ਆਪੋ-ਧਾਪੀ ਦੀ ਸਿਆਸਤ ਨੇ ਉਲਝਾਈ ‘ਆਪ’ ਦੀ ਤਾਣੀ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸਵਾ ਕੁ ਦੋ ਸਾਲ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਚਾਰ ਸੀਟਾਂ ਜਿੱਤ ਕੇ ਪੰਜਾਬ ਦੀ ਸਿਆਸਤ ਵਿਚ ਹਲਚਲ ਮਚਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਆਪਸੀ ਧੜੇਬੰਦੀ ਵਿਚ ਉਲਝ ਗਈ ਹੈ। ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਦੋ ਲੱਖ ਰੁਪਏ ਰਿਸ਼ਵਤ ਦੇ ਦੋਸ਼ ਵਿਚ ਅਹੁਦੇ ਤੋਂ ਹਟਾਉਣ ਪਿਛੋਂ ਪਾਰਟੀ ਵਿਚ ਕਲੇਸ਼ ਹੋਰ ਵਧ ਗਿਆ ਹੈ। ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਵਿਚ ਵਿਖਾਈ ਕਾਹਲ ਤੋਂ ਪੰਜਾਬ ਵਿਚ ਪਾਰਟੀ ਦਾ ਵੱਡਾ ਧੜਾ ਹੈਰਾਨ ਅਤੇ ਨਿਰਾਸ਼ ਹੈ। ਯਾਦ ਰਹੇ ਕਿ ਛੋਟੇਪੁਰ ਦਾ ਸਿਆਸੀ ਅਕਸ ਸਾਫ-ਸੁਥਰਾ ਰਿਹਾ ਹੈ।

ਫੈਸਲਾ ਕਰਨ ਸਮੇਂ ਛੋਟੇਪੁਰ ਦੇ ਇਸ ਤਰਕ ਨੂੰ ਵੀ ਨਜ਼ਰ-ਅੰਦਾਜ਼ ਕਰ ਦਿਤਾ ਗਿਆ ਕਿ ਜੇ ਪਾਰਟੀ ਕੋਲ ਕੋਈ ਅਜਿਹੀ ਵੀਡੀਓ ਰਿਕਾਰਡਿੰਗ ਹੈ ਜਿਸ ਵਿਚ ਉਹ ਪੈਸੇ ਲੈ ਰਹੇ ਹਨ, ਤਾਂ ਉਸ ਨੂੰ ਜਨਤਕ ਕੀਤਾ ਜਾਵੇ।
ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪਿਛਲੇ ਢਾਈ ਸਾਲਾਂ ਵਿਚ ਸੂਬੇ ਵਿਚ ਵੱਖ-ਵੱਖ ਸਿਆਸੀ ਕਾਨਫਰੰਸਾਂ ਜਥੇਬੰਦ ਕਰਨ ਸਮੇਤ ਪਾਰਟੀ ਲਈ ਹੋਰ ਕਈ ਤਰ੍ਹਾਂ ਦੇ ਖਰਚ ਕੀਤੇ ਗਏ ਹਨ, ਪਰ ਪਾਰਟੀ ਨੇ ਕਦੇ ਉਨ੍ਹਾਂ ਨੂੰ ਇਸ ਸਬੰਧੀ ਇਕ ਰੁਪਿਆ ਵੀ ਫੰਡ ਦੇ ਤੌਰ ‘ਤੇ ਨਹੀਂ ਦਿਤਾ। ਅਜਿਹਾ ਉਹ ਆਪਣੇ ਸਾਥੀਆਂ ਵੱਲੋਂ ਕੀਤੀ ਜਾਂਦੀ ਆਰਥਿਕ ਮਦਦ ਨਾਲ ਹੀ ਕਰਦੇ ਰਹੇ ਹਨ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਟਿਕਟਾਂ ਦੀ ਵੰਡ ਕਰਦਿਆਂ, ਇਥੋਂ ਤੱਕ ਕਿ ਯੂਥ ਮੈਨੀਫੈਸਟੋ ਜਾਰੀ ਕਰਦਿਆਂ ਵੀ ਉਨ੍ਹਾਂ ਨੂੰ ਵਿਸ਼ਵਾਸ ਵਿਚ ਨਹੀਂ ਲਿਆ ਗਿਆ। ਜ਼ਿਕਰਯੋਗ ਹੈ ਕਿ ਪਾਰਟੀ ਦੇ ਕੁਝ ਆਗੂਆਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ‘ਤੇ ਸੂਬੇ ਤੋਂ ਬਾਹਰਲੇ ਆਗੂਆਂ ਨੂੰ ਥੋਪਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਤੋਂ ਤੰਗ ਆਏ ਲੋਕਾਂ ਨੇ ਇਸ ਨਵੀਂ ਆਦਰਸ਼ਵਾਦੀ ਸਮਝੀ ਜਾਂਦੀ ਪਾਰਟੀ ਨੂੰ ਵੱਡਾ ਹੁੰਗਾਰਾ ਦਿਤਾ ਸੀ। ਸੂਬੇ ‘ਚੋਂ ਚਾਰ ਮੈਂਬਰ ਪਾਰਲੀਮੈਂਟ ਚੁਣੇ ਜਾਣਾ ਵੱਡਾ ਮਾਅਰਕਾ ਸੀ। ਪੰਜਾਬ ਵਿਚ ਹੋਰ ਥਾਂਵਾਂ ‘ਤੇ ਜਿਹੜੇ ਉਮੀਦਵਾਰ ਖੜ੍ਹੇ ਸਨ, ਉਹ ਭਾਵੇਂ ਜਿੱਤ ਨਹੀਂ ਸਨ ਸਕੇ, ਪਰ ਉਨ੍ਹਾਂ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਸੀ।
ਹੁਣ ਹਾਲਤ ਇਹ ਹੈ ਕਿ ਚਾਰਾਂ ਵਿਚੋਂ ਦੋ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਆਪਣੀ ਪਾਰਟੀ ਦੇ ਖਿਲਾਫ਼ ਹੀ ਨਹੀਂ ਖੜ੍ਹੇ, ਸਗੋਂ ਉਹ ਲਗਾਤਾਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਦੀ ਸਖਤ ਆਲੋਚਨਾ ਵੀ ਕਰ ਰਹੇ ਹਨ। ਅੱਖਾਂ ਦੇ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਅਤੇ ਸ਼ਾਸਤਰੀ ਗਾਇਕ ਭਾਈ ਬਲਦੀਪ ਸਿੰਘ ਜੋ ਲੋਕ ਸਭਾ ਚੋਣਾਂ ਵਿਚ ਇਸ ਪਾਰਟੀ ਵੱਲੋਂ ਉਭਰੇ ਸਨ, ਅੱਜ ਨਿਰਾਸ਼ ਹੋ ਕੇ ਆਪਣੇ ਘਰਾਂ ਵਿਚ ਜਾ ਬੈਠੇ ਹਨ। ਦਿੱਲੀ ਵਿਚ ਕਦੇ ਇਸ ਪਾਰਟੀ ਨਾਲ ਜੁੜੇ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਵਰਗੇ ਵੱਡੇ ਆਗੂਆਂ ਨੂੰ ਵੀ ਪਾਰਟੀ ਤੋਂ ਵੱਖ ਕਰ ਦਿੱਤਾ ਗਿਆ ਸੀ। ਇਨ੍ਹਾਂ ਆਗੂਆਂ ਨੇ ਬਆਦ ਵਿਚ ਸਵਰਾਜ ਅਭਿਆਨ ਛੇੜ ਲਿਆ। ਪਾਰਟੀ ਵਿਚ ਸਭ ਤੋਂ ਵੱਧ ਵਿਵਾਦਾਂ ਵਿਚ ਰਹੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਪ੍ਰਤੀ ਹਾਈਕਮਾਨ ਦੀ ਮਿਹਰਬਾਨੀ ‘ਤੇ ਵੀ ਸਵਾਲ ਉਠ ਰਹੇ ਹਨ। ਇਸ ਆਗੂ ‘ਤੇ ਸ਼ਰੇਆਮ ਸ਼ਰਾਬ ਪੀ ਕੇ ਜਨਤਕ ਇਕੱਠਾਂ, ਇਥੋਂ ਤੱਕ ਕਿ ਸੰਸਦ ਵਿਚ ਜਾਣ ਦੇ ਦੋਸ਼ ਲੱਗੇ ਹਨ, ਪਰ ਉਨ੍ਹਾਂ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 32 ਲਈ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਕੇ ਭਾਵੇਂ ਦੂਜੀਆਂ ਪਾਰਟੀਆਂ ਨਾਲੋਂ ਪਹਿਲਕਦਮੀ ਕਰ ਦਿਖਾਈ ਹੈ, ਪਰ ਇਸ ਨਾਲ ਪਾਰਟੀ ਦੇ ਅੰਦਰੋਂ ਵਿਰੋਧ ਦੀਆਂ ਆਵਾਜ਼ਾਂ ਦੀ ਸੁਰ ਵੀ ਉਚੀ ਹੋ ਗਈ ਹੈ। ਐਲਾਨੇ ਗਏ ਉਮੀਦਵਾਰਾਂ ਵਿਚੋਂ ਅੱਧਿਉਂ ਬਹੁਤਿਆਂ ਪ੍ਰਤੀ ਨਾ ਸਿਰਫ ਪਾਰਟੀ ਵਰਕਰਾਂ ਤੇ ਸਮਰਥਕਾਂ ਵੱਲੋਂ, ਬਲਕਿ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸਮੇਤ ਕਈ ਸੀਨੀਅਰ ਆਗੂਆਂ ਵੱਲੋਂ ਵੀ ਵਿਰੋਧ ਜਤਾਇਆ ਗਿਆ ਸੀ। ਆਪਣੇ ਵਰਕਰਾਂ ਨੂੰ ਅਣਗੌਲਿਆ ਕਰ ਕੇ ਦੂਜੀਆਂ ਪਾਰਟੀਆਂ ਵਿਚੋਂ ਆਏ ਰਵਾਇਤੀ ਅਤੇ ਸ਼ੋਸ਼ੇਬਾਜ਼ ਕਿਸਮ ਦੇ ਸਿਆਸਤਦਾਨਾਂ ਨੂੰ ਦਿਤੇ ਗਏ ਟਿਕਟਾਂ ਨੇ ‘ਆਪ’ ਦੇ ਸੱਚੇ-ਸੁੱਚੇ ਸਮਰਥਕਾਂ ਅਤੇ ਵਰਕਰਾਂ ਵਿਚ ਰੋਸ ਅਤੇ ਨਿਰਾਸ਼ਤਾ ਪੈਦਾ ਕੀਤੀ ਹੈ। ਹਲਕਿਆਂ ਤੋਂ ਬਾਹਰਲੇ ਵਿਅਕਤੀਆਂ ਨੂੰ ਉਮੀਦਵਾਰ ਬਣਾਇਆ ਜਾਣਾ ਵੀ ਵਰਕਰਾਂ ਨੂੰ ਹਜ਼ਮ ਨਹੀਂ ਹੋ ਰਿਹਾ। ਇਸ ਵਰਤਾਰੇ ਕਾਰਨ ਹੀ ਵਿਰੋਧੀ ਪਾਰਟੀਆਂ ਨੂੰ ‘ਆਪ’ ਆਗੂਆਂ ਉਤੇ ਟਿਕਟਾਂ ਵੇਚਣ ਦੇ ਦੋਸ਼ ਲਾਉਣ ਦਾ ਮੌਕਾ ਮਿਲ ਗਿਆ ਹੈ।
