ਜੀਏ ਵੁਹ ਤਾਜ਼ਾ ਗੁਲਾਬ ਬਨ ਕਰ…

ਗੁਲਜ਼ਾਰ ਸਿੰਘ ਸੰਧੂ
ਜੀਏਂਗੇ ਤਾਜ਼ਾ ਗੁਲਾਬ ਬਨ ਕਰ
ਯੇਹ ਤੈਅ ਹੂਆ ਥਾ।
ਮਰੇਂਗੇ ਖੁਸ਼ਬੂ ਕਾ ਖੁਆਬ ਬਨ ਕਰ
ਯੇਹ ਤੈਅ ਹੂਆ ਥਾ।

ਕਸ਼ਮੀਰੀ ਲਾਲ ਜ਼ਾਕਿਰ ਦੀ ਤਾਜ਼ਾ ਗਜ਼ਲ ਦਾ ਇਹ ਸ਼ਿਅਰ ਪਿਛਲੇ ਮਹੀਨੇ ਵਿਛੋੜਾ ਦੇ ਗਏ ਦੋਨਾਂ ਮਹਾਰਥੀਆਂ-ਕਸ਼ਮੀਰੀ ਲਾਲ ਜ਼ਾਕਿਰ ਤੇ ਗੁਰਦਿਆਲ ਸਿੰਘ ਉਤੇ ਬਰਾਬਰ ਢੁੱਕਦਾ ਹੈ। ਦੋਨਾਂ ਦੀਆਂ ਰਚਨਾਵਾਂ ਦੀ ਗਿਣਤੀ 100 ਤੋਂ ਉਤੇ ਹੈ। ਦੋਨੋਂ ਪਦਮਸ਼੍ਰੀ ਸਨ। ਦੋਨਾਂ ਦੇ ਨਾਵਲ ਫਿਲਮਾਏ ਗਏ। ਦੋਨਾਂ ਨੇ ਸਾਹਿਤ ਦੀਆਂ ਸਭ ਵਿਧਾਵਾਂ ਵਿਚ ਰਚਨਾ ਕੀਤੀ। ਗੁਰਦਿਆਲ ਸਿੰਘ ਪੰਜਾਬੀ ਨਾਵਲਕਾਰ ਵਜੋਂ ਪ੍ਰਵਾਨ ਚੜ੍ਹਿਆ ਤੇ ਜ਼ਾਕਿਰ ਉਰਦੂ ਦੇ ਸ਼ਾਇਰ ਵਜੋਂ। ਦੋਨੋਂ ਕਰੀਬ ਦਰਜਨ ਦਰਜਨ ਪੁਰਸਕਾਰਾਂ ਦੇ ਭਾਗੀ ਬਣੇ ਤੇ ਦੋਵਾਂ ਨੇ ਰੱਜ ਕੇ ਜੀਵਿਆ ਤੇ ਮਾਣਿਆ।
ਜੇ ਜ਼ਾਕਿਰ ਉਮਰ ਦੇ 90ਵਿਆਂ ਦੇ ਅੱਧ ਤੱਕ ਜੀਵਿਆ ਤਾਂ ਗੁਰਦਿਆਲ ਸਿੰਘ 80ਵਿਆਂ ਦੇ ਅੱਧ ਤੱਕ। ਕੋਈ ਫਰਕ ਸੀ ਤਾਂ ਕੇਵਲ ਏਨਾ ਕਿ ਗੁਰਦਿਆਲ ਸਿੰਘ ਨੂੰ ਗਿਆਨ ਪੀਠ ਸਨਮਾਨ ਮਿਲਿਆ ਤੇ ਕਸ਼ਮੀਰੀ ਲਾਲ ਜ਼ਾਕਿਰ ਨੂੰ ਫਖਰ-ਏ-ਹਰਿਆਣਾ ਸਨਮਾਨ। ਇਹ ਵੀ ਸੱਚ ਹੈ ਕਿ ਗੁਰਦਿਆਲ ਸਿੰਘ ਨੇ ਸਾਰਾ ਜੀਵਨ ਪੰਜਾਬ ਦੇ ਮਾਲਵਾ ਖੇਤਰ ਵਿਚ ਬਿਤਾਇਆ ਤੇ ਜ਼ਾਕਿਰ ਨੇ ਪੰਜਾਬ ਦੇ ਪੁਆਧ ਖੇਤਰ ਵਿਚੋਂ ਕੱਢੇ ਗਏ ਚੰਡੀਗੜ੍ਹ ਵਿਚ। ਜੇ ਭੂਮੀ ਬਟਵਾਰੇ ਦੇ ਪ੍ਰਸੰਗ ਵਿਚ ਵੇਖੀਏ ਤਾਂ ਜ਼ਾਕਿਰ ਹਰਿਆਣਵੀ ਸੀ ਤੇ ਗੁਰਦਿਆਲ ਸਿੰਘ ਪੰਜਾਬੀ। ਪਰ ਇਹ ਵੀ ਕੋਈ ਅੰਤਰ ਨਹੀਂ ਕਿਉਂਕਿ ਦੋਨਾਂ ਦਾ ਜਨਮ ਅਖੰਡ ਪੰਜਾਬ ਦਾ ਹੈ। ਉਹ ਜੀਉਂਦੇ ਜੀਅ ਇੱਕ ਦੂਜੇ ਨੂੰ ਮਿਲਦੇ ਰਹੇ ਹੋਣ ਜਾਂ ਨਹੀਂ ਪਰ ਉਪਰ ਜਾ ਕੇ, ਜਿੱਥੋਂ ਦਾ ਜੀਵਨ ਵਧੇਰੇ ਤੇਜ਼ ਰਫਤਾਰ ਤੇ ਸੁਖਾਵਾਂ ਮੰਨਿਆ ਜਾਂਦਾ ਹੈ, ਇੱਕ ਦੂਜੇ ਨੂੰ ਗਲਵਕੜੀ ਪਾ ਕੇ ਮਿਲ ਸਕਦੇ ਹਨ। ਇਹ ਗਲਵਕੜੀ ਹਰਿਆਣਾ ਪੰਜਾਬ ਦੇ ਵੱਖ-ਵੱਖ ਹੋਣ ਦੇ ਬਾਵਜੂਦ ਏਕਤਾ ਦਾ ਬਿੰਬ ਬਣੇਗੀ। ਉਂਜ ਦੋਵਾਂ ਦੇ ਜੀਵਨ ਸੰਗਰਾਮ ਨੂੰ ਜ਼ਾਕਿਰ ਦੇ ਇਸ ਸ਼ਿਅਰ ਰਾਹੀਂ ਵੇਖਿਆ ਜਾ ਸਕਦਾ ਹੈ:
ਹਮ ਫਕੀਰੋਂ ਕੀ ਬਾਤ ਮੱਤ ਪੂਛੋ,
ਰੋਜ਼ ਮਰਤੇ ਹੈਂ ਰੋਜ਼ ਜੀਤੇ ਹੈਂ।
ਇਕ ਨਯਾ ਜ਼ਖਮ ਦਿਨ ਕੋ ਮਿਲਤਾ ਹੈ,
ਇਕ ਨਯਾ ਜ਼ਖਮ ਰਾਤ ਕੋ ਸੀਤੇ ਹੈਂ।
ਮਧ ਪ੍ਰਦੇਸ਼ ਦਾ ਗੈਰ-ਮਾਨਵੀ ਕਾਰਾ: ਮਧ ਪ੍ਰਦੇਸ਼ ਦੇ ਸਾਗਰ ਖੇਤਰ ਤੋਂ ਇਕ ਅਜਿਹੀ ਖਬਰ ਆਈ ਹੈ ਜੋ ਭਾਰਤੀ ਕਦਰਾਂ-ਕੀਮਤਾਂ ਦੇ ਨਿਘਾਰ ਦੀ ਸਿਖਰ ਹੈ। ਛਤਰਪੁਰ ਜ਼ਿਲੇ ਦੇ ਗੋਘਰੀ ਪਿੰਡ ਦਾ ਰਾਮ ਸਿੰਘ ਲੋਧੀ ਆਪਣੀ ਮਾਂ, ਪਤਨੀ ਤੇ ਪੰਜ ਦਿਨਾਂ ਦੀ ਨਵ ਜੰਮੀ ਬਾਲੜੀ ਨੂੰ ਲੈ ਕੇ ਸਥਾਨਕ ਬੱਸ ਰਾਹੀਂ ਦਮੋਹ ਦੇ ਸਿਵਲ ਹਸਪਤਾਲ ਜਾ ਰਿਹਾ ਸੀ। ਉਸ ਦੀ 35 ਸਾਲਾ ਪਤਨੀ ਮੱਲੀ ਬਾਈ, ਜਿਹੜੀ ਬੱਚੀ ਦੇ ਜਨਮ ਤੋਂ ਪਿਛੋਂ ਰੋਗੀ ਹੋ ਗਈ ਸੀ, ਬੱਸ ਵਿਚ ਹੀ ਚੱਲ ਵਸੀ। ਕੰਡਕਟਰ, ਡਰਾਈਵਰ ਤੇ ਸਹਾਇਕ ਨੇ ਰਸਤੇ ਵਿਚ ਹੀ ਬੱਸ ਰੋਕ ਕੇ ਉਨ੍ਹਾਂ ਨੂੰ ਉਤਰ ਜਾਣ ਲਈ ਕਿਹਾ। ਰਾਮ ਸਿੰਘ ਲੋਧੀ ਤੇ ਉਸ ਦੀ ਮਾਂ ਨੇ ਬੜੀਆਂ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਉਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਨੂੰ ਉਥੇ ਘੰਟਾ ਭਰ ਕੋਈ ਸਵਾਰੀ ਨਹੀਂ ਮਿਲੀ। ਅੰਤ ਮਿਰਤੁੰਜੇ ਹਜ਼ਾਰ ਤੇ ਰਾਜੇਸ਼ ਪਟੇਲ ਨਾਂ ਦੇ ਦੋ ਵਕੀਲਾਂ ਨੇ, ਜਿਹੜੇ ਆਪਣੇ ਦਮੋਹ ਵਾਲੇ ਘਰਾਂ ਨੂੰ ਜਾ ਰਹੇ ਸਨ, ਆਪਣੀ ਕਾਰ ਰੋਕ ਕੇ ਉਨ੍ਹਾਂ ਲਈ ਸਵਾਰੀ ਦਾ ਪ੍ਰਬੰਧ ਕੀਤਾ ਅਤੇ ਦਮੋਹ ਜਾ ਕੇ ਰਿਪੋਰਟ ਵੀ ਲਿਖਵਾਈ।
ਪਤਾ ਲੱਗਾ ਹੈ ਕਿ ਪੁਲਿਸ ਨੇ ਬੱਸ ਤੇ ਕੰਡਕਟਰ ਨੂੰ ਗ੍ਰਿਫਤਾਰ ਕਰਕੇ ਬੱਸ ਵੀ ਠਾਣੇ ਖੜੀ ਕਰਵਾ ਲਈ ਹੈ। ਬੱਸ ਤੇ ਕੰਡਕਟਰ ਦਾ ਵਤੀਰਾ ਤਾਂ ਨਿੰਦਣਯੋਗ ਹੈ ਹੀ ਪਰ ਬੱਸ ਦੀਆਂ ਬਾਕੀ ਸਵਾਰੀਆਂ ਵੀ ਘਟ ਕਸੂਰਵਾਰ ਨਹੀਂ ਜਿਨ੍ਹਾਂ ਨੇ ਬੱਸ ਵਾਲਿਆਂ ਉਤੇ ਯੋਗ ਦਬਾਅ ਪਾ ਕੇ ਲੋਧੀ ਪਰਿਵਾਰ ਦੀ ਸਹਾਇਤਾ ਨਹੀਂ ਕੀਤੀ। ਭਾਰਤ ਵਿਚ ਤਾਂ ਕੀ ਇਹੋ ਜਿਹਾ ਵਤੀਰਾ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਹੋਵੇ ਤਾਂ ਨਿੰਦਣਯੋਗ ਹੈ।
ਅੰਤਿਕਾ: ਅਰਸ਼ੀ ਠੁਆਣੇ ਵਾਲਾ
ਕੱਠੀਆਂ ਹੋ ਸਭ ਮੁਟਿਆਰਾਂ, ਬੰਨ੍ਹ ਬੰਨ੍ਹ ਕੇ ਆਈਆਂ ਡਾਰਾਂ।
ਹਰ ਕੋਈ ਕਹਿੰਦੀ ਜਿੱਤਾਂ, ਕੋਈ ਨਾ ਕਹਿੰਦੀ ਹਾਰਾਂ।
ਅੰਬਰ ਤੱਕ ਹਰ ਕੋਈ ਨੱਢੀ, ਪੀਂਘ ਚੜ੍ਹਾਉਂਦੀ ਹੈ।
ਪਿੱਪਲ ਨਾਲ ਪੀਂਘ ਝੂਟਕੇ, ਜਿੰਦੜੀ ਨਸ਼ਿਆਉਂਦੀ ਹੈ।