ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸਿਰ ਉਤੇ ਹਨ ਅਤੇ ਪੰਜਾਬ ਦੇ ਲੋਕਾਂ ਲਈ ਆਸ ਬਣ ਕੇ ਉਭਰੀ ਜਥੇਬੰਦੀ ਆਮ ਆਦਮੀ ਪਾਰਟੀ (ਆਪ) ਵਿਚ ਤਿੱਖੀ ਉਥਲ-ਪੁਥਲ ਹੋ ਰਹੀ ਹੈ। ਇਸ ਉਥਲ-ਪੁਥਲ ਨੇ ਸੂਬੇ ਦੇ ਸਿਆਸੀ ਮਾਹੌਲ ਨੂੰ ਹੋਰ ਮਘਾ ਦਿੱਤਾ ਹੈ ਅਤੇ ਸਿਆਸੀ ਮਾਹਿਰ ਤੇ ਆਮ ਲੋਕ ਸੂਬੇ ਦੇ ਹਾਲਾਤ ਬਾਰੇ ਆਪੋ-ਆਪਣੀ ਰਾਏ ਪ੍ਰਗਟ ਕਰਨ ਵਿਚ ਰੁਝੇ ਹੋਏ ਹਨ।
ਪਾਰਟੀ ਅੰਦਰ ਅਜਿਹੇ ਹਾਲਾਤ ਬਣਨ ਦਾ ਸਿਲਸਿਲਾ ਭਾਵੇਂ ਪਾਰਟੀ ਵੱਲੋਂ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ, ਪਰ ਇਸ ਦੀਆਂ ਜੜ੍ਹਾਂ ਇਸ ਪਾਰਟੀ ਦੇ ਉਨ੍ਹਾਂ ਸਿਧਾਂਤਾਂ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਬਾਰੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਨਾਲ ਵਾਅਦੇ ਕੀਤੇ ਸਨ। ਸਭ ਤੋਂ ਪਹਿਲਾਂ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਵਰਗੇ ਆਗੂ ਕੁਹਜੇ ਢੰਗ ਨਾਲ ਪਾਰਟੀ ਤੋਂ ਲਾਂਭੇ ਕੀਤੇ ਗਏ। ਫਿਰ ਪੰਜਾਬ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਡਾæ ਦਲਜੀਤ ਸਿੰਘ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ ਗਿਆ। ਪਾਰਟੀ ਦੇ ਦੋ ਲੋਕ ਸਭਾ ਮੈਂਬਰ, ਡਾæ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਕਾਫੀ ਚਿਰ ਤੋਂ ਇਨ੍ਹਾਂ ਦੀ ਮੁਅੱਤਲੀ ਬਾਰੇ ਕੋਈ ਫੈਸਲਾ ਵੀ ਨਹੀਂ ਕੀਤਾ ਜਾ ਰਿਹਾ। ਲੋਕ ਸਭਾ ਚੋਣਾਂ ਵੇਲੇ ਪੰਜਾਬ ਵਿਚ ਚੋਣ ਮੁਹਿੰਮ ਦੇ ਕਨਵੀਨਰ ਡਾæ ਸੁਮੇਲ ਸਿੰਘ ਸਿੱਧੂ ਨੂੰ ਵੀ ਚੁੱਪ-ਚੁਪੀਤੇ ਲਾਂਭੇ ਕਰ ਦਿੱਤਾ ਗਿਆ ਸੀ। ਹੁਣ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਹੈ।