ਉਮੀਦਵਾਰਾਂ ਦੀ ਚੋਣ ਦੇ ਮੁੱਦੇ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੱਲੋਂ ਸ਼ਕਤੀਆਂ ਦੇ ਲੋੜੋਂ ਵੱਧ ਕੇਂਦਰੀਕਰਨ ਅਤੇ ਸੂਬਾਈ ਆਗੂਆਂ ਨੂੰ ਅਣਗੌਲਿਆ ਕਰ ਕੇ ਦਿੱਲੀਉਂ ਠੋਸੇ ਜਰਨੈਲਾਂ ਕਾਰਨ ਵਿਚ ਸੂਬਾਈ ਲੀਡਰਸ਼ਿਪ ਨਿਰਾਸ਼ ਹੈ। ਇਨ੍ਹਾਂ ਕੇਂਦਰੀ ਨੇਤਾਵਾਂ ਦਾ ਰਵੱਈਆ ਪੰਜਾਬ ਦੇ ‘ਆਪ’ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਇਸ ਸਭ ਕੁਝ ਦੇ ਬਾਵਜੂਦ ਭਾਵੇਂ ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਦੇ ਸਤਾਏ ਅਤੇ ਕਾਂਗਰਸ ਨੂੰ ਪਰਖ ਚੁੱਕੇ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਦਾ ਰੁਝਾਨ ‘ਆਪ’ ਦੇ ਹੱਕ ਵਿਚ ਦਿਖਾਈ ਦੇ ਰਿਹਾ ਹੈ।

ਐਨæਆਰæਆਈæ ਕੰਗ ਦਾ ਵਿਵਾਦਮਈ ਸਫਰ
ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਉਤੇ ਟਿਕਟ ਲਈ ਪੈਸੇ ਮੰਗਣ ਦਾ ਦੋਸ਼ ਲਾਉਣ ਵਾਲਾ ਐਨæਆਰæਆਈæ ਰਵਿੰਦਰ ਸਿੰਘ ਕੰਗ ਦਾ ਆਸਟਰੇਲੀਆ ਵਿਚ ਰਹਿਣ ਦਾ ਸਫਰ ਵਿਵਾਦਮਈ ਰਿਹਾ ਹੈ। ਰਵਿੰਦਰ ਸਿੰਘ ਕੰਗ ਆਸਟਰੇਲੀਆ ਦੇ ਸੂਬੇ ਬ੍ਰਿਸਬੇਨ ਵਿਚ ਆਪਣੀ ਪਤਨੀ ਨਾਲ 2009 ਵਿਚ ਸਟੂਡੈਂਟ ਵੀਜ਼ੇ ਉਤੇ ਗਿਆ ਸੀ ਤੇ 2015 ਤੱਕ ਉਹ ਉਥੇ ਰਿਹਾ। ਮਈ 2011 ਵਿਚ ਉਸ ਵੱਲੋਂ ਇਕ ਲੜਕੀ ਨਾਲ ਕੀਤੇ ਗਏ ਬੁਰੇ ਵਿਹਾਰ ਦਾ ਮਾਮਲਾ ਆਸਟਰੇਲੀਆ ਦੇ ਮੀਡੀਆ ਵਿਚ ਕਾਫੀ ਚਰਚਾ ਵਿਚ ਰਿਹਾ। ਬ੍ਰਿਸਬੇਨ ਦੀ ਅਦਾਲਤ ਨੇ ਰਵਿੰਦਰ ਸਿੰਘ ਕੰਗ ਨੂੰ ਦੋਸ਼ੀ ਐਲਾਨਦਿਆਂ ਕਮਿਊਨਿਟੀ ਸੇਵਾ ਦੀ ਸਜ਼ਾ ਵੀ ਲਾਈ ਸੀ। ਸੁੱਚਾ ਸਿੰਘ ਛੋਟੇਪੁਰ ਉਤੇ ਪੈਸੇ ਲੈਣ ਦੀ ਗੱਲ ਰਵਿੰਦਰ ਸਿੰਘ ਕੰਗ ਵੱਲੋਂ ਕੀਤੀ ਜਾ ਰਹੀ ਹੈ, ਉਸ ਦਾ ਵੀ ਉਸ ਕੋਲ ਕੋਈ ਸਬੂਤ ਨਹੀਂ ਹੈ। ਰਵਿੰਦਰ ਸਿੰਘ ਕੰਗ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਹਰਦਾਸਾ ਦਾ ਰਹਿਣ ਵਾਲਾ ਹੈ ਤੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਟਿਕਟ ਦਾ ਚਾਹਵਾਨ ਹੈ।