ਸ੍ਰੀਨਗਰ: ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ਵਿਚ ਸ਼ੁਰੂ ਹੋਈ ਹਿੰਸਾ ਤਕਰੀਬਨ ਦੋ ਮਹੀਨਿਆਂ ਪਿੱਛੋਂ ਵੀ ਜਾਰੀ ਹੈ। ਇਸ ਹਿੰਸਾ ਵਿਚ ਮੌਤਾਂ ਦਾ ਅੰਕੜਾ 70 ਤੱਕ ਪਹੁੰਚ ਗਿਆ ਹੈ। ਇੰਨਾ ਲੰਮਾ ਸਮਾਂ ਹਾਲਾਤ ‘ਤੇ ਕਾਬੂ ਪਾਉਣ ਵਿਚ ਨਾਕਾਮ ਰਹਿਣ ‘ਤੇ ਨਰੇਂਦਰ ਮੋਦੀ ਸਰਕਾਰ ਦੀ ਖੁੱਲ੍ਹ ਕੇ ਅਲੋਚਨਾ ਹੋ ਰਹੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਵੀ ਹਾਲਾਤ ਵਸੋਂ ਬਾਹਰ ਜਾਪ ਰਹੇ ਹਨ।
ਇਕ ਮਹੀਨੇ ‘ਚ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੂਜੀ ਵਾਰ ਘਾਟੀ ਦਾ ਦੌਰਾ ਕੀਤਾ ਹੈ, ਪਰ ਸਰਕਾਰ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਵਿਚ ਨਾਕਾਮ ਰਹੀ ਹੈ। ਭਾਰਤ ਸਰਕਾਰ ਵੱਲੋਂ ਇਸ ਗੰਭੀਰ ਉਲਝਣ ਨੂੰ ਸੁਲਝਾਉਣ ਲਈ ਵੱਖ-ਵੱਖ ਪੱਧਰਾਂ ਦੇ ਯਤਨ ਕੀਤੇ ਜਾ ਰਹੇ ਹਨ। ਵਾਦੀ ਵਿਚ ਸਰਬ ਪਾਰਟੀ ਵਫਦ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਕਸ਼ਮੀਰੀ ਲੋਕ ਦਿਨ-ਰਾਤ ਰੋਸ ਮਾਰਚਾਂ, ਰੈਲੀਆਂ, ਸੈਨਿਕ ਬਲਾਂ ‘ਤੇ ਪਥਰਾਅ ਅਤੇ ਕੰਧ-ਲਿਖਤ ਮੁਹਿੰਮਾਂ ਰਾਹੀਂ ‘ਭਾਰਤੀਓ ਕਸ਼ਮੀਰ ਤੋਂ ਬਾਹਰ ਜਾਓ’ ਦੇ ਨਾਅਰੇ ਲਾ ਕੇ ਆਪਣਾ ਰੋਸ ਪ੍ਰਗਟਾਅ ਰਹੇ ਹਨ। ਸਰਕਾਰ ਨੇ ਮੋਬਾਈਲ, ਇੰਟਰਨੈਟ ਅਤੇ ਪ੍ਰਿੰਟ ਮੀਡੀਆ ਨੂੰ ਬੰਦ ਕਰ ਕੇ ਵੀ ਦੇਖ ਲਿਆ ਹੈ, ਪਰ ਕਸ਼ਮੀਰ ਸ਼ਾਂਤ ਨਹੀਂ ਹੋ ਰਿਹਾ। ਮਰਨ-ਮਾਰਨ ਦੀ ਲੜਾਈ ‘ਤੇ ਉਤਰੇ ਹੋਏ ਲੋਕ ਕਰਫਿਊ ਦੀ ਪ੍ਰਵਾਹ ਕੀਤੇ ਬਿਨਾਂ ਸੈਨਿਕ ਬਲਾਂ ਅਤੇ ਪੁਲਿਸ ਨਾਲ ਝੜਪਾਂ ਲੈ ਰਹੇ ਹਨ। ਕਸ਼ਮੀਰ ਦੇ ਸਕੂਲ ਅਤੇ ਕਾਲਜ ਬੰਦ ਕਰ ਕੇ ਵਿਦਿਆਰਥੀਆਂ ਦੇ ਇਮਤਿਹਾਨ ਰੱਦ ਕਰ ਦਿੱਤੇ ਗਏ ਹਨ। ਬੁਰਹਾਨ ਨੂੰ ਸੋਸ਼ਲ ਮੀਡੀਆ ਦੀ ਵਿਸ਼ੇਸ਼ ਮੁਹਾਰਤ ਸੀ। ਕਸ਼ਮੀਰੀ ਲੋਕਾਂ, ਵਿਸ਼ੇਸ਼ ਕਰ ਕੇ ਨੌਜਵਾਨਾਂ ਵਿਚ ਹਰਮਨ ਪਿਆਰਾ ਆਗੂ ਹੋਣ ਕਰ ਕੇ ਉਸ ਦੇ ਜਨਾਜ਼ੇ ਮੌਕੇ 40,000 ਲੋਕਾਂ ਦਾ ਵਿਸ਼ਾਲ ਇਕੱਠ ਹੋਇਆ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪੀæਡੀæਪੀæ ਅਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ ਸੀ। ਭਾਜਪਾ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਧਾਰਾ 370 ਖਤਮ ਕਰਨਾ ਚਾਹੁੰਦੀ ਹੈ ਅਤੇ ਇਹ ਭਾਰਤ ਦੇ ਧਾਰਮਿਕ ਘੱਟ ਗਿਣਤੀਆਂ ਉਪਰ ਵੀ ਸਾਂਝਾ ਸਿਵਿਲ ਕੋਡ ਲਾਉਣਾ ਚਾਹੁੰਦੀ ਹੈ। ਇਸ ਕਰ ਕੇ ਕਸ਼ਮੀਰੀ ਲੋਕਾਂ ਨੂੰ ਸਾਂਝੇ ਗੱਠਜੋੜ ਦੀ ਸਰਕਾਰ ਹਜ਼ਮ ਨਹੀਂ ਆਉਂਦੀ ਸੀ। ਇਸ ਤੋਂ ਇਲਾਵਾ ਪਿਛਲੇ ਲਗਪਗ ਢਾਈ ਦਹਾਕਿਆਂ ਤੋਂ ਕਸ਼ਮੀਰੀ ਅੰਦਰ ‘ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ’ (ਅਫਸਪਾ) ਰਾਹੀਂ ਫ਼ੌਜ ਲੱਗੀ ਹੋਈ ਹੈ। ਪਿਛਲੇ 70 ਸਾਲਾਂ ‘ਚ ਕਸ਼ਮੀਰ ਦੇ 1,00,000 ਲੋਕ ਸੈਨਿਕ ਬਲਾਂ ਅਤੇ ਪੁਲਿਸ ਵੱਲੋਂ ਮਾਰੇ ਗਏ ਹਨ ਜਦੋਂਕਿ 10,000 ਲੋਕ ਲਾਪਤਾ ਹਨ। 1000 ਤੋਂ ਵੱਧ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਦੇ ਪਤੀ ਲਾਪਤਾ ਹਨ। ਸੀæਆਰæਪੀæਐਫ਼ ਵੱਲੋਂ ਕਸ਼ਮੀਰ ਦੀ ਹਾਈ ਕੋਰਟ ‘ਚ ਦਿੱਤੇ ਇਕ ਬਿਆਨ ਮੁਤਾਬਕ 8 ਜੁਲਾਈ ਤੋਂ ਲੈ ਕੇ 11 ਅਗਸਤ ਤੱਕ 13 ਲੱਖ ਪੈਲਟ ਗੋਲੀਆਂ ਚਲਾਈਆਂ ਗਈਆਂ ਹਨ। ਹੁਣ ਤੱਕ ਪੰਜ ਦਰਜਨ ਤੋਂ ਉਪਰ ਲੋਕ ਮਾਰੇ ਜਾ ਚੁੱਕੇ ਹਨ। 3000 ਤੋਂ ਵੱਧ ਆਦਮੀ, ਔਰਤਾਂ ਅਤੇ ਜ਼ਖ਼ਮੀ ਬੱਚੇ ਹਸਪਤਾਲਾਂ ਵਿਚ ਦਾਖਲ ਹਨ। ਪੈਲਟ ਗੋਲੀਆਂ ਨਾਲ ਅੰਨ੍ਹੇ ਹੋਏ, ਸਿਰ, ਮੱਥੇ, ਮੂੰਹ, ਸਰੀਰ ਤੋਂ ਬੁਰੀ ਤਰ੍ਹਾਂ ਜ਼ਖ਼ਮੀ ਅਤੇ ਛਨਣੀ ਹੋਏ ਲੋਕ ਹਸਪਤਾਲਾਂ ਵਿਚ ਕੁਰਲਾ ਰਹੇ ਹਨ। ਇਕ ਏæਟੀæਐਮæ ਦੇ ਗਾਰਡ ਦੇ ਸਰੀਰ ਵਿਚੋਂ ਪੋਸਟ ਮਾਰਟਮ ਮਗਰੋਂ 300 ਪੈਲਟ ਗੋਲੀਆਂ ਨਿਕਲੀਆਂ ਹਨ। ਕਸ਼ਮੀਰ ਵਿਚ ਕਰਫਿਊ ਲੱਗੇ ਨੂੰ ਲਗਪਗ ਡੇਢ ਮਹੀਨਾ ਹੋ ਗਿਆ ਹੈ। ਹੁਣ ਕੇਂਦਰ ਅਤੇ ਕਸ਼ਮੀਰੀ ਸਰਕਾਰ ਨੇ ਪੈਟਰੋਲ, ਖਾਣ ਵਾਲੀਆਂ ਵਸਤਾਂ, ਦਵਾਈਆਂ ਅਤੇ ਪਿੰਡਾਂ ਵਿਚੋਂ ਆ ਰਹੀਆਂ ਸਬਜ਼ੀਆਂ ਅਤੇ ਹੋਰ ਵਸਤਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਨਾਲ ਲੋਕਾਂ ਦਾ ਜਨ ਜੀਵਨ ਹੋਰ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਸ਼ਮੀਰੀ ਲੋਕਾਂ ‘ਚ ਸਰਕਾਰ ਪ੍ਰਤੀ ਰੋਹ ਵਿਚ ਵਾਧਾ ਹੋ ਸਕਦਾ ਹੈ।
ਕਸ਼ਮੀਰੀ ਨੌਜਵਾਨ ਪਿਛਲੇ 26 ਸਾਲਾਂ ਤੋਂ ਫ਼ੌਜੀ ਰਾਜ ਦੇ ਜਾਬਰ ਮਾਹੌਲ ਵਿਚ ਹੀ ਪਲੇ ਹਨ। ਉਨ੍ਹਾਂ ਨੇ ਕਸ਼ਮੀਰੀ ਲੋਕਾਂ ਦੇ ਝੂਠੇ ਮੁਕਾਬਲੇ ਅਤੇ ਮੌਤ ਦੇ ਤਾਂਡਵ ਨਾਚ ਹੀ ਦੇਖੇ ਹਨ। ਮੁਕਾਬਲੇ ਅਤੇ ਮੌਤ ਉਨ੍ਹਾਂ ਲਈ ਆਮ ਵਰਤਾਰੇ ਬਣ ਚੁੱਕੇ ਹਨ। ਬੇਰੁਜ਼ਗਾਰੀ ਝੱਲ ਰਹੇ ਇਨ੍ਹਾਂ ਨੌਜਵਾਨਾਂ ਨੇ ਆਪਣੀਆਂ ਮਾਵਾਂ-ਭੈਣਾਂ ਨਾਲ ਜ਼ਿਆਦਤੀਆਂ, ਸਮੂਹਿਕ ਬਲਾਤਕਾਰ ਅਤੇ ਕਤਲ ਵੀ ਦੇਖੇ ਹਨ। ਇਸ ਕਰ ਕੇ ਬੁਰਹਾਨ ਵਾਨੀ ਦੇ ਨੰਗੇ ਚਿੱਟੇ ਪੁਲਿਸ ਮੁਕਾਬਲੇ ਨਾਲ ਲੋਕਾਂ ਦਾ ਚਿਰਾਂ ਦਾ ਇਕੱਠਾ ਹੋਇਆ ਗੁੱਸੇ ਦਾ ਲਾਵਾ ਫੁੱਟ ਪਿਆ ਹੈ। ਸਾਰੇ ਕਸ਼ਮੀਰ ‘ਚ ਲੋਕਾਂ ਦਾ ਉਠਿਆ ਰੋਹ ਹੋਰ ਫੈਲਦਾ ਜਾ ਰਿਹਾ ਹੈ ਅਤੇ ਇਸ ਨੇ ਕਸ਼ਮੀਰ ਤੋਂ ਬਾਅਦ ਜੰਮੂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਕੇਂਦਰ ਸਰਕਾਰ ਵੱਲੋਂ ਕਸ਼ਮੀਰ ‘ਚ ਤਾਇਨਾਤ ਬਲਾਂ ਅਤੇ ਮੁਲਾਜ਼ਮਾਂ ਨੂੰ ਆਪਣੇ ਹੀ ਦੇਸ਼ ਦੇ ਲੋਕਾਂ ਵੱਲੋਂ ਵਰ੍ਹਦੇ ਪੱਥਰਾਂ ਦੀਆਂ ਹਾਲਤਾਂ ‘ਚ ਕੰਮ ਕਰਨ ਬਦਲੇ ਲਾਲਚ ਦਿੱਤੇ ਜਾ ਰਹੇ ਹਨ। ਉਨ੍ਹਾਂ ਦੀਆਂ ਤਨਖ਼ਾਹਾਂ ਅਤੇ ਭੱਤੇ ਵਧਾਏ ਜਾ ਰਹੇ ਹਨ। ਭਾਰਤ ਸਰਕਾਰ ਨੂੰ ਕਸ਼ਮੀਰ ਅੰਦਰ ਉਨ੍ਹਾਂ ਦੇ ਪਰਿਵਾਰਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਸਿਰਦਰਦੀ ਖੜ੍ਹੀ ਹੋ ਗਈ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਉਨ੍ਹਾਂ ਨੂੰ ਹੋਰ ਭਾਰਤੀ ਸ਼ਹਿਰਾਂ ਵਿਚ ਰਿਹਾਇਸ਼ ਲਈ ਭੇਜਣ ਦੀ ਤਿਆਰੀ ਕਰ ਰਹੀ ਹੈ। ਕੇਂਦਰ ਵੱਲੋਂ ਉਨ੍ਹਾਂ ਦੇ ਘਰੇਲੂ ਸਮਾਨ ਦੀ ਢੋਅ-ਢੁਆਈ, ਰਿਹਾਇਸ਼ ਲਈ ਕਿਰਾਇਆ ਅਤੇ ਹੋਰ ਖਰਚਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਜੰਮੂ ਕਸ਼ਮੀਰ ਦੇ ਲੋਕਾਂ ਦਾ ਰਵਾਇਤੀ ਸਿਆਸੀ ਪਾਰਟੀਆਂ ਪੀæਡੀæਪੀæ, ਭਾਜਪਾ, ਕਾਂਗਰਸ ਅਤੇ ਨੈਸ਼ਨਲ ਪਾਰਟੀਆਂ ਆਦਿ ਤੋਂ ਮੋਹ ਭੰਗ ਹੋ ਚੁੱਕਾ ਹੈ। ਇਸ ਕਰ ਕੇ ਉਹ ਕਿਸੇ ਵੀ ਪਾਰਟੀ ‘ਤੇ ਵਿਸ਼ਵਾਸ ਨਹੀਂ ਕਰ ਰਹੇ।
8 ਜੁਲਾਈ ਤੋਂ ਬਾਅਦ ਉਨ੍ਹਾਂ ਦੀ ਇਕੋ-ਇਕ ਮੰਗ ਉੱਭਰੀ ਹੈ, ਉਹ ਹੈ ‘ਭਾਰਤ ਤੋਂ ਆਜ਼ਾਦੀ’। ਪਰ ਭਾਰਤ ਦੇ ਹੁਕਮਰਾਨ ਕਹਿ ਰਹੇ ਹਨ ਕਿ ਜੰਮੂ ਕਸ਼ਮੀਰ ਭਾਰਤ ਦਾ ਇਕ ਅਟੁੱਟ ਅੰਗ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਭਾਰਤੀ ਕਸ਼ਮੀਰ ਦੀ ਤਾਂ ਗੱਲ ਹੀ ਛੱਡੋ, ਅਸੀਂ ਪਾਕਿਸਤਾਨ ਨੂੰ ਕਹਿੰਦੇ ਹਾਂ ਕਿ ਉਹ ਆਪਣੇ ਕਬਜ਼ੇ ਹੇਠਲਾ ਮਕਬੂਜ਼ਾ ਕਸ਼ਮੀਰ ਵੀ ਭਾਰਤ ਨੂੰ ਛੱਡੇ। ਐਨæਡੀæਏæ ਸਰਕਾਰ ਕਸ਼ਮੀਰ ਵਿਚਲੀ ਹਾਲਤ ਲਈ ਪਾਕਿਸਤਾਨ ਨੂੰ ਕੋਸ ਰਹੀ ਹੈ।