ਇਹ ਸੱਚ ਹੈ ਕਿ ਕਿਸੇ ਆਗੂ ਜਾਂ ਵਰਕਰ ਦੇ ਪਿਛਾਂਹ ਹਟਣ ਨਾਲ ਕਿਸੇ ਪਾਰਟੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਆਮ ਆਦਮੀ ਪਾਰਟੀ ਦੀ ਕਾਇਮੀ ਹੀ ਰਵਾਇਤੀ ਸਿਆਸਤ ਨੂੰ ਵੱਢ ਮਾਰਨ ਦੇ ਇਰਾਦੇ ਨਾਲ ਹੋਈ ਸੀ। ਇਸੇ ਆਧਾਰ ਉਤੇ ਦਿੱਲੀ, ਪੰਜਾਬ ਅਤੇ ਮੁਲਕ ਭਰ ਦੇ ਲੋਕਾਂ ਨੇ ਇਸ ਪਾਰਟੀ ਨੂੰ ਹੁੰਗਾਰਾ ਭਰਿਆ। ਦਿੱਲੀ ਵਿਧਾਨ ਸਭਾ ਅਤੇ ਪੰਜਾਬ ਵਿਚ ਲੋਕ ਸਭਾ ਵਾਲੀਆਂ ਚੋਣਾਂ ਵਿਚ ਲੋਕਾਂ ਨੇ ਸੱਤਾਧਾਰੀਆਂ ਨੂੰ ਲਾਂਭੇ ਕਰਨ ਦੇ ਇਰਾਦੇ ਨਾਲ ਹੀ ਪਾਰਟੀ ਨੂੰ ਵੋਟਾਂ ਪਾਈਆਂ ਸਨ। ਦਿੱਲੀ ਅਤੇ ਪੰਜਾਬ ਹੀ ਨਹੀਂ, ਮੁਲਕ ਵਿਚ ਕਈ ਥਾਂਈਂ ਪਾਰਟੀ ਨੂੰ ਖੂਬ ਹੁਲਾਰਾ ਮਿਲਿਆ ਅਤੇ ਇਸ ਦੇ ਨਾਲ ਹੀ ਮੁਲਕ ਅੰਦਰ ਨਵੀਂ ਸਿਆਸਤ ਦੀ ਗੱਲ ਚੱਲ ਪਈ ਜਿਸ ਦੇ ਕੇਂਦਰ ਵਿਚ ਆਮ ਆਦਮੀ ਅਤੇ ਉਸ ਦੇ ਫਿਕਰ ਸਨ। ਦਿੱਲੀ ਵਿਚ ਪਾਰਟੀ ਸੱਤਾ ਵਿਚ ਆ ਗਈ ਅਤੇ ਪੰਜਾਬ ਵਿਚ ਲੋਕ ਸਭਾ ਦੀਆਂ 13 ਵਿਚੋਂ 4 ਸੀਟਾਂ ਉਤੇ ਜਿੱਤ ਹਾਸਲ ਕਰ ਕੇ ਇਹ ਪਾਰਟੀ ਤੀਜੀ ਧਿਰ ਵਜੋਂ ਉਭਰੀ। ਇਸ ਤੋਂ ਬਾਅਦ ਪਾਰਟੀ ਨੂੰ ਜੋ ਹੁੰਗਾਰਾ ਪੰਜਾਬ ਵਿਚ ਮਿਲਿਆ, ਇਹ ਦਾਅਵੇ ਕੀਤੇ ਜਾਣ ਲੱਗੇ ਕਿ ਸੂਬੇ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਪਿਛਲੇ ਦੋ ਸਾਲਾਂ ਅੰਦਰ ਇਸ ਪਾਰਟੀ ਬਾਰੇ ਪੰਜਾਬ ਵਿਚ ਇਹ ਗੱਲ ਘੁੰਮ ਗਈ ਕਿ ਅਗਲੀ ਸਰਕਾਰ ਬਣਾਉਣ ਦੀ ਡੋਰ ਇਸ ਪਾਰਟੀ ਦੇ ਹੱਥ ਹੀ ਹੈ ਅਤੇ ਸੂਬੇ ਦੀ ਸਿਆਸਤ ਹੁਣ ਰਵਾਇਤੀ ਪਾਰਟੀ ਦੇ ਹੱਥ ਵਿਚ ਨਹੀਂ ਰਹੇਗੀ। ਇਸ ਨਾਲ ਪੰਜਾਬ ਦੀ ਸਿਆਸਤ ਅੰਦਰ ਨਵਾਂ ਦੌਰ ਸ਼ੁਰੂ ਹੋਇਆ।
ਹੁਣ ਜਿਹੜੀ ਚਰਚਾ ਇਸ ਪਾਰਟੀ ਬਾਰੇ ਚੱਲ ਰਹੀ ਹੈ, ਉਹ ਇਹ ਹੈ ਕਿ ਪੰਜਾਬ ਉਤੇ ਦਿੱਲੀ ਦੇ ਲੀਡਰ ਥੋਪੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਡਾæ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੇ ਵੀ ਇਹੀ ਮੁੱਦਾ ਉਠਾਇਆ ਸੀ। ਦੋਵੇਂ ਲੀਡਰ ਵਾਰ ਵਾਰ ਇਸ ਮਸਲੇ ਉਤੇ ਆਪਣੇ ਵਿਚਾਰ ਪ੍ਰਗਟਾਉਂਦੇ ਰਹੇ ਹਨ। ਇਸ ਤੋਂ ਵੀ ਪਹਿਲਾਂ ਡਾæ ਦਲਜੀਤ ਸਿੰਘ ਵੇਲੇ ਵੀ ਇਹੀ ਮੁੱਦਾ ਉਭਰਿਆ ਸੀ। ਉਸ ਵੇਲੇ ਮੁੱਦਾ ਭਾਵੇਂ ਸੁੱਚਾ ਸਿੰਘ ਛੋਟੇਪੁਰ ਦੀ ਕਨਵੀਨਰੀ ਖਿਲਾਫ ਸੀ, ਪਰ ਮੁੱਖ ਮੁਹਿੰਮ ਇਹੀ ਸੀ ਕਿ ਦਿੱਲੀ ਵਾਲੇ ਲੀਡਰ ਪੰਜਾਬ ਦੀ ਅਗਵਾਈ ਬਾਰੇ ਕੋਈ ਵੀ ਫੈਸਲਾ ਕਰਨ ਵੇਲੇ ਪੰਜਾਬ ਦੇ ਲੀਡਰਾਂ ਦੀ ਗੱਲ ਜ਼ਰੂਰ ਸੁਣਨ। ਜ਼ਾਹਰ ਹੈ ਕਿ ਪੰਜਾਬ ਵਿਚ ਮੁੱਖ ਮਸਲਾ ਲੀਡਰਸ਼ਿਪ ਦਾ ਹੈ। ਪਾਰਟੀ ਲਈ ਦਿੱਲੀ ਵਿਚ ਲੀਡਰਸ਼ਿਪ ਦਾ ਅਜਿਹਾ ਮਸਲਾ ਨਹੀਂ ਸੀ ਉਭਰਿਆ, ਕਿਉਂਕਿ ਸ੍ਰੀ ਅਰਵਿੰਦ ਕੇਜਰੀਵਾਲ ਪਾਰਟੀ ਦੇ ਲੀਡਰ ਵਜੋਂ ਸਥਾਪਿਤ ਹੋ ਚੁੱਕੇ ਸਨ। ਪੰਜਾਬ ਵਿਚ ਇਸ ਪੱਖ ਤੋਂ ਪਾਰਟੀ ਪਛੜ ਗਈ। ਕੁਝ ਸਿਆਸੀ ਮਾਹਿਰਾਂ ਦੀ ਇਹ ਰਾਏ ਵੀ ਸਾਹਮਣੇ ਆਈ ਹੈ ਕਿ ਪੰਜਾਬ ਵਿਚ ਲੀਡਰਸ਼ਿਪ ਦਾ ਮਸਲਾ ਜਾਣ-ਬੁੱਝ ਕੇ ਹੀ ਖੁੱਲ੍ਹਾ ਛੱਡਿਆ ਗਿਆ ਤਾਂ ਕਿ ਦਿੱਲੀ ਤੋਂ ਹੀ ਪੰਜਾਬ ਦੀ ਸਿਆਸਤ ਚਲਾਈ ਜਾਵੇ।
ਖੈਰ! ਇਸ ਸਭ ਦੇ ਬਾਵਜੂਦ ਪੰਜਾਬ ਅੰਦਰ ਜੋ ਸਿਆਸੀ ਮਾਹੌਲ ਬਣਿਆ ਹੋਇਆ ਹੈ, ਉਹ ਫਿਲਹਾਲ ਆਮ ਆਦਮੀ ਪਾਰਟੀ ਲਈ ਸੁਖਾਵਾਂ ਹੀ ਹੈ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਆਪਣੀ ਹਰ ਤਿਕੜਮ ਲੜਾਉਣ ਦੇ ਬਾਵਜੂਦ ਗੱਡੀ ਲੀਹ ਉਤੇ ਨਹੀਂ ਪੈ ਰਹੀ। ਕਾਂਗਰਸ ਪਾਰਟੀ ਨੂੰ ਜਿਸ ਪ੍ਰਕਾਰ ਦੇ ਸੱਤਾ-ਵਿਰੋਧੀ ਹੁੰਗਾਰੇ ਅਤੇ ਹੁਲਾਰੇ ਦੀ ਆਸ ਸੀ, ਉਹ ਇਸ ਨੂੰ ਮਿਲ ਨਹੀਂ ਰਿਹਾ। ਭਾਰਤੀ ਜਨਤਾ ਪਾਰਟੀ ਪਹਿਲਾਂ ਵਾਂਗ ਅਕਾਲੀ ਦਲ ਦੇ ਪਿਛੇ ਪਿਛੇ ਚੱਲ ਰਹੀ ਹੈ ਅਤੇ ਇਸ ਦੇ ਕੇਂਦਰੀ ਲੀਡਰਾਂ ਨੇ ਪਿਛਲੀ ਵਾਰ ਜਿੰਨੀਆਂ, ਭਾਵ 23 ਸੀਟਾਂ ਉਤੇ ਚੋਣ ਲੜਨ ਦੀ ਗੱਲ ਵੀ ਆਖ ਦਿੱਤੀ ਹੈ। ਅਜਿਹੇ ਮਾਹੌਲ ਅੰਦਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿਚ ਹਾਅ ਦਾ ਨਾਅਰਾ ਵੱਜਣ ਕਾਰਨ ਆਮ ਆਦਮੀ ਪਾਰਟੀ ਦੇ ਕੇਂਦਰੀ ਲੀਡਰਾਂ ਦੀ ਸੁਰ ਵੀ ਕੁਝ ਮੱਠੀ ਹੋ ਗਈ ਜਾਪਦੀ ਹੈ। ਪਾਰਟੀ ਦੇ ਲੀਡਰ ਇਹ ਕਤੱਈ ਨਹੀਂ ਚਾਹੁਣਗੇ ਕਿ ਪੰਜਾਬ ਵਿਚ ਸੱਤਾ ਵੱਲ ਜਾਂਦਾ ਰਾਹ ਬੰਦ ਕਰ ਲਿਆ ਜਾਵੇ। ਪਾਰਟੀ ਵਾਰ ਵਾਰ ਉਠ ਰਹੇ ਅਜਿਹੇ ਮਸਲਿਆਂ ਨੂੰ ਕਿਸ ਤਰ੍ਹਾਂ ਨਜਿੱਠਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਪਾਰਟੀ ਨਾਲ ਜੁੜਿਆ ਕਾਡਰ ਨਿਸ਼ੰਗ ਕਹਿ ਰਿਹਾ ਹੈ ਕਿ ਇਸ ਉਥਲ-ਪੁਥਲ ਨਾਲ ਪਾਰਟੀ ਦੀ ਮੁਹਿੰਮ ਦਾ ਕੁਝ ਨਹੀਂ ਵਿਗੜਨਾ, ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਦਾ ਮਨ ਬਣਾ ਚੁੱਕੇ ਹਨ।