ਟੌਹੜਾ ਦੇ ਪਰਿਵਾਰ ਨੇ ਫੜਿਆ ‘ਆਪ’ ਦਾ ਪੱਲਾ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਅਤੇ ਜਵਾਈ ਤੇ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਹਰਮੇਲ ਸਿੰਘ ਟੌਹੜਾ ਆਪਣੇ ਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਸਮੇਤ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ ਹਨ।

‘ਆਪ’ ਦੇ ਪੰਜਾਬ ਇੰਚਾਰਜ ਸੰਜੇ ਸਿੰਘ, ਸੰਸਦ ਮੈਂਬਰ ਭਗਵੰਤ ਮਾਨ, ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ, ਸੁਨਾਮ ਤੋਂ ਪਾਰਟੀ ਉਮੀਦਵਾਰ ਅਮਨ ਅਰੋੜਾ, ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਘੁੱਗੀ, ਕਿਸਾਨ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ ਅਤੇ ਪਟਿਆਲਾ ਜ਼ੋਨ ਦੇ ਇੰਚਾਰਜ ਡਾæ ਬਲਬੀਰ ਸਿੰਘ ਦੀ ਹਾਜ਼ਰੀ ਵਿਚ ਕੁਲਦੀਪ ਕੌਰ ਤੇ ਹਰਮੇਲ ਸਿੰਘ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਕੁਲਦੀਪ ਕੌਰ ਅਤੇ ਹਰਮੇਲ ਸਿੰਘ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੁਣ ਟਕਸਾਲੀ ਤੇ ਇਮਾਨਦਾਰ ਆਗੂਆਂ ਦੀ ਲੋੜ ਨਹੀਂ। ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਸਾਫ਼ ਕਹਿ ਦਿਤਾ ਕਿ ਜੇ ਉਨ੍ਹਾਂ ਕੋਲ ਪੈਸੇ ਨਹੀਂ ਹਨ ਤਾਂ ਪਾਰਟੀ ਵਿਚ ਉਨ੍ਹਾਂ ਦੀ ਕੋਈ ਥਾਂ ਨਹੀਂ ਹੈ। ਇਸੇ ਕਾਰਨ ਅਕਾਲੀ ਆਗੂਆਂ ਨੇ ਇਕ ਪੁਲੀਸ ਅਫ਼ਸਰ ਦੇ ਪੁੱਤਰ ਸਤਬੀਰ ਸਿੰਘ ਖੱਟੜਾ ਨੂੰ ਪਿਛਲੀਆਂ ਚੋਣਾਂ ਦੌਰਾਨ ਕੁਲਦੀਪ ਕੌਰ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਕਰ ਕੇ ਉਨ੍ਹਾਂ ਨੂੰ ਹਰਾਇਆ ਸੀ ਅਤੇ ਹੁਣ ਉਨ੍ਹਾਂ ਦੀ ਥਾਂ ਪਟਿਆਲਾ ਦਿਹਾਤੀ ਤੋਂ ਖੱਟੜਾ ਨੂੰ ਪਾਰਟੀ ਦਾ ਇੰਚਾਰਜ ਬਣਾ ਕੇ ਟੌਹੜਾ ਪਰਿਵਾਰ ਨੂੰ ਹਾਸ਼ੀਏ ‘ਤੇ ਧੱਕਿਆ ਹੈ। ਉਹ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੀ ਲੁੱਟ-ਖਸੁੱਟ ਦੀ ਨੀਤੀ ਤੋਂ ਦੁਖੀ ਹੋ ਕੇ ‘ਆਪ’ ਵਿਚ ਆਏ ਹਨ।
ਉਧਰ, ਸੰਜੇ ਸਿੰਘ ਨੇ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਵੱਲੋਂ ਬਿਨਾ ਸ਼ਰਤ ‘ਆਪ’ ਵਿਚ ਸ਼ਾਮਲ ਕਰਨ ਦੇ ਦਿਤੇ ਬਿਆਨ ਦਾ ਸਵਾਗਤ ਕਰ ਕੇ ਸੰਕੇਤ ਦਿਤਾ ਹੈ ਕਿ ਇਸ ਆਗੂ ਨੂੰ ਵੀ ਪਾਰਟੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ‘ਆਪ’ ਨੂੰ ਵਿਦੇਸ਼ਾਂ ਤੋਂ ਮਿਲ ਰਹੇ ਫੰਡਾਂ ਸਬੰਧੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਪੜਤਾਲ ਦੌਰਾਨ ਕੁਝ ਨਾ ਨਿਕਲਿਆ ਤਾਂ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।