ਕਿਸੇ ਵੇਲੇ ਫਿਲਮ ਅਦਾਕਾਰ ਰਿਹਾ ਫਿਲਮਸਾਜ਼ ਸ਼ੇਖਰ ਕਪੂਰ ਇਕ ਵਾਰ ਫਿਰ ਚਰਚਾ ਵਿਚ ਹੈ। ਇਸ ਵਾਰ ਉਸ ਦੀ ਚਰਚਾ ਉਸ ਦੀ ਨਵੀਂ ਫਿਲਮ ‘ਪਾਨੀ’ ਬਾਰੇ ਹੈ। ਆਪਣੇ ਇਸ ਪ੍ਰੋਜੈਕਟ ਨੂੰ ਉਹ ਬੇਹੱਦ ਵੱਕਾਰੀ ਮੰਨ ਰਿਹਾ ਹੈ। ਉਂਜ, ਇਹ ਪ੍ਰੋਜੈਕਟ ਵਾਰ-ਵਾਰ ਅੜਿਕਿਆਂ ਦਾ ਸਾਹਮਣਾ ਕਰ ਰਿਹਾ ਹੈ। ਯਸ਼ ਰਾਜ ਫਿਲਮਜ਼ ਨੇ ਇਸ ਪ੍ਰੋਜੈਕਟ ਵਿਚ ਭਾਈਵਾਲੀ ਦੀ ਹਾਮੀ ਭਰੀ ਸੀ, ਪਰ ਅਦਿਤਿਆ ਚੋਪੜਾ ਪਿਛੇ ਜਿਹੇ ਇਸ ਪ੍ਰੋਜੈਕਟ ਤੋਂ ਪਿਛੇ ਹਟ ਗਿਆ।
ਹੁਣ ਸ਼ੇਖਰ ਕਪੂਰ ਦਾ ਕਹਿਣਾ ਹੈ ਕਿ ਉਹ ਆਪਣਾ ਇਹ ਸੁਪਨਮਈ ਪ੍ਰੋਜੈਕਟ ਹਰ ਹਾਲ ਅਤੇ ਹਰ ਹੀਲੇ ਪੂਰਾ ਕਰੇਗਾ, ਭਾਵੇਂ ਉਸ ਨੂੰ ਬਾਹਰੋਂ ਮਦਦ ਹੀ ਕਿਉਂ ਨਾ ਲੈਣੀ ਪਵੇ!
ਯਾਦ ਰਹੇ ਕਿ ਸ਼ੇਖਰ ਕਪੂਰ ਇਸ ਤੋਂ ਪਹਿਲਾਂ ‘ਮਾਸੂਮ’, ‘ਬੈਂਡਿਟ ਕੁਈਨ’ ਅਤੇ ‘ਐਲਿਜ਼ਬੈਥ’ ਵਰਗੀਆਂ ਚਰਚਿਤ ਫਿਲਮਾਂ ਨਾਲ ਫਿਲਮ ਜਗਤ ਵਿਚ ਆਪਣਾ ਨਿਵੇਕਲਾ ਥਾਂ ਬਣਾ ਚੁੱਕਾ ਹੈ। ਉਸ ਨੇ ਆਪਣਾ ਕਰੀਅਰ ਬਤੌਰ ਐਕਟਰ 1975 ਵਿਚ ਫਿਲਮ ‘ਜਾਨ ਹਾਜ਼ਰ ਹੈ’ ਨਾਲ ਕੀਤਾ ਸੀ। ਮਗਰੋਂ ਉਹਨੇ ਕਵਿਤਾ ਚੌਧਰੀ ਵਾਲੇ ਲੜੀਵਾਰ ‘ਉਡਾਨ’ ਜੋ ਦੂਰਦਰਸ਼ਨ ਤੋਂ ਨਸ਼ਰ ਕੀਤਾ ਗਿਆ ਸੀ, ਵਿਚ ਵੀ ਅਦਾਕਾਰੀ ਕੀਤੀ। 1983 ਵਿਚ ‘ਮਾਸੂਮ’ ਫਿਲਮ ਨਾਲ ਉਹ ਫਿਲਮਸਾਜ਼ੀ ਵੱਲ ਆਇਆ। ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਨਸੀਰੂਦੀਨ ਸ਼ਾਹ, ਸ਼ਬਾਨਾ ਆਜ਼ਮੀ ਅਤੇ ਜੁਗਲ ਹੰਸਰਾਜ ਦੀਆਂ ਸਨ। ਇਸ ਵਿਚ ਇਕ ਬੱਚਾ ਆਪਣੀ ਮਤਰੇਈ ਮਾਂ ਵਿਚੋਂ ਡਾਢਾ ਪਿਆਰ ਲੱਭ ਲੈਂਦਾ ਹੈ। 1987 ਵਿਚ ਉਸ ਦੀ ਫਿਲਮ ‘ਮਿਸਟਰ ਇੰਡੀਆ’ ਨੇ ਵੀ ਕਾਫੀ ਚਰਚਾ ਕਰਵਾਈ। ਇਹ ਸਾਇੰਸ ਫਿਕਸ਼ਨ ਫਿਲਮ ਸੀ ਅਤੇ ਇਸ ਵਿਚ ਮੁੱਖ ਅਦਾਕਾਰੀ ਅਨਿਲ ਕਪੂਰ, ਸ੍ਰੀਦੇਵੀ ਅਤੇ ਅਮਰੀਸ਼ ਪੁਰੀ ਦੀ ਸੀ। ਅਮਰੀਸ਼ ਪੁਰੀ ਦਾ ਕਿਰਦਾਰ ਖਲਨਾਇਕ ਵਾਲਾ ਸੀ ਅਤੇ ਇਸ ਫਿਲਮ ਦਾ ਇਕ ਸੰਵਾਦ ‘ਮੋਗੈਂਬੋ ਖੁਸ਼ ਹੂਆ’ ਬਹੁਤ ਮਸ਼ਹੂਰ ਹੋ ਗਿਆ ਅਤੇ ਇਹ ਸੰਵਾਦ ਸਦਾ-ਸਦਾ ਲਈ ਅਮਰੀਸ਼ ਪੁਰੀ ਨਾਲ ਜੁੜ ਗਿਆ। ਇਸ ਤੋਂ ਬਾਅਦ 1994 ਵਿਚ ਸ਼ੇਖਰ ਕਪੂਰ ਦੀ ਫਿਲਮ ‘ਬੈਂਡਿਟ ਕੁਈਨ’ ਦੀ ਖੂਬ ਚਰਚਾ ਹੋਈ। ਇਹ ਫਿਲਮ ਡਾਕੂ ਤੋਂ ਲੋਕ ਸਭਾ ਮੈਂਬਰ ਬਣੀ ਫੂਲਾਂ ਦੇਵੀ ਦੀ ਜ਼ਿੰਦਗੀ ਉਤੇ ਆਧਾਰਿਤ ਸੀ। ਇਸ ਫਿਲਮ ਨਾਲ ਉਸ ਦਾ ਕੱਦ-ਬੁੱਤ ਬਹੁਤ ਉਚਾ ਹੋ ਗਿਆ। ਫਿਰ ਉਸ ਨੇ ਆਸਕਰ ਐਵਾਰਡ ਜੇਤੂ ਫਿਲਮ ‘ਐਲਿਜ਼ਬੈਥ’ (1998) ਬਣਾਈ। ਇਹ ਫਿਲਮ ਬਰਤਾਨਵੀ ਮਹਾਰਾਣੀ ਐਲਿਜ਼ਬੈਥ-ਪਹਿਲੀ ਦੀ ਜ਼ਿੰਦਗੀ ਬਾਰੇ ਸੀ। ਇਹ ਫਿਲਮ 7 ਆਸਕਰ ਇਨਾਮਾਂ ਲਈ ਨਾਮਜ਼ਦ ਹੋਈ ਸੀ। ਸਾਲ 2007 ਵਿਚ ਸ਼ੇਖਰ ਕਪੂਰ ਨੇ ਇਸ ਫਿਲਮ ਦੀ ਸੀਕੁਅਲ ‘ਐਲਿਜ਼ਾਬੈਥ: ਦਿ ਗੋਲਡਨ ਏਜ’ ਬਣਾਈ। ਹੁਣ ਉਹ ਫਿਲਮ ‘ਪਾਨੀ’ ਨਾਲ ਪਰ ਤੋਲ ਰਿਹਾ ਹੈ। ਉਸ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਆਪਣੀ ਧੁਨ ਦਾ ਪੱਕਾ ਹੈ, ਇਹ ਪ੍ਰੋਜੈਕਟ ਮੁਕੰਮ ਕਰ ਕੇ ਹੀ ਸਾਹ ਲਵੇਗਾ।