ਗੁਰਦੁਆਰਾ ਟਾਇਰਾ ਬਿਊਨਾ ਦੀਆਂ ਚੋਣਾਂ ਵਿਚ ਪੰਥਕ ਸਲੇਟ ਨੂੰ ਹੂੰਝਾ ਫੇਰੂ ਜਿੱਤ ਹਾਸਲ

ਯੂਬਾ ਸਿਟੀ (ਬਿਊਰੋ): ਸਥਾਨਕ ਗੁਰਦੁਆਰਾ ਸਿੱਖ ਟੈਂਪਲ (ਟਾਇਰਾ ਬਿਊਨਾ) ਦੀਆਂ 27-28 ਅਗਸਤ ਨੂੰ ਹੋਈਆਂ ਚੋਣਾਂ ਵਿਚ ਵਿਰੋਧੀ ਧਿਰ ਦੀ Ḕਪੰਥਕ ਸਲੇਟḔ ਨੂੰ ਹੂੰਝਾ ਫੇਰੂ ਜਿੱਤ ਹਾਸਲ ਹੋਈ ਹੈ। ਗੁਰਦੁਆਰਾ ਟਾਇਰਾ ਬਿਊਨਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਇਕ ਧਿਰ ਨੂੰ ਬੋਰਡ ਆਫ ਡਾਇਰੈਕਟਰਜ਼ ਦੀਆਂ 73 ਦੀਆਂ 73 ਸੀਟਾਂ ਮਿਲੀਆਂ ਹੋਣ। ਪੰਥਕ ਸਲੇਟ ਦੀ ਅਗਵਾਈ ਮੁੱਖ ਤੌਰ ‘ਤੇ ਦੀਦਾਰ ਸਿੰਘ ਬੈਂਸ, ਸਰਬਜੀਤ ਸਿੰਘ ਥਿਆੜਾ, ਗੁਰਨਾਮ ਸਿੰਘ ਪੰਮਾ ਤੇ ਪਰਮਿੰਦਰ ਸਿੰਘ ਗਰੇਵਾਲ ਦੇ ਹੱਥ ਸੀ। ਜ਼ਿਕਰਯੋਗ ਹੈ ਕਿ ਇਸੇ ਗੁਰੂ ਘਰ ਵਲੋਂ ਪਿਛਲੇ 36 ਸਾਲਾਂ ਤੋਂ ਹਰ ਸਾਲ ਨਵੰਬਰ ਮਹੀਨੇ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜੋ ਸ਼ਾਇਦ ਵਿਦੇਸ਼ਾਂ ਵਿਚ ਹਾਜ਼ਰੀ ਪੱਖੋਂ ਸਭ ਤੋਂ ਵੱਡਾ ਨਗਰ ਕੀਰਤਨ ਹੈ।

ਸੂਤਰਾਂ ਅਨੁਸਾਰ ਇਨ੍ਹਾਂ ਚੋਣਾਂ ਵਿਚ 6316 ਯੋਗ ਵੋਟਾਂ ਵਿਚੋਂ 4475 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇੰਜ ਕਰੀਬ 70% ਮੈਂਬਰਾਂ ਨੇ ਵੋਟ ਪਾਈ। ਵਕੀਲ ਬੈਰੈਟ ਅਨੁਸਾਰ 2008 ਵਿਚ ਹੋਈਆਂ ਚੋਣਾਂ ਸਮੇਂ 4424 ਯੋਗ ਵੋਟਰ ਸਨ, ਜਿਨ੍ਹਾਂ ਵਿਚੋਂ ਕਰੀਬ 3200 ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ।
ਜ਼ਿਕਰਯੋਗ ਹੈ ਕਿ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਪੰਜ ਉਮੀਦਵਾਰਾਂ ਵਿਚੋਂ ਤਿੰਨ ਬੈਂਸ ਭਰਾ- ਦਿਲਬਾਗ ਸਿੰਘ, ਦੀਦਾਰ ਸਿੰਘ, ਜਸਵੰਤ ਸਿੰਘ ਤੇ ਦੀਦਾਰ ਸਿੰਘ ਦੇ ਪੁੱਤਰ ਕਰਮਜੀਤ ਸਿੰਘ ਨੇ ਲਈਆਂ ਹਨ। ਪਿਛਲੀ ਵਾਰ ਬੈਂਸ ਪਰਿਵਾਰ ਨੇ ਚੋਣਾਂ ਨਹੀਂ ਲੜੀਆਂ ਸਨ। ਇਸ ਤੋਂ ਇਲਾਵਾ ਸਾਬਕਾ ਸਕੱਤਰ ਕੁਲਦੀਪ ਸਿੰਘ ਅਟਵਾਲ ਵੀ ਸਭ ਤੋਂ ਵੱਧ ਵੋਟਾਂ ਲੈਣ ਵਾਲਿਆਂ ਵਿਚ ਸ਼ਾਮਲ ਹਨ।
ਵੋਟ ਪਾਉਣ ਲਈ ਲੰਗਰ ਹਾਲ ਵਿਚ 75 ਬੂਥ ਬਣਾਏ ਗਏ ਸਨ ਅਤੇ 9 ਵਜੇ ਵੋਟਾਂ ਪੈਣ ਦੇ ਸਮੇਂ ਤੋਂ ਪਹਿਲਾਂ ਹੀ ਕੋਈ 300 ਲੋਕ ਲਾਈਨਾਂ ਵਿਚ ਆ ਖੜੇ ਹੋਏ ਸਨ। ਚੋਣਾਂ ਦੀ ਨਿਗਰਾਨੀ ਲਈ ਚਾਰ ਵਕੀਲ ਹਾਜਰ ਸਨ।
ਚੋਣ ਮੈਦਾਨ ਵਿਚ ਕੁਲ 147 ਉਮੀਦਵਾਰ ਸਨ। ਗੁਰਦੁਆਰਾ ਟਾਇਰਾ ਬਿਊਨਾ ਦੇ ਵਕੀਲ ਮਾਈਕਲ ਬੈਰੇਟ ਨੇ ਕਿਹਾ ਕਿ 10 ਡਾਇਰੈਕਟਰ ਪਹਿਲੇ ਡਾਇਰੈਕਟਰਾਂ ਵਿਚੋਂ ਮੁੜ ਚੁਣੇ ਗਏ ਹਨ ਅਤੇ 63 ਡਾਇਰੈਕਟਰ ਨਵੇਂ ਹਨ।
ਪਿਛਲੀਆਂ ਚੋਣਾਂ ਪਿਛੋਂ ਕਾਬਜ਼ ਧੜਾ ਲਗਾਤਾਰ ਆਪਣੀ ਮਿਆਦ ਵਧਾਈ ਜਾ ਰਿਹਾ ਸੀ, ਜਿਸ ਕਰਕੇ ਵਿਰੋਧੀ ਧੜਾ 2013 ਵਿਚ ਨਵੀਂਆਂ ਚੋਣਾਂ ਲਈ ਅਦਾਲਤ ਵਿਚ ਚਲਾ ਗਿਆ। ਇਸ ਦਾ ਦੋਸ਼ ਸੀ ਕਿ ਕਾਬਜ਼ ਧੜਾ ਹੌਲੀ ਹੌਲੀ ਮੈਂਬਰਾਂ ਦੇ ਹੱਕ ਖਤਮ ਕਰ ਕੇ ਤਾਕਤ ਆਪਣੇ ਹੱਥਾਂ ਵਿਚ ਲਈ ਜਾ ਰਿਹਾ ਹੈ ਅਤੇ ਇਸ ਦਾ ਮਨੋਰਥ ਮਹੰਤਾਂ ਦੀ ਤਰ੍ਹਾਂ ਗੁਰਦੁਆਰਾ ਪ੍ਰਬੰਧ ਉਤੇ ਪੱਕੇ ਤੌਰ ‘ਤੇ ਕਾਬਜ਼ ਹੋਣਾ ਹੈ। ਆਪਣੀ ਪ੍ਰਬੰਧਕ ਕਮੇਟੀ ਦੀ ਮਿਆਦ ਹੋਰ ਵਧਾਉਣ ਲਈ ਰੱਖੀ ਗਈ ਵੋਟ ਸਟਰ ਕਾਊਂਟੀ ਜੱਜ ਬਰਾਇਨ ਐਰਨਸਨ ਨੇ ਅਪਰੈਲ ਮਹੀਨੇ ਰੱਦ ਕਰ ਦਿੱਤੀ ਸੀ ਅਤੇ 28 ਅਗਸਤ ਨੂੰ ਜਾਂ ਇਸ ਤੋਂ ਪਹਿਲਾਂ ਚੋਣ ਕਰਵਾਉਣ ਦੇ ਹੁਕਮ ਦੇ ਦਿੱਤੇ ਸਨ।
ਕਾਬਜ ਧੜੇ ਦੇ ਇਕ ਆਗੂ ਤੇਜਿੰਦਰ ਸਿੰਘ ਦੋਸਾਂਝ ਨੇ ਚੋਣ ਨਤੀਜ਼ਿਆਂ ‘ਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਸੰਗਤ ਦਾ ਫੈਸਲਾ ਸਿਰ ਮੱਥੇ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਬੰਧ ਵਿਰੁਧ ਖੜ੍ਹੇ ਚਾਰੇ ਧੜੇ ਇਕ ਹੋ ਗਏ ਸਨ, ਜਿਸ ਕਰ ਕੇ ਉਨ੍ਹਾਂ ਦੀ ਸਾਧ ਸੰਗਤ ਸਲੇਟ ਕਾਮਯਾਬ ਨਾ ਹੋ ਸਕੀ। ਪਰ ਉਹ ਨਵੇਂ ਪ੍ਰਬੰਧਕਾਂ ਨੂੰ ਗੁਰੂ ਘਰ ਦੀ ਸੰਗਤ ਦੇ ਹਿਤਾਂ ਨੂੰ ਮੁੱਖ ਰੱਖ ਕੇ ਪੂਰਾ ਸਹਿਯੋਗ ਦੇਣਗੇ।
ਇਸੇ ਦੌਰਾਨ ਚੋਣਾਂ ਜਿੱਤੇ ਧੜੇ ਦੇ ਇਕ ਆਗੂ ਪਰਮਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਕਾਬਜ ਧੜੇ ਨੂੰ ਆਪਣੀਆਂ ਕੀਤੀਆਂ ਦਾ ਫਲ ਭੋਗਣਾ ਪਿਆ ਹੈ ਕਿਉਂਕਿ ਉਹ ਲਗਾਤਾਰ ਗੁਰੂ ਘਰ ਦੀ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਚਲਿਆ ਆ ਰਿਹਾ ਸੀ। ਸੰਗਤ ਵਿਚ ਸਭ ਤੋਂ ਵੱਡੀ ਵਧੀਕੀ ਉਨ੍ਹਾਂ ਨੇ ਮੈਂਬਰਸ਼ਿਪ ਮੀਟਿੰਗ ਖਤਮ ਕਰ ਕੇ ਅਤੇ ਚੋਣਾਂ ਨਾ ਕਰਵਾ ਕੇ ਕੀਤੀ। ਪਹਿਲਾਂ ਉਨ੍ਹਾਂ ਆਪਣੀ ਮਿਆਦ 4 ਸਾਲ, ਫਿਰ 6 ਸਾਲ ਤੇ ਫਿਰ 8 ਸਾਲ ਕਰ ਲਈ। ਆਪਣੀ ‘ਮਹੰਤੀ’ ਬਚਾਉਣ ਲਈ 5,00,000 ਡਾਲਰ ਗੁਰੂ ਦੀ ਗੋਲਕ ਵਿਚੋਂ ਅਦਾਲਤੀ ਕੇਸਾਂ ਉਤੇ ਲਾ ਦਿੱਤਾ। ਇਹ ਤਾਂ ‘ਪੰਥਕ ਸਲੇਟ’ ਦੀ ਹਿੰਮਤ ਹੈ ਕਿ ਇਸ ਨੇ ਕੋਰਟ ਵਿਚ ਲੱਖਾਂ ਡਾਲਰ ਖਰਚ ਕੇ ਸੰਗਤਾਂ ਦੇ ਚੋਣ ਦੇ ਹੱਕ ਨੂੰ ਬਚਾਇਆ, ਨਹੀਂ ਤਾਂ ਇਸ ਗੁਰੂ ਘਰ ਨੇ ਡੇਰਾ ਬਣ ਜਾਣਾ ਸੀ।
ਪ੍ਰਬੰਧਕੀ ਝਗੜੇ ਕਰਕੇ ਦੋਹਾਂ ਧੜਿਆਂ ਵਿਚ ਕਈ ਵਾਰ ਖਿੱਚੋਤਾਣ ਹੋਈ ਅਤੇ ਨੌਬਤ 2012 ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਖੂਨੀ ਲੜਾਈ ਤੱਕ ਜਾ ਪਹੁੰਚੀ ਜਿਸ ਵਿਚ ਦੋ ਮੈਂਬਰਾਂ-ਬਲਬੀਰ ਸਿੰਘ ਬੈਂਸ ਅਤੇ ਅਜੈਬ ਸਿੰਘ ਮੱਲ੍ਹੀ ਨੂੰ ਛੁਰਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਹ ਦੋਵੇਂ ਹਾਲੀਆ ਚੋਣਾਂ ਵਿਚ ਜਿੱਤੇ 73 ਮੈਂਬਰਾਂ ਵਿਚ ਸ਼ਾਮਲ ਹਨ।
ਸਟਰ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਦੇ ਲੈਫਟੀਨੈਂਟ ਡੈਨ ਬਟਲਰ ਅਨੁਸਾਰ ਚੋਣਾਂ ਦੌਰਾਨ ਮਾਹੌਲ ਬਿਲਕੁਲ ਸ਼ਾਂਤ ਰਿਹਾ। ਕੈਲੀਫੋਰਨੀਆ ਹਾਈਵੇ ਪੈਟਰੋਲ ਅਤੇ ਸ਼ੈਰਿਫ ਡਿਪਾਰਟਮੈਂਟ ਵਲੋਂ ਟਾਇਰਾ ਬਿਊਨਾ ਰੋਡ ਉਤੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਰੋਕਣ ਲਈ ਲਗਾਤਾਰ ਗਸ਼ਤ ਕੀਤੀ ਜਾਂਦੀ ਰਹੀ ਪਰ ਨਿੱਕੀ ਮੋਟੀ ਬਹਿਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਖਿੱਚੋਤਾਣ ਸਾਹਮਣੇ ਨਹੀਂ ਆਈ। ਉਂਜ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਸਕਿਉਰਿਟੀ ਦਾ ਆਪਣਾ ਇੰਤਜ਼ਾਮ ਕੀਤਾ ਗਿਆ ਸੀ।
ਜੇਤੂ ਰਹੇ ਧੜੇ ਅਨੁਸਾਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੁਰਾਣਾ ਬੋਰਡ ਕਿੰਨੀ ਕੁ ਦਿਆਨਤਦਾਰੀ ਨਾਲ ਪ੍ਰਬੰਧ ਛੱਡਦਾ ਹੈ। ਨਾਲ ਹੀ ਇਸ ਧੜੇ ਦੇ ਇਕ ਆਗੂ ਦਾ ਕਹਿਣਾ ਸੀ ਕਿ ਉਂਜ ਪਿਛਲੇ ਤਜ਼ਰਬੇ ਤੋਂ ਜਾਪਦਾ ਹੈ ਕਿ ਉਹ ਇੰਨਾ ਸੌਖਿਆਂ ਨਹੀਂ ਛੱਡਣ ਲੱਗੇ।
ਅਦਾਲਤ ਵਲੋਂ 27 ਸਤੰਬਰ ਨੂੰ ਸੁਣਵਾਈ ਪਿਛੋਂ ਫੈਸਲਾ ਦਿੱਤਾ ਜਾਏਗਾ ਕਿ ਨਵੇਂ ਡਾਇਰੈਕਟਰ ਕਦੋਂ ਤੋਂ ਅਹੁਦਾ ਸੰਭਾਲ ਸਕਦੇ ਹਨ।

ਗੁਰਦੁਆਰਾ ਟਾਇਰਾ ਬਿਊਨਾ ਦੀ ਚੋਣ ਵਿਚ ਜੇਤੂ ਉਮੀਦਵਾਰ
ਦੀਦਾਰ ਸਿੰਘ ਬੈਂਸ, ਕਰਮਦੀਪ ਸਿੰਘ ਬੈਂਸ, ਦਿਲਬਾਗ ਸਿੰਘ ਬੈਂਸ, ਕੁਲਦੀਪ ਸਿੰਘ ਅਟਵਾਲ, ਜਸਵੰਤ ਸਿੰਘ ਬੈਂਸ, ਮਨਦੀਪ ਸਿੰਘ ਢਿੱਲੋਂ, ਮਨਜੀਤ ਸਿੰਘ ਢਿੱਲੋਂ, ਬਲਰਾਜ ਸਿੰਘ ਢਿੱਲੋਂ, ਬਲਬੀਰ ਸਿੰਘ ਬੈਂਸ, ਮਹਾਂ ਸਿੰਘ ਢਿੱਲੋਂ, ਦਲਵੀਰ ਸਿੰਘ ਗਿੱਲ, ਬਲਜੀਤ ਢਿੱਲੋਂ, ਹਰਦੀਪ ਸਿੰਘ ਢਾਡਲੀ, ਹਰਭਜਨ ਸਿੰਘ ਢੇਰੀ, ਬਲਜੀਤ ਸਿੰਘ ਜੱਜ, ਸੁਰਜੀਤ ਸਿੰਘ ਬੈਂਸ, ਜਸਬੀਰ ਸਿੰਘ ਧਾਮੀ, ਲਖਬੀਰ ਸਿੰਘ ਨਾਗਰਾ, ਹਰਮਿੰਦਰ ਸਿੰਘ, ਰਸ਼ਪਾਲ ਸਿੰਘ ਦੋਸਾਂਝ, ਰਾਜਿੰਦਰ ਸਿੰਘ ਚੌਹਾਨ, ਸਰਵਣ ਸਿੰਘ ਢਿੱਲੋਂ, ਸੁਖਜੀਵਨ ਸਿੰਘ ਬੀਹਲਾ, ਨਿਰਮਲ ਸਿੰਘ ਜੰਡਾ, ਹਰਕਮਲਜੀਤ ਸਿੰਘ ਕਾਲਕਟ, ਜਸਪ੍ਰੀਤ ਸਿੰਘ ਥਿਆੜਾ, ਸਰਬਜੀਤ ਸਿੰਘ ਥਿਆੜਾ, ਅਮਰਜੀਤ ਸਿੰਘ ਹੁੰਦਲ, ਪਾਲੀ ਸੰਘਾ, ਰਵਿੰਦਰ ਸਿੰਘ ਸਹੋਤਾ, ਹਰਨਰਿੰਦਰਪਾਲ ਸਿੰਘ, ਨਛੱਤਰ ਸਿੰਘ ਚੌਹਾਨ, ਹਰਮਨ ਸਿੰਘ ਬਸਰਾ, ਹਰਨੇਕ ਸਿੰਘ, ਗੁਰਮੇਜ ਸਿੰਘ ਗਿੱਲ, ਜਸਵਿੰਦਰ ਸਿੰਘ (#2216), ਸਰਬਜੀਤ ਢਡਵਾਲ, ਗੁਰਪ੍ਰੀਤ ਸਿੰਘ ਧਾਰਨੀ, ਕੁਲਦੀਪ ਸਿੰਘ ਸਹੋਤਾ, ਹਰਭਜਨ ਸਿੰਘ ਸੰਧੂ, ਅਮਰੀਕ ਸਿੰਘ ਮਾਹਲ, ਜਗਦੀਸ਼ ਸਿੰਘ ਭੱਟੀ, ਮੋਹਿੰਦਰ ਸਿੰਘ ਨਿੱਜਰ, ਗੁਰਪ੍ਰੀਤ ਸਿੰਘ ਹੇਅਰ, ਹਰਜੀਤ ਸਿੰਘ ਗਿੱਲ, ਤਾਰਾ ਸਿੰਘ ਭੰਗਲ, ਬਲਵਿੰਦਰ ਸਿੰਘ ਸਮਰਾ, ਗੁਰਨੇਕ ਸਿੰਘ, ਕੁਲਦੀਪ ਸਿੰਘ ਔਜਲਾ, ਗੁਰਚਰਨ ਸਿੰਘ ਰੰਧਾਵਾ, ਅਜੈਬ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਤੰਬੜ, ਰੇਸ਼ਮ ਸਿੰਘ ਚੌਹਾਨ, ਪਾਲ ਸਿੰਘ ਗਿੱਲ, ਸੰਦੀਪ ਸਿੰਘ ਡੇਲ, ਹਰਬੰਸ ਸਿੰਘ, ਜੋਗਾ ਸਿੰਘ ਥਿਆੜਾ, ਭਜਨ ਸਿੰਘ ਥਿਆੜਾ, ਸੁਰਜੀਤ ਸਿੰਘ, ਨਰਿੰਦਰ ਸਿੰਘ (#5923), ਕੇਵਲ ਸਿੰਘ, ਪਰਮਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ, ਮੇਵਾ ਸਿੰਘ ਬੈਂਸ, ਬਲਬੀਰ ਸਿੰਘ ਸੋਹਲ, ਦਿਲਬਾਗ ਸਿੰਘ ਸੰਧਰ, ਹਰਮਨਦੀਪ ਸਿੰਘ ਸੰਧੂ, ਗੁਰਮੀਤ ਸਿੰਘ ਤੱਖਰ, ਸੁਖਵਿੰਦਰ ਸਿੰਘ (#6655), ਚਰਨਜੀਤ ਸਿੰਘ ਚੌਹਾਨ, ਪਲਵਿੰਦਰ ਮਾਹੀ, ਕੁਲਤਾਰ ਸਿੰਘ ਅਤੇ ਰੇਸ਼ਮ ਸਿੰਘ ਪੁਰੇਵਾਲ।