ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਇਕਾਈ ਦੇ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਸਾਰੇ ਮਾਮਲੇ ਦੀ ਜਾਂਚ ਲਈ ਦਿੱਲੀ ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਹੇਠ ਦੋ ਮੈਂਬਰੀ ਜਾਂਚ ਕਮੇਟੀ ਬਣਾ ਦਿੱਤੀ। ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਉਤੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਵਿਚ ਸ੍ਰੀ ਛੋਟੇਪੁਰ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਚਰਚਾ ਕੀਤੀ ਗਈ।
ਜਾਂਚ ਕਮੇਟੀ ਵਿਚ ਜਰਨੈਲ ਸਿੰਘ ਤੋਂ ਇਲਾਵਾ ਜਸਬੀਰ ਸਿੰਘ ਬੀਰ ਸ਼ਾਮਲ ਕੀਤੇ ਗਏ ਹਨ, ਜੋ ਹੋਰ ਆਗੂਆਂ ਉਪਰ ਲੱਗੇ ਦੋਸ਼ਾਂ ਦੀ ਜਾਂਚ ਵੀ ਨਾਲ ਹੀ ਕਰਨਗੇ।
ਸ੍ਰੀ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦੇ ਲਏ ਫ਼ੈਸਲੇ ਬਾਰੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਵਿਚ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਗਿਆ ਕਿ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਵਾਲੀ ਪਾਰਟੀ ਦਾ ਸੂਬਾਈ ਮੁਖੀ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰ ਗਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਉਨ੍ਹਾਂ ਦਾ ਪੱਖ ਹਾਈ ਕਮਾਂਡ ਕੋਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ ਅਤੇ ਅਜੇ ਨਵਾਂ ਕਨਵੀਨਰ ਨਹੀਂ ਲਾਇਆ ਜਾ ਰਿਹਾ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਹੋਰ 5-7 ਆਗੂਆਂ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ, ਜਿਨ੍ਹਾਂ ਦੀ ਜਾਂਚ ਵੀ ਕਮੇਟੀ ਵੱਲੋਂ ਕੀਤੀ ਜਾਵੇਗੀ। ਸੰਸਦ ਮੈਂਬਰ ਨੇ ਕਿਹਾ ਕਿ ਆਸਟਰੇਲੀਆ ਤੋਂ ਇਕ ਨੌਜਵਾਨ ਨੇ ਸ੍ਰੀ ਕੇਜਰੀਵਾਲ ਨੂੰ ਚਿੱਠੀ ਲਿਖੀ ਜਿਸ ਵਿਚ ਉਸ ਨੇ ਪੰਜਾਬ ਦੇ ਇਕ ਸੀਨੀਅਰ ਆਗੂ ਨਾਲ ਪਾਰਟੀ ਦੀ ਟਿਕਟ ਲਈ 30 ਲੱਖ ਰੁਪਏ ਵਿਚ ਸੌਦਾ ਹੋਣ ਦਾ ਜ਼ਿਕਰ ਕੀਤਾ। ਉਸ ਵਿਅਕਤੀ ਨੇ ਚਾਰ ਲੱਖ ਰੁਪਏ ਦੇ ਵੀ ਦਿੱਤੇ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਸ ਪਾਰਟੀ ਵਿਚ ਟਿਕਟਾਂ ਪੈਸਿਆਂ ਨਾਲ ਨਹੀਂ ਮਿਲਦੀਆਂ ਤਾਂ ਉਸ ਨੇ ਆਪਣੇ ਪੈਸੇ ਮੰਗੇ ਅਤੇ ਤਿੰਨ ਲੱਖ ਤਾਂ ਵਾਪਸ ਲੈ ਲਏ, ਪਰ ਇਕ ਲੱਖ ਅਜੇ ਵੀ ਉਸ ਆਗੂ ਵੱਲ ਖੜ੍ਹੇ ਹਨ। ਉਨ੍ਹਾਂ ਛੋਟੇਪੁਰ ਵੱਲੋਂ ਸ੍ਰੀ ਕੇਜਰੀਵਾਲ ਉਪਰ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਆਪਣੇ ਉਪਰ ਲੱਗੇ ਦੋਸ਼ਾਂ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਖਾਤਰ ਹੀ ਗਲਤ ਦੋਸ਼ ਲਾਏ ਜਾ ਰਹੇ ਹਨ।
_________________________________
ਛੋਟੇਪੁਰ ਬਣਾਉਣਗੇ ਨਵਾਂ ਸਿਆਸੀ ਫਰੰਟ?
ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਅਨੁਸਾਰ, ਫਿਲਹਾਲ ਕਿਸੇ ਵੀ ਸਿਆਸੀ ਪਾਰਟੀ ਨੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਪਾਰਟੀ ਛੱਡਣ ਦਾ ਮਨ ਬਣਾਇਆ ਹੈ। ਉਨ੍ਹਾਂ ‘ਆਪ’ ਦੇ ਪੀੜਤਾਂ ਨੂੰ ਇਕੱਠਿਆਂ ਕਰ ਕੇ ਅਸਿੱਧੇ ਢੰਗ ਨਾਲ ਨਵੀਂ ਪਾਰਟੀ ਬਣਾਉਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਇਮਾਨਦਾਰ ਬੰਦਿਆਂ ਨੂੰ ਇਕੱਠਾ ਕਰਕੇ ਪੰਜਾਬੀਆਂ ਨੂੰ ਕੋਈ ਨਵਾਂ ਰਾਹ ਦਿਖਾਉਣ ਦਾ ਯਤਨ ਕਰ ਸਕਦੇ ਹਨ।
__________________________
ਆਗੂਆਂ ਨੂੰ ਵਰਤਣ ਤੇ ਸੁੱਟਣ ਦੀ ਨੀਤੀ: ਧਰਮਵੀਰ ਗਾਂਧੀ
ਪਟਿਆਲਾ: ਆਮ ਆਦਮੀ ਪਾਰਟੀ ਦੇ ਮੁਅੱਤਲ ਸੰਸਦੀ ਮੈਂਬਰ ਡਾæ ਧਰਮਵੀਰ ਗਾਂਧੀ ਨੇ ਕਿਹਾ ਕਿ ਪਾਰਟੀ ‘ਚ ਇਹ ਨਵੇਂ ਝੰਜਟਾਂ ਲਈ ਕੇਜਰੀਵਾਲ ਤੇ ਉਸ ਦੇ ਸਾਥੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਕ-ਇਕ ਕਰ ਕੇ ਕੇਜਰੀਵਾਲ ਆਪਣੇ ਮੁਫਾਦਾਂ ਲਈ ਪੰਜਾਬ ਦੇ ਪਾਰਟੀ ਲੀਡਰਾਂ ਨੂੰ ਵਰਤ ਕੇ ਫਿਰ ਸੁੱਟਣ ‘ਚ ਲੱਗੇ ਹੋਏ ਨੇ। ਡਾæ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਹੀ ਉਨ੍ਹਾਂ ਨੇ ਪੰਜਾਬ ‘ਚ ਫੈਡਰਲ ਫਰੰਟ ਬਣਾਉਣ ਲਈ ਮੁਹਿੰਮ ਅਰੰਭੀ ਹੈ, ਜਿਸ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ।
___________________________
ਆਪ ਦੇ ਗਰਮਖਿਆਲੀਆਂ ਨਾਲ ਸਬੰਧ: ਸੁਖਬੀਰ
ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਗਰਮਖਿਆਲੀ ਤੱਤਾਂ ਤੋਂ ਮਿਲਦੇ ਸ਼ੱਕੀ ਫੰਡਾਂ ਦਾ ਪਤਾ ਲਾਉਣ ਲਈ ਪਾਰਟੀ ਦੀ ਸਮੂਹ ਕੌਮਾਂਤਰੀ ਫੰਡਿੰਗ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਚ ਉਹ ਫੰਡ ਵੀ ਸ਼ਾਮਲ ਹਨ ਜੋ ਗਰਮਖਿਆਲੀ ਤੱਤਾਂ ਵੱਲੋਂ ਆਪਣੀਆਂ ਸੰਸਥਾਵਾਂ ਰਾਹੀਂ ਦੇਸ਼ ਵਿਚ ਭੇਜੇ ਜਾਂਦੇ ਹਨ। ਇਨ੍ਹਾਂ ਸੰਸਥਾਵਾਂ ਦੀ ਫੰਡਿੰਗ ਦੇ ਸਰੋਤ, ਇਨ੍ਹਾਂ ਨੂੰ ਥਾਪੜਾ ਦੇਣ ਵਾਲੇ ਵਿਅਕਤੀਆਂ ਤੇ ‘ਆਪ’ ਨੂੰ ਫੰਡ ਭੇਜਣ ਪਿੱਛੇ ਉਨ੍ਹਾਂ ਦੇ ਏਜੰਡੇ ਦੀ ਜਾਂਚ ਵੀ ਕੀਤੀ ਜਾਵੇ।