ਮਨੁੱਖੀ ਬੇਵਸੀ ਦੀ ਕਲਾਤਮਿਕ ਸਿਰਜਣਾ ਚੌਥੀ ਕੂਟ

ਰਣਦੀਪ ਮੱਦੋਕੇ
ਫੋਨ: +91-98146-93368
ਕਲਾ ਦੇ ਖੇਤਰ ਵਿਚ ਵਿਚਰਦਿਆਂ ਪੰਜਾਬੋਂ ਬਾਹਰ ਸੁਣਨ ਨੂੰ ਮਿਲਦਾ ਹੈ ਕਿ ਪੰਜਾਬ ਵਿਜ਼ੂਅਲੀ ਅਨਪੜ੍ਹ ਖਿੱਤਾ ਹੈ। ਇਥੇ ਲੋਕਾਂ ਕੋਲ ਵਿਜ਼ੂਅਲ ਸਮਝ ਨਹੀਂ ਹੈ। ‘ਅੰਨ੍ਹੇ ਘੋੜੇ ਦਾ ਦਾਨ’ ਤੋਂ ਬਾਅਦ ‘ਚੌਥੀ ਕੂਟ’ ਨੇ ਪੰਜਾਬੀ ਸਿਨਮੇ ਦੇ ਮੱਥੇ ਤੋਂ ਇਹ ਉਲਾਂਭਾ ਲਾਹ ਦਿਤਾ ਹੈ। ਇਥੇ ਗੁਰਵਿੰਦਰ ਸਿੰਘ ਨੂੰ ‘ਮਾਸਟਰ ਔਫ ਵਿਜ਼ੂਅਲ ਲੈਂਗੂਏਜ’ ਕਹਿਣਾ ਗਲਤ ਨਹੀਂ ਹੋਵੇਗਾ। ਫਿਲਮ ਇਕ ਸਫਰ ਤੋਂ ਆਪਣਾ ਸਫ਼ਰ ਸ਼ੁਰੂ ਕਰਦੀ ਹੈ ਅਤੇ ਲਗਾਤਾਰ ਉਲਝਣਾਂ ਭਰੇ ਸਫਰ ਵੱਲ ਵਧਦੀ ਹੈ। ਕਿਸੇ ਖਾਸ ਵਿਚਾਰ ਜਾਂ ਵਿਚਾਰਧਾਰਾ ਤੋਂ ਅਣਭਿੱਜ ਆਮ ਲੋਕਾਈ ਕਿਵੇਂ ਚੌਤਰਫਾ ਸੰਤਾਪ ਭੋਗਦੀ ਹੈ। ਬੇਵੱਸ, ਲਾਚਾਰ ਘੁਟਣ ਭਰੇ ਵਾਤਾਵਰਨ, ਆਪਣੇ ਹੀ ਅਹਿਸਾਸ ਦਾ ਕਤਲ ਕਰਨ ਲਈ ਮਜਬੂਰ, ਕਿਸੇ ਦਰਦਮੰਦ ਧਿਰ ਦੇ ਢਾਰਸ ਦੀ ਅਣਹੋਂਦ ਵਿਚ, ਮਨੁੱਖੀ ਜਿੰਦਾਂ ਤੇ ਟੁੱਟੇ ਬੁਰੇ ਵਕਤ ਦੇ ਕਹਿਰ ਵਿਚ ਡਾਢਿਆਂ ਅੱਗੇ ਬੋਲਣ ਦੀ ਜੁਰਅਤ ਰੱਖਣ ਵਾਲਾ ਕਿਰਦਾਰ ਹੈ ਕੁੱਤਾ ਟੌਮੀ ਜੋ ਕਿਸੇ ਉਡਦੇ ਪੰਜਾਬ ਦੇ ਟੌਮੀ ਨਾਲੋਂ ਵੱਧ ਸੰਜੀਦਾ ਹੈ।

ਉਹ ਗ਼ਲਤੀਆਂ ਕਰ ਕੇ ਨਹੀਂ ਸੁਧਰਦਾ ਅਤੇ ਆਪਣੀ ਸੰਵੇਦਨਾ ਦੀ ਸਜ਼ਾ ਆਪਣਿਆਂ ਹੱਥੋਂ ਹੀ ਭੁਗਤਦਾ ਹੈ। ਉਹ ਪਰੋਸੀ ਹੋਈ ਜ਼ਹਿਰ ਨਹੀਂ ਨਿਗਲਦਾ, ਸਗੋਂ ਦਿਨ ਰਾਤ ਸ਼ੱਕੀਆਂ ਤੋਂ ਚੌਕਸ ਰਹਿ ਕੇ ਖ਼ਬਰਦਾਰ ਕਰਦਾ ਹੈ। ਫਿਲਮ ਦੇ ਇਕ ਕਿਰਦਾਰ ਤੋਂ ਆਪਣੀ ਵਫ਼ਾਦਾਰੀ ਤੇ ਜਿਉਂਦੇ ਜਾਗਦੇ ਹੋਣ ਦਾ ਸਨਮਾਨ ਸ਼ਬਦ ਹਾਸਿਲ ਕਰਦਾ ਹੈ: ‘ਉਠ ਬੁੱਲ੍ਹਿਆ ਉਠ ਪੀਰ ਮਨਾ ਲੈ ਨਹੀਂ ਤਾਂ ਬਾਜੀ ਲੈਗੇ ਕੁੱਤੇæææ ਤੈਂ ਤੀ ਉਤੇ’। ਬੀਂਡਿਆਂ ਅਤੇ ਡੱਡੂਆਂ ਦੀ ਟੀਂ ਟੀਂ ਟ੍ਰੈਂ ਟ੍ਰੈਂ ਦੀਆਂ ਆਵਾਜ਼ਾਂ ਫਿਲਮ ਦੇ ਕਿਰਦਾਰਾਂ ਦੀ ਨਸ ਨਸ ਵਿਚ ਪੈਂਦੇ ਹੌਲ ਨੂੰ ਹੋਰ ਵੀ ਹੌਲਨਾਕ ਬਣਾਉਂਦੀਆਂ ਹਨ ਜੋ ਫ਼ਿਲਮ ਵਿਚ ਧ੍ਵਨੀ ਦੀ ਅਹਿਮੀਅਤ ਦੀਆਂ ਹਾਮੀ ਹਨ। ਕਿਸੇ ਫਿਲਮ ਦੇ ਸੈੱਟ ‘ਤੇ ਬਹੁਤ ਵਾਰ ਅਸਲੀ ਹਨ੍ਹੇਰੀ, ਬੱਦਲਾਂ ਨਾਲ ਢਕੇ ਅਸਮਾਨ ਅਤੇ ਗਰਜਦੀ ਬਿਜਲੀ ਦਾ ਸਾਹਮਣਾ ਹੁੰਦਾ ਹੋਵੇਗਾ, ਸ਼ਾਇਦ ਇਹ ਫਿਲਮਾਂਕਣ ਦੇ ਕੰਮ ਵਿਚ ਵਿਘਨ ਵੀ ਬਣ ਜਾਂਦਾ ਹੋਵੇਗਾ, ਪਰ ਚੌਥੀ ਕੂਟ ਵਿਚ ਹਦਾਇਤਕਾਰ ਨੇ ਬਾਖੂਬੀ ਇਨ੍ਹਾਂ ਬਿੱਜਾਂ ਨੂੰ ਆਪਣੀ ਪਟਕਥਾ ਦਾ ਵਿਜ਼ੂਅਲ ਪ੍ਰਗਟਾਵਾ ਕਰਾਉਣ ਲਈ ਵੱਸ ਵਿਚ ਕੀਤਾ ਹੈ। ਇਹ ਉਸ ਦੀ ਉਮਦਾ ਵਿਜ਼ੂਅਲ ਸਾਖਰਤਾ ਦਾ ਪ੍ਰਗਟਾਵਾ ਹੈ। ਭਾਦੋਂ ਦੇ ਸਾਹ ਘੁੱਟਵੇਂ ਵਾਤਾਵਰਨ ਦੇ ਦ੍ਰਿਸ਼ ਕਿਰਦਾਰਾਂ ਦੇ ਅੰਦਰ ਦੀ ਘੁਟਣ ਦਾ ਜਿਵੇਂ ਵਿਜ਼ੂਅਲ ਪ੍ਰਗਟਾਵਾ ਹੋਣ। ਟਰੇਨ ਦੇ ਮੁਸਾਫਿਰਾਂ ਦਾ ਹਾਲਾਤ ਤੋਂ ਭੈਭੀਤ ਹੋਣ, ਸਫ਼ਰ ਦੌਰਾਨ ਤੇ ਸਫ਼ਰ ਮੁੱਕਣ ਤੱਕ ਸਾਰੇ ਰਾਹ ਸਾਥ ਹੋਣ ‘ਤੇ ਵੀ ਬੇਗਾਨਗੀ ਦੇ ਹਾਵ-ਭਾਵਾਂ ਨੂੰ ਦ੍ਰਿਸ਼ਾਂ ‘ਚ ਖੂਬਸੂਰਤੀ ਨਾਲ ਬਿਆਨਿਆ ਗਿਆ ਹੈ ਜੋ ਕਿਸੇ ਪ੍ਰੌੜ੍ਹ ਵਿਚਾਰ ਦੀ ਅਣਹੋਂਦ ਵਿਚ ਹਨ੍ਹੇਰੇ ਵਿਚ ਟੱਕਰਾਂ ਮਾਰਨ ਵਰਗੀ ਭਾਵਨਾ ਦਾ ਅਹਿਸਾਸ ਕਰਾਉਂਦੇ ਹਨ। ਰਾਤ ਦੇ ਸੀਨ ਜਿਥੇ ਮਾਮੂਲੀ ਜਿਹੀ ਚਾਨਣ ਦੀ ਮੌਜੂਦਗੀ ਹੀ ਇਕ ਆਸ ਹੈ। ਇਤਿਹਾਸ ਦੇ ਉਸ ਦੌਰ ਵਿਚ ਦੋ ਚੱਕੀਆਂ ਦੇ ਪੁੜਾਂ ਵਿਚ ਪਿਸਦੇ ਸਾਧਾਰਨ ਜਨ ਹਰ ਪਾਸਿਓਂ ਹਾਲਾਤ ਮੂਹਰੇ ਬੇਵੱਸ ਹਨ। ਫਿਲਮ ਉਨ੍ਹਾਂ ਦੀ ਲਾਚਾਰੀ ਦਾ ਕਲਾਤਮਿਕ ਪ੍ਰਗਟਾਵਾ ਹੈ। ਫਿਲਮ ਦੀ ਪਰਦਾਪੇਸ਼ੀ ਤੋਂ ਬਾਅਦ ਪੰਜਾਬ ਵਿਚ ਦੋ ਤਰ੍ਹਾਂ ਦੇ ਵਿਚਾਰ ਫਿਲਮ ਬਾਰੇ ਸੁਣਨ ਨੂੰ ਮਿਲੇ: ਇਕ ਇਹ ਕਿ ਫਿਲਮ ਸਟੇਟ ਦੇ ਪੱਖ ਵਿਚ ਭੁਗਤਦੀ ਹੈ; ਦੂਜਾ ਇਹ ਕਿ ਖਾਲਸਤਾਨੀਆਂ ਦੇ ਪੱਖ ਵਿਚ ਭੁਗਤਦੀ ਹੈ; ਪਰ ਅਸਲ ਵਿਚ ਇਹ ਫਿਲਮ ਉਸ ਦੌਰ ਦੇ ਆਮ ਲੋਕਾਂ ਦੇ ਪੱਖ ਵਿਚ ਭੁਗਤਦੀ ਹੈ, ਉਨ੍ਹਾਂ ਦੀ ਬੇਵਸੀ ਦਾ ਬਾਖ਼ੂਬੀ ਇਜ਼ਹਾਰ ਕਰਦੀ ਹੈ। ਇਸ ਨੂੰ ਕਿਸੇ ਖਾਸ ਸਾਂਚੇ ‘ਚ ਢਾਲ ਕੇ ਦੇਖਣਾ ਆਪਣੀ ਵਿਦਵਤਾ ਜਾ ਬੌਧਿਕ ਕੰਗਾਲੀ ਹੀ ਹੋ ਸਕਦੀ ਹੈ। ਇਥੇ ਬਣਨ ਵਾਲੀਆਂ ਆਮ ਫਿਲਮਾਂ ਕਿਸ ਦੇ ਪੱਖ ਵਿਚ ਭੁਗਤਦੀਆਂ ਹਨ, ਅਸੀਂ ਇਨ੍ਹਾਂ ਬਾਰੇ ਕਿੰਨੀ ਕੁ ਚਰਚਾ ਕਰਦੇ ਹਾਂ! ਸਾਨੂੰ ਕਲਾ ਦੀ ਉਚ ਪਾਏਦਾਰੀ ਦਾ ਸੁਆਗਤ ਕਰਨਾ ਚਾਹੀਦਾ ਹੈ। ਆਮ ਦਰਸ਼ਕ ਨੂੰ ਹਦਾਇਤਾਂ ਦੇਣਾ, ਆਪਣੇ ਸਿਆਣੇ ਹੋਣ ਅਤੇ ਉਸ ਦੇ ਬੇਵਕੂਫ਼ ਹੋਣ ਦਾ ਹੀ ਦਾਅਵਾ ਹੈ। ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਦਰਸ਼ਕ ਦੇ ਸੁਆਦ ਨੂੰ ਦੋਇਮ ਦਰਜੇ ਦੇ ਮਨੋਰੰਜਨ ਸਿਨਮਾ/ਕਲਾ ਨੇ ਹੀ ਭ੍ਰਿਸ਼ਟ ਕੀਤਾ ਹੈ। ਜੇ ਇਥੇ ਆਹਲਾ ਦਰਜੇ ਦਾ ਸਿਨਮਾ/ਕਲਾ ਹਾਸਿਲ ਹੋਵੇ ਤਾਂ ਦਰਸ਼ਕ ਖੁਦ ਚੰਗਾ ਆਲੋਚਕ ਹੋ ਸਕਦਾ ਹੈ। ਕਿਸੇ ਫਿਲਮ ਦੇ ਬੁਰੇ ਚੰਗੇ ਪੱਖਾਂ ਬਾਰੇ ਉਸ ਦੇ ਪੱਖਪਾਤੀ ਕਿਰਦਾਰ ਦੀ ਪਰਖ ਵੀ ਕਰ ਸਕਦਾ ਹੈ ਤੇ ਇਹ ਹੱਕ ਦਰਸ਼ਕ ਨੂੰ ਦੇਣਾ ਵੀ ਚਾਹੀਦਾ ਹੈ। ਅਸੀਂ ਸਰਕਾਰੀ ਪਾਬੰਦੀਆਂ ਦਾ ਅਕਸਰ ਵਿਰੋਧ ਕਰਦੇ ਹਾਂ ਅਤੇ ਕਈ ਵਾਰੀ ਖੁਦ ਪਾਬੰਦੀਆਂ ਆਇਦ ਕਰ ਕੇ ਸਰਕਾਰ ਵਰਗਾ ਰਵੱਈਆ ਅਖਤਿਆਰ ਕਰ ਲੈਂਦੇ ਹਾਂ। ਸਾਡੇ ਪੰਜਾਬ ਵਿਚ ਅਕਸਰ ਕਲਾ ਤਂੋ ਤਵੱਕੋ ਕੀਤੀ ਜਾਂਦੀ ਹੈ ਕਿ ਇਹ ਹਰ ਹਾਲ, ਸਾਡੇ ਵਿਚਾਰ ਦੇ ਪੱਖ ਵਿਚ ਬੁਲਾਰੇ ਦਾ ਕੰਮ ਕਰੇ, ਪਰ ਅਸਲ ਵਿਚ ਕਲਾ ਦਾ ਕੰਮ ਮਨੁੱਖੀ ਸੰਵੇਦਨਾ ਨੂੰ ਹਲੂਣਾ ਦੇਣਾ ਹੁੰਦਾ ਹੈ। ਅਸੀਂ ਅਕਸਰ ਫਿਲਮ ਵਰਗੀ ਕਲਾ ਵਿਧਾ ਤੋਂ ਵੀ ਦਾਦੀ ਅੰਮਾ ਦੀ ਕਹਾਣੀ ਵਰਗਾ ਵਿਸਤਾਰ ਲੋਚਦੇ ਹਾਂ। ਫਿਲਮ ਅਤੇ ਕਹਾਣੀ/ਲੇਖ ਲੇਖਣ ਬਿਲਕੁਲ ਵੱਖ ਵੱਖ ਸ਼ੈਆਂ ਹਨ। ਫਿਲਮ ਪੜ੍ਹੇ ਜਾਣ ਨਾਲੋਂ ਦੇਖੇ/ਸੁਣੇ ਜਾਣ ਵਾਲਾ ਕਲਾ ਮਾਧਿਅਮ ਹੈ। ਇਸ ਵਿਚ ਦ੍ਰਿਸ਼ਾਂ ਦੀ ਭਾਸ਼ਾ ਨੂੰ ਪੜ੍ਹਨਾ ਹੁੰਦਾ ਹੈ, ਜਿਥੇ ਬਹੁਤ ਕੁਝ, ਨਾ ਕਹਿ ਕੇ ਕਿਹਾ ਜਾਂਦਾ ਹੈ, ਪਰ ਅਸੀਂ ਜਿਸ ਤਰ੍ਹਾਂ ਦੀਆਂ ਫਿਲਮਾਂ ਅਤੇ ਗੀਤਾਂ ਦੇ ਆਦੀ ਹਾਂ, ਜਿਨ੍ਹਾਂ ਵਿਚ ਮਗਜ਼ ਨੂੰ ਕੋਈ ਤਰੱਦਦ ਨਹੀਂ ਕਰਨਾ ਪੈਂਦਾ ਜਿਸ ਸਦਕਾ ਅਸੀਂ ਹਮੇਸ਼ਾ ਉਸੇ ਤਰ੍ਹਾਂ ਦੀ ਹਲਕੀ ਫੁਲਕੀ ਭਾਸ਼ਾ ਦੇ ਮੁਰੀਦ ਬਣੇ ਰਹਿੰਦੇ ਹਾਂ। ਕਿਸੇ ਹੱਦ ਤੱਕ ਅਸੀਂ ਲਲਕਾਰਿਆਂ ਨੂੰ ਹੀ ਕਲਾ ਮੰਨ ਬੈਠੇ ਹਾਂ, ਇਸੇ ਕਰ ਕੇ ਕਲਾ ਜਗਤ ਵਿਚ ਸਾਡੀ ਕਲਾ ਦਾ ਪੰਜਾਬੋਂ ਬਾਹਰ ਕਿਤੇ ਜ਼ਿਕਰ ਤੱਕ ਨਹੀਂ ਹੁੰਦਾ। ਫਿਲਮ ‘ਚੌਥੀ ਕੂਟ’ ਸਾਨੂੰ ਪੰਜਾਬ ਦੀ ਸਥਾਪਿਤ ਹਲਕੀ ਦ੍ਰਿਸ਼ ਭਾਸ਼ਾ (ਵਿਜ਼ੂਅਲ ਲੈਂਗੂਏਜ) ਦੀ ਵਲਗਣ ਤੋਂ ਬਾਹਰ ਲੈ ਕੇ ਜਾਂਦੀ ਹੈ। ਇਸੇ ਕਰ ਕੇ ਇਸ ਦੀ ਚਰਚਾ ਆਲਮੀ ਫਿਲਮ ਕਲਾ ਜਗਤ ਵਿਚ ਹੁੰਦੀ ਹੈ। ਇਹ ਫਿਲਮ ਸਾਡੇ ਆਉਣ ਵਾਲੇ ਪੰਜਾਬੀ ਸਿਨਮੇ ਦੀ ਭਾਸ਼ਾ ਨੂੰ ਨਿਖਾਰਨ ਸੰਵਾਰਨ ਵਿਚ ਲਾਜ਼ਮੀ ਸਹਾਈ ਹੋਵੇਗੀ ਅਤੇ ਅਸੀਂ ਦੇਰ-ਸਵੇਰ ਉਚੇ ਸੁਹਜ ਸੁਆਦ ਹਜ਼ਮ ਕਰਨ ਯੋਗ ਹੋ ਜਾਵਾਂਗੇ। -0-