। ਸਾਰੇ ਇਕੋ ਘਰ ਵਿਚ ਰਹਿੰਦੇ ਸੀ। ਚਰਨੇ ਦੀ ਮਾਂ ਪਿੰਕੀ ਨੂੰ ਆਪਣੀਆਂ ਧੀਆਂ ਵਾਂਗ ਪਿਆਰ ਕਰਦੀ। ਹੁਣ ਸਾਰੇ ਚਰਨੇ ਨੂੰ ਇਥੇ ਹੀ ਵਿਆਹ ਕਰਵਾਉਣ ਲਈ ਜ਼ੋਰ ਪਾਉਣ ਲੱਗੇ, ਪਰ ਚਰਨਾ ਕਹਿੰਦਾ, “ਜਿਹੜੀ ਮੇਰੇ ਨਾਲ ਅੱਠ ਸਾਲ ਦੀ ਮੰਗੀ ਹੋਈ ਹੈ, ਉਹ ਵਿਚਾਰੀ ਕੀ ਕਰੂਗੀ? ਮੈਂ ਵਿਆਹ ਤਾਂ ਆਪਣੀ ਮੰਗੇਤਰ ਜੱਸੀ ਨਾਲ ਹੀ ਕਰਵਾਉਣਾ ਹੈ ਜੋ ਮਰਜ਼ੀ ਹੋ ਜਾਵੇ।”
ਉਧਰ, ਪੇਪਰਾਂ ਨੇ ਅਜੇ ਚਰਨੇ ਨੂੰ ਕੋਈ ਪੱਲਾ ਨਾ ਫੜਾਇਆ। ਡਾਲਰਾਂ ਦੀ ਕੋਈ ਘਾਟ ਨਹੀਂ ਸੀ, ਪਰ ਸੁੱਖਾ ਅਜੇ ਸਿਟੀਜ਼ਨ ਨਹੀਂ ਹੋਇਆ ਸੀ। ਫਿਰ ਇਕ ਦਿਨ ਸਾਰਿਆਂ ਨੇ ਸਕੀਮ ਬਣਾਈ ਕਿ ਕਿਸੇ ਸਿਟੀਜ਼ਨ ਬੰਦੇ ਨੂੰ ਡਾਲਰ ਦੇ ਕੇ ਜੱਸੀ ਨੂੰ ਮੰਗਾ ਲਈਏ। ਉਹ ਬੰਦਾ ਜੱਸੀ ਨਾਲ ਕਾਗਜ਼ੀ ਵਿਆਹ ਕਰਵਾ ਕੇ ਇਥੇ ਲੈ ਆਵੇਗਾ। ਜਦੋਂ ਜੱਸੀ ਨੂੰ ਦਸ ਸਾਲ ਦਾ ਗਰੀਨ ਕਾਰਡ ਮਿਲ ਗਿਆ ਤਾਂ ਫਿਰ ਆਪਾਂ ਜੱਸੀ ਦਾ ਤਲਾਕ ਦਿਵਾ ਕੇ ਉਸ ਦਾ ਵਿਆਹ ਚਰਨੇ ਨਾਲ ਕਰਵਾ ਦੇਵਾਂਗੇ। ਹੁਣ ਇਤਬਾਰ ਵਾਲੇ ਬੰਦੇ ਦੀ ਭਾਲ ਹੋਣ ਲੱਗੀ।
ਇਕ ਦਿਨ ਚਰਨਾ ਇਕ ਸਟੋਰ ਉਤੇ ਸਾਮਾਨ ਰੱਖਣ ਗਿਆ ਤਾਂ ਸਟੋਰ ਦੇ ਮਾਲਕ ਨੇ ਪੇਪਰਾਂ ਦੀ ਕਹਾਣੀ ਛੇੜ ਲਈ। ਚਰਨਾ ਵਿਚਾਰਾ ਉਸ ਅੱਗੇ ਅੱਖਾਂ ਨਮ ਕਰ ਬੈਠਾ। ਉਹ ਬੰਦਾ ਚਰਨੇ ਦੀ ਮਦਦ ਲਈ ਹਾਮੀ ਭਰ ਗਿਆ। ਉਸ ਨੇ ਆਪਣੇ ਸਾਲੇ ਨੂੰ ਪੰਜਾਬ ਭੇਜ ਕੇ ਜੱਸੀ ਨੂੰ ਮੰਗਾਉਣ ਦਾ ਵਾਅਦਾ ਕੀਤਾ ਤਾਂ ਚਰਨੇ ਨੇ ਉਸ ਦੇ ਪੈਰ ਫੜ ਲਏ। ਉਸ ਨੇ ਚਰਨੇ ਦੇ ਮੋਢੇ ਫੜ ਕੇ ਉਠਾਇਆ ਤੇ ਆਪਣੀ ਛਾਤੀ ਨਾਲ ਲਾ ਕੇ ਕਿਹਾ, “ਤੂੰ ਪਹਿਲਾ ਬੰਦਾ ਏਂ ਜਿਹੜਾ ਆਪਣੀ ਮੰਗੇਤਰ ਤੋਂ ਬਿਨਾ ਹੋਰ ਕਿਸੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਨਹੀਂ ਤਾਂ ਮੁੰਡੇ ਚਾਰ ਛਿੱਲੜ ਆਇਆਂ ਤੋਂ ਘਰਵਾਲੀਆਂ ਛੱਡ ਦਿੰਦੇ ਆ।”
ਉਸ ਬੰਦੇ ਨੇ ਸਿਰਫ ਖਰਚੇ ਪਾਣੀ ਜੋਗੇ ਡਾਲਰ ਚਰਨੇ ਤੋਂ ਮੰਗੇ ਤੇ ਆਪਣਾ ਸਾਲਾ ਪੰਜਾਬ ਭੇਜ ਕੇ ਜੱਸੀ ਨਾਲ ਕੋਰਟ ਮੈਰਿਜ ਕਰਵਾ ਦਿਤੀ। ਉਹ ਸਿਟੀਜ਼ਨ ਹੋਣ ਕਰ ਕੇ ਜੱਸੀ ਅੱਠ ਮਹੀਨਿਆਂ ਵਿਚ ਚਰਨੇ ਦੀ ਬੁੱਕਲ ਵਿਚ ਸੀ। ਜੱਸੀ ਤੋਂ ਵੀ ਚਾਅ ਚੁੱਕ ਨਾ ਹੋਵੇ ਤੇ ਚਰਨੇ ਦੀ ਮਾਂ ਦੇ ਖੋਹੇ ਦਿਨ ਵੀ ਜਿਵੇਂ ਵਾਪਸ ਮੁੜ ਆਏ ਹੋਣ। ਹੁਣ ਚਰਨੇ ਨੇ ਵੈਨ ਵੇਚ ਕੇ ਸਟੋਰਾਂ ਉਤੇ ਸਪਲਾਈ ਦਾ ਕੰਮ ਬੰਦ ਕਰ ਦਿਤਾ ਤੇ ਇਕ ਹੋਰ ਸਾਂਝਾ ਸਟੋਰ ਲੈ ਲਿਆ। ਇਕੋ-ਇਕ ਆਸ ਇਹ ਬਚੀ ਸੀ ਕਿ ਜੱਸੀ ਨੂੰ ਦਸ ਸਾਲ ਦਾ ਗਰੀਨ ਕਾਰਡ ਮਿਲ ਜਾਵੇ ਤੇ ਉਹ ਜੱਸੀ ਨਾਲ ਵਿਆਹ ਕਰਵਾ ਕੇ ਪੱਕਾ ਹੋ ਜਾਵੇ। ਸਮਾਂ ਬੀਤਿਆ, ਜੱਸੀ ਨੂੰ ਦਸ ਸਾਲ ਦਾ ਗਰੀਨ ਕਾਰਡ ਮਿਲ ਗਿਆ ਤੇ ਫਿਰ ਤਲਾਕ ਹੋ ਗਿਆ। ਇਕ ਸਾਲ ਪਿਛੋਂ ਉਸ ਨੇ ਚਰਨੇ ਨਾਲ ਵਿਆਹ ਕਰਵਾ ਲਿਆ। ਵਿਆਹ ਦੇ ਪੇਪਰ ਭਰੇ ਤਾਂ ਚਰਨੇ ਦੇ ਡਿਪੋਰਟ ਆਰਡਰ ਹੋ ਗਏ। ਉਹ ਵਿਆਹ ਨਹੀਂ ਸੀ ਕਰਵਾ ਸਕਦਾ। ਵਕੀਲ ਲੱਭਿਆ ਤੇ ਫਿਰ ਕੇਸ ਕੀਤਾ।
ਪੇਪਰਾਂ ਦੀ ਤਲਵਾਰ ਫਿਰ ਸਿਰ ‘ਤੇ ਲਟਕਣ ਲੱਗੀ। ਇਸ ਦੌਰਾਨ ਦੁੱਖਾਂ ਉਤੇ ਥੋੜ੍ਹੀ ਜਿਹੀ ਮੱਲ੍ਹਮ ਵੀ ਲੱਗੀ। ਚਰਨੇ ਨੂੰ ਪੁੱਤਰ ਦੀ ਦਾਤ ਬਖਸ਼ੀ। ਸਾਲ ਪਿਛੋਂ ਚਰਨੇ ਨੂੰ ਇਮੀਗ੍ਰੇਸ਼ਨ ਵਾਲੇ ਚੁੱਕ ਕੇ ਲੈ ਗਏ ਤੇ ਡਿਪੋਰਟ ਕਰ ਦਿੱਤਾ।
ਪਿੰਡ ਜਾ ਕੇ ਚਰਨੇ ਦਾ ਦਿਲ ਨਾ ਲੱਗੇ। ਛੇ ਮਹੀਨਿਆਂ ਬਾਅਦ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮਾਂ ਫਿਰ ਇਕੱਲੀ ਰਹਿ ਗਈ। ਜੱਸੀ ਨੇ ਕਿਸੇ ਹੋਰ ਇੰਡੀਅਨ ਨਾਲ ਵਿਆਹ ਕਰਵਾ ਲਿਆ ਜੋ ਭਰੇ-ਭਰਾਏ ਖਜ਼ਾਨੇ ਦਾ ਮਾਲਕ ਬਣ ਗਿਆ। ਜਿਹੜੇ ਚਰਨੇ ਨੇ ਜੱਸੀ ਲਈ ਦਸ ਸਾਲ ਉਡੀਕ ਕੀਤੀ, ਉਸ ਨੇ ਚਰਨੇ ਦਾ ਸਿਵਾ ਵੀ ਠੰਢਾ ਨਾ ਹੋਣ ਦਿਤਾ। ਹੁਣ ਚਰਨੇ ਦੀ ਮਾਂ ਆਪਣਾ ਪੋਤਾ ਜੱਸੀ ਤੋਂ ਮੰਗਦੀ ਹੈ, ਪਰ ਜੱਸੀ ਗੱਲ ਕਰਨੀ ਵੀ ਘਾਟੇ ਵਾਲਾ ਸੌਦਾ ਸਮਝਦੀ ਹੈ। ਕਈ ਵਾਰ ਜ਼ਿੰਦਗੀ ਵਿਚ ਇੰਜ ਵੀ ਹੋ ਜਾਂਦਾ ਹੈ